ਚੰਡੀਗੜ੍ਹ/ ਬਿਊਰੋ ਨਿਊਜ਼:
ਸਿੱਲਹਿਰ ਦੀਆਂ ਪਰਤਾਂ ਫਰੋਲਦੀ ਨਵੀਂ ਫਿਲਮ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ ਵਿਚ ਖਾੜਕੂ ਲਹਿਰ ਦੇ ਉਸਾਰੂ ਪੱਖਾਂ ਨੂੰ ਵਿਖਾਇਆ ਗਿਆ ਹੈ। ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਫਿਲਮ ਦਾ ਨਿਰਮਾਣ ਕਰਨ ਵਾਲੀਆਂ ਕੰਪਨੀਆਂ ਫਤਿਹ ਸਪੋਰਟਸ ਕਲੱਬ ਅਤੇ ਸਾਊਂਡ ਬੂਮ ਇੰਟਰਟੇਨਮੈਂਟ ਦੇ ਬੁਲਾਰਿਆਂ ਸੰਦੀਪ ਸਿੰਘ ਅਤੇ ਹਰਸਿਮਰਨ ਸਿੰਘ ਨੇ ਦੱਸਿਆ ਕਿ ਇਹ ਫ਼ਿਲਮ ਖਾੜਕੂ ਮੂਵਮੈਂਟ ਉਪਰ ਅਧਾਰਿਤ ਹੈ। ਬਹੁਤ ਸਾਰੀਆਂ ਫ਼ਿਲਮਾਂ ਵਿੱਚ ਇਸ ਮੂਵਮੈਂਟ ਨੂੰ ਨੈਗਟਿਵ ਦਿਖਾਇਆ ਗਿਆ ਹੈ। ਉਸ ਸਮੇਂ ਉਸ ਮੂਵਮੈਂਟ ਨੂੰ ਨੈਗਟਿਵ ਜ਼ਰੂਰ ਕਰ ਦਿੱਤਾ ਗਿਆ ਸੀ ਪਰ ਉਸਦੇ ਜੋ ਪੱਖ ਸਨ ਉਹ ਸਮਾਜ ਪੱਖੀ ਸਨ। ਇਸ ਮੂਵਮੈਂਟ ਦਾ ਲੋਕਾਂ ਵਿੱਚ ਕੀ ਅਧਾਰ ਸੀ, ਉਹਦੇ ਫਾਇਦੇ ਕੀ ਸੀ। ਉਹਨਾਂ ਨੇ ਸਮਾਜ ਸੁਧਾਰਕ ਕਿਹੜੇ ਕੰਮ ਕੀਤੇ? ਇਹੀ ਚੀਜਾਂ ਨੂੰ ਅਧਾਰ ਬਣਾਕੇ ‘ਫ਼ਤਿਹ ਸਪੋਟਸ ਕਲੱਬ’ ਅਤੇ ਰਾਜ ਕਾਕੜਾ ਨੇ ਇਸ ਫ਼ਿਲਮ ਦਾ ਤਾਣਾ-ਬਾਣਾ ਤਣਿਆ ਹੈ। ਫਿਲਮ ਦੀ ਕਹਾਣੀ ਪ੍ਰਿੰਸ ਕੇ ਜੇ ਸਿੰਘ ਨੇ ਲਿਖੀ ਹੈ ਤੇ ਫ਼ਿਲਮ ਦੇ ਨਿਰਦੇਸ਼ਕ ਨਰੇਸ਼ ਗਰਗ (‘ਕੌਮ ਦੇ ਹੀਰੇ’ ਦੇ ਨਿਰਦੇਸ਼ਕ) ਨੇ ਇਸ ਵਿਸ਼ੇ ਨੂੰ ਬੇਹਦ ਖੂਬਸੂਰਤ ਢੰਗ ਨਾਲ ਫ਼ਿਲਮਾਇਆ ਹੈ।
ਉਹਨਾਂ ਦੱਸਿਆ ਕਿ ਫ਼ਿਲਮ ਦਾ ਜੋ ਵਾਤਾਵਰਣ ਹੈ ਉਹ ਲੱਗਭਗਸੰਨ 1984 ਤੋਂ ਸੰਨ 1990 ਦੇ ਵਿਚਕਾਰ ਦਾ ਹੈ। ਇਸੇ ਸਮੇਂ ‘ਤੇ ਅਧਾਰਿਤ ਇੱਕ ਫ਼ਿਲਮ ਹੋਰ ਆ ਚੁੱਕੀ ਹੈ ‘ਪੰਜਾਬ 1984′। ਅਸਲ ਵਿੱਚ ‘ਪੰਜਾਬ 1984′ ਵਿੱਚ ਜੋ ਦਿਖਾਇਆ ਗਿਆ, ਉਹ ਕੰਮ ਖਾੜਕੂਆਂ ਦਾ ਨਹੀਂ ਬਲਕਿ ਏਜੰਸੀਆਂ ਦਾ ਸੀ। ਖਾੜਕੂ ਤਾਂ ਆਪਣੀ ਕੌਮ ਲਈ ਮਰ ਮਿਟਦੇ ਸਨ। ਹੁਣ ਬੱਸਾਂ ਵਿੱਚ ਬੰਬ ਰੱਖਣ ਵਾਲਿਆਂ ਨੂੰ ਅਸੀਂ ਖਾੜਕੂ ਨਹੀਂ ਕਹਿ ਸਕਦੇ। ਫ਼ਿਲਮ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ ਵਿੱਚ ਖਾੜਕੂਵਾਦ ਦੇ ਹਾਂ ਪੱਖੀ ਪੱਖ ਦਿਖਾਏ ਗਏ ਹਨ। ਖਾੜਕੂ ਲਹਿਰ ਨਾਲ ਸਮਾਜ ਨੂੰ ਜੋ ਫਾਇਦਾ ਹੋਇਆ ਸੀ ਉਹ ਸਾਡੀ ਫ਼ਿਲਮ ਵਿੱਚ ਦਿਖਾਇਆ ਗਿਆ ਹੈ। ‘ਪੰਜਾਬ 1984′ ਇੱਕ ਵੱਖਰਾ ਵਿਸ਼ਾ ਸੀ,ਸਾਡੀ ਫ਼ਿਲਮ ਉਸ ਦਾ ਬਿਲਕੁਲ ਉਲਟ ਹੈ। ‘ਪੰਜਾਬ 1984′ ਨਾਲੋਂ ਇਹ ਫ਼ਿਲਮ ਬਹੁਤ ਜ਼ਿਆਦਾ ਵੱਖਰੀ ਹੈ। ਦੋਵਾਂ ਫ਼ਿਲਮਾਂ ਵਿੱਚ ਕੁਝ ਵੀ ਮੇਲ ਨਹੀਂ ਖਾਂਦਾ।
ਰਾਜ ਕਾਕੜਾ ਤੋਂ ਇਲਾਵਾ ਅਦਾਕਾਰਾ ਜੋਨਿਤਾ ਡੋਡਾ, ਸ਼ਵਿੰਦਰ ਮਾਹਲ, ਨੀਟੂ ਪੰਧੇਰ, ਸ਼ੱਕੂ ਰਾਣਾ, ਤਰਸੇਮ ਪਾਲ, ਸਿਮਰਨ ਸਹਿਜਪਾਲ, ਅੰਮ੍ਰਿਤਪਾਲ ਛੋਟੂ ਤੇ ਪ੍ਰਿੰਸ ਕੇ ਜੇ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਹੈ। ਹੋਰ ਵੀ ਬਹੁਤ ਸਾਰੇ ਨਵੇਂ, ਪੁਰਾਣੇ ਕਲਾਕਾਰ ਤੁਹਾਨੂੰ ਇਸ ਫ਼ਿਲਮ ‘ਚ ਦਿਖਾਈ ਦੇਣਗੇ।
ਉਹਨਾਂ ਦੱਸਿਆ ਕਿ ਫ਼ਿਲਮ ਦੇ ਸੰਗੀਤ ਵੱਲ ਅਸੀਂ ਖਾਸ ਧਿਆਨ ਦਿੱਤਾ ਹੈ। ਇਸ ਦਾ ਸੰਗੀਤ ਬੀਟ ਮਨਿਸਟਰ ਨੇ ਤਿਆਰ ਕੀਤਾ ਹੈ। ਗੀਤ ਖ਼ੁਦ ਰਾਜ ਕਾਕੜਾ ਨੇ ਲਿਖੇ ਹਨ, ਇਹਨਾਂ ਗੀਤਾਂ ਨੂੰ ਆਵਾਜ਼ ਰਣਜੀਤ ਬਾਵਾ, ਕਰਮਜੀਤ ਅਨਮੋਲ, ਸਾਬੜੀ ਬ੍ਰਦਰਜ਼ ਮੁਬੰਈ, ਜਾਨਵੀ ਅਰੋੜਾ, ਸ਼ਹਿਨਾਜ਼ ਅਖ਼ਤਬਰ ਨੇ ਦਿੱਤੀ ਹੈ। ਦੋ ਗੀਤ ਰਾਜ ਕਾਕੜਾ ਨੇ ਗਾਏ ਹਨ।
ਫਿਲਮ ਬਣਾਉਣ ਵਾਲਿਆਂ ਨੇ ਦੱਸਿਆ ਕਿ ਨਾਮਵਰ ਗੀਤਕਾਰ, ਗਾਇਕ ਤੇ ਅਦਾਕਾਰ ਰਾਜ ਕਾਕੜਾ ਆਪਣੀ ਵੱਖਰੀ ਸੋਚ ਸਦਕਾ ਮਨੋਰੰਜਨ ਜਗਤ ‘ਚ ਇਕ ਵੱਖਰਾ ਮੁਕਾਮ ਰੱਖਦਾ ਹੈ। ਅਜਿਹਾ ਇਸ ਕਰਕੇ ਹੈ ਕਿ ਰਾਜ ਕਾਕੜਾ ਬਨਾਵਟੀ ਨਹੀਂ ਲਿਖਦਾ। ਉਹ ਉਹੀ ਲਿਖਦਾ ਹੈ ਜੋ ਉਸਦੇ ਆਸ-ਪਾਸ ਵਾਪਰਿਆ ਹੋਵੇ, ਜਿਸ ਘਟਨਾ ਨੇ ਉਸਨੂੰ ਝੰਜੋੜਿਆ ਹੋਵੇ। ਗਾਇਕ ਵਜੋਂ ਵੀ ਉਸਨੂੰ ਸਰੋਤਿਆਂ ਦੇ ਬੇਹੱਦ ਪਿਆਰ ਹਾਸਲ ਹੋਇਆ ਹੈ। ਹੁਣ ਉਹ ਇਕ ਕਾਬਲ ਅਦਾਕਾਰ ਵਜੋਂ ਵੀ ਜਾਣਿਆ ਜਾਂਦਾ ਹੈ। ਉਸ ਦੀ ਪਹਿਲੀ ਫਿਲਮ ‘ਕੌਮ ਦੇ ਹੀਰੇ’ ਬੇਸ਼ੱਕ ਪੰਜਾਬ ‘ਚ ਰਿਲੀਜ਼ ਨਹੀਂ ਹੋ ਸਕੀ, ਪਰ ਵਿਦੇਸ਼ਾਂ ‘ਚ ਇਸ ਫ਼ਿਲਮ ਨੇ ਖ਼ੂਬ ਧਮਾਲਾਂ ਪਾਈਆਂ ਹਨ। ਇਸ ਫ਼ਿਲਮ ਨੇ ਰਾਜ ਕਾਕੜਾ ਨੂੰ ਅਦਾਕਾਰ ਵਜੋਂ ਸਥਾਪਤ ਕੀਤਾ ਹੈ। ਬਤੌਰ ਹੀਰੋ ਉਸ ਦੀ ਇੱਕ ਹੋਰ ਪੰਜਾਬੀ ਫ਼ਿਲਮ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ 3 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ।
The post ਸਿੱਖ ਖਾੜਕੂਵਾਦ ਦੇ ਉਸਾਰੂ ਪੱਖਾਂ ਨੂੰ ਪੇਸ਼ ਕਰਦੀ ਫਿਲਮ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ 3 ਅਪਰੈਲ ਨੂੰ ਹੋਵੇਗੀ ਰਿਲੀਜ਼ appeared first on Quomantry Amritsar Times.