Quantcast
Channel: ਸਾਹਿਤ/ਮਨੋਰੰਜਨ – Quomantry Amritsar Times
Viewing all articles
Browse latest Browse all 342

ਨਾਵਲ ‘ਰੋਹਲੀ ਗਰਜ’ : ਪੰਜਾਬ ਸਟੂਡੈਂਟਸ ਯੂਨੀਅਨ ਦੇ ਚੜ੍ਹਦੇ ਤੇ ਲਹਿੰਦੇ ਸੂਰਜ ਦਾ ਗਵਾਹ

$
0
0

Book Nand Singh
ਕਰਮਜੀਤ ਸਿੰਘ (ਫੋਨ: 99150-91063)
ਪੰਜਾਬ ਸਟੂਡੈਂਟਸ ਯੂਨੀਅਨ ਵਿਦਿਆਰਥੀ ਇਤਿਹਾਸ ਦਾ ਇਕ ਸੁਨਹਿਰੀ ਤੇ ਸ਼ਾਨਾਮੱਤਾ ਪੰਨਾ ਹੈ, ਜਿਸ ਨੂੰ ਰਾਜਨੀਤਿਕ ਵਿਦਵਾਨਾਂ ਅਤੇ ਸਮਾਜ ਵਿਗਿਆਨੀਆਂ ਨੇ ਤੀਸਰੀ ਅੱਖ ਨਾਲ ਦੇਖਣ ਲਈ ਕੋਈ ਸੰਜੀਦਾ ਅਤੇ ਨਿਰਪੱਖ ਯਤਨ ਅਜੇ ਤੱਕ ਵੀ ਨਹੀਂ ਕੀਤਾ। ਇਸ ਜੁਝਾਰੂ ਜਥੇਬੰਦੀ ਦਾ ਚੜ੍ਹਦਾ-ਲਹਿੰਦਾ ਸੂਰਜ ਅਤੇ ਵਿਸ਼ੇਸ਼ ਕਰਕੇ ਇਸ ਦੀਆਂ ਸਿਖ਼ਰ ਦੁਪਹਿਰਾਂ ਦੀ ਦਾਸਤਾਨ ਘੱਟੋ ਘੱਟ ਅੱਜ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਦਿਲਾਂ-ਦਿਮਾਗ਼ਾਂ ਦਾ ਹਿੱਸਾ ਨਹੀਂ ਬਣ ਸਕੀ। ਅਸਲ ਵਿਚ ਸੰਨ 1960 ਤੋਂ 1975 ਤੱਕ ਦਾ ਇਹ ਸਮਾਂ ਜਾਗਣ ਤੇ ਜਗਾਉਣ ਵਾਲੇ ਨੌਜਵਾਨਾਂ ਦਾ ਦੌਰ ਸੀ, ਜਿਸ ਵਿੱਚ ਇਕ ਕੋਨੇ ਤੋਂ ਗੁਰੂ ਗੋਬਿੰਦ ਸਿੰਘ ਅਤੇ ਸਿੱਖ ਇਤਿਹਾਸ ਦੇ ਜੁਝਾਰੂ ਨਾਇਕ, ਦੂਜੇ ਕੋਨੇ ਤੋਂ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਚੰਦਰ ਸ਼ੇਖ਼ਰ ਆਜ਼ਾਦ ਅਤੇ ਬਿਸਮਿਲ ਅਤੇ ਤੀਸਰੇ ਕੋਨੇ ਤੋਂ ਹੋਚੀਮਿਨ, ਮਾਉਜ਼ੇ ਤੁੰਗ ਅਤੇ ਲੈਨਿਨ ਵਿਦਿਆਰਥੀਆਂ ਦੇ ਦਿਲਾਂ ਦਾ ਮਹਿਰਮ ਬਣੇ ਹੋਏ ਸਨ। ਜ਼ਿੰਦਗੀ ਦਾ ਇਕ ਹੋਰ ਕੋਨਾਂ ਵੀ ਉਸ ਵੇਲੇ ਜਰਖ਼ੇਜ਼ ਹੋ ਰਿਹਾ ਸੀ। ਇਹ ਖੇਤਰ ਸਾਹਿਤ ਅਤੇ ਸਭਿਆਚਾਰ ਦਾ ਸੀ। ਰੂਸ ਤੋਂ ਉੱਚ ਕੋਟੀ ਦਾ ਢੇਰਮ-ਢੇਰ ਸਾਹਿਤ ਪੰਜਾਬੀ ਵਿਚ ਅਨੁਵਾਦ ਹੋ ਕੇ ਪੰਜਾਬ ਵਿਚ ਵੱਡੀ ਪੱਧਰ ‘ਤੇ ਸਸਤੀ ਕੀਮਤ ‘ਤੇ ਵੰਡਿਆ ਜਾ ਰਿਹਾ ਸੀ। ਟਾਲਸਟਾਏ, ਗੋਰਕੀ, ਚੈਖਵ, ਸ਼ੋਲੋਕੋ, ਨਿਕਲੋਕਾਈ ਅਸਤਰਵਸਕੀ ਅਤੇ ਹੋਰ ਅਨੇਕਾਂ ਲੇਖਕ ਵਿਦਿਆਰਥੀਆਂ ਵਿਚ ਹਰਮਨਪਿਆਰੇ ਸਨ। ਫਰਾਂਸ ਵਿੱਚ ਵਿਦਿਆਰਥੀ ਲਹਿਰ ਭਰ-ਜੋਬਨ ‘ਤੇ ਚੱਲ ਰਹੀ ਅਤੇ ਰਾਸ਼ਟਰਪਤੀ ਡੀਗਾਲ ਦਾ ਤਖ਼ਤਾ ਉਲਟਦਾ ਉਲਟਦਾ ਬਚ ਗਿਆ ਸੀ। ਫਿਲਾਸਫਰ ਵੀ ਰਾਜਨੀਤਿਕ ਮੈਦਾਨ ਵਿਚ ਉਤਰੇ ਹੋਏ ਸਨ। ਅਸਤਿਤਵਾਦ ਦਾ ਮਹਾਨ ਦਰਸ਼ਨਿਕ ਯਾਪਾਲ ਸਾਰਤਰ ਲੋਕਾਂ ਦਾ ਚਹੇਤਾ ਬਣ ਕੇ ਉਭਰਿਆ ਸੀ, ਜਦਕਿ ਫਲਾਸਫਰ ਬਰਟਰਡ ਰਸਲ ਵੀਅਤਨਾਮ ਵਿਚ ਅਮਰੀਕੀ ਫੌਜ ਦੇ ਜ਼ੁਲਮਾਂ ਵਿਰੁੱਧ ਖੁੱਲ੍ਹੇਆਮ ਆਵਾਜ਼ ਬੁਲੰਦ ਕਰ ਰਹੇ ਸਨ। ਇਹ ਉਹ ਦੌਰ ਸੀ ਜਦੋਂ ਜਾਗਦੇ ਹੋਏ ਸਿਧਾਂਤਕਾਰਾਂ ਨੂੰ ਵੀ ਇਉਂ ਲਗਦਾ ਸੀ ਕਿ ਬਸ ਇਨਕਲਾਬ ਤਾਂ ਹੁਣ ਸਾਡੀਆਂ ਬਰੂਹਾਂ ‘ਤੇ ਦਸਤਕ ਦੇਣ ਹੀ ਵਾਲਾ ਹੈ। ਪਰ ਅਜਿਹਾ ਹੋ ਨਾ ਸਕਿਆ। ਜਿਵੇਂ ਕਿ ਅਕਸਰ ਹੁੰਦਾ ਹੈ ਕਿ ਕੋਈ ਕੋਈ ਕਿਸਮਤ ਵਾਲੀ ਰਾਜਨੀਤਿਕ ਲਹਿਰ ਹੀ ਆਪਣੀ ਮੰਜ਼ਿਲ ਤੱਕ ਪਹੁੰਚਦੀ ਹੈ। ਪੰਜਾਬ ਦੀ ਵਿਦਿਆਰਥੀ ਲਹਿਰ ਵੀ ਨੌਜਵਾਨਾਂ ਦੀ ਜ਼ਿੰਦਗੀ ਵਿਚ ਤੇਜ਼ ਰੋਸ਼ਨੀ ਸੁੱਟ ਕੇ ਅਲੋਪ ਹੋਣ ਵੱਲ ਵੱਧਣ ਲੱਗੀ। ਜਦੋਂ ਇਹ ਅਲੋਪ ਹੋ ਰਹੀ ਸੀ ਤਾਂ ਇਸ ਖ਼ਾਲੀ ਥਾਂ ਨੂੰ ਭਰਨ ਲਈ ਸਿੱਖ ਸਟੂਡੈਂਟਸ ਫੈਡਰੇਸ਼ਨ ਜੋ ਹੁਣ ਤੱਕ ਹਾਸ਼ੀਏ ਉੱਤੇ ਖੜ੍ਹੀ ਸੀ, ਉਹ ਵਿਦਿਆਰਥੀਆਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾ ਰਹੀ ਸੀ।
ਕਿਊਬਾ ਦੇ ਮਹਾਨ ਇਨਕਲਾਬੀ ਫਿਦਲ ਕਾਸਤਰੋ ਕਹਿੰਦੇ ਹਨ ਕਿ ਇਨਕਲਾਬ ਕੋਈ ਫੁੱਲਾਂ ਦੀ ਸੇਜ ਨਹੀਂ, ਇਹ ਤਾਂ ਇਕ ਅਜਿਹੀ ਜਦੋ ਜਹਿਦ ਹੈ ਜੋ ਭਵਿੱਖ ਅਤੇ ਅਤੀਤ ਦੇ ਸਫ਼ਰ ਵਿਚ ਮੌਤ ਵੱਲ ਜਾਂਦੀ ਹੈ। ਉਸੇ ਦਾ ਹੀ ਇਕ ਸਾਥੀ ਚੀ ਗੁਵੇਰਾ ਵੀ ਇਹੋ ਐਲਾਨ ਕਰਦਾ ਹੈ ਕਿ ਇਨਕਲਾਬ ਵਿੱਚ ਜਾਂ ਤਾਂ ਤੁਸੀਂ ਜਿੱਤਦੇ ਹੋ ਅਤੇ ਜਾਂ ਮਰਦੇ ਹੋ। ਪੰਜਾਬ ਦੀ ਵਿਦਿਆਰਥੀ ਲਹਿਰ ਨਾਲ ਵੀ ਕੁਝ ਇਸੇ ਤਰ੍ਹਾਂ ਹੀ ਹੋਇਆ। ਜਿੱਤ ਉਨ੍ਹਾਂ ਨੂੰ ਨਸੀਬ ਨਹੀਂ ਹੋ ਸਕੀ ਪਰ ਉਨ੍ਹਾਂ ਦੇ ਕਈ ਸਾਥੀ ਮਗਰੋਂ ਨਕਸਲੀ ਪਾਰਟੀ ਵਿਚ ਸ਼ਾਮਲ ਹੋ ਕੇ ਸ਼ਹੀਦ ਹੋਏ।
ਵਿਦਿਆਰਥੀ ਸੰਘਰਸ਼ ਦਾ ਆਰੰਭਕ ਦੌਰ 60ਵਿਆਂ ਦੇ ਅੰਤਲੇ ਸਾਲਾਂ ਤੋਂ ਸ਼ੁਰੂ ਹੋ ਕੇ 70ਵਿਆਂ ਦੇ ਵਿਚਕਾਰਲੇ ਦੌਰ ਤੱਕ ਜਾਰੀ ਰਿਹਾ ਅਤੇ ਸੰਘਰਸ਼ ਦਾ ਇਹ ਇਤਿਹਾਸ ਆਪਣੀ ਜਵਾਨੀ ਹੰਢਾ ਕੇ ਬੁਢਾਪੇ ਵੱਲ ਵੱਧ ਰਿਹਾ ਸੀ। ਇਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ ਪੰਜਾਬ ਸਟੂਡੈਂਟਸ ਯੂਨੀਅਨ ਦੇ ਵਜੂਦ ਵਿਚ ਆਉਣ ਤੋਂ ਪਹਿਲਾਂ ਚੰਡੀਗੜ੍ਹ ਵਿਚ ਮਾਰਚ 1964 ਨੂੰ ਚੰਡੀਗੜ੍ਹ ਦੇ ਵਿਦਿਆਰਥੀਆਂ ਨੇ ਚੰਡੀਗੜ੍ਹ ਸਟੂਡੈਂਟਸ ਯੂਨੀਅਨ ਕਾਇਮ ਕੀਤੀ। ਉੱਘੇ ਪੱਤਰਕਾਰ ਦਲਬੀਰ ਸਿੰਘ ਇਸ ਦੇ ਪ੍ਰਧਾਨ ਬਣੇ ਜਦਕਿ ਦਰਸ਼ਨ ਸਿੰਘ ਬਾਗੀ ਇਸ ਜਥੇਬੰਦੀ ਦੇ ਸਕੱਤਰ ਚੁਣੇ ਗਏ। ਇਹ ਉਹੋ ਦਲਬੀਰ ਸਿੰਘ ਹਨ ਜਿਹੜੇ ਟ੍ਰਿਬਿਊਨ ਅਖ਼ਬਾਰ ਦੇ ਵਿਸ਼ੇਸ਼ ਪ੍ਰਤੀਨਿਧ ਰਹੇ ਅਤੇ ਇਕ ਦੌਰ ਵਿਚ ਸੰਤ ਜਰਨੈਲ ਸਿੰਘ ਦੇ ਸਭ ਤੋਂ ਵੱਧ ਕਰੀਬ ਹੋ ਗਏ। ਇਹ ਗੱਲ ਵੀ ਦਿਲਚਸਪੀ ਨਾਲ ਯਾਦ ਕੀਤੀ ਜਾਵੇਗੀ ਕਿ ਸ੍ਰੀ ਪ੍ਰਬੋਧ ਚੰਦਰ ਇਸ ਜਥੇਬੰਦੀ ਦੀ ਸਥਾਪਨਾ ਸਮੇਂ ਮੁੱਖ ਮਹਿਮਾਨ ਸਨ ਜਦਕਿ ਉੱਘੇ ਸਾਹਿਤਕਾਰ ਹਜ਼ਾਰੀ ਪ੍ਰਕਾਸ਼ ਦਵੇਦੀ ਨੇ ਇਸ ਜਥੇਬੰਦੀ ਦਾ ਉਦਘਾਟਨ ਕੀਤਾ। ਇਸ ਤੋਂ ਪਿਛੋਂ 28 ਫਰਵਰੀ 1965 ਨੂੰ ਪੰਜਾਬ ਸਟੂਡੈਂਟਸ ਯੂਨੀਅਨ ਹੋਂਦ ਵਿਚ ਆਈ ਜਿਸ ਦੀ ਪਹਿਲੀ ਕਨਵੈਨਸ਼ਨ ਚੰਡੀਗੜ੍ਹ ਵਿਚ ਹੀ ਹੋਈ। ਦਰਸ਼ਨ ਸਿੰਘ ਬਾਗੀ ਇਸ ਦੇ ਜਨਰਲ ਸਕੱਤਰ ਅਤੇ ਕ੍ਰਿਸ਼ਨ ਮੁਰਾਰੀ ਇਸ ਦੇ ਪ੍ਰਧਾਨ ਬਣੇ। ਦਿਲਚਸਪ ਹਕੀਕਤ ਇਹ ਹੈ ਕਿ ਉਘੇ ਸੋਸ਼ਲਿਸਟ ਆਗੂ ਡਾ. ਰਾਮ ਮਨੋਹਰ ਲੋਹੀਆ ਨੇ ਇਸ ਕਨਵੈਸ਼ਨ ਦੀ ਪ੍ਰਧਾਨਗੀ ਕੀਤੀ। ਪੰਜਾਬ ਸਟੂਡੈਂਟਸ ਯੂਨੀਅਨ ਦਾ ਸਿਤਾਰਾ ਉਸ ਸਮੇਂ ਸਭ ਤੋਂ ਵੱਧ ਚਮਕਿਆ ਜਦੋਂ  ਅਕਤੂਬਰ 1972 ਵਿਚ ਚਰਚਿਤ ਮੋਗਾ ਗੋਲੀ ਕਾਂਡ ਵਿਚ ਪੁਲਿਸ ਹੱਥੋਂ ਸ਼ਹੀਦ ਹੋਏ ਵਿਦਿਆਰਥੀਆਂ ਦੀ ਯਾਦ ਵਿਚ ਪੰਜਾਬ ਵਿਚ ਉੱਠੀ ਲਹਿਰ ਨੇ ਸਾਰੇ ਪੰਜਾਬ ਨੂੰ ਆਪਣੀ ਲਪੇਟ ਵਿਚ ਲੈ ਲਿਆ। ਉਸ ਸਮੇਂ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਸੀ। ਇਹ ਉਹ ਦੌਰ ਸੀ ਜਦੋਂ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿਚ ਸੰਘਰਸ਼ ਲੜਿਆ ਗਿਆ ਅਤੇ ਉਹ ਚੌਦਵੀਂ ਦੇ ਚੰਨ ਵਾਂਗੂ ਚਮਕੇ ਅਤੇ ਫਿਰ ਹਾਲਾਤ ਇਹ ਬਣ ਗਏ ਕਿ ਪੰਜਾਬ ਦੇ ਕਾਲਜਾਂ ਵਿਚ ਵਿਦਿਆਰਥੀ ਇਸ ਜਥੇਬੰਦੀ ਦਾ ਮੈਂਬਰ ਬਣਨ ਵਿਚ ਮਾਣ ਮਹਿਸੂਸ ਕਰਨ ਲੱਗੇ। ਇਕ ਅਜਿਹੇ ਹੀ ਦੌਰ ਵਿੱਚ ਪ੍ਰਿਥੀਪਾਲ ਸਿੰਘ ਰੰਧਾਵਾ ਇਸ ਜਥੇਬੰਦੀ ਦੇ ਨਾਇਕ ਬਣੇ।
1975 ਵਿੱਚ ਐਮਰਜੈਂਸੀ ਦੌਰਾਨ ਇਸ ਜਥੇਬੰਦੀ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਰੰਧਾਵਾ ਤੇ ਹੋਰ ਸੈਂਕੜੇ ਨੌਜਵਾਨ ਜੇਲ੍ਹਾਂ ਵਿਚ ਸੁੱਟ ਦਿੱਤੇ ਗਏ। 1979 ਵਿੱਚ ਪ੍ਰਿਥੀਪਾਲ ਸਿੰਘ ਰੰਧਾਵਾ ਦੇ ਕਤਲ ਪਿਛੋਂ ਇਸ ਲਹਿਰ ਦੇ ਸੂਰਜ ਦੀ ਰੌਸ਼ਨੀ ਮੱਧਮ ਪੈਣੀ ਸ਼ੁਰੂ ਹੋ ਗਈ। ਹੁਣ ਇਸ ਸੰਘਰਸ਼ ਵਿਚ ਸਰਗਰਮ ਹਿੱਸਾ ਪਾਉਣ ਵਾਲੇ ਵੀਰ 60 ਤੋਂ 70 ਸਾਲ ਦੀ ਉਮਰ ਵਿਚ ਵਿਚਰ ਰਹੇ ਹਨ। ਕੁਝ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਹ ਜਿਹੜੇ ਜਿਉਂਦੇ ਹਨ, ਉਹ ਅਜੇ ਵੀ ਕਿਸੇ ਨਾ ਕਿਸੇ ਰੂਪ ਵਿਚ ਸਮਾਜਿਕ ਤੇ ਰਾਜਨੀਤਿਕ ਜ਼ਿੰਦਗੀ ਵਿਚ ਜਾਗਦੇ ਅਤੇ ਜਗਾਉਂਦੇ ਹਨ। ਕੁਝ ਇਕ ਉਦਾਸ ਹੋ ਕੇ ਖੁਦਕੁਸ਼ੀ ਵੀ ਕਰ ਗਏ। ਕੁਝ ਪੱਤਰਕਾਰੀ, ਰਾਜਨੀਤੀ ਤੇ ਸਾਹਿਤ ਦੀ ਦੁਨੀਆਂ ਵਿਚ ਆਪਣਾ ਵਿਸ਼ੇਸ਼ ਨਾਂ ਰੱਖਦੇ ਹਨ। ਕੁਝ ਬਾਹਰਲੇ ਦੇਸ਼ਾਂ ਵਿਚ ਵਸੇ ਹੋਏ ਹਨ, ਜਿਨ੍ਹਾਂ ਨੂੰ ਉਸ ਸ਼ਾਨਦਾਰ ਅਤੀਤ ਦੀਆਂ ਯਾਦਾਂ ਸਤਾਉਂਦੀਆਂ ਤੇ ਰਵਾਉਂਦੀਆਂ ਹਨ। ਇਸ ਲਹਿਰ ਦੇ ਮੋਢੀ ਆਗੂ ਦਰਸ਼ਨ ਸਿੰਘ ਬਾਗੀ ਅੱਜਕਲ ਕੈਨੇਡਾ ਵਿਚ ਹਨ। ਇਸ ਲਹਿਰ ਦੀਆਂ ਯਾਦਾਂ ਨੂੰ ਹੀ ਨਾਵਲ ਦੇ ਰੂਪ ਵਿਚ ਨੰਦ ਸਿੰਘ ਮਹਿਤਾ ਨੇ ਕਲਮਬੱਧ ਕੀਤਾ ਹੈ।
‘ਰੋਹਲੀ ਗਰਜ’ ਦੇ ਨਾਂ ਹੇਠ ਛਪੇ ਇਸ ਨਾਵਲ ਨੂੰ ਲੋਕ ਗੀਤ ਪ੍ਰਕਾਸ਼ਨ ਨੇ ਛਾਪਿਆ ਹੈ। ਨੰਦ ਸਿੰਘ ਮਹਿਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਹਨ ਅਤੇ ਇਹ ਯੂਨੀਵਰਸਿਟੀ ਕਿਸੇ ਸਮੇਂ ਸੰਘਰਸ਼ ਦਾ ਮੁੱਖ ਕੇਂਦਰ ਰਹੀ ਹੈ। ਇਕ ਸਮਾਂ ਅਜਿਹਾ ਵੀ ਸੀ ਜਦੋਂ ਇਹੋ ਯੂਨੀਵਰਸਿਟੀ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਵਿਦਿਆਰਥੀਆਂ ਦਾ ਕੇਂਦਰ ਬਣੀ ਰਹੀ। ਨੰਦ ਸਿੰਘ ਮਹਿਤਾ ਨੇ ਆਪਣੇ ਵਿਦਿਆਰਥੀ ਜੀਵਨ ਵਿਚ ਸੰਘਰਸ਼ ਕੀਤਾ ਅਤੇ ਫਿਰ ਨਾਗੀ ਰੈਡੀ ਪਾਰਟੀ ਵਿਚ ਵੀ ਮਹੱਤਵਪੂਰਨ ਰੋਲ ਅਦਾ ਕੀਤਾ। ਉਹ ਸੰਘਰਸ਼ ਦੀਆਂ ਬਾਰੀਕੀਆਂ, ਉਲਝਣਾਂ ਅਤੇ ਕਮਜ਼ੋਰੀਆਂ ਤੋਂ ਚੰਗੀ ਤਰ੍ਹਾਂ ਵਾਕਫ਼ ਹਨ ਅਤੇ ਉਨ੍ਹਾਂ ਦੀ ਇਹ ਇੱਛਾ ਰਹੀ ਹੈ ਕਿ ਬੇਬਾਕ ਤੇ ਬੇਦਾਗ਼ ਹੋ ਕੇ ਵਿਦਿਆਰਥੀ ਸੰਘਰਸ਼ ਦਾ ਵਿਸ਼ਲੇਸ਼ਣ ਕੀਤਾ ਜਾਵੇ।
472 ਸਫ਼ਿਆਂ ਵਿਚ ਫੈਲਿਆ ਇਹ ਨਾਵਲ ਉਨ੍ਹਾਂ ਦੀ ਯਾਦ ਨੂੰ ਸਮਰਪਣ ਹੈ ਜਿਨ੍ਹਾਂ ਨੇ ਨੰਦ ਸਿੰਘ ਮਹਿਤਾ ਦੇ ਆਪਣੇ ਸ਼ਬਦਾਂ ਵਿਚ ‘ਸੋਹਣੇ ਭਲਕ ਲਈ ਆਪਣੇ ਅੱਜ ਦੀ ਬਲੀ ਦੇ ਦਿੱਤੀ’। ਹਰ ਵਿਦਿਆਰਥੀ ਨੂੰ ਆਪਣੇ ਵਰਤਮਾਨ ਨੂੰ ਰੌਸ਼ਨ ਕਰਨ ਲਈ ਇਸ ਅਤੀਤ ਨਾਲ ਡੂੰਘੀ ਸਾਂਝ ਪਾਉਣੀ ਚਾਹੀਦੀ ਹੈ। ਨੰਦ ਸਿੰਘ ਮਹਿਤਾ ਮੁਤਾਬਕ, ‘ਇਸ ਨਾਵਲ ਨੂੰ ਲਿਖਣ ਦਾ ਮੇਰਾ ਮਕਸਦ ਪਾਠਕਾਂ ਤੱਕ 20ਵੀਂ ਸਦੀ ਦੇ 8ਵੇਂ ਦਹਾਕੇ ਦੌਰਾਨ ਪੰਜਾਬ ਵਿਚ ਚੱਲੀ ਇਕ ਮਹਾਨ ਇਨਕਲਾਬੀ ਜਮਹੂਰੀ ਲਹਿਰ ਬਾਰੇ ਜਾਣਕਾਰੀ ਪਹੁੰਚਾਉਣਾ ਹੈ। ਕਿਸੇ ਦੀ ਵਡਿਆਈ ਜਾਂ ਕਿਸੇ ਦੀ ਨਿੰਦਾ ਕਰਨ ਦੀ ਮੇਰੀ ਕੋਈ ਮਨਸ਼ਾ ਨਹੀਂ ਹੈ। ਸਮੁੱਚੇ ਨਾਵਲ ‘ਚ ਹੀ ਸੰਘਰਸ਼ ਲਈ ਰੋਹ ਹੈ, ਵਿਦਰੋਹ ਹੈ। ਕੁਰਬਾਨੀਆਂ ਹਨ, ਲਹੂ ਡੋਲਵੀਆਂ ਘਟਨਾਵਾਂ ਹਨ। ਹਾਂ ਕੁਝ ਕੁ ਮਾਯੂਸ ਕਰਨ ਵਾਲੀਆਂ ਕਰਤੂਤਾਂ ਵੀ ਹਨ। ਤੇ ਅੰਤ ‘ਚ ਲਹਿਰ ਦਾ ਦੁੱਖਦਾਇਕ ਖੰਡਾਅ ਵੀ ਹੈ, ਜਿਸ ਦਾ ਦਰਦ ਸਾਰੇ ਹੀ ਝੱਲ ਰਹੇ ਹਨ। ਇਸ ਦਰਦ ਨੂੰ ਇਕੱਠਿਆਂ ਬੈਠ ਕੇ ਹੀ ਘਟਾਇਆ ਜਾ ਸਕਦਾ ਹੈ, ਭੁਲਾਇਆ ਜਾ ਸਕਦਾ ਹੈ, ਇਹ ਮੇਰਾ ਮੰਨਣਾ ਹੈ।’

The post ਨਾਵਲ ‘ਰੋਹਲੀ ਗਰਜ’ : ਪੰਜਾਬ ਸਟੂਡੈਂਟਸ ਯੂਨੀਅਨ ਦੇ ਚੜ੍ਹਦੇ ਤੇ ਲਹਿੰਦੇ ਸੂਰਜ ਦਾ ਗਵਾਹ appeared first on Quomantry Amritsar Times.


Viewing all articles
Browse latest Browse all 342


<script src="https://jsc.adskeeper.com/r/s/rssing.com.1596347.js" async> </script>