ਪ੍ਰੋ. ਪੂਰਨ ਸਿੰਘ ਦੇ ਜਨਮ ਦਿਨ (17 ਫਰਵਰੀ) ‘ਤੇ ਵਿਸ਼ੇਸ਼
ਡਾ. ਜਸਵਿੰਦਰ ਸਿੰਘ (814-625-8800)
ਗੁਰੁ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪ੍ਰੋ.ਪੂਰਨ ਸਿੰਘ (1881-1931) ਵੀਹਵੀਂ ਸਦੀ ਦਾ ਦਰਵੇਸ਼ ਸਿੱਖ ਚਿੰਤਕ ਹੈ। ਇਸ ਸਦੀ ਦੇ ਪੂਰਬੀ ਚਿੰਤਕਾਂ ਵਿਚ ਉਸਦਾ ਨਾਮ ਵਿਸ਼ੇਸ਼ ਤੌਰ ‘ਤੇ ਆਉਂਦਾ ਹੈ। ਵਿਸ਼ਵ ਸਹਿਤ ਉਸ ਦੀ ਕਵਿਤਾ, ਵਾਰਤਕ, ਚਿੰਤਨ ਅਤੇ ਅਨੁਵਾਦ ਨਾਲ ਅਮੀਰ ਹੋਇਆ ਹੈ। ਉਸ ਦੁਆਰਾ ਸਿੱਖ ਕਾਵਿ ਸ਼ਾਸ਼ਤਰ, ਦਰਸ਼ਨ, ਸਭਿਆਚਾਰ, ਰਾਜਨੀਤੀ, ਸਮਾਜਿਕ ਵਰਤਾਰੇ, ਇਤਿਹਾਸਕਾਰੀ ਅਤੇ ਵਿਗਿਆਨ ਦੇ ਖੇਤਰ ਵਿਚ ਸਿੱਕੇਬੰਦ ਦਿਸ਼ਾਵਾਂ ਦੀ ਨਿਸ਼ਾਨਦੇਹੀ ਅਤੇ ਸਥਾਪਨਾ ਕੀਤੀ ਗਈ ਹੈ।
ਪ੍ਰੋ. ਪੂਰਨ ਸਿੰਘ ਕਰਤਾਰੀ ਜੀਵਨ ਨੂੰ ਸਿਰਜਨਾਤਮਕ ਲਿਖਤ ਨਾਲੋਂ ਪ੍ਰਮੁਖਤਾ ਦਿੰਦੇ ਹੋਏ (6irst life then Literature) ਨਿਰੇ ਸਾਹਿਤ ਨੂੰ ਮਨੁੱਖੀ ਚੇਤਨਾ ਦੀ ਗਰੀਬੀ ਹੀ ਮੰਨਦੇ ਹਨ। ਇਸ ਲਈ ਉਸ ਦੀਆਂ ਰਚਨਾਵਾਂ ਨੂੰ ਸਮਝਣ ਲਈ ਉਸ ਦੁਆਰਾ ਬਸਰ ਕੀਤੀ ਗਈ ਜ਼ਿੰਦਗੀ ਇਕ ਅਹਿਮ ਨੁਕਤਾ ਹੈ। ਉਸ ਦੀ ਮਉਲਦੀ ਹੋਈ ਜ਼ਿੰਦਗੀ ਵਿਚ ਵੱਖੋ ਵੱਖਰੇ ਉਚੇ ਦੈਵੀ ਅਨੁਭਵਾਂ ਦੀ ਇਕਸੁਰਤਾ ਸਪੱਸ਼ਟ ਦਿਖਾਈ ਦਿੰਦੀ ਹੈ। ਪਦਾਰਥਕ ਖਿੱਚਾਂ ਅਤੇ ਭਟਕਣਾਂ ਤੋਂ ਉਹ ਸਾਰੀ ਉਮਰ ਦੂਰ ਰਿਹਾ ਹੈ। ਜਿਸ ਕਰਕੇ ਉਸ ਦੁਆਰਾ ਰਚਿਆ ਗਿਆ ਸਾਹਿਤ ਪਾਠਕਾਂ ਨੂੰ ਨੇਕ, ਸਹਿਰਦ, ਵਿਸਮਾਦੀ ਅਤੇ ਦੈਵੀ ਪੈਂਡਿਆਂ ਦੀ ਯਾਤਰਾ ਕਰਵਾਉਂਦਾ ਹੈ। ਉਸ ਦੀ ਤਬੀਅਤ ਵਿਚ ਬ੍ਰਹਿਮੰਡ ਦੇ ਮਉਲਦੇ ਹੋਏ ਅਨੁਭਵ ਹਨ, ਜਿਸ ਕਰਕੇ ਉਹ ਕਿਸੇ ਖੜੋਤ, ਕੱਟੜਤਾ ਅਤੇ ਫ਼ਲਸਫ਼ੇ ਦੀਆਂ ਜਟਿਲ- ਗੁੰਝਲਾਂ ਵਿਚ ਨਹੀਂ ਉਲਝਦਾ ਸਗੋਂ ਦਰਸ਼ਨ ਅਤੇ ਚਿੰਤਨ ਦੀਆਂ ਗਹਿਰ ਗੰਭੀਰ ਪਰਤਾਂ ਨੂੰ ਧਰਤੀ ਦੀ ਨਿੱਕੀ ਤੋਂ ਨਿੱਕੀ ਧੜਕਣ ਵਿਚ ਵੀ ਮਾਉਲਦਾ ਦਿਖਾ ਦਿੰਦਾ ਹੈ।
ਪ੍ਰੋ. ਪੂਰਨ ਸਿੰਘ ਦੇ ਸਾਹਿਤ ਦਰਸ਼ਨ ਦਾ ਚਿੰਤਨ ‘ਸੂਰਤਿ ਤੋਂ ਸ਼ਬਦ’ ਦੇ ਪੈਂਡੇ ਵਾਲਾ ਹੈ, ਜਿਸ ਵਿਚ ਉਹ ਸਾਹਿਤ ਨੂੰ ਪੂਰਬੀ ਚਿੰਤਨ ਵਿਚ ਪੁਨਰ ਸਿਰਜਤ ਕਰਦਾ ਹੋਇਆ ਪਹਿਲੇ ਪੂਰਬੀ ਚਿੰਤਕ ਹੋਣ ਦਾ ਮਾਣ ਵੀ ਰੱਖਦਾ ਹੈ। ਉਹ ਆਪਣੇ ਦਰਸ਼ਨ ਵਿਚ ‘ਹੰਕਾਰ’ ਦੇ ਫ਼ਲਸਫ਼ੀ ਸੰਕਟ ਨੂੰ ਸੁਰਤਿ ਤੋਂ ਸ਼ਬਦ ਦੇ ਫ਼ਲਸਫ਼ੀ ਰਾਹ ਦੁਆਰਾ ਸਿਧਾਂਤੀਕਰਣ ਕਰਦਾ ਹੈ। ‘ਉਪਨਿਸ਼ਦਾਂ ਦੀ ”ਬ੍ਰਹਮ ਮੈਂ” ਕੌਣ ਸਮਝੇ’ ਕਹਿ ਕੇ ਉਹ ਫ਼ਲਸਫ਼ੀ ਪ੍ਰਸ਼ਨ ਦਾ ਆਗਾਜ਼ ਕਰਦਾ ਹੈ। ਉਸ ਨੂੰ ਉਪਨਿਖਦਾਂ ਦੇ ਜੀਵਨ ਪ੍ਰਤੀ ਦਰਸ਼ਨ ‘ਤੇ ਇਤਰਾਜ਼ ਹੈ। ਉਸ ਦਾ ਜੀਵਨ ਫ਼ਲਸਫ਼ਾ ਉਪਨਿਸ਼ਦਾਂ ਦੇ ਦਰਸ਼ਨ ਨਾਲ ਬਰ ਨਹੀਂ ਮੇਚਦਾ। ਉਪਨਿਸ਼ਦਾਂ ਅਤੇ ਗੀਤਾ ਦਾ ਦਰਸ਼ਨ ਸਦੀਆਂ ਤੋਂ ਭਾਰਤ ਦੀ ਮਾਨਸਿਕ ਚੇਤਨਾ ‘ਤੇ ਸੰਪੂਰਨ ਛਾਇਆ ਰਿਹਾ ਹੈ। ਵੇਦ ਵਿਧਾਨ ਦੇ ਕਿਸੇ ਇਕਹਰੇ ਫ਼ਲਸਫ਼ੀ ਧਰਾਤਲ ‘ਤੇ ਆਤਮ ਦੇ ਤੱਤਾਂ ਦੀ ਟੁੱਟ ਭੱਜ ਉਸ ਦੇ ਅਨੁਭਵੀ ਸੰਸਾਰ ਅਨੁਸਾਰ ਵਧਦੀ ਜਾ ਰਹੀ ਸੀ। ਜਿਸ ਵਿਚ ਗੀਤਾ ਦਾ ਆਂਤਰਿਤ ਸਤਿ ਸ਼ਰੁਤੀ ਦੇ ਕਿਸੇ ਮਉਲਦੇ ਨਾਇਕ ਦਾ ਨਾਇਕ ਨਾ ਹੋ ਕੇ ਸਗੋਂ ਕਿਸੇ ”ਮੈਂ” ਦੇ ਵਰਤਾਰੇ ਦਾ ਸ਼ੋਰੀਲਾ ਗੀਤ ਰਹਿ ਗਿਆ ਸੀ। ਉਨ੍ਹਾਂ ਦੇ ਸਾਹਿਤਕ ਫ਼ਲਸਫ਼ੇ ਲਈ ਉਪਰੋਕਤ ਪ੍ਰਸ਼ਨ, ਫ਼ਲਸਫ਼ੇ ਦੇ ਕਈ ਪ੍ਰਸ਼ਨਾਂ ਦਾ ਜੁੱਟ ਹੈ। ਇਸ ”ਮੈਂ” ਤੋਂ ਪਾਰ ਜਾਣਾ, ਅਨੁਭਵ ਦੀਆ ਸੂਖ਼ਮ ਘਾਟੀਆਂ ਚੋਂ ਲੰਘ (ਜਿਸ ਵਿਚ ਕਾਲ ‘ਚ ਖੜ੍ਹੀ ਹੋਈ ਦੇਹ, ਚੜ੍ਹੀ ਸੁਰਤਿ ਜੋ ਕਿ ਪਤਾ ਨਹੀਂ ਅੰਧੇਰ ਦੇ ਝੱਖੜਾਂ ਚੋਂ ਲੰਘ ਰਹੀ ਹੋਵੇ ਜਾਂ ਪ੍ਰੀਤਮ ਦੇ ਕੇਸਾਂ ਦੀ ਮਹਿਕ ਮਾਣ ਰਹੀ ਹੋਵੇ, ਦੇ ਇੰਤਜ਼ਾਰ ‘ਚ ‘ਕੰਬਣੀ’ ਜਾ ‘ਤ੍ਰਬਕ’ ਦੇ ਦਵੰਧ ‘ਚ ਰਹਿੰਦੀ ਹੈ) ਕੇ ਹੀ ਸੰਭਵ ਹੈ।
”ਮੈਂ” ਦੇ ਸਿਧਾਂਤੀਕਰਣ ਨਾਲ ਪ੍ਰੋ ਪੂਰਨ ਸਿੰਘ ਨੇ ਪੂਰਬੀ ਚਿੰਤਨ ਦੇ ਵਰਤਾਰੇ ਨੂੰ ਕਿਸੇ ‘ਮਹਾਂ ਕੰਬਣੀ’ ਨਾਲ ਕੰਬਾ ਕੇ ‘ਗੁਰੂ ਅਵਤਾਰ ਸੁਰਤਿ’ ਦੇ ਚਰਨੀਂ ਲਾਇਆ ਹੈ। ਜਿਸ ਵਿਚ ਹਉਂ ਜਾਂ ਪ੍ਰਬਲ ਇੱਛਾ ਦੇ ਮੌਜੂਦਾ ਦਰਸ਼ਨ ਦੇ ਸਿਧਾਂਤਾਂ ਵਿਚ ਕਈ ਪੈਟਰਲ ਲੱਭੇ ਤੇ ਵਾਚੇ ਜਾ ਸਕਦੇ ਹਨ। ਉਸ ਦੇ ਸਾਹਿਤ ਦਰਸ਼ਨ ਵਿਚ ਸੌਂਦਰਯ- ਸ਼ਾਸ਼ਤਰ ਦੇ ਸਿਧਾਂਤਾਂ ਦਾ ਨਿਰੰਤਰ ਸਿਧਾਂਤੀਕਰਣ ਹੁੰਦਾ ਰਹਿੰਦਾ ਹੈ। ਉਸ ਨੇ ਗੁਰੂ ਅਵਤਾਰ ਸੁਰਤਿ ਰਾਹੀਂ ਪੰਜਾਬ ਦੇ ਮਉਲਦੇ ਜੀਵਨ ‘ਚੋਂ ਜੀਵਨ ਦੇ ਚਿੰਤਨ ਦਾ ਸੁਹਜਮਈ ਅਤੇ ਦਰਸ਼ਨਮਈ ਸਿਧਾਂਤ ਉਸਾਰਿਆ ਹੈ। ਜਿਸ ਵਿਚ ਉਨ੍ਹਾਂ ਨੇ ਆਪਣੇ ਅੰਤਰੀਵ ਅਤੇ ਕਾਲ ਵਿਚ ਬਿਨਸਦੀ, ਵਿਗਸਦੀ ਦੇਹ ਦੇ ਰਹੱਸ ਅਨੁਭੂਤਿਕ ਅਨੁਭਵਾਂ ਦੁਆਰਾ ਸਾਹਿਤ ਦਰਸ਼ਨ ਦੇ ਪਰਾ ਭੌਤਿਕ ਮੰਡਲਾਂ ਦੀ ਸਿਧਾਂਤਕਾਰੀ ਅਤੇ ਵਿਆਖਿਆ ਕੀਤੀ।
ਪ੍ਰੋ. ਪੂਰਨ ਸਿੰਘ ਦੇ ਸਾਹਿਤ ਦਰਸ਼ਨ ਵਿਚ ਇਹ ਨੁਕਤਾ ਅਤਿ ਮਹੱਤਵਪੂਰਨ ਹੈ ਕਿ ਚੇਤਨਾ ਦੇ ਸੰਪੂਰਨ ਫੈਲਾਵਾਂ ਦੀ ਪਰਵਾਜ਼ ਵਿਚ ਉਹ ਆਪਣੀ ਸੁਰਤਿ ਦੀ ਸ਼ਬਦ ਵੱਲ ਜਾ ਰਹੀ ਤੋਰ ਨੂੰ ਫ਼ਲਸਫ਼ੇ ਦੇ ਸਿਧਾਂਤ ਵਿਚ ਬਿਆਨਦੇ ਹਨ। ਜਿਸ ਵਿਚ ਉਹ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਨਾਲ ਇਕਸੁਰ ਹੁੰਦੇ ਹੋਏ (ਜਿਸ ਵਿਚ ਉਨ੍ਹਾਂ ਦੀ ਦਿਸ਼ਾ ਧਰਮਾਂ ਦੇ ਅੰਤਰੀਵ ਤੱਤ ਨਾਲ ਬਾ ਵਾਸਤਾ ਹੈ ਅਤੇ ਉਹ ਧਰਤੀ ਦੇ ਵੱਖ ਵੱਖ ਖਿੱਤਿਆਂ ‘ਚ ਰਹਿ ਰਹੇ ਲੋਕਾਂ ਦੇ ਸਾਂਝੇ ਰੂਹਾਨੀ ਤਾਲਾਂ ਦਾ ਸਾਰ ਵੀ ਲੱਭਦੇ ਹਨ) ਫ਼ਲਸਫ਼ੇ ਦੀਆਂ ਵਿਸਮਾਦੀ ਤਰੰਗਾਂ ਅਤੇ ਨਿਰੇ ਥਲ ਦੀ ਖੁਸ਼ਕੀ ਨੂੰ ਇਕੋ ਵੇਲੇ ਵੱਖ ਵੱਖ ਸਭਿਆਚਾਰਾਂ ਦੇ ਅਨੁਭਵੀ ਰਸਾਂ ਵਿਚ ਪਛਾਣਦੇ ਹੋਏ ਅਤੇ ਆਪਣੀ ਰੂਹ ‘ਤੇ ਦੈਵੀ ਅਨੁਭਵ ਦੀਆਂ ਵਿਸਮਾਦੀ ਲੋਰਾਂ ਨਾਲ ਸਾਹਿਤ ਦਰਸ਼ਨ ਵਿਚ ਫ਼ਲਸਫ਼ੀ ਸੂਤਰ ਪੈਦਾ ਕਰਦੇ ਹਨ। ਜਿਸ ਵਿਚ ਉਹ ਤਰਕ ਅਤੇ ਨਿਸ਼ਚਿਤਤਾ ਦੁਆਰਾ ਜੜ੍ਹਤ ਹੋ ਚੁੱਕੀ ਮਾਨਸਿਕ ਇਕਾਈ ਨੂੰ ਭਾਈ ਵੀਰ ਸਿੰਘ ਦੇ ਸ਼ਬਦ ਅਨੁਭਵੀ ਮੌਲਦੇ ਸਿਮਰਨ ਹੇਠ ਸੰਗਤ ਅਨੁਭਵੀ ਦਿਸ਼ਾਵਾਂ ਨਾਲ ਪ੍ਰਸਾਰਿਤ ਕਰਦੇ ਹਨ।
ਪ੍ਰੋ. ਪੂਰਨ ਸਿੰਘ ਇਤਿਹਾਸਕਾਰੀ ਦੇ ਫ਼ਲਸਫ਼ੇ ਪ੍ਰਤੀ ਸਿੱਕੇਬੰਦ ਸੂਰਤਾਂ ਦੀ ਸਥਾਪਤੀ ਕਰਦੇ ਹਨ। ਉਨ੍ਹਾਂ ਦੇ ਜੀਵਨ ਸਮੇਂ ਬਸਤੀਵਾਦੀ ਚਿੰਤਨ ਦੇ ਅਸਰ ਹੇਠ ਏਸ਼ੀਆ ਆਪਣੇ ਮੌਲਿਕ ਚਿੰਤਨ ਨੂੰ ਛੱਡ ਬੇਗਾਨਗੀ ਦੇ ਚਿੰਤਨ ਦੀ ਚਮਕ ਵਿਚ ਉਲਝ ਚੁੱਕਾ ਸੀ। ਬਸਤੀਵਾਦੀ ਚਿੰਤਨ ਦੀ ਇਕੈਹਰੀ ਪਰਤ ਪ੍ਰੋ. ਪੂਰਨ ਸਿੰਘ ਦੇ ਚਿੰਤਨ ਦੀ ਹਾਣ ਦੀ ਨਹੀਂ ਸੀ। ਇਤਿਹਾਸਕਾਰੀ ਦੀ ਸਮਝ ਵਿਚ ਮੁੱਖ ਨੁਕਤਾ ਬਸਤੀਵਾਦੀ ਚਿੰਤਨ ਹੈ। ਜਿਸ ਦਾ ਮੁੱਖ ਆਧਾਰ ਯੂਰਪ ਦਾ ਪੁਨਰ ਜਾਗਰਤੀ ਕਾਲ ਹੈ। ਪੂਨਰ ਜਾਗਰਤੀ ਕਾਲ ਦੇ ਮਾਨਵਵਾਦ ਨੂੰ ਸਥਾਪਿਤ ਕਰਨ ਲਈ ਤਾਰਕਿਕਤਾ/ ਵਸਤੂ ਪਰਕਤਾ/ ਵਿਗਿਆਨਕ ਵਿਆਖਿਆ ਉਤੇ ਕੇਂਦਰਿਤ ਕੀਤਾ, ਜਿਸ ਵਿਚ ਤੱਥਾਂ, ਘਟਨਾਵਾਂ ਤੇ ਕਾਰਣਾਂ ਦੀ ਵਧੇਰੇ ਅਹਿਮੀਅਤ ਬਣ ਜਾਂਦੀ ਹੈ। ਇਨ੍ਹਾਂ ਸੰਘਣੀਆਂ ਲੜੀਆਂ ਦੁਆਰਾ ਹੀ ਬਸਤੀਵਾਦੀ ਚਿੰਤਨ ਨੇ ਪਰ ਨੂੰ ਅਧੀਨ ਕਰਨ ਦੀ ਸਿਆਸਤ ਕੀਤੀ। ਬਸਤੀਵਾਦੀ ਸਿਰਜਕਾਂ ਨੇ ਯੂਰਪ ਤੋਂ ਅਲਹਿਦਾ ਦੇਸ਼ਾਂ ‘ਤੇ ਬਸਤੀਵਾਦ ਦੀ ਵਿਸਥਾਪਨਾ ਅਤੇ ਸਥਾਈ ਕਬਜ਼ੇ ਲਈ ਉਥੋਂ ਦੇ ਆਮ ਜੀਵਨ ਦੀ ਗਤੀ ਤੋਂ ਲੈ ਕੇ ਗਿਆਨ ਤੱਕ ਦੇ ਪਾਸਾਰਾਂ ਨੂੰ ਅਧੀਨਗੀ ‘ਚ ਲੈ ਲਿਆ। ਜਿਸ ਨਾਲ ਉਨ੍ਹਾਂ ਨੇ ਗੁਲਾਮ ਦੇਸ਼ਾਂ ਦੇ ਗਿਆਨ ਗ੍ਰੰਥਾਂ ਨੂੰ ਆਪ ਘੜੀ ਵਿਆਖਿਆ ਦੇ ਮੁਥਾਜ ਕਰ ਦਿੱਤਾ। ਇਸ ਧਾਰਨਾ ਦੀ ਸਥਾਪਨਾ ਲਈ ਉਨ੍ਹਾਂ ਨੇ ਮੁੱਖ ਤੌਰ ਤੇ ਪੁਨਰ ਜਾਗਰਤੀ ਕਾਲ ਦੌਰਾਨ ਸਥਾਪਤ ਕੀਤੀ ਗਈ ਵਿਗਿਆਨ ਅਤੇ ਦਰਸ਼ਨੀ ਵਿਖਿਆਨਾਂ ਨੂੰ ਆਧਾਰ ਬਣਾਇਆ। ਇਸ ਚਿੰਤਨ ਦੀ ਗਹਰੀ ਸਮਝ ਫਰਾਂਜ਼ ਫੈਨਨ, ਹੋਮੀ ਭਾਭਾ ਅਤੇ ਐਡਵਰਡ ਸਈਦ ਦੀਆਂ ਲਿਖਤਾਂ ਤੋਂ ਪ੍ਰਾਪਤ ਹੁੰਦੀ ਹੈ। ਬਸਤੀਵਾਦੀ ਸੰਸਥਾਪਕਾਂ ਨੇ ਵਿਗਿਆਨਕ ਵਿਆਖਿਆ ਦੇ ਜ਼ੋਰ ਨਾਲ ਲੋਕ ਮਨਾਂ ‘ਤੇ ਕਬਜ਼ਾ ਕਰ, ਉਨ੍ਹਾਂ ਨੂੰ ਉਨ੍ਹਾਂ ਦੇ ਹੀ ਗ੍ਰੰਥਾਂ ਪ੍ਰਤੀ ਸੱਤੇ ਘ੍ਰਿਣਤ ਕਰ ਦਿੱਤਾ, ਜਿਸ ਨਾਲ ਉਹ ਵੀ ਆਪਣੇ ਗ੍ਰੰਥਾਂ ਦੀ ”ਵਿਗਿਆਨਕ ਵਿਆਖਿਆ” ਵੱਲ ਤੁਰ ਪਏ। ਇਸ ਵਿਚ ਇਹ ਵੀ ਮੰਦਭਾਗਾ ਰਿਹਾ ਕਿ ਉਨ੍ਹਾਂ ਨੇ ਆਪਣੇ ਗ੍ਰੰਥਾਂ ਨੂੰ ਪੱਛਮ ਦੁਆਰਾ ਘੜੀਆਂ ਖੋਜ ਵਿਧੀਆਂ (research methodologies) ਲਈ ਸ੍ਰੋਤ ਪੁਸਤਕਾਂ (reference books) ਤੱਕ ਸੀਮਤ ਕਰ ਲਿਆ। ਇਸੇ ਹੀ ਵਰਤਾਰੇ ਕਾਰਣ ਸਿੱਖ ਇਤਿਹਾਸਕਾਰੀ ਨੇ ਆਪਣਾ ਲੰਬਾ ਸਮਾਂ ਅਤੇ ਊਰਜਾ ਇਸੇ ਅਭਿਆਸ ਵਿਚ ਲਗਾ ਦਿੱਤਾ ਬਸ਼ਰਤੇ ਕਿ ਇਹ ਵਿਆਖਿਆ ਦਾ ਕੋਈ ਆਪਣਾ ਪ੍ਰਬੰਧ ਉਸਾਰਦੇ, ਜੋ ਕਿ ਸਿੱਖ ਚਿੰਤਨ ਦੀ ਮੂਲ ਆਤਮਾ ਵਿਚੋਂ ਉਜਾਗਰ ਹੁੰਦਾ। ਉਪਰੋਕਤ ਸੋਚ ਪ੍ਰਬੰਧ ਨੂੰ ਸਿੱਖ ਇਤਿਹਾਸਕਾਰੀ ਨੇ 19ਵੀਂ ਸਦੀ ਦੇ ਪਿਛਲੇ ਅੱਧ ਤੋਂ ਸ਼ਿੱਦਤ ਨਾਲ ਸਵੀਕਾਰ ਕੀਤਾ ਹੈ, ਜੋ ਕਿ ਅੱਜ ਵੀ ਰਵਾਂ ਹੈ।
ਦੂਸਰੀ ਗੱਲ, ਇਸੇ ਚਿੰਤਨ ਦੁਆਰਾ ਸੀਮਤ ਘੇਰੇ ਵਿਚ ਕੀਤੀ ਵਿਆਖਿਆ ਨਾਲ ਗੁਰਬਾਣੀ ਅਤੇ ਸਿੱਖ ਅਭਿਆਸ ਦੀ ਵਿਖਾਇਆ ਵਿਚ ਵੱਡੀਆਂ ਉਲਝਣਾਂ ਪੈਦਾ ਹੋ ਗਈਆ ਹਨ। ਜਿੱਥੇ ਇਕ ਪਾਸੇ ਇਨ੍ਹਾਂ ਉਲਝਣਾਂ ਦੇ ਹੱਲ ਲਈ ਸਿੱਖ ਇਤਿਹਾਸਕਾਰੀ ਨੇ ਵਿਆਖਿਆਕਾਰੀ ਲਈ ਆਪਣਾ ਪੈਰਾਡਾਈਮ ਸਿਰਜਣਾ ਹੈ, ਉਥੇ ਦੂਸਰੇ ਪਾਸੇ ਨਸਲੀ ਅਤੇ ਕਲੀਲੀਆਈ ਚੇਤਨਾ (ਜੋ ਕਿ ਉਤਰ ਬਸਤੀਵਾਦ ਦੇ ਆਧਾਰਾਂ ‘ਤੇ ਫਿਰ ਤੋਂ ਅਰਾਜਕਤਾ ਫੈਲਾਉਣ ਅਤੇ ਇੰਦ੍ਰਿਆਈ ਸੁੱਖ ਦੀ ਸਥਾਪਨਾ ਲਈ ਵਿਆਖਿਆ-ਸ਼ਾਸ਼ਤਰ ਨੂੰ ਵੱਖੋਂ ਵੱਖਰੇ ਚਿੰਨ੍ਹਾਂ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੇ ਹੱਲ ਲਈ ਸਿੱਖ ਚਿੰਤਕਾਂ ਨੂੰ ਦੋਹਰੀ ਮੁਸ਼ੱਕਤ/ਘਾਲ ਕਰਨੀ ਪੈਣੀ ਹੈ। ਪ੍ਰੋ. ਪੂਰਨ ਸਿੰਘ ਕਹਿੰਦੇ ਹਨ ਕਿ ਚੰਗਾ ਹੋਇਆ ਕਿ ਸਿੱਖ ਇਤਿਹਾਸ ਆਧੁਨਿਕ ਆਧਾਰਾਂ ‘ਤੇ ਨਹੀਂ ਲਿਖਿਆ ਗਿਆ। ਉਹ ਸਿੱਖੀ ਦੀ ਆਤਮਾ (Spirit of the Sikh) ਵਿਚ ਕਹਿੰਦੇ ਹਨ ਕਿ ‘ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਸਿੱਖ ਇਤਿਹਾਸ ਹੈ, ਜਿਸ ਨੂੰ ਆਧੁਨਿਕ ਆਧਾਰਾਂ ਤੇ ਨਹੀਂ ਲਿਖਿਆ ਜਾ ਸਕਦਾ’। ਇਸ ਇਸ਼ਾਰਾ ਉਪਰੋਕਤ ਸਮੱਸਿਆ ਦੇ ਹੱਲ ਲਈ ਮਹੱਤਵਪੂਰਨ ਸੂਤਰ ਹੈ।
ਬਸਤੀਵਾਦੀ ਚਿੰਤਨ, ਜਿਸ ਦਾ ਮੁੱਖ ਆਧਾਰ ਤਰਕ ਅਤ ਵਿਗਿਆਨ ਸੀ, ਇਕ ਦਿਸ਼ਾ ਵਿਚ ਬਹੁਤ ਮਹੱਤਵਪੂਰਨ ਵੀ ਹੈ ਕਿਉਂਕਿ ਨਿਸ਼ਚਿਤਤਾ ਦੇ ਜਸ ਸਿਧਾਂਤ ਰਾਹੀਂ ਪੱਛਮ ਅਤੇ ਖਾਸ ਕਰਕੇ ਯੂਰਪ (ਜਿਸ ਵਿਚ ਚਿੱਟੇ ਰੰਗ ਦੀ ਨਸਲ (white race) ਆਪਣੀ ਨਸਲ ਨੂੰ ਆਧਾਰ ਬਣਾ ਕੇ ਜ਼ਿੰਦਗੀ ਅਤੇ ਇਸ ਨਾਲ ਸਬੰਧਤ ਵਿਆਖਿਆ ਦੇ ਪੈਟਰਨ ਅਤੇ ਢਾਂਚੇ ਉਸਾਰ ਰਹੀ ਸੀ। ਵਿਆਖਿਆ ਨੂੰ ਨਿਸ਼ਚਿਤ ਕਰ ਰਿਹਾ ਸੀ, ਪੰਜਾਬ ਦੀ ਧਰਤੀ ‘ਤੇ ਉਸ ਦਾ ਪ੍ਰਭਾਵ ਮੁੱਖ ਤੌਰ ‘ਤੇ ਸਿੰਘ ਸਭਾ ਅਤੇ ਇਸਦੇ ਨਾਲ ਸਬੰਧਤ ਧਾਰਾਵਾਂ ਨੇ ਕਬੂਲਿਆ। ਉਸਦਾ ਮੁਖ ਕਾਰਣ ਸੀ ਕਿ ਉਪਰੋਕਤ ਸਿਧਾਂਤ ਖੰਡਿਤ ਮਨ ਪਰਵਾਹ ਅਤੇ ਵਿਚਲਿਤ ਹੋਏ ਸਮੁੱਚੇ ਨਾੜ ਪ੍ਰਬੰਧ ਨੂੰ ਇਕ ਦਿਸ਼ਾ ਵਿਚ ਇਕਸੁਰ ਕਰਨ ਦਾ ਯਤਨ ਕਰਦਾ ਹੈ। ਜੋ ਕਿ ਇਕ ਦਿਸ਼ਾ ਵਿਚ ਸਕਾਰਤਮਕ ਵੀ ਹੈ ਕਿਉਂਕਿ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਮਨੱਖੀ ਚੇਤਨਾ ਅਤੇ ਇਸ ਦੇ ਅਵਚੇਤਨ ਮਨ ਦੇ ਸਗਲੇ ਫੈਲਾਵਾਂ ਨੂੰ ਕਿਸੇ ਵੱਡੀ ਅਤੇ ਸਖ਼ਤ ਮਿਹਨਤ ਨਾਹ ਹੀ ਦਿਸ਼ਾ ਸੇਧਿਤ ਕੀਤਾ ਜਾ ਸਕਦਾ ਹੈ। ਇਸੇ ਕਰਕੇ ਆਧੁਨਿਕਤਾ ਦੀ ਸਮੁੱਚੀ ਯੋਜਨਾ (project) ਤਰਕ ਅਤੇ ਵਿਗਿਆਨ ਦੇ ਆਧਾਰ ‘ਤੇ ਵਿਆਖਿਆ, ਜੋ ਕਿ ਸਿੱਧ ਕੀਤੀ ਜਾ ਸਕੇ, ‘ਤੇ ਹੀ ਕੇਂਦਰਿਤ ਕੀਤਾ ਗਿਆ। ਕਿਉਂਕਿ ਇਹ ਸਿਧਾਂਤ ਅਤੇ ਵਿਧੀਆਂ ਆਖ਼ਰੀ ਅਤੇ ਸਥਾਈ ਨਹੀਂ ਸਨ, ਇਸ ਲਈ ਇਨ੍ਹਾਂ ਵਿਚਲੀ ਸੰਕਲਪਿਤ ਖੁਸ਼ਕੀ, ਬੇਰਸੀ ਅਤੇ ਘਾਟ ਨਾਲ ਹੀ ਮੌਜੂਦ ਸੀ। ਸਿੰਘ ਸਭਾ ਨੇ ਭਾਵੇਂ ਇਹ ਪ੍ਰਭਾਵ ਭੋਲੇ ਭਾਵ ਅਤੇ ਅਵਚੇਤਨ ਹੀ ਕਬੂਲਿਆ ਅਤੇ ਇਸ ਨੂੰ ਸਿੱਖ ਵਿਆਖਿਆ ਲਈ ਨਿਸ਼ਚਤ ਕੀਤਾ ਪਰ ਉਹ ਇਸ ਸਿਧਾਂਤ ਅਤੇ ਵਿਧੀ ਵਿਧਾਨ ਦੇ ਸੰਕਲਪਿਕ ਚੌਖ਼ਟੇ ਅਤੇ ਅਨੁਸ਼ਾਸ਼ਨ ਨੂੰ ਸਮੁੱਚੇ ਰੂਪ ਵਿਚ ਨਾ ਸਮਝਦੇ ਹੋਏ ਆਪਣੀ ਸ਼ਰਧਾ ਅਤੇ ਉਪਰੋਕਤ ਸੰਕਲਪ ਆਧਾਰਤ ਵਿਆਖਿਆ ਵਿਚ ਅਗਰਸਰ ਰਹੇ। ਇਸੇ ਅਭਿਆਸ ਵਿਚੋਂ ਪ੍ਰੋ. ਸਾਹਿਬ ਸਿੰਘ ਦੀ ਘਾਲ ਕਮਾਈ ਵਿਚੋਂ ਵਿਆਕਰਣਕ ਆਧਾਰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਸਾਹਮਣੇ ਆਉਂਦਾ ਹੈ। ਇਸ ਟੀਕੇ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਵਿਚ ਇਕ ਸ਼ਬਦ ਦੀ ਵਿਆਖਿਆ, ਦੂਜੇ ਸ਼ਬਦਾਂ ਅਤੇ ਸਮੁੱਚੀ ਬਾਣੀ ਦੀ ਇਕਸੁਰਤਾ ਵਿਚ ਹੋਈ ਹੈ। ਸਾਹਿਬ ਸਿੰਘ ਦਾ ਪ੍ਰਮੁੱਖ ਯਤਨ ਆਪ ਹੁਦਰੇ ਪਾਸਾਰਾਂ ਨੂੰ ਨਜਿੱਠ ਬੱਝਵੀਂ ਸੰਰਚਨਾ ਵਾਲੀ ਵਿਆਖਿਆ ਕਰਨਾ ਸੀ। ਸਿੱਖ ਵਿਆਖਿਆ ਸ਼ਾਸ਼ਤਰ ਦੀ ਨਵੀਂ ਬਣਤਰ ਲਈ ਵੀ ਇਸ ਟੀਕੇ ਦੀ ਇਕਸੁਰਤਾ ਅਤੇ ਬੱਝਵੀਂ ਸੰਰਚਨਾ ਦੀ ਦਿਸ਼ਾ ਮਹੱਤਵਪੂਰਣ ਰਹੇਗੀ।
?ਓ ਦੀ ਖੁੱਲ੍ਹੀ ਹੋਈ ਕਾਰ ਵਿਆਖਿਆ ਦੇ ਵਿਗਸਦੇ ਅਤੇ ਮੌਲਦੇ ਹੋਏ ਰਾਹਾਂ ਦੀ ਸੂਚਕ ਹੈ, ਜਿਸ ਅਨੁਸਾਰ ਸਿੱਖ ਅਨੁਭਵ ਇਹ ਮਨੁੱਖ ਨੂੰ ਉਸ ਦੁਆਰਾ ਗੁਰੂ ਪ੍ਰੇਮ ਦੀ ਅਨੰਤ ਖੇਡ ਵਿਚ ਤਜ਼ਰਬਾ (experiment) ਕਰਨ ਲਈ ਆਗਿਆ ਦਿੱਤੀ ਗਈ ਏ, ਜਿਸ ਮੁਤਾਬਕ ਮਨੁੱਖ ਆਪਣੇ ਵਿਗਾਸ ਲਈ ਆਪਣੀ ਸੁਰਤਿ ਦੀ ਪਰਵਾਜ਼ ਵਿਚ ਪ੍ਰੇਮ ਖੇਡਾਂ ਖੇਡ ਸਕਦਾ ਹੈ। ਇਸ ਅਨੁਸਾਰ ਇਕੋ ਸਮੇਂ ਮਰਿਯਾਦਾ ਵਿਚ ਰਹਿਣ ਅਤੇ ਮਉਲਣ ਦੇ ਅਨੁਭਵ ਇਕੱਠੇ ਚਲਦੇ ਹਨ। ਦੇਹ ਵਿਸਮਾਦ ਦੇ ਜਸ਼ਨ ਅਤੇ ਚੌਂਕੜੇ ਦੇ ਅਨੁਭਵ ਵਿਚ ਇਕਸਾਰ ਵਿਗਸਦੀ ਹੈ। ਕਿਸੇ ਇਕ ਲਈ ਵੱਖਰੀ ਘਾਲ ਦੀ ਜ਼ਰੂਰਤ ਨਹੀਂ ਹੈ। ਇਹ ਹੀ ਪੂਰਨ ਸਿੰਘ ਹੈ, ਜੋ ਕਿ ਆਪਣੀਆਂ ਰਚਨਾਵਾਂ ਵਿਚ ਇਸ ਤਰ੍ਹਾਂ ਦੀਆਂ ਦਿਸ਼ਾਵਾਂ ਨੂੰ ਇਕਸੁਰ ਕਰ ਰਿਹਾ ਹੁੰਦਾ ਹੈ। ਉਨ੍ਹਾਂ ਦੁਆਰਾ ਕੀਤੀ ਵਿਆਖਿਆ ਅਨੇਕਤਾ ਦੇ ਅਨੰਤ ਪਾਸਾਰਾਂ ਵਿਚ ਸਿੱਖ ਅਨੁਭਵ ਦੀ ਮਉਲਦੀ ਹੋਈ ਵਿਆਖਿਆ ਹੈ, ਜੋ ਕਿ ਖੜੋਤਮਈ ਜਾਂ ਜੜ੍ਹਤ (fro੍ਰen) ਹੋ ਚੁੱਕੀ ਨਹੀਂ ਹੈ। ਇਸੇ ਲਈ ਉਹ ‘ਜਪੁ’ ਬਾਣੀ ਦੇ ਟੀਕੇ ਵਾਰ ਵਾਰ ਕਰ ਰਿਹਾ ਹੈ ਅਤੇ ਲਗਾਤਾਰ ਕਰਨਾ ਚਾਹੁੰਦਾ ਹੈ।
ਪ੍ਰੋ. ਪੂਰਨ ਸਿੰਘ ਦੇ ਚਿੰਤਨ ਵਿਚ ਇਹ ਮਹੱਤਵਪੂਰਨ ਨੁਕਤਾ ਹੈ ਕਿ ਉਹ ਵਿਆਖਿਆ ਸ਼ਾਸ਼ਤਰ ਦੇ ਸੰਦਰਭ ਵਿਚ ‘ਸਾਖੀ’ ਦੇ ਸਿਧਾਂਤੀਕਰਨ ਨਾਲ ਵਿਆਖਿਆ ਦੇ ਅਨਿਕ ਪੈਟਰਨ ਵਾਲੀ ਵਿਆਖਿਆ ਦਾ ਸਿਧਾਂਤੀਕਰਨ ਕਰਦੇ ਹਨ। ਉਹ ਭਾਈ ਕਾਨ੍ਹ ਸਿੰਘ ਰਚਿਤ ‘ਹਮ ਹਿੰਦੂ ਨਹੀਂ’ ਵਾਲੀ ਸਿੱਖ ਵਿਆਖਿਆ ਨੂੰ ਨਹੀਂ ਸਵੀਕਾਰਦੇ ਸਗੋਂ ਰਹੱਸ ਦੇ ਵੱਖੋ ਵੱਖਰੇ ਮੌਲਦੇ ਅਨੁਭਵਾਂ ਨੂੰ ਸਿੱਖ ਅਨੁਭਵ ਵਿਚ ਰਚਿਆ ਵੇਖਦੇ ਹਨ। ਇਸੇ ਲਈ ਉਸਨੂੰ ਮੁਹੰਮਦ ਸਾਹਿਬ ਦੇ ਅਨੁਯਾਈ, ਵਾਲਟ ਵਿਟਮੈਨ ਅਤੇ ਰਾਂਝਾ ਸਿੱਖ ਵਿਖਾਈ ਦਿੰਦੇ ਹਨ। ਸਿੱਖ ਵਿਆਖਿਆ ਸ਼ਾਸ਼ਤਰ ਦੀ ਉਸਾਰੀ ਲਈ ਉਹ ਜੀਵਨੀ ਚਿੰਤਨ ਨੂੰ ਇਕ ਨੁਕਤੇ ਵਜੋਂ ਪੇਸ਼ ਕਰਦੇ ਹਨ, ਜੋ ਕਿ ਸਿੱਖ ਇਤਿਹਾਸਕਾਰੀ ਲਈ ਵੀ ਇਕ ਅਹਿਮ ਸੂਤਰ ਹੈ। ਬੁੱਧਘੋਸ਼ ਦੁਆਰਾ ਰਚਿਤ ਬੁੱਧ ਦੀਆਂ ਜੀਵਨ ਸਾਖੀਆਂ ਅਤੇ ਚਿੰਤਨ ਦੀ ਨਿਆਂਈ ਪ੍ਰੋ. ਪੂਰਨ ਸਿੰਘ ਪੂਰਬੀ ਚਿੰਤਨ ਵਿਚਲੇ ਅਨੁਭਵ ਦੀ ਨਿਰੰਤਰਤਾ ਕਰਵਾਉਂਦੇ ਹੋਏ ਸਾਖੀ ਦੇ ਦੈਵੀ ਅਨੁਭਵ ਅਤੇ ਚੋਜ ਨੂੰ ਸਾਹਿਤ ਵਿਚ ਪੁਨਰ ਪ੍ਰੀਭਾਸ਼ਤ ਕਰਨ ਦਾ ਤਾਣ ਲਾਉਂਦੇ ਹਨ। ਉਹ ਗੁਰੂ ਜੀਵਨ ਦੇ ਦ੍ਰਿਸ਼ਾਂ ਨੂੰ ਸਾਖੀ ਰਮਜ਼ ਦੇ ਅਨੁਭਵ ਦੁਆਰਾ ਲਿਖਦੇ ਹਨ, ਜੋ ਕਿ ਸਿੱਖ ਚਿੰਤਨ ਦਾ ਇਕ ਅਹਿਮ ਨੁਕਤਾ ਹੈ। ਜਿਸ ਰਾਹੀਂ ਸਿੱਖ ਅਨੁਭਵ, ਵਿਸ਼ਵ ਵਿਆਖਿਆ ਸ਼ਾਸ਼ਤਰ ਦੇ ਚਿੰਤਨ ਵਿਚ ਆਪਣਾ ਚਿੰਤਨ ਸ਼ਾਮਲ ਕਰੇਗਾ। ਪ੍ਰੋ. ਪੂਰਨ ਸਿੰਘ ਦੀਆਂ ਅਜਿਹੀਆਂ ਲਿਖਤਾਂ ਪ੍ਰਤੀ ਡਾ. ਗੁਰਭਗਤ ਸਿੰਘ ਦਾ ਨਜ਼ਰੀਆ ਹੈ ਕਿ ਪ੍ਰੋ. ਪੂਰਨ ਸਿੰਘ ਆਪਣੀ ਲਿਖਤ ਲਈ ਧਾਰਮਿਕ ਜੀਵਨੀ ਸਾਹਿਤ (hagiology) ਨੂੰ ਚੁਣਦੇ ਹਨ। ਇਸ ਸੰਕਲਪ ਰਾਹੀ ਉਹ ਆਪਣੇ ਸਾਹਿਤ ਵਿਚ ਇਸ ਤਰ੍ਹਾਂ ਦੇ ਨਾਇਕ ਸਿਰਜ ਰਹੇ ਸਨ ਜੋ ਕਿ ਪੱਛਮੀ ਸਾਹਿਤ ਵਿਚਲੇ ਨਾਇਕ ਤੋਂ ਇਕ ਪਾਸੇ ਤਾਂ ਭਿੰਨ ਹੈ ਅਤੇ ਦੂਜੇ ਪਾਸੇ ਉਸ ਦਾ ਆਪਾ ਕਿਸੇ ਦੇ ਅਧੀਨ ਨਾ ਹੋ ਕੇ ਬ੍ਰਹਿਮੰਡੀ ਹੈ।
ਪ੍ਰੋ. ਪੂਰਨ ਸਿੰਘ ਦੁਆਰਾ ਕੀਤੇ ਗਏ ਅਨੁਵਾਦ, ਅਨੁਵਾਦ ਕਲਾ ਦੇ ਸਿਖਰੀ ਅਨੁਭਵਾਂ ਵਾਲੇ ਹਨ। ਪੰਜਾਬੀ ਵਿਚ ਅਨੁਵਾਦ ਹੋਈਆਂ ਰਚਨਾਵਾਂ ਦੇ ਇਤਿਹਾਸ ਵਿਚ ਇਨ੍ਹਾਂ ਦੁਆਰਾ ਕੀਤੇ ਗਏ ਅਨੁਵਾਦ ਆਪਣੇ ਅਨੁਭਵ ਸ਼ੈਲੀ ਅਤੇ ਅੰਦਾਜ਼ ਸਦਕਾ ਵਿਲੱਖਣ ਵਿਖਾਈ ਦੇਣਗੇ। ਅਨੁਵਾਦ ਕੀਤੀਆਂ ਰਚਨਾਵਾਂ ਦੇ ਰਚਣਹਾਰਿਆਂ ਦੇ ਸੁਰਤੀ ਮੁਕਾਮ ਤੀਕ ਪਹੁੰਚ ਕੇ, ਉਨ੍ਹਾਂ ਦੀ ਸੁਰਤਿ ਉਡਾਰੀਆਂ ਨੂੰ ਪੰਜਾਬੀ ਦੇ ਪਾਠਕਾਂ ਤੱਕ ਲੈ ਆਉਣਾ ਪੂਰਨ ਸਿੰਘ ਦਾ ਕਮਾਲ ਹੈ। ਉਨ੍ਹਾਂ ਦੁਆਰਾ ਕੀਤੇ ਅਨੁਵਾਦਾਂ ਵਿਚੋਂ ਟਾਲਸਟਾਏ ਦੀ ਰਚਨਾ ਬਾਰੇ ਉਨ੍ਹਾਂ ਦੀ ਧਰਮ ਪਤਨੀ ਮਾਇਆ ਦੇਵੀ ਦੀ ਟਿਪਣੀ ਹੈ ਕਿ ”ਟਾਲਸਟਾਏ ਦੀ ਰਚਨਾ ਦਾ ਪੰਜਾਬੀ ਵਿਚ ਤਰਜਮਾ ਕੀਤਾ ਅਤੇ ਨਾਂ ਮੋਇਆ ਦੀ ਜਾਗ ਰਖਿਆ। ਇੰਨੀ ਵੱਡੀ ਕਿਤਾਬ ਨੂੰ ਸਿਰਫ਼ ਅਠਾਰਾਂ ਦਿਨਾਂ Resurrection ਵਿਚ ਖ਼ਤਮ ਕਰ ਦਿੱਤਾ। ਇਹ ਕਿਤਾਬ ਮੁਰੱਬਿਆਂ ਵਿਚ ਲਿਖੀ ਗਈ ਸੀ। ਉਸ ਵਕਤ ਅਸੀਂ ਸਾਰੇ ਉਥੇ ਹੀ ਸਾਂ। ਜਿਸ ਮੇਜ਼ ਤੇ ਰੱਖ ਕੇ ਲਿਖਦੇ ਸਨ ਉਹ ਮੇਜ਼ ਹਿਲੂੰ ਹਿਲੂੰ ਕਰਦਾ ਸੀ, ਦੀਵੇ ਦੀ ਰੋਸ਼ਨੀ ਵੀ ਕੋਈ ਤੇਜ਼ ਨਹੀਂ ਸੀ। ਉਹ ਜਿਸਮ ਤੋਂ ਬਾਹਰ ਹੋ ਕੇ ਲਿਖਦੇ ਤੇ ਪੜ੍ਹਦੇ ਸਨ ਇਸ ਲਈ ਥਕੇਵਾਂ ਕਦੀ ਨਹੀਂ ਸੀ ਮਹਿਸੂਸ ਕੀਤਾ।
ਪ੍ਰੋ. ਪੂਰਨ ਸਿੰਘ ਦਾ ਅਨੁਭਵੀ ਚਿੰਤਨ ਸੁਰਤਿ ਦੇ ਦੇਸਾਂ ਤੋਂ ‘ਸ਼ਬਦ’ ਦੇ ਅਸਗਾਹੀ ਪੈਂਡਿਆਂ ਦੀ ਪਰਵਾਜ਼ ਹੈ। ਇਸ ਮੁਕਾਮ ਵਿਚ ਸੁਰਤਿ ਨੂੰ ‘ਸ਼ਬਦ’ ਦੇ ਅੰਗ ਸੰਗ ਮੰਨਦਾ ਹੋਇਆ ਉਹ ਅਨੁਭਵ ਦੀ ਕਾਲ ਘੜੀ ਵਿਚ ਚਿੰਤਨ ਦੀਆਂ ਨਵੀਆਂ ਦਿਸ਼ਾਵਾਂ ਅਤੇ ਵਿਆਖਿਆਵਾਂ ਸਥਾਪਤ ਕਰਨ ਵਾਲਾ ਚਿੰਤਕ ਹੈ। ਇਤਿਹਾਸ ਦੇ ਫ਼ਲਸਫ਼ੇ ਵਿਚ ‘ਸਾਖੀ ਨੇਮ’ ਵਿਚਲੀ ਜੁਗਤਿ ਨਾਲ ਇਤਿਹਾਸ ਨੂੰ ਵਾਚਣ/ਪਰੋਖਣ ਦੇ ਸੂਰਤ ਇਨ੍ਹਾਂ ਦੀਆਂ ਲਿਖਤਾਂ ਵਿਚ ਪਾਕੀਜ਼ਗੀ ਅਤੇ ਪਕਿਆਈ ਨਾਲ ਸਾਹਮਣੇ ਆਉਂਦੇ ਹਨ। ਇਨ੍ਹਾਂ ਦੀਆਂ ਰਚਨਾਵਾਂ ‘ਅਸਮਾਨਿ ਕਿਆੜਾ ਛਿਕਿਓਨੁ’ ਦੇ ਅਨੁਭਵ ਦੀ ਯਾਤਰਾ ਹਨ ਜਿਸ ਵਿਚ ਸਿੱਖ ਜੀਵਨ ਦੇ ਅਨੰਤ ਫੈਲਾਵਾਂ ਦੇ ਸਿੱਕੇਬੰਦ, ਫ਼ਲਸਫ਼ੀ ਅਤੇ ਪ੍ਰੇਰਨਾਮਈ ਪਹਿਲੂ ਹਨ।
ਪ੍ਰੋ. ਪੂਰਨ ਸਿੰਘ ਦੀ ਸਾਹਿਤ ਰਚਨਾ ਜੀਵਨ ਦੇ ਵਿਵਧ ਪਾਸਾਰਾਂ ਤੇ ਬਹੁਲਤਾਵਾਦੀ ਅਭਿਆਸ ਲਈ ਮਹੱਤਵਪੂਰਨ ਹੈ। ਬਸਤੀਵਾਦੀ ਚਿੰਤਨ ਦੇ ਸਥਾਪਤ ਹੋ ਰਹੇ ਆਦਰਸ਼ਾਂ ਅਤੇ ਤਣਾਵਾਂ ਦਰਮਿਆਨ ਪੂਰਬੀ ਚਿੰਤਨ ਦੀ ਆਤਮਾ ਦਾ ਪ੍ਰਕਾਸ਼ ਕਰਕੇ ਭਾਈ ਵੀਰ ਸਿੰਘ ਦੇ ਸਿਮਰਨਮਈ ਆਦਰਸ਼ ਦੀ ਪ੍ਰੇਰਨਾ ਅਤੇ ਛਾਂ ਹੇਠ ਪੂਰਨ ਸਿੰਘ ਉਸਦੇ ਸੁਹਜਮਈ, ਸਭਿਆਚਾਰਕ, ਦਾਰਸ਼ਨਿਕ ਅਤੇ ਰਾਜਨੀਤਿਕ ਪਾਸਾਰ ਸਿਰਜਦਾ ਹੈ। ਇਸ ਤਰ੍ਹਾਂ ਉਹ ਭਾਰਤੀ ਸਮਾਜ ਤੇ ਚਿੰਤਨ ਦੇ ਬਸਤੀਵਾਦੀ ਜਕੜ ਵਿਚ ਜਾਣ ਦੀ ਪ੍ਰਕਿਰਿਆ ਨੂੰ ਸ੍ਰੀ ਅਰਬਿੰਦੂ, ਮੁਹੰਮਦ ਇਕਬਾਲ ਅਤੇ ਭਾਈ ਵੀਰ ਸਿੰਘ ਵਾਂਗ, ਰੋਕਣ ਅਤੇ ਉਸਦੇ ਸਮਾਨੰਤਰ ਪੂਰਬੀ ਚਿੰਤਨ ਦੇ ਅਨੁਭਵ ਅਤੇ ਸੰਰਚਨਾਵਾਂ ਨੂੰ ਪੇਸ਼ ਕਰਦਾ ਹੈ। ਉਸ ਤੋਂ ਬਾਅਦ ਪੰਜਾਬੀ ਸਾਹਿਤ ਚਿੰਤਨ ਅਤੇ ਸਾਹਿਤ ਸਿਰਜਨਾ ਨੇ ਪੂਰਨ ਸਿੰਘ ਦੀਆਂ ਖੂਬੀਆਂ ਨੂੰ ਵਰਤਦੇ ਹੋਏ ਵੀ ਪੂਰਬੀ ਚਿੰਤਨ ਦੀ ਆਤਮਾ ਦੀ ਥਾਂ ਅਤਾਪਣੇ ਸਮਾਜਿਕ ਮਨੋਵਿਗਿਆਨ ਨੂੰ ਦਾਰਸ਼ਨਿਕ ਦਰਜਾ ਦੇਣ ਦੇ ਸਫ਼ਲ ਅਸਫ਼ਲ ਜ਼ਤਨ ਕੀਤੇ ਹਨ। ਪ੍ਰੋ. ਪੂਰਨ ਸਿੰਘ ਦੀਆਂ ਰਚਨਾਵਾਂ ਦੇ ਠੀਕ ਅਧਿਐਨ ਹੋਣ ਨਾਲ ਹੇਠ ਲਿਖੀਆਂ ਮਹੱਤਵਪੂਰਨ ਦਿਸ਼ਾਵਾਂ ਦੇ ਉਭਰਣ ਦੀ ਸੰਭਾਵਨਾ ਪੈਦਾ ਹੋ ਸਕਦੀ ਹੈ
ਨਵ ਬਸਤੀਵਾਦੀ ਅਤੇ ਸਮਾਜਵਾਦੀ ਸੰਰਚਨਾਵਾਂ ਅਤੇ ਅਭਿਆਸਾਂ ਦੇ ਸਮਾਨੰਤਰ ਪੂਰਬੀ ਆਤਮਾ ਵਿਚੋਂ ਜੀਵਨ ਦੇ ਸਗਲੇ ਪਾਸਾਰਾਂ ਨੂੰ ਪੇਸ਼ ਕਰਦੀਆਂ ਸੰਰਚਨਾਵਾਂ ਦੇ ਉਭਰਣ ਦੀ ਸੰਭਾਵਨਾ।
ਸਮਾਜਿਕ ਮਨੋਵਿਗਿਆਨ ਦੇ ਉਲਾਰਾਂ ਚੋਂ ਉਸਾਰੀ ਦਾਰਸ਼ਨਿਕਤਾ ਦੀ ਰਾਜਨੀਤੀ ਤੋਂ ਪੂਰਨ ਸਿੰਘ ਦੀ ਪੂਰਬੀ ਅਨੁਭਵ ਦੀ ਸਵੱਛਤਾ ‘ਚੋਂ ਪੈਦਾ ਹੋਈ ਸੁਹਜ ਦੀ ਦਿਸ਼ਾ, ਸਭਿਆਚਾਰਕ ਸੂਝ, ਭਾਸ਼ਾ ਅਤੇ ਗਿਆਨ ਦੀ ਵਿਸ਼ਵ ਵਿਆਪਕਤਾ ਨੂੰ ਮੁਕਤ ਕਰਾਉਣ ਦੀ ਸੰਭਾਵਨਾ।
ਚਿੰਤਨ ਦੀ ਉਪਰੋਕਤ ਰਾਜਨੀਤੀ ਦੀ ਪਛਾਣ ਮੁਕਤੀ ਅਤੇ ਗੰਭੀਰ ਚਿੰਤਨ ਦੀ ਨਿਰਮਲ ਧਾਰਾ ਦੀ ਨਿਰੰਤਰਤਾ ਦੇ ਉਭਰਣ ਦੀ ਸੰਭਾਵਨਾ।
ਪ੍ਰੋ. ਪੂਰਨ ਸਿੰਘ ਜਿਹੇ ‘ਰੌਸ਼ਨ ਜ਼ਮੀਰ’ ਜ਼ਿਹਨ ਧਰਤੀਆਂ ਨੂੰ ਸਦੀਆਂ ਦੀ ਮੁਸ਼ੱਕਤ ਨਾਲ ਮਿਲਦੇ ਹਨ। ਇਸ ਦੇ ਨਾਲ ਇਹ ਵੀ ਕੋਈ ਕਾਲ ਦਾ ਹੀ ਵਰਤਾਰਾ ਹੈ ਕਿ ਜਿੰਨੀ ਜਿਆਦਾ ਬੇਅਦਬੀ, ਨਿਰਾਦਰ ਅਤੇ ਗੁਸਤਾਖ਼ੀ ਪੰਜਾਬ ਦੇ ਲੋਕਾਂ ਨੇ ਆਪਣੇ ‘ਜੀਨੀਅਸ’ ਦੀ ਕੀਤੀ ਹੈ, ਉਨੀਂ ਧਰਤੀ ਦੇ ਕਿਸੇ ਵੀ ਕੋਨੇ ‘ਤੇ ਨਹੀਂ ਹੋਈ। ਪਰ ਜਿਵੇਂ ਪਹਾੜਾਂ ਦੀ ਹਿੱਕ ‘ਚੋਂ ਉੱਗ ਪੈਣ ਵਾਲੇ ਫੁੱਲ ਨੂੰ ਸਗਲ ਕਾਇਨਾਤ ਦਾ ਭੇਦ ਪੈ ਜਾਂਦਾ ਹੈ, ਉਸੇ ਤਰ੍ਹਾਂ ਸਪਤ ਸਿੰਧੂ ਦੇ ਵਿਦਿਆਰਥੀਆਂ ਦੁਆਰਾ ਅੱਜ ਦੇ ਸਮੇਂ ਵਿਚ ਆਪਣੀ ‘ਜੀਨੀਅਸ’ ਦੀ ਪਛਾਣ ਕਰ ਲੈਣਾ ਸੁਭਾਗੀ ਘੜੀ ਹੈ। ਸਪਤ ਸਿੰਧੂ ਦੇ ਵਿਦਿਆਰਥੀਆਂ ਨੇ ਪਿਛਲੇ ਲੰਬੇ ਸਮੇਂ ਤੋਂ ਬੇਗਾਨਗੀ ਦੀ ਵਿਆਖਿਆ ਅਤੇ ਇਕਪੱਖੀ ਨਿਸ਼ਚਿਤ ਕੀਤੇ ਸਾਹਿਤ ਦਾ ਸੰਤਾਪ ਭੋਗਿਆ ਹੈ। ਪਰ ਹੁਣ ਉਸਦੀਆਂ ਸਿਦਕੀ ਪੀੜਾਂ ਨੂੰ ਫੁੱਲ ਪੈ ਗਏ ਹਨ। ਫ਼ਲਸਫ਼ਾ, ਸਾਹਿਤ ਸ਼ਾਸ਼ਤਰ ਕਾਵਿ ਸ਼ਾਸ਼ਤਰ, ਸੰਗੀਤ ਸ਼ਾਸ਼ਤਰ ਅਤੇ ਜ਼ਿੰਦਗੀ ਦੀ ਨਾਜ਼ ਦੇ ਸੁਹਜਮਈ ਪਸਾਰਿਆਂ ਦੇ ਚਿੰਤਨ ਅਤੇ ਸਿਧਾਂਤੀਕਰਨ ਵਿਚ ਉਨ੍ਹਾਂ ਦੀਆ ਲਿਖਤਾਂ ਸਦਾ ਮਹੱਤਵਪੂਰਨ ਰਹਿਣਗੀਆਂ। ਪ੍ਰੋ. ਪੂਰਨ ਸਿੰਘ ਦੀ ਸਮੁੱਚੀ ਪੰਜਾਬੀ ਵਾਰਤਕ ਨੂੰ ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਵਲੋਂ ਪ੍ਰਕਾਸ਼ਤ ਕੀਤਾ ਗਿਆ ਹੈ, ਜੋ ਕਿ ਸਾਹਿਤ ਦੇ ਜਿਗਿਆਸੂਆਂ ਲਈ ਤੋਹਫ਼ਾ ਹੈ।
The post ਪ੍ਰੋ.ਪੂਰਨ ਸਿੰਘ ‘ਸ਼ਬਦ’ ਅਨੁਭਵੀ ਸੁਹਜ ਦਾ ਚਿੰਤਕ appeared first on Quomantry Amritsar Times.