ਫਿਲਮ ਦੇ ਇੱਕ ਕਲਾਕਾਰ ਵੱਲੋਂ ਪਿੰਗਲਵਾੜੇ ਦੀ ਲੜਕੀ ਨਾਲ ਵਿਆਹ ਕਰਵਾਉਣ ਦੀ ਪੇਸ਼ਕਸ਼
ਅੰਮ੍ਰਿਤਸਰ/ਬਿਊਰੋ ਨਿਊਜ਼-
ਅਪਾਹਜ, ਲਵਾਰਿਸ ਤੇ ਬਿਮਾਰ ਵਿਅਕਤੀਆਂ ਦਾ ਆਸਰਾ ਬਣ ਚੁੱਕੀ ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ‘ਤੇ ਬਣੀ ਫਿਲਮ ‘ਇਹੁ ਜਨਮੁ ਤੁਮ੍ਹਾਰੇ ਲੇਖੇ’ ਤੋਂ ਪ੍ਰਭਾਵਿਤ ਹੋ ਕੇ ਲੋਕ ਜਿਥੇ ਹੁਣ ਪਿੰਗਲਵਾੜਾ ਵਿਖੇ ਸੇਵਾ ਕਰਨ ਲਈ ਆ ਰਹੇ ਹਨ, ਉਥੇ ਫਿਲਮ ਦੇ ਹੀ ਇੱਕ ਕਲਾਕਾਰ ਨੇ ਪ੍ਰਭਾਵਿਤ ਹੋ ਕੇ ਪਿੰਗਲਵਾੜਾ ਦੀ ਇੱਕ ਕੁੜੀ ਨਾਲ ਵਿਆਹ ਕਰਾਉਣ ਦੀ ਵੀ ਪੇਸ਼ਕਸ਼ ਕੀਤੀ ਹੈ। ਇਸ ਤੋਂ ਇਲਾਵਾ ਫਿਲਮ ਸਫਲਤਾ ਦੀ ਪਉੜੀ ਚੜ੍ਹਦਿਆਂ ਇਕ ਹਫ਼ਤੇ ਵਿੱਚ 69 ਲੱਖ ਰੁਪਏ ਦਾ ਕਾਰੋਬਾਰ ਕੀਤਾ ਹੈ।
ਇਹ ਫਿਲਮ ਪਿਛਲੇ ਹਫ਼ਤੇ 30 ਜਨਵਰੀ ਨੂੰ ਭਾਰਤ ਸਮੇਤ ਵੱਖ ਵੱਖ ਮੁਲਕਾਂ ਅਮਰੀਕਾ, ਕੈਨੇਡਾ, ਅਸਟਰੇਲੀਆ, ਨਿਊਜ਼ੀਲੈਂਡ, ਇਟਲੀ, ਇੰਗਲੈਂਡ, ਸਿੰਗਾਪੁਰ, ਫਿਲਪੀਨਜ਼, ਮਲੇਸ਼ੀਆ, ਹਾਂਗਕਾਂਗ ਤੇ ਅਫਰੀਕਾ ਆਦਿ ਵਿੱਚ ਰਿਲੀਜ਼ ਹੋਈ ਸੀ, ਜਿਥੇ ਕਿ ਲਗਾਤਾਰ ਇਸ ਦਾ ਪ੍ਰਦਰਸ਼ਨ ਜਾਰੀ ਹੈ। ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਲਗਪਗ 95 ਥੀਏਟਰਾਂ ਵਿੱਚ ਇਸ ਵੇਲੇ ਇਹ ਫਿਲਮ ਸਫਲਤਾ ਨਾਲ ਚੱਲ ਰਹੀ ਹੈ ਅਤੇ ਇਕ ਹਫ਼ਤੇ ਵਿਚ ਇਥੋਂ ਲਗਪਗ 69 ਲੱਖ ਰੁਪਏ ਦਾ ਕਾਰੋਬਾਰ ਕਰ ਲਿਆ ਹੈ ਜਦਕਿ ਦਿੱਲੀ ਸਮੇਤ ਹੋਰ ਸੂਬਿਆਂ ਅਤੇ ਵਿਦੇਸ਼ਾਂ ਵਿੱਚ ਕਾਰੋਬਾਰ ਵੱਖਰਾ ਹੈ। ਫਿਲਮ ਨੇ ਲੋਕਾਂ ਨੂੰ ਇੰਜ ਪ੍ਰਭਾਵਿਤ ਕੀਤਾ ਹੈ ਕਿ ਲੋਕ ਖੁਦ ਪਿੰਗਲਵਾੜਾ ਵਿਖੇ ਸੇਵਾ ਕਰਨ ਲਈ ਪੁੱਜ ਰਹੇ ਹਨ ਅਤੇ ਕਈਆਂ ਨੇ ਵਿਦੇਸ਼ ਤੋਂ ਵੀ ਸੇਵਾ ਕਰਨ ਲਈ ਪੇਸ਼ਕਸ਼ ਕੀਤੀ ਹੈ। ਸੰਸਥਾ ਦੀ ਮੁਖੀ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਇਹ ਫਿਲਮ ਬਣਾਉਣ ਦਾ ਮੰਤਵ ਹੀ ਇਹ ਸੀ ਕਿ ਲੋਕਾਂ ਨੂੰ ਭਗਤ ਪੂਰਨ ਸਿੰਘ ਦੇ ਜੀਵਨ ਤੇ ਮਨੁੱਖਤਾ ਦੀ ਭਲਾਈ ਲਈ ਕੀਤੇ ਗਏ ਕਾਰਜਾਂ ਤੋਂ ਜਾਣੂੰ ਕਰਾਇਆ ਜਾਵੇ, ਜਿਸ ਵਿੱਚ ਉਹ ਸਫਲ ਹੋਏ ਹਨ। ਉਨ੍ਹਾਂ ਆਖਿਆ ਕਿ ਫਿਲਮ ਨੂੰ ਦੇਖਣ ਮਗਰੋਂ ਲੋਕ ਇਸ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ ਕਿ ਉਹ ਖੁਦ ਬ ਖੁਦ ਪਿੰਗਲਵਾੜਾ ਪਹੁੰਚ ਕੇ ਸੇਵਾ ਕਰਨ ਲਈ ਪੇਸ਼ਕਸ਼ ਕਰ ਰਹੇ ਹਨ, ਜੋ ਕਿ ਇਕ ਵੱਡੀ ਪ੍ਰਾਪਤੀ ਹੈ। ਉਨ੍ਹਾਂ ਦੱਸਿਆ ਕਿ ਫਿਲਮ ਵਿਚ ਸ਼ਾਮਲ ਕਲਾਕਾਰਾਂ ਦੀ ਟੀਮ ਵਿਚੋਂ ਇਕ ਕਲਾਕਾਰ ਨੇ ਭਗਤ ਪੂਰਨ ਸਿੰਘ ਦੇ ਕਾਰਜਾਂ ਤੋਂ ਪ੍ਰਭਾਵਿਤ ਹੁੰਦਿਆਂ ਐਲਾਨ ਕੀਤਾ ਕਿ ਉਹ ਆਪਣਾ ਵਿਆਹ ਪਿੰਗਲਵਾੜੇ ਦੀ ਕਿਸੇ ਇਕ ਕੁੜੀ ਨਾਲ ਕਰਾਵੇਗਾ। ਇਸ ਸਬੰਧ ਵਿਚ ਸੰਸਥਾ ਵਲੋਂ ਵੀ ਹਾਂ ਪੱਖੀ ਹੁੰਗਾਰਾ ਦਿੱਤਾ ਗਿਆ ਹੈ ਅਤੇ ਇਕ ਕੁੜੀ ਦੀ ਵਿਆਹ ਵਾਸਤੇ ਚੋਣ ਕੀਤੀ ਗਈ ਹੈ। ਪੰਜਾਬ ਤੋਂ ਇਲਾਵਾ ਇਹ ਫਿਲਮ ਦਿੱਲੀ, ਪੂਨੇ, ਮੁੰਬਈ ਵਿਖੇ ਵੀ ਸਫਲਤਾ ਨਾਲ ਚੱਲ ਰਹੀ ਹੈ। ਸੰਸਥਾ ਦੇ ਪ੍ਰਬੰਧਕਾਂ ਵੱਲੋਂ ਇਹ ਫਿਲਮ ਸਕੂਲੀ ਬੱਚਿਆਂ ਨੂੰ ਦਿਖਾਉਣ ਲਈ ਵੀ ਪ੍ਰੇਰਿਆ ਜਾ ਰਿਹਾ ਹੈ ਤਾਂ ਜੋ ਬੱਚੇ ਸੇਵਾ ਭਾਵ ਤੋਂ ਪ੍ਰਭਾਵਿਤ ਹੋ ਕੇ ਆਪਣੇ ਜੀਵਨ ਵਿਚ ਸੇਵਾ ਭਾਵਨਾ ਨੂੰ ਅਪਣਾ ਸਕਣ।
ਫਿਲਮ ਦਾ ਨਿਰਦੇਸ਼ਨ ਦੂਰਦਰਸ਼ਨ ਦੇ ਉਘੇ ਨਿਰਦੇਸ਼ਕ ਸ੍ਰੀ ਹਰਜੀਤ ਸਿੰਘ ਵੱਲੋਂ ਕੀਤਾ ਗਿਆ ਹੈ ਜਦਕਿ ਭਗਤ ਪੂਰਨ ਸਿੰਘ ਦਾ ਰੋਲ ਪਵਨ ਮਲਹੋਤਰਾ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਲਾਕਾਰ ਸ੍ਰੀ ਮਲਹੋਤਰਾ ਵੀ ਇਸ ਫਿਲਮ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਫਿਲਮ ਦੇ ਗੀਤ ਗਾਉਣ ਵਾਲੇ ਗਾਇਕ ਦਲਜੀਤ ਦੁਸਾਂਝ ਨੇ ਭਗਤ ਪੂਰਨ ਸਿੰਘ ਦੇ ਮਨੁੱਖਤਾ ਦੀ ਭਲਾਈ ਲਈ ਕੀਤੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਫਿਲਮ ਦੇ ਗੀਤ ਬਿਨਾਂ ਕਿਸੇ ਸੇਵਾ ਫਲ ਦੇ ਗਾਏ ਹਨ। ਫਿਲਮ ਵਿਚ ਭਗਤ ਜੀ ਦੇ ਬਚਪਨ ਦਾ ਰੋਲ ਪਿੰਗਲਵਾੜਾ ਸੰਸਥਾ ਦੇ ਸਕੂਲ ਵਿਚ ਪੜ੍ਹ ਰਹੇ ਕੇ.ਜੀ. ਜਮਾਤ ਦੇ ਵਿਦਿਆਰਥੀ ਯੁਵਰਾਜ ਨੇ ਕੀਤਾ ਹੈ।
The post ਫ਼ਿਲਮ ‘ਇਹੁ ਜਨਮੁ ਤੁਮ੍ਹਾਰੇ ਲੇਖੇ’ ਨੇ ਲੋਕਾਂ ਦੀ ਪਿੰਗਲਵਾੜੇ ‘ਚ ਦਿਲਚਸਪੀ ਵਧਾਈ appeared first on Quomantry Amritsar Times.