Quantcast
Channel: ਸਾਹਿਤ/ਮਨੋਰੰਜਨ – Quomantry Amritsar Times
Viewing all articles
Browse latest Browse all 342

ਧੀਆਂ ਦੀ ਦੁਨੀਆਂ

$
0
0

Dhyeean
ਡਾ. ਸੁਰਿੰਦਰ ਮੰਡ (ਫੋਨ: 9417324543)
ਇਸ ਸੁੱਚੇ ਵਿਸ਼ੇ ਦੀ ਗੱਲ ਕਰਦਿਆਂ ਸੱਚ ਦੇ ਵੱਧ ਤੋਂ ਵੱਧ ਨੇੜੇ ਰਹਿਣ ਦੀ ਰੀਝ ਕਾਰਨ ਮੈਂ ਨਿਰੋਲ ਆਪਣੀ ਜ਼ਿੰਦਗੀ ਦੇ ਤਜ਼ਰਬੇ ਦੀ ਗੱਲ ਕਰਨੀ ਹੀ ਠੀਕ ਸਮਝੀ ਹੈ।
ਮੇਰੀ ਮਾਂ ਚਾਰ ਭੈਣਾਂ ਸਨ ਤੇ ਭਰਾ ਕੋਈ ਨਹੀਂ।  ਮੇਰੀ ਭਾਬੀ ਸੱਤ ਭੈਣਾਂ ਤੇ ਭਰਾ ਕੋਈ ਨਹੀਂ।  ਮੇਰੀ ਮਾਂ ਅਕਸਰ ਆਖਣਾ, ”ਪੁੱਤ ਇਹ ਕੁੜਵਾਧਾ ਜੀਹਦੇ ਮਗਰ ਪੈ ਜੇ ਲੱਥਦਾ ਨਹੀਂ ਹੁੰਦਾ।” ਪਰ ਮੇਰਾ ਭਾਵੇਂ ਕੁੜੀਆਂ ਨਾਲ ਕੋਈ ਖਾਸ ਵਾਹ ਨਹੀਂ ਸੀ।  ਉਂਜ ਮੈਂ ਕੁੜੀਆਂ ਨੂੰ ਜਾਨਣ ਲਈ ਅੱਜੀਂ ਪੱਜੀਂ ਪੁੱਛਣਾਂ, ”ਫਲਾਣੀਏਂ, ਤੈਨੂੰ ਲੱਗਦਾ ਕਿ ਜੇ ਤੂੰ ਮੁੰਡਾ ਹੁੰਦੀ ਤਾਂ ਤੈਨੂੰ ਜ਼ਿਆਦਾ ਚੰਗਾ ਲੱਗਦਾ।  ਅੱਗੋਂ ਮੈਨੂੰ ਹਮੇਸ਼ਾਂ ਇਸ ਤਰ੍ਹਾਂ ਦਾ ਹੀ ਜਵਾਬ ਮਿਲਣਾ ਕਿ ”ਮੈਂ ਆਪਣੇ ਇਸ ਰੂਪ ‘ਚ ਸਭ  ਤੋਂ ਵੱਧ ਖੁਸ਼ ਆਂ।”
ਮੈਂ ਅੰਤਿਮ ਸੱਚ ਦੀ ਭਾਲ ਵਿਚ ਹਮੇਸ਼ਾਂ ਰਿਹਾਂ।
ਪਰ ਜੋ ਸਮੇਂ ਦਾ ਸੱਚ ਮੈਨੂੰ ਆਪਣੀ ਨਜ਼ਰ ਥਾਣੀਂ ਦਿੱਸਿਆ ਉਹ ਇਹ ਹੈ ਕਿ ਇਹ ਮੁੰਡਿਆਂ ਕੁੜੀਆਂ ਵਾਲਾ ਭਿੰਨ ਭੇਦ ਲੋਕਾਂ ਨੇ ਆਪਣੇ ਨਫ਼ੇ ਨੁਕਸਾਨ ਮੁਤਾਬਕ ਬਣਾਇਆ।  ਮੁੰਡਿਆਂ ਨੂੰ ਫਾਇਦੇਮੰਦ ਸਮਝਦੇ ਨੇ ਲੋਕ ਤੇ ਕੁੜੀਆਂ ਬਾਰੇ ਕਹਿੰਦੇ, ”ਇਹਨਾਂ ਤਾਂ ਅਗਲੇ ਘਰ ਚਲੇ ਜਾਣਾ, ਨਾਲੇ ਵਿਆਵ੍ਹਾਂ ਦਾ ਖਰਚਾ ਬੜਾ।  ਨਾਲੇ ਅਗਲੇ ਘਰ ਪਤਾ ਨਹੀਂ ਕਿਹੋ ਜਿਹੇ ਭੂਤਨਿਆਂ ਨਾਲ ਵਾਹ ਪੈਣਾ।
ਸੋ ਗੱਲ ਤਾਂ ਕੁੱਲ ਮਿਲਾ ਕੇ ਫ਼ਾਇਦੇ ਨੁਕਸਾਨ ਦੀ ਹੀ ਹੋਈ।
ਪਰ ਮੈਂ ਜ਼ਿੰਦਗੀ ਦੇ ਕਈ ਪੱਖਾਂ ਬਾਰੇ ਨਫ਼ੇ ਨੁਕਸਾਨ ਤੋਂ ਉÎੱਪਰ ਉÎੱਠ ਕੇ ਸੋਚਣ ਵਿਚ ਵਿਸ਼ਵਾਸ ਰੱਖਦਾਂ ਤੇ ਖਾਸ ਕਰਕੇ ਇਨਸਾਨੀ ਰਿਸ਼ਤਿਆਂ ਦੇ ਮਾਮਲੇ ਵਿਚ ਜ਼ਰਾ ਜਜ਼ਬਾਤੀ ਵੀ ਹੈਗਾਂ।
ਉਤੋਂ ਦੋ ਕੰਮ ਹੋਰ ਹੋ ਗੇ।  ਇਕ ਤਾਂ ਮੈਂ ਗੁਰਬਾਣੀ ਨੂੰ ਥੋੜਾ ਬਹੁਤ ਵਾਚਿਆ ਵਿਚਾਰਿਆ ਤਾਂ ਪਤਾ ਲੱਗਾ ਬਈ ਇਨਸਾਨਾਂ ਵਿਚ ਲਿੰਗ, ਜਾਤ, ਧਰਮ, ਇਲਾਕੇ ਦੀ ਮੇਰ ਤੇਰ ਕਰਨ ਵਾਲੇ ਲੋਕ ਤਾਂ ਭੁੱਲੇ ਭਟਕੇ ਨੇ।  ਦੂਜਾ ਮਾਰਕਸਵਾਦ ਦਾ ਊੜਾ ਐੜਾ ਜਾਣਿਆ ਤਾਂ ਇਹਨਾਂ ਸੌੜੀਆਂ ਸੋਚਾਂ ਤੋਂ ਉÎੱਪਰ ਉÎੱਠਣ ਅਤੇ ਆਪਾ ਵਾਰੂ ਖਿਆਲਾਂ ਦੀ ਗੁੜ੍ਹਤੀ ਮਿਲੀ।  ਪਰ ਮੈਨੂੰ ਆਪਣੇ ਹਿਸਾਬ ਨਾਲ ਸੋਚਣ ਦੀ ਆਦਤ ਬਹੁਤੀ ਆ।
ਮੇਰਾ ਬਾਪ ਬੜਾ ਈ ਮਿਹਨਤੀ, ਦਲੇਰ ਤੇ ਅਣਖੀ ਸੀ।  ਪਰ ਜਦ ਉਸਨੇ ਰੋਜ਼ ਰਾਤ ਨੂੰ ਪੈਰ ਧੋਣ ਲਈ ਮੇਰੀ ਮਾਂ ਦੇ ਸਾਹਮਣੇ ਲੱਤਾਂ ਲਮਕਾਉਣੀਆਂ ਤੇ ਬੀਬੀ ਨੇ ਉਹਦੇ ਪੈਰ ਧੋਣੇ ਤਾਂ ਮੈਂ ਕਹਿਣਾ, ”ਭਾਜੀ, ਤੁਹਾਨੂੰ ਆਪਣੇ ਪੈਰ ਆਪ ਧੋਣੇ ਚਾਹੀਦੇ ਨੇ।  ਬੀਬੀ ਵੀ ਸਾਰੇ ਦਿਨ ਦੀ ਖਪੀ ਹੁੰਦੀ, ਇਹਦੇ ‘ਚ ਵੀ ਤੁਹਾਡੇ ਵਰਗੀ ਜਾਨ ਆਂ।” ਭਾਜੀ ਆਖਣਾ, ”ਮੈਂ ਆਹਨਾ ਏਹ ਨਵਾਂ ਈ ਉÎੱਠ ਪਿਆ ਵਿਚ।” ਕਈ ਵਾਰ ਪੈਰ ਮੈਂ ਧੋ ਦੇਣੇ।
ਪਰ ਮੈਂ ਸਮਝਦਾਂ ਕਿ ਔਰਤ ਨੂੰ ਜਾਨਣ ‘ਚ ਮੈਂ ਅਜੇ ਪਹਿਲੀ ਜਮਾਤ ‘ਚ ਹੀ ਸਾਂ।  ਮੇਰੇ ਲਈ ਔਰਤ ਸੰਸਾਰ ਮਾਂ ਹੀ ਸੀ।  ਭੈਣ ਤਾਂ ਹੈ ਕੋਈ ਨਹੀਂ ਸੀ।  ਫਿਰ ਮੇਰਾ ਵਿਆਹ ਹੋਇਆ, ਗੁਰਚਰਨ ਨਾਲ, ਜਿਸਨੂੰ ਅਸੀਂ ‘ਲਾਲੀ’ ਕਹਿੰਨੇ।  ਬੜੇ ਮੁੱਲਵਾਨ ਅਹਿਸਾਸ ਹੋਏ।  ਪਰ ਸਬਕ ਅਜੇ ਵੀ ਅਧੂਰਾ ਸੀ।
ਫਿਰ ਮੇਰੇ ਘਰ ਪਹਿਲੀ ਬੇਟੀ ਪੈਦਾ ਹੋਈ, ਮਲਿਕਾ।
ਪੱਟੀ ਕੋਮਲ ਦੇ ਹਸਪਤਾਲ ਮੈਂ ਪਹਿਲੀ ਵਾਰ ਮਲਿਕਾ ਨੂੰ ਵੇਖਿਆ।  ਮੱਥਾ ਚੁੰਮਿਆ।  ਪਿਓ ਹੋਣ ਦੇ ਅਹਿਸਾਸ ਦਾ ਚਾਨਣ ਹੋਇਆ।  ਮੇਰੀ ਮਾਂ ਆਈ।  ਉਸਦੇ ਹੱਥ ਵਿਚ ਇਕ ਲਿਫ਼ਾਫ਼ਾ ਸੀ।  ਕਹਿੰਦੀ, ”ਪੁੱਤ, ਕੋਈ ਤੇਰੀ ਚਿੱਠੀ ਆਈ ਆ।  ਮੈਂ ਆਖਿਆ ਨਾਲੇ ਕੁੜੀ ਵੇਖ ਆਉਨੀਂ ਤੇ ਨਾਲੇ ਚਿੱਠੀ ਦੇ ਆਉਨੀਂ।’ ਚਿੱਠੀ ਮੇਰਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਸਰਕਾਰੀ ਕਾਲਜਾਂ ਲਈ ਪੰਜਾਬੀ ਲੈਕਚਰਾਰ ਚੁਣੇ ਜਾਣ ਦਾ ਨਿਯੁਕਤੀ ਪੱਤਰ ਸੀ।  ਮੈਨੂੰ ਤਲਵਾੜਾ ਕਾਲਜ ਮਿਲਿਆ ਸੀ।  ਬੀਬੀ ਬੜੀ ਖੁਸ਼।
”ਬੀਬੀ, ਹੁਣ ਇੰਜ ਕਰ ਕਿ ਪਿੰਡ ਜਾ ਕੇ ਆਂਡ੍ਹੀਆਂ ਗੁਆਂਢੀਆਂ ਦਾ ਮਿੱਠਾ ਮੂੰਹ ਕਰਾਦੇ।  ਕਹਿਣਾ ਕਿ ਮੇਰੇ ਪੁੱਤ ਦੇ ਘਰ ਧੀ ਪੈਦਾ ਹੋਈ ਤੇ ਉਹਦੇ ਲੱਡੂ ਨੇ ”ਜਦ ਦੋ ਤਿੰਨ ਦਿਨਾਂ ਬਾਅਦ ਮੈਂ ਪੁੱਛਿਆ ਕਿ ਬੀਬੀ ਕਰਾ ਦਿੱਤਾ ਸੀ ਮੂੰਹ ਮਿੱਠਾ ਤਾਂ ਕਹਿੰਦੇ, ”ਹਾਂ ਕਰਾ ਦਿੱਤਾ ਸੀ।  ਪਰ ਮੈਂ ਬਹੁਤੀ ਕੁੜੀ ਵਾਲੀ ਗੱਲ ਨਹੀਂ ਦੱਸੀ।  ਮੈਂ ਨੌਕਰੀ ਬਾਰੇ ਦੱਸਿਆ।  ਪੁੱਤ, ਲੋਕਾਂ ਆਖਣਾ ਕੁੜੀ ਦੇ ਲੱਡੂ ਵੰਡਣ ਡÂ੍ਹੀ ਆ।” ਉਦੋਂ ਮੈਨੂੰ ਮਾਂ ਦੀ ਗੱਲ ਦਾ ਝਟਕਾ ਜਿਹਾ ਲੱਗਾ ਪਰ ਜਦ ਮੈਂ ਇਸਨੂੰ ਮਾਂ ਦੇ ਨਜ਼ਰੀਏ ਤੋਂ ਵੇਖਣ ਦੀ ਕੋਸ਼ਿਸ਼ ਕਰਦਾ ਤਾਂ ਮਾਂ ਵੀ ਮੈਨੂੰ ਸੱਚੀ ਜਾਪਦੀ।
ਮੇਰਾ ਨਾਨਾ ਜੱਥੇਦਾਰ ਊਧਮ ਸਿੰਘ ਭਿਖੀਵਿੰਡ ਜੈਤੋ ਅਤੇ ਗੁਰੂ ਕੇ ਬਾਗ ਦੇ ਮੋਰਚਿਆਂ ਦਾ ਘੁਲਾਟੀਆ ਸੀ।  ਪੂਰਨ ਨੇਮੀ, ਗੁਰਸਿੱਖ।  ਉਸ ਕੋਲ ੧੯੪੭ ਤੋਂ ਪਹਿਲਾਂ ਦੀਆਂ ਜਲੰਧਰ ਦੁਕਾਨਾਂ ਸਨ ਤੇ ਅੰਮ੍ਰਿਤਸਰੋਂ ਲਹੌਰ ਨੂੰ ਚਲਦੀਆਂ ਕੋਲੇ ਵਾਲੀਆਂ ਬੱਸਾਂ।  ਉਸਨੇ ਪਹਿਲੀ ਸੰਸਾਰ ਜੰਗ ਲੜੀ ਸੀ।  ਚਾਰ ਧੀਆਂ ਦਾ ਪਿਓ ਸੀ।  ਇਕ ਧੀ ਦੇ ਪੁੱਤਰ ਨੂੰ ਉਸ ਨੇ ਪੁੱਤ ਬਣਾ ਲਿਆ।  ਸਾਰੀ ਜ਼ਮੀਨ ਜਾਇਦਾਦ ਉਸਦੇ ਨਾਂ ਲਵਾ ਦਿੱਤੀ ਕਿ ਮੇਰੇ ਮਗਰੋਂ ਮੇਰੀਆਂ ਧੀਆਂ ਦਾ ਘਰ ਬਣਿਆ ਰਵ੍ਹੇ।
ਉਸ ਹਮੇਸ਼ਾਂ ਚੜ੍ਹਦੀਆਂ ਕਲਾਂ ਵਿਚ ਰਹਿਣ ਵਾਲੇ ਆਪਣੇ ਨਾਨੇ ਨੂੰ ਵੀ ਸਿਰਫ਼ ਇਕ ਦਿਨ ਨਿੰਮੋਝੂਣਾ ਜਿਅ੍ਹਾ ਹੋ ਕੇ ਤਰਲੇ ਵਾਲੀ ਸੁਰ ਵਿਚ ਗੱਲ ਕਰਦਿਆਂ ਮੈਂ ਓਦਣ ਵੇਖਿਆ ਸੀ ਜਦ ਉਹ ਆਪਣੀ ਧੀ (ਮੇਰੀ ਮਾਂ) ਨੂੰ ਆਖ ਰਿਹਾ ਸੀ, ”ਕਿ ਪੁੱਤ, ਮੈਂ ਸਾਰੀ ਜ਼ਮੀਨ ਜਾਇਦਾਦ ਗੋਦ ਲਏ ਦੋਹਤਰੇ ਦੇ ਨਾਂ ਲਵਾਉਣ ਲੱਗਾਂ।  ਤੈਨੂੰ ਕੋਈ ਇਤਰਾਜ਼ ਤਾਂ ਨÂ੍ਹੀਂ।  ਤੂੰ ਕਚਿਹਰੀ ਜਾ ਕੇ ਦਸਖ਼ਤ ਕਰਦੇ।” ਉਹ ਪਹਿਲੀ ਸੰਸਾਰ ਜੰਗ, ਜੈਤੋ, ਗੁਰੂ ਕੇ ਬਾਗ ਦੇ ਮੋਰਚਿਆਂ ਦੀਆਂ ਜੇਤੂ ਕਹਾਣੀਆਂ ਸੁਣਾਉਣ ਵਾਲਾ ਹਾਰਿਆਂ ਵਾਂਙੂੰ ਬੈਠਾ ਸੀ।
ਇਕ ਪਾਸੇ ਇਸ ਤਰ੍ਹਾਂ ਬਾਪ ਦਾ ਸਿਰ ਨੀਵਾਂ ਹੋਇਆ ਪਿਆ ਸੀ ਤੇ ਉਹਦਾ ਸਿਰ ਨੀਵਾਂ ਹੋਣਾ ਮੇਰੀ ਮਾਂ ਤੋਂ ਬਰਦਾਸ਼ਤ ਨਹੀਂ ਸੀ ਹੋ ਰਿਹਾ।  ਉਹ ਅੰਦਰੋਂ ਤਾਂ ਹਾਂ ਕਰੂ ਸੀ ਤੇ ਉਤੋਂ ਝਿਜਕਦੀ ਜਿਹੀ ਹੈਰਾਨ ਹੋਈ।  ਮੈਂ ਕੋਲੋਂ ਆਖਿਆ, ”ਬੀਬੀ ਬਾਪੂ ਦੀ ਜਾਇਦਾਦ ਆ।  ਜਿੰਨ੍ਹੂੰ ਮਰਜ਼ੀ ਦੇਵੇ ਆਪਾਂ ਨੂੰ ਨÂ੍ਹੀਂ ਕੁਛ ਚਾਹੀਦਾ।  ਤੂੰ ਕਹਿਦੇ ਬਾਪੂ ਨੂੰ ਕਿ ਮੈਂ ਤੇਰੇ ਨਾਲ ਆਂ।” ਮੈਂ ਮਾਂ ਦਾ ਹੌਂਸਲਾ ਵਧਾਇਆ।
ਪਰ ਮਗਰੋਂ ਵਕਤ ਦੇ ਸਫ਼ੇ ਉÎੱਤੇ ਜੋ ਲਿਖਿਆ ਗਿਆ, ਉਹ ਇਹ ਸੀ ਕਿ ਫਿਰ ਵੀ ਮੇਰੀ ਮਾਂ ਨੂੰ ਬਾਪੂ ਦੀਆਂ ਹਮੇਸ਼ਾਂ ਪਰੇਸ਼ਾਨੀਆਂ ਹੀ ਵੇਖਣੀਆਂ ਨਸੀਬ ਹੋਈਆਂ।  ਬਾਪੂ ਆਪਣੇ ਫੈਸਲਿਆਂ ਦਾ ਗੁਲਾਮ ਹੋ ਗਿਆ।  ਮਜਬੂਰ ਬੇਬਸ ਹੋ ਗਿਆ।  ਉਹ ਬੇਗਾਨਿਆਂ ਨੂੰ ਆਪਣੇ ਬਣਾਉਂਦਾ ਬਣਾਉਂਦਾ ਆਪਣਿਆਂ ਤੋਂ ਵੀ ਦੂਰ ਹੋਈ ਜਾਂਦਾ ਜਾਪਿਆ।
ਪਰ ਮੇਰਾ ਅਜੇ ਵੀ ਬੜਾ ਸਾਫ ਮੱਤ ਹੈ ਕਿ ਮੇਰੇ ਨਾਨੇ ਨੂੰ ਆਪਣੀਆਂ ਏਨੀਆਂ ਸਾਊ ਤੇ ਆਗਿਆਕਾਰ ਧੀਆਂ ਨੂੰ ਆਪਣੇ ਪੁੱਤਰਾਂ ਵਰਗੀਆਂ ਹੀ ਸਮਝਣਾਂ ਚਾਹੀਦਾ ਸੀ।  ਜਦਕਿ ਉਹ ਗੁਰਬਾਣੀ ਦੇ ਗੂੜ੍ਹ ਗਿਆਨੀ ਵੀ ਸਨ।  ਖੈਰ।
ਜਦ ਮੇਰੀ ਬੇਟੀ ਮਲਿਕਾ ਪੈਦਾ ਹੋਈ।  ਅਸੀਂ ਦੋਵੇਂ ਬੜੇ ਖ਼ੁਸ਼ ਸਾਂ।  ਆਵਦੀ ਸੋਚ ਕਰਕੇ।  ਮਲਿਕਾ ਦੀ ਨਾਨੀ ਦੀਆਂ ਦੋ ਧੀਆਂ ਸਨ।  ਦੋਵਾਂ ਦੇ ਘਰੀਂ ਤਿੰਨ ਧੀਆਂ ਸਨ।  ਪਰ ਉਹ ਤਾਂ ਸਾਡੀ ਖੁਸ਼ੀ ਚ ਖੁਸ਼ ਸਨ।  ਜਦ ਸੱਤ ਸਾਲ ਬਾਅਦ ਮੇਰੇ ਘਰ ਦੂਜੀ ਬੇਟੀ ਪੈਦਾ ਹੋਈ ਤਾਂ ਅਸੀਂ ਉਸਦਾ ਨਾਂ ਮੰਨਤ ਰੱਖਿਆ।  ਕਈਆਂ ਆਖਿਆ, ”ਲਓ ਅਜੇ ਵੀ ਕੁੜੀਆਂ ਦੀਆਂ ਮੰਨਤਾਂ ਮੰਗਣ ਡÂ੍ਹੇ ਨੇ।”
ਪਰ ਜਦ ਨਾਨੀ ਦਾਦੀ ਦੀ ਹਲਾਸ਼ੇਰੀ ਨਾਲ ਤੀਜੀ ਬੇਟੀ ਦੀ ਵਾਰੀ ਆਈ ਤਾਂ ਮੈਨੂੰ ਜ਼ਰਾ ਵੀ ਅੰਦਾਜ਼ਾ ਨਹੀਂ ਸੀ ਕਿ ਧੀਆਂ ਨੂੰ ਜੰਮਣ ਤੋਂ ਪਹਿਲਾਂ ਏਹੋ ਜਿਹੇ ਦਿਨ ਵੇਖਣੇ ਪੈ ਸਕਦੇ ਨੇ।  ਮੈਂ ਤੇ ਮੇਰੀ ਜੀਵਨ ਸਾਥਣ ਗੁਰਚਰਨ ਹਸਪਤਾਲ ਦੀ ਲੇਡੀ ਡਾਕਟਰ ਦੇ ਕਮਰੇ ਦੇ ਬਾਹਰ ਬੈਠੇ ਸਾਂ।  ਗੁਰਚਰਨ ਅੰਦਰ ਗਈ ਰੈਗੂਲਰ ਚੈਕਅੱਪ ਲਈ।  ਦੇਰੀ ਨੇ ਮੈਨੂੰ ਥੋੜਾ ਕੁ ਪਰੇਸ਼ਾਨ ਕੀਤਾ, ਕੋਈ ਉਲਝਣ ਨਾ ਹੋਵੇ।  ਮਨ ‘ਚ ਸਵਾਲ ਉÎੱਠਣ ਲੱਗੇ।
ਜਿਹੜੇ ਬੈਂਚ ਉÎੱਤੇ ਮੈਂ ਬੈਠਾ ਸਾਂ ਉਸ ਦੇ ਸਾਹਮਣੇ ਲਿਖਿਆ ਸੀ ‘ਓਪਰੇਸ਼ਨ ਥੀਏਟਰ’।  ਡਾਕਟਰ ਨਰਸਾਂ ਇਕ ਮਾਂ ਪਿਓ ਦੀ ਸਲਾਹ ਨਾਲ ਇਕ ਜਨਾਨੀ ਅਬਾਰਸ਼ਨ ਕਰਨ ਲਈ ਅੰਦਰ ਲੈ ਵੜੇ ਸਨ ਜਿਨੂੰ ਹੁਣੇ ਪਤਾ ਲੱਗਾ ਸੀ ਕਿ ਉਸ ਦੇ ਗਰ।  ਵਿਚ ਧੀ ਹੈ।  ਮਾਂ ਅੰਦਰ ਕੀ ਸੋਚਦੀ ਸੀ ਪਤਾ ਨਹੀਂ ਪਰ ਬਾਹਰ ਪਿਓ ਕਾਫੀ ਤਸੱਲੀ ਵਿਚ ਸੀ।  ਮੈਂ ਮਨ ਹੀ ਮਨ ਧੀਆਂ ਦੀ ਹੋਣੀ ਬਾਰੇ ਸੋਚਦਾ ਸੋਚਦਾ ਖਿਆਲਾਂ ਦੇ ਵਹਿਣ ਵਿਚ ਵਹਿ ਗਿਆ।  ਇਨਾਂ ਪਲਾਂ ਦੇ ਅਹਿਸਾਸ ਸ਼ਬਦ ਬਣ ਕੇ ਇੰਜ ਮੇਰੇ ਜ਼ਿਹਨ ‘ਚ ਉੱਤਰੇ।
”ਬੱਚਾ ਅਜੇ ਮਾਂ ਦੇ ਗਰ।  ਵਿਚ ਹੈ।  ਉਸਨੇ ਆਕਾਰ ਲੈਣਾ ਸ਼ੁਰੂ ਕਰ ਦਿੱਤਾ ਹੈ।  ਜ਼ਿੰਦਗੀ ਧੜਕ ਪਈ ਹੈ।  ਅਖੇ ਇਨਸਾਨੀ ਜੂਨ ਸਭ  ਤੋਂ ਉÎੱਤਮ ਹੈ।  ਉਹ ਇਸ ਉÎੱਤਮ ਜੂਨ ਵਿਚ ਧਰਤੀ ਉÎੱਤੇ ਆਉਣ ਲਈ ਆਪਣਾ ਸਹਿਜ ਸਫਰ ਸ਼ੁਰੂ ਕਰ ਚੁੱਕਾ ਹੈ।  ਰਾਹੀ ਭੋਲਾ ਹੈ।  ਮਾਸੂਮ ਹੈ।  ਅਜੇ ਆਪਣਾ ਬਚਾਅ ਕਰਨ ਜੋਗਾ ਵੀ ਨਹੀਂ।  ਪਰ ਉਸਦਾ ਇਸ ਧਰਤੀ ਦੇ ਸਭ  ਤੋਂ ਖ਼ਤਰਨਾਕ ਦੁਸ਼ਮਣਾਂ ਨਾਲ ਵਾਹ ਪੈ ਗਿਆ ਹੈ।  ਇਹ ਡਰਾਊਣੇ ਦੁਸ਼ਮਣ ਉਸ ਦੇ ਮਾਪੇ ਹੀ ਹਨ।  ਆਪਣੇ ਮਾਪੇ।  ਆਪਣੇ ਜਨਮਦਾਤਾ ਤੇ ਪਾਲਣਹਾਰੇ।
ਇਹ ‘ਪਾਲਣਹਾਰੇ’ ਬੈਟਰੀਆਂ ਲੈ ਕੇ ਆਪਣੇ ਜੰਮਣ ਵਾਲੇ ਬਾਲ ਦਾ ਲਿੰਗ ਢੂੰਡ ਰਹੇ ਹਨ।  ਮੁੰਡਾ ਦਿੱਸਿਆਂ ਤਾਂ ਨੱਚਣਗੇ।  ਕੁੜੀ ਨਜ਼ਰ ਆਈ ਤਾਂ ਡਾਕਟਰ ਨੂੰ ਪੱਲਿਓਂ ਪੈਸੇ ਦੇ ਕੇ ਆਖਣਗੇ ਕਿ ਉਸ ਦਾ ਅੰਗ ਅੰਗ ਕੱਟ ਸੁੱਟੇ।  ਇਹ ਇਨਸਾਨ ਨਹੀਂ ਹਨ।  ਇਨਸਾਨ ਅਖਵਾਉਣ ਦਾ ਹੱਕ ਇਹ ਗਵਾ ਚੁੱਕੇ ਹਨ।  ਇਹ ਤਾਂ ਪਤਾ ਨਹੀਂ ਕੀ ਹਨ ?  ਸ਼ਕਲਾਂ ਤਾਂ ਇਨਸਾਨਾਂ ਵਗੀਆਂ ਹਨ।  ਜਮਦੂਤਾਂ ਬਾਰੇ ਸੁਣਿਆ ਹੈ, ਪਤਾ ਨਹੀਂ ਕੋਈ ਹੁੰਦਾ ਵੀ ਹੈ ਕਿ ਨਹੀਂ।  ਇਹ ਸਾਹਮਣੇ ਦਿਸਦੇ ਜਿਊਂਦੇ ਜਾਗਦੇ ਜਮਦੂਤ ਹਨ।  ਰਾਖ਼ਸ਼ਸ ਵੀ ਆਪਣੀ ਔਲਾਦ ਦਾ ਕਤਲ ਤਾਂ ਨਹੀਂ ਕਰਦੇ।  ਇਹ ਤਾਂ ਉਸ ਤੋਂ ਵੀ ਅਗਾਂਹ ਦੀ ਕੋਈ ਬੜੀ ਨਹਿਸ਼ ਚੀਜ਼ ਹਨ।
ਜੇ ਜਾਨਵਰਾਂ ਨੂੰ ਪਤਾ ਲੱਗ ਜਾਵੇ ਕਿ ਮਨੁੱਖ ਆਪਣੀ ਔਲਾਦ ਨੂੰ ਗਰ।  ਵਿਚ ਹੀ ਆਪੇ ਕਤਲ ਕਰਦਾ ਹੈ ਤਾਂ ਉਨ੍ਹਾ ਦਾ ਸਿਰ ਸ਼ਰਮ ਨਾਲ ਝੁਕ ਜਾਵੇ।  ਸਾਰੀ ਬਾਂਦਰ ਜਾਤੀ ਇਕ ਵੱਡੀ ਸਭਾ ਕਰਕੇ ਮਤਾ ਪਾਸ ਕਰੇ ਕਿ ”ਮਨੁੱਖ ਸਾਡੀ ਨਸਲ ਵਿਚੋਂ ਵਿਕਾਸ ਕਰਕੇ ਨਹੀਂ ਬਣੇ^ਏਨ੍ਹਾ ਨੂੰ ਭੁਲੇਖਾ ਲੱਗਾ ਹੈ।  ਅਸੀਂ ਏਹੋ ਜਿਅ੍ਹਾਂ ਦੇ ਵੱਡ ਵਡੇਰੇ ਅਖਵਾਉਣ ਨਾਲੋਂ ਉਵੇਂ ਹੀ ਚੰਗੇ ਹਾਂ।  ਉਏ ਅਸੀਂ ਤਾਂ ਆਪਣੇ ਮਰੇ ਹੋਏ ਬੱਚੇ ਦੇ ਸੁੱਕੇ ਪਿੰਜਰ ਨੂੰ ਮਹੀਨਿਆਂ ਬੱਧੀ ਹਿਕੜੀ ਨਾਲ ਲਾਈ ਫਿਰਦੇ ਹਾਂ ਤੇ ਇਹ ਜੰਮਣ ਤੋਂ ਵੀ ਪਹਿਲਾਂ ਮਾਰਨ ਵਾਲੇ ਸਾਡੀ ਨਸਲ ਵਿਚੋਂ ਕਿਵੇਂ ਹੋ ਸਕਦੇ ਹਨ ?”
ਛੁਰੀ ਫੜਕੇ ਖਲੋਤਾ ਡਾਕਟਰ ਇਨ੍ਹਾਂ ਦੀ ਨਸਲ ‘ਚੋਂ ਤਾਂ ਨਹੀਂ ਸੀ ਪਰ ਉਸਨੂੰ ਪੈਸੇ ਦੀ ਹਵਸ ਅਤੇ ਆਪਣੇ ਧੰਦੇ ਦੀ ਫ਼ਿਲਾਸਫ਼ੀ ਦੀ ਨਾਸਮਝੀ ਨੇ ਇਨ੍ਹਾਂ ਵਰਗਾ ਕਰ ਦਿੱਤਾ ਹੈ।  ਇਹ ਦੋਵੇਂ ਧੀਆਂ ਦੇ ਦੁਸ਼ਮਣ ਹਨ।  ਧੀਆਂ ਲਈ ਮਾਪਿਆਂ ਅਤੇ ਡਾਕਟਰਾਂ ਦੁਆਰਾ ਜੰਮਣ ਤੋਂ ਵੀ ਪਹਿਲਾਂ ਏਨਾ ਖਤਰਨਾਕ ਮਾਹੌਲ।  ਤੋਬਾ ਰੱਬ ਦੀ।  ਗਰੀਬ ਅਮੀਰ ਮਾਪੇ ਸਭ  ਇਕੋ ਜਿਹੇ ਦੁਸਮਣ।  ਇਥੇ ਆਣ ਕੇ ਸਭ  ਰਾਜਨੀਤਿਕ ਸਿਧਾਂਤ ਫੇਲ੍ਹ।
ਓ ਸਾਡੀ ਇਸ ਧਰਤੀ ਤੇ ਆਉਣ ਲਈ ਬੇਤਾਬ ਧਰਤੀ ਵਰਗੀਓ ਬਾਲੜੀਓ, ਤੁਹਾਡੇ ਨਾਲ ਹਮਦਰਦੀ ਕਰਨ ਲਈ ਮੈਂ ਸ਼ਬਦ ਕਿੱਥੋਂ ਲੱਭਾਂ ?  ਉਹ ਬੋਲ ਜਿਹੜੇ ਤੁਹਾਡੀ ਚੀਸ ਦੇ ਹਾਣ ਦੇ ਹੋਣ।  ਤੁਹਾਨੂੰ ਧੀ ਹੋਣ ਦੀ ਏਨੀ ਵੱਡੀ ਸਜ਼ਾ।  ਤੁਹਾਡੀ ਕੀ ਗਲਤੀ ਹੈ ਕਿ ਤੁਹਾਡਾ ਅੰਗ ਅੰਗ ਕੱਟਿਆ ਜਾ ਰਿਹਾ ਹੈ ?  ਓ ਭਾਈ ਮਨੀ ਸਿੰਘ ਦੀਓ ਧੀਓ ਭੈਣੋ, ਤੁਹਾਡੀ ਜਿਬਾਹ ਹੁੰਦੀਆਂ ਦੀ ਕਿਹੜਾ ਸੋਭਾ ਸਿੰਘ ਫੋਟੋ ਬਣਾਏਗਾ ਤੇ ਕੌਣ ਤੁਹਾਡਾ ਇਤਿਹਾਸ ਲਿਖੇਗਾ।”
”ਆਜੋ ਭਾਜੀ ਤੁਸੀਂ ਵੀ ਅੰਦਰ ਈ” ਨਰਸ ਨੇ ਅਵਾਜ਼ ਮਾਰ ਕੇ ਕਤਲਗਾਹ ਵੱਲੋਂ ਮੇਰੀ ਸੁਰਤੀ ਮੋੜੀ ਪਰ ਦੂਜੇ ਪਲ ਉਹ ਮੈਨੂੰ ਵੀ ਉਸੇ ਕਤਲਗਾਹ ਵਿਚ ਲੈ ਵੜੀ।
ਅਸਲ ਚ ਡਾਕਟਰ ਨੇ ਮੇਰੀ ਸਾਥਣ ਨੂੰ ਆਨੇ ਬਹਾਨੇ ਸਕੈਨਿੰਗ ਲਈ ਮਨਾ ਲਿਆ ਸੀ ਕਿ ਬੱਚੇ ਦੀ ਸਥਿਤੀ ਸਿਹਤ ਵੇਖਣੀ ਹੁੰਦੀ ਵਗੈਰਾ ਵਗੈਰਾ।
ਤੇ ਫਿਰ ਉਹ ਅਸਲ ਗੱਲ ਵੱਲ ਮੁੜੀ,
”ਤੁਹਾਡੇ ਕਿੰਨੇ ਬੱਚੇ ਨੇ ?”
”ਦੋ ਬੇਟੀਆਂ” ।  ਗੁਰਚਰਨ ਨੇ ਆਖਿਆ।
ਸਾਡੇ ਹੋਣ ਵਾਲੇ ਬੱਚੇ ਦੇ ਭਰੂਣ ਦੀ ਫੋਟੋ ਕੰਪਿਊਟਰ ਸਕਰੀਨ ਉÎੱਤੇ ਸੀ।  ਮੈਂ ਵੀ ਓਧਰ ਨੂੰ ਵੇਖਣ ਲੱਗਾ, ਜਿਧਰ ਨੂੰ ਸਾਰੇ ਵੇਖ ਰਹੇ ਸਨ।  ਡਾਕਟਰ ਬੋਲੀ ”ਵੇਖੋ ਭਾਈ ਸਾਬ੍ਹ, ਤੁਸੀਂ ਪੜ੍ਹੇ ਲਿਖੇ ਜੇ।  ਤੁਹਾਡੇ ਭਲੇ ਦੀ ਗੱਲ ਦੱਸਣਾ ਮੈਂ ਆਪਣਾ ਫ਼ਰਜ਼ ਸਮਝਦੀ ਹਾਂ।  ਇਮੋਸ਼ਨਲ ਹੋਣ ਦੀ ਲੋੜ ਨਹੀਂ।  ਤੁਹਾਡੀਆਂ ਪਹਿਲਾਂ ਵੀ ਕੁੜੀਆਂ ਨੇ।  ਫੇਰ ਨਾ ਆਖਿਓ ਦੱਸਿਆ ਨਹੀਂ।  ਹੁਣ ਵੀ ਫੀਮੇਲ ਈ ਜੇ।  ਥੋੜੇ ਕੁ ਚਾਰਜ ਲੱਗਣਗੇ।  ਜੇ ਆਖੋ ਤਾਂ ਸਫਾਈ ਕਰ ਦਿਆਂ।  ਘੰਟਾ ਕੁ ਲੱਗਣਾ ਕੁੱਲ।  ਬਾਅਦ ‘ਚ ਬਸ ਇਕ ਦਿਨ ਰੈਸਟ ਕਰਨੀ।  ਪਰੇਸ਼ਾਨੀ ਕੋਈ ਨਹੀਂ।
ਉਹ ਪਤਾ ਨਹੀਂ ਹੋਰ ਵੀ ਕੀ ਕੁੱਛ ਬੋਲਦੀ ਜਾਂਦੀ ਪਰ ਮੈਨੂੰ ਵਿਚੋਂ ਟੋਕਣਾ ਪਿਆ, ”ਡਾਕਟਰ, ਸਾਡੀ ਬੱਚੀ ਲਾਗੇ ਇਹੋ ਜਿਹੇ ਖਤਰਨਾਕ ਸ਼ਬਦ ਨਾ ਬੋਲੋ, ਉਹਦੀ ਸਿਹਤ ਉÎੱਤੇ ਮਾੜਾ ਅਸਰ ਪੈ ਸਕਦਾ।”
”ਚੱਲ ਨਿਕਲੀਏ ਏਥੋਂ” ਮੈਂ ਗੁਰਚਰਨ ਨੂੰ ਉੱਠਣ ਲਈ ਇਸ਼ਾਰਾ ਕੀਤਾ।  ਗੁਰਚਰਨ ਦੇ ਚਿਹਰੇ ਉੱਤੇ ਦਹਿਸ਼ਤ ਅਤੇ ਹੋਰ ਪਤਾ ਨਹੀਂ ਕੀ ਕੀ ਕੁਛ ਸੀ।
ਮੈਂ ਘਰ ਆ ਕੇ ਦੇਰ ਰਾਤ ਤਕ ਕੁਛ ਲਿਖਿਆ ਜੋ ਸ਼ਾਇਦ ਕਵਿਤਾ ਵਰਗਾ ਸੀ।  ਮੇਰੇ ਅੰਦਰੋਂ ਜਜ਼ਬੇ ਆਪ ਮੁਹਾਰੇ ਇਉਂ ਵਗ ਤੁਰੇ :
ਮੇਰੀਏ ਹੋਣ ਵਾਲੀਏ ਬੱਚੀਏ
ਸਾਰੇ ਜੱਗ ਤੋਂ ਸੋਹਣੀਏ ਸੱਚੀਏ
ਤੇਰੇ ਦੁਆਲੇ ਹੁਣ ਤੋਂ ਤੀਰ
ਸਕੇ ਵੀ ਆਉਣੇ ਘੱਤ ਵਹੀਰ
ਤੂੰ ਤਾਂ ਪੈਦਾ ਹੋਈ ਵੀ ਨਾ
ਤੇਰਾ ਅਜੇ ਗੁਨਾਹ ਕੋਈ ਨਾ
ਤੇਰੀ ਸੁਬਹ ਕਿਉਂ ਬਣੀ ਤਕਾਲਾਂ
ਆ ਤੈਨੂੰ ਗੋਦੀ ਵਿਚ ਪਾ ਲਾਂ
ਘੁੱਟ ਕੇ ਹਿਕੜੀ ਨਾਲ ਲਗਾ ਲਾਂ
ਮਿੱਠੀ ਲੋਰੀ ਨਾਲ ਸੁਲਾ ਲਾਂ
ਤੈਨੂੰ ਹਰ ਇਕ ਨਜ਼ਰ ਬਿਗਾਨੀ ਤੋਂ
ਮੈਂ ਬੁੱਕਲ ਵਿਚ ਛੁਪਾਲਾਂਗਾ
ਧੀਏ ਤੈਨੂੰ ਮੈਂ ਪਾਲਾਂਗਾ
ਤੂੰ ਤਾਂ ਅਜੇ ਕੁਖ ਵਿਚ ਪਲਦੀ
ਦੁਨੀਆਂ ਤੈਥੋਂ ਕਿਉਂ ਹੈ ਡਰਦੀ
ਮਾਰੋ, ਮਾਰੋ, ਮਾਰੋ ਕਰਦੀ
ਅਸਲ ‘ਚ ਸਾਡੀ ਮਿੱਤਰਤਾ ਦਾ
ਉਤੋਂ ਉਤੋਂ ਦੰਭ  ਹੈ ਕਰਦੀ
ਮੂਲੋਂ ਈਂ ਵਿਚ ਭੁਲੇਖੇ ਫਿਰਦੀ
ਪਰ ਇਸ ਸੱਚ ਨੂੰ ਕਹਿਣੋਂ ਡਰਦੀ
ਕਿ ‘ਆਪ ਬੱਚੇ ਦਾ ਜੋ ਗਲ਼ ਕੱਟਦੇ
ਦੂਜਿਆਂ ਦੇ ਉਹ ਕੁਝ ਨਹੀਂ ਲੱਗਦੇ’
ਸੱਜਣ ਵੀ ਕਿਸ ਪਾਸੇ ਜਾਵਣ
ਉਹ ਤਾਂ ਰਸਮੀ ਫ਼ਰਜ਼ ਨਿਭਾਵਣ
ਆਪਣਾ ਸਮਾਂ ਲਗਾ ਕੇ ਸਾਨੂੰ
ਸਾਡੇ ਈ ਮਨ ਦੀ ਬਾਤ ਸੁਣਾਵਣ
ਏਹੋ ਜਿਹੇ ਸੱਜਣਾਂ ਬੇਲੀਆਂ ਨੂੰ
ਮੈਂ ਆਪੇ ਹੀ ਸਮਝਾਲਾਂਗਾ
ਧੀਏ ਤੈਨੂੰ ਮੈਂ ਪਾਲਾਂਗਾ
ਤੇਰੀ ਆਭਾ ਹੋਵੇ ਅਕਾਸੀ
ਮੂਲ ਨਾ ਛਾਏ ਕਦੇ ਉਦਾਸੀ
ਮੈਂ ਤੈਨੂੰ ਆਪਣੀ ਬਾਂਹ ਤੇ ਪਾ ਕੇ
ਬੜੀ ਪਿਆਰੀ ਗੱਲ ਸੁਣਾਊਂ
ਚੀਂ ਚੀਂ ਪੂੰਝਾਂ ਸੜਿਆ ਵਾਲੀ
ਨਾਲੇ ਸੋਹਣੀ ਬਾਤ ਵੀ ਪਾਊਂ
ਤੇਰੀ ਇਕ ਮੁਸਕਾਨ ਵੇਖ ਕੇ
ਧੁਰ ਅੰਦਰ ਤਕ ਖਿੜਦਾ ਜਾਊਂ
ਖੀਵਾ ਹੋ ਹੋ ਮਾਂ ਤੇਰੀ ਨੂੰ
‘ਵਾਜ ਮਾਰ ਕੇ ਕੋਲ ਬੁਲਾਊਂ
ਕੁਦਰਤ ਦਾ ਲੱਖ ਸ਼ੁਕਰ ਮਨਾਊਂ
ਤੂੰ ਆਪਣੀ ‘ਕਰਨੀ’ ਨਾਲ ਦੱਸੀਂ
ਮੈਂ ਕਥਨੀ ਨਾਲ ਦੱਸਦਾ ਜਾਊਂ
ਧੀਆਂ ਘਰ ਦੀ ਸੁਖ ਸ਼ਾਂਤੀ ਨੇ
ਰੱਬ ਦਾ ਰੂਪ ਹੈ ਮਾਂ, ਸਮਝਾਊਂ।
ਸੂਰਤ ਤੇਰੀ ਰੱਬ ਬਣਾਈ
ਮੈਂ ਸੀਰਤ ਨੂੰ ਢਾਲਾਂਗਾ
ਧੀਏ ਤੈਨੂੰ ਮੈਂ ਪਾਲਾਂਗਾ।
ਉਸਦੇ ਜਨਮ ਵਾਲੇ ਦਿਨ ਬੜਾ ਦਿਲ ਨੂੰ ਧੂਹ ਪਾਉਣ ਵਾਲਾ ਤਜ਼ਰਬਾ ਅਤੇ ਅਹਿਸਾਸ ਹੋਇਆ।
ਅਸੀਂ ਮੁਕੇਰੀਆਂ ਚੌਧਰੀ ਦੇ ਹਸਪਤਾਲ ‘ਚ ਤੜ੍ਹਕੇ ਜਾ ਦਾਖਲ ਹੋਏ।  ਦੋ ਕੇਸ ਹੋਰ ਵੀ ਸਨ।  ਅੰਦਰ ਇਕੱਠੇ ਦੋ ਬਾਲ ਹੋਏ।  ਦੂਜੀ ਬੀਬੀ ਬਾਰ-ਬਾਰ ਪੁੱਛੇ ਕਿ ‘ਡਾਕਟਰ ਮੁੰਡਾ ਈ ਆ ਨਾ’ ?  ਕੁੜੀ ਹੋਈ ਤਾਂ ਮੇਰਾ ਤਾਂ ਘਰ ‘ਚ ਜੀਣਾ ਮੁਸ਼ਕਲ ਹੋ ਜਾਣਾ, ਪਹਿਲਾ ਵੀ ਇਕ ਕੁੜੀ ਆ।’ ਹੋਈ ਤਾਂ ਕੁੜੀ ਪਰ ਡਾਕਟਰ ਨੇ ਉਸਦਾ ਦਿਲ ਰੱਖਣ ਲਈ ਕਹਿ ਦਿੱਤਾ ਕਿ ‘ਹਾਂ ਮੁੰਡਾ ਹੋਇਆ’ ਲਓ ਜੀ ਵਧਾਈਆਂ ਵਧਾਈਆਂ ਹੋ ਗੀ।
ਮੁੜਕੇ ਆ ਗੀ ਸਾਡੀ ਵਾਰੀ।  ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਬੇਟੀ ਆ।  ਜਦ ਉਹਨਾਂ ਬੇਟੀ ਲਿਆ ਕੇ ਸਾਡੀ ਝੋਲੀ ਪਾਈ ਤਾਂ ਅਸੀਂ ਸੋਹਣੀ ਤੰਦਰੁਸਤ ਬੇਟੀ ਵੇਖ ਕੇ ਉਸਨੂੰ ਗਲ ਨਾਲ ਲਾਇਆ।  ਚੁੰਮਿਆ ਤੇ ਇਕ ਦੂਜੇ ਨੂੰ ਮੁਬਾਰਕਾਂ ਦਿੱਤੀਆਂ।  ਬੇਟੀ ਨੇ ਅੱਧੇ ਘੰਟੇ ਦੇ ਅੰਦਰ-ਅੰਦਰ ਹੀ ਇਕ ਸਪੱਸ਼ਟ ਮੁਸਕਾਨ ਬਿਖੇਰੀ ਐਨ ਵਰਾਛਾਂ ਵਿੰਗੀਆਂ ਕਰਕੇ ਤੇ ਅਸੀਂ ਸਾਰੇ ਬਾਗੋ ਬਾਗ ਹੋ ਗਏ।
ਲਓ ਜੀ ਪੈ ਗਿਆ ਪੰਗਾ।  ਦੂਜੇ ਬੱਚੇ ਵਾਲਿਆਂ ਨੂੰ ਜਦੋਂ ਐਂਵੇ ਪਹਿਲਾਂ ਬੇਟਾ ਆਖ ਕੇ ਤੇ ਮਗਰੋਂ ਬੇਟੀ ਲਿਆ ਕੇ ਝੋਲੀ ਵਿਚ ਪਾਈ ਤਾਂ ਉਹਨਾਂ ਦੇ ਰੰਗ ਫੱਕ ਹੋ ਗਏ।  ਉਹਨਾਂ ਡਾਕਟਰ ਨੂੰ ਆਖਿਆ ਕਿ ਤੂੰ ਸਾਡਾ ਬੱਚਾ ਬਦਲ ਦਿੱਤਾ ਹੈ।  ਦੂਜਿਆਂ ਦੀ ਤਾਂ ਕੁੜੀ ਸੀ।  ਉਹ ਵਧਾਈਆਂ ਦੇਣ ਡÂ੍ਹੇ ਨੇ।  ਖੁਸ਼ ਨੇ ਬਹੁਤ ਜ਼ਿਆਦਾ।  ਤੇ ਸਾਡਾ ਤੂੰ ਮੁੰਡਾ ਆਖ ਕੇ ਹੁਣ ਕਹਿੰਨਾ ਬਈ ਕੁੜੀ ਆ।  ਤੂੰ ਸਾਡਾ ਨਿਆਣਾ ਬਦਲ ਦਿੱਤਾ ਜਾਣ ਬੁੱਝ ਕੇ।  ਡਾਕਟਰ ਬਥੇਰਾ ਸਮਝਾਇਆ ਕਿ ਭਾਈ ਉਹਨਾਂ ਦੀ ਤਾਂ ਕੁੜੀ ਆ।  ਪਰ ਉਹ ਕਿੱਥੇ ਮੰਨਣ।
ਉਹ ਤਾਂ ਇਕ ਸ਼ੂਕਰ ਜਿਹੀ ਜਨਾਨੀ ਭੱਜੀ ਭੱਜੀ ਆਈ ਤੇ ਆ ਕੇ ਸਾਡੀ ਬੇਟੀ ਦੀ ਪੜਤਾਲ ਕਰਨ ਲੱਗ ਪਈ ਕਿ ਇਹ ਕਿਤੇ ਮੁੰਡਾ ਤਾਂ ਨੀ।  ਜਾ ਕੇ ਕਹਿੰਦੀ ‘ਨੀ ਚੁੱਪ ਕਰੋ ਉਹ ਤੇ ਯੱਬ੍ਹਲ ਕੁੜੀ ਵੇਖ ਕੇ ਖੁਸ਼ ਹੋਣ ਡÂ੍ਹੇ ਨੇ।”
ਅਸੀਂ ਸ਼ਾਮ ਨੂੰ ਹਨੇਰੇ ਜਿਹੇ ਹਸਪਤਾਲੋਂ ਛੁੱਟੀ ਲੈ ਕੇ ਘਰ ਪਹੁੰਚੇ ਤਾਂ ਹੋਰ ਤਮਾਸ਼ਾ ਹੋਇਆ।
ਅਸੀਂ ਘਰ ਦੇ ਬਾਹਰ ਗਰਾਊਂਡ ‘ਚ ਕਾਰ ‘ਚੋਂ ਉਤਰੇ ਤਾਂ ਮੇਰੀਆਂ ਦੋਵੇਂ ਬੇਟੀਆਂ ਮਲਿਕਾ ਤੇ ਮੰਨਤ ਭੱਜੀਆਂ ਭੱਜੀਆਂ ਆਈਆਾਂ ਤੇ ਛੋਟੀ ਭੈਣ ਨੂੰ ਗਲ ਨਾਲ ਲਾ ਲਿਆ।  ਬਹੁਤ ਹੀ ਖੁਸ਼-ਖੁਸ਼ ਅਸੀਂ ਕਾਰ ‘ਚੋਂ ਨਿਕਲ ਕੇ ਘਰ ਅੰਦਰ ਗਏ।  ਨਵੇਂ ਜੀਅ ਨਾਲ ਸਾਡਾ ਘਰ ਖ਼ੁਸ਼ੀਆਂ ਨਾਲ ਭਰ ਗਿਆ ਜਾਪਿਆ।  ਸਾਡੇ ਉਤਲੇ ਕਵਾਟਰ ਵਾਲੇ ਇਹ ਨਜ਼ਾਰਾ ਵੇਖ ਰਹੇ ਸਨ।  ਉਹਨਾਂ ਸਾਨੂੰ ਉਤੋਂ ਹੀ ਮੁਬਾਰਕਾਂ ਦਿੱਤੀਆਂ, ਅਸੀਂ ਕਬੂਲ ਕੀਤੀਆਂ।
ਕੁਛ ਮਿੰਟਾਂ ਬਾਅਦ ਸਾਨੂੰ ਵਧਾਈਆਂ ਦੇ ਫੋਨ ਆਉਣੇ ਸ਼ੁਰੂ ਹੋ ਗਏ।  ਅਸਲ ਵਿਚ ਸਾਡੇ ਉਤਲੇ ਕਵਾਟਰ ਵਾਲਿਆਂ ਨੂੰ ਸਾਡੇ ਜਿਹੜੇ-ਜਿਹੜੇ ਜਾਣੂ ਦਾ ਫੋਨ ਨੰਬਰ ਯਾਦ ਸੀ।  ਉਹਨਾਂ ਉਸੇ ਵੇਲੇ ਖੜਕਾ ਦਿੱਤਾ ਸੀ ਕਿ ‘ਮੰਡ ਸਾਹਬ ਦੇ ਘਰ ਬੇਟਾ ਹੋਇਆ ਹੈ।  ਬੜੇ ਖੁਸ਼ ਨੇ ਤੇ ਆ ਗਏ ਨੇ ਘਰ ਸੁੱਖੀਂ ਸਾਂਦੀ।’
ਫਿਰ ਉਹ ਤਿਆਰ ਤਯੂਰ ਹੋ ਕੇ ਅੱਧੇ ਕੁ ਘੰਟੇ ਬਾਦ ਥੱਲੇ ਆਏ ਤੇ ਬੇਟੀ ਸੁਣ ਕੇ ਇਕ ਦਮ ਰੰਗ ਫੱਕ ਹੋ ਗਏ।  ਕਹਿੰਦੇ ”ਮਾਫੀ ਦੇ ਦਿਓ ਮੈਂ ਤਾਂ ਕਈਆਂ ਨੂੰ ਫੋਨ ਕਰਤੇ।” ਮੈਂ ਬਥੇਰਾ ਆਖਿਆ ਕਿ ਤੁਸੀਂ ਚੰਗਾ ਕੀਤਾ।  ਪਰ ਉਹ ਬਰਫੀ ਖਾ ਕੇ ਉਹਨੀ ਪੈਰੀਂ ਵਾਪਸ ਗਏ।  ਉਹਨਾਂ ਫਿਰ ਪਹਿਲਿਆਂ ਨੂੰ ਅਸਲ ਸਥਿਤੀ ਤੋਂ ਜਾਣੂ ਕਰਾਇਆ।  ਫਿਰ ਸਾਨੂੰ ਵਧਾਈਆਂ ਦੇਣ ਵਾਲਿਆਂ ਵੱਲੋਂ ਮਾਫੀਆਂ ਮੰਗਣ ਦੇ ਫੋਨ ਆਉਣੇ ਸ਼ੁਰੂ ਹੋ ਗਏ।  ਮੈਂ ਆਖਿਆ, ”ਓ ਭਰਾਵੋ ਚੰਗਾ ਹੋਇਆ, ਓਦਾਂ ਤੁਸੀਂ ਵਧਾਈਆਂ ਨਹੀਂ ਸੀ ਦੇਣੀਆਂ।” ਸਾਡੀ ਨਜ਼ਰ ‘ਚ ਬੇਟੀ ਬੇਟੇ ਚ ਕੋਈ ਫਰਕ ਨਹੀਂ।”
ਬੱਚੇ ਤਾਂ ਸਾਰੇ ਮਾਪਿਆਂ ਨੂੰ ਪਿਆਰੇ ਨੇ।
ਪਰ ਸਾਡੀ ਇਹ ਬੱਚੀ ਕੁਛ ਨਿਆਰੀ ਹੀ ਸੀ।
ਜਿਵੇਂ ਮੈਂ ਦੱਸ ਚੁੱਕਾਂ ਕਿ ਮੇਰਾ ਤਾਂ ਉਸ ਨਾਲ ਸੰਬੰਧ ਪਹਿਲੇ ਦਿਨੋ ਹੀ ਮਾਂ ਵਰਗਾ ਜਜ਼ਬਾਤੀ ਬਣ ਗਿਆ ਸੀ ਤੇ ਮੈਂ ਬੜੀ ਬੇਸਬਰੀ ਨਾਲ ਉਸਦਾ ਇੰਤਜ਼ਾਰ ਕਰ ਰਿਹਾ ਸਾਂ।  ਅਸੀਂ ਉਸਦਾ ਪਹਿਲੇ ਦਿਨ ਪਹਿਲੋਂ ਹੀ ਸੋਚਿਆ ਹੋਇਆ ਨਾਮ ਰੱਖ ਦਿੱਤਾ ‘ਸੀਰਤ’।
ਸੀਰਤ ਪਹਿਲੀ ਰਾਤ ਵੀ ਮੇਰੇ ਨਾਲ ਹੀ ਸੁੱਤੀ।
ਉਸਨੇ ਇਕ ਦਿਨ ਵੀ ਆਪਣੀ ਮਾਂ ਨੂੰ ਰਾਤ ਨਾ ਜਗਾਇਆ।  ਉਸਦਾ ਸੌਣ ਦਾ ਵਕਤ ਸੀ ਤਕਰੀਬਨ ਰਾਤ 11:00 ਵਜੇ ਤੋਂ ਸਵੇਰੇ 5:00 ਵਜੇ ਤਕ।  ਐਵੇਂ ਇਕ ਦੋ ਵਾਰ ਹਿੱਲਣਾ ਵਿਚ ਦੁੱਧ ਪੀਣ ਲਈ।
ਉਹ ਨਿਤ ਮੇਰੇ ਨਾਲ ਹੀ ਸੌਂਦੀ।
ਸੀਰਤ ਨੇ ਕਦੀ ਵੀ ਨਿੱਕੇ ਬੱਚਿਆਂ ਦੀ ਤਰਾਂ ਚੰਗਿਆੜਾਂ ਮਾਰ-ਮਾਰ ਕੇ ਰੋਣ ਵਾਲੀ ਆਵਾਜ਼ ਨਹੀਂ ਕੱਢੀ।  ਇਕ ਵਾਰ ਵੀ ਨਹੀਂ।
ਉਸਨੇ ਕਦੀ ਵੀ ਰਾਤ ਨੂੰ ਸੌਣ ਲੱਗਿਆਂ ਪਰੇਸ਼ਾਨ ਨਹੀਂ ਕੀਤਾ ਅਤੇ ਸਵੇਰੇ ਉÎੱਠਣ ਲੱਗਿਆਂ ਕਦੀ ਰੋ ਕੇ ਨਹੀਂ ਉÎੱਠੀ।  ਹੱਸਦੀ ਹੱਸਦੀ ਉÎੱਠੂ।  ਉਹ ਬੜੀ ਸੁਹਿਰਦ ਅਤੇ ਨਿੱਘੀ ਸੋਚਵਾਨ ਰੂਹ ਦੀ ਮਾਲਿਕ ਹੈ।
ਉਹ ਬੱਚੀ ਹੁੰਦਿਆਂ ਵੀ ਸਿਆਣੀ ਜਾਪਦੀ ਹੈ ਹਮੇਸ਼ਾਂ।  ਆਪਣੀ ਉਮਰੋਂ ਵੱਡੀ।  ਮੈਂ ਉਸਨੂੰ ਵੇਂਹਦਿਆਂ ਸਾਰ ਸਭ  ਕੁਝ ਭੁੱਲ ਜਾਂਦਾ ਹਾਂ।  ਤੇ ਉਸ ਦਾ ਤਕੀਆ ਕਲਾਮ ਹੈ।
”ਪਾਪਾ ਨੂੰ ਤੇ ਬਸ ਇਕੋ ਕੰਮ ਆ।  ਮੈਨੂੰ ਪਾਰੀਆਂ ਕਰਨੀਆਂ।”
ਜਦ ਸੀਰਤ ਤਿੰਨ ਸਾਲ ਦੀ ਸੀ ਤਾਂ ਇਕ ਦਿਨ ਮੈਨੂੰ ਹੱਥ ਉÎੱਤੇ ਬਲੇਡ ਦੇ ਕੱਟ ਨਾਲ ਖੂਨ ਨਿਕਲ ਆਇਆ।  ਸੀਰਤ ਨੇ ਇਸ ਤਰ੍ਹਾਂ ਮੂੰਹ ਬਣਾ ਲਿਆ ਜਿਵੇਂ ਕਿਤੇ ਉਹਨੂੰ ਮੇਰੇ ਨਾਲੋਂ ਵੀ ਜ਼ਿਆਦਾ ਦਰਦ ਹੋ ਰਹੀ ਹੋਵੇ।
”ਪਾਪਾ ਬਰੀ ਪੀਰ ਹੁੰਦੀ” ?
‘ਨਹੀਂ ਬੇਟੇ,’ ਮੈਂ ਅੱਗੋਂ ਉਹਦਾ ਮਨ ਰੱਖਣ ਲਈ ਆਖਿਆ।
ਫਿਰ ਕਹਿੰਦੀ, ”ਲਿਆਓ ਮੈਂ ਫੂਕ ਮਾਲਦਾਂ” ਤੇ ਫੂਕਾਂ ਮਾਰਨ ਲੱਗ ਪਈ।  ਫਿਰ ਪਤਾ ਨਹੀਂ ਕੀ ਸੋਚ ਕੇ ਰੋਣ ਲੱਗ ਪਈ ਤੇ ਮੇਰੇ ਗਲ ਨੂੰ ਚਿੰਬੜ ਗਈ।
ਇਕ ਦਿਨ ਰੋਣਾ ਜਿਹਾ ਮੂੰਹ ਬਣਾ ਕੇ ਮੇਰੇ ਕੋਲ ਆ ਕੇ ਕਹਿੰਦੀ, ”ਪਾਪਾ, ਮੈਨੂੰ ਮੰਮੀ ਨੇ ਧੱਕਾ ਮਾਰਿਆ।”
”ਕਿਉਂ ਮਾਰਿਆ ਮੇਰੇ ਪੁੱਤ ਨੂੰ ਧੱਕਾ ?  ਲਿਆ ਮੈਂ ਕੁੱਟ-ਕੁੱਟ ਕੇ ਮੰਮੀ ਨੂੰ ਮਓ੍ਹ ਕਰਾਂ।” ਮੈਂ ਦਿਲਾਸੇ ਵਜੋਂ ਆਖਿਆ।
”ਪਾਪਾ ਮਓ੍ਹ ਕੀ ਹੁੰਦਾ ?” ਉਸਦੇ ਜਿਗਿਆਸੂ ਮਨ ‘ਚੋਂ ਸਵਾਲ ਉਠਿਆ।
‘ਮਤਲਬ ਪਈ ਕੁੱਟ-ਕੁੱਟ ਕੇ ਐਨ ਮਿੱਝ ਜÂ੍ਹੀ ਕੱਢਦੂੰ ਮੰਮੀ ਦੀ।” ਮੈਂ ਇਕ ਹੱਥ ਉਤੇ ਦੂਜੇ ਨਾਲ ਐਕਸ਼ਨ ਕਰਕੇ ਵਖਾਇਆ।
”ਨਾ ਪਾਪਾ ਖੂਨ ਨਾ ਕੱਢਿਓ, ਮੰਮੀ ਨੂੰ ਪੀਰ ਹੋਊਗੀ।” ਉਹਦਾ ਬਾਲ ਮਨ ਬੋਲਿਆ।
ਪਤਾ ਨਹੀਂ ਕਿਹੜੇ ਵੇਲੇ ਮੈਂ ਉਸਨੂੰ ਚੁੱਕ ਕੇ ਗਲ ਨਾਲ ਲਾ ਲਿਆ।  ਮੇਰੇ ਅੰਦਰੋਂ ਆਵਾਜ਼ ਆਈ, ”ਓ ਧੀਓ, ਕਾਸ਼ !  ਤੁਹਾਨੂੰ ਵੱਢਣ ਟੁੱਕਣ ਲੱਗਿਆਂ ਮਾਪੇ ਵੀ ਏਨੀ ਹੀ ਪੀੜ ਮਹਿਸੂਸ ਕਰਿਆ ਕਰਨ।”
ਤੇ ਫਿਰ ਜਦ ਮਲਿਕਾ ਨੇ ਬੀ. ਏ. ਵਿਚੋਂ ੭੬% ਨੰਬਰ ਲੈ ਕੇ ਯੂਨੀਵਰਸਿਟੀ ਅੰਗਰੇਜ਼ੀ ਦੀ ਐਮ. ਏ. ਵਿਚ ਦਾਖਲਾ ਲਿਆ ਤਾਂ ਦਾਦੀ ਨੇ ਉਸਨੂੰ ਘੁੱਟ ਕੇ ਜੱਫੀ ਪਾਉਂਦਿਆਂ ਤੇ ਆਖਿਆ, ”ਇਹ ਮੇਰੀ ਧੀ ਤਾਂ ਮੈਨੂੰ ਸਾਰਿਆਂ ਤੋਂ ਪਿਆਰੀ ਲਗਦੀ।”

The post ਧੀਆਂ ਦੀ ਦੁਨੀਆਂ appeared first on Quomantry Amritsar Times.


Viewing all articles
Browse latest Browse all 342


<script src="https://jsc.adskeeper.com/r/s/rssing.com.1596347.js" async> </script>