ਚੰਡੀਗੜ੍ਹ/ਬਿਊਰੋ ਨਿਊਜ਼:
ਨੌਜਵਾਨ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਦੇ ਪਲੇਠੇ ਕਾਵਿ ਸੰਗ੍ਰਹਿ ‘ਤੂਫ਼ਾਨ’ ਦੀ ਸ਼ੁੱਕਰਵਾਰ ਨੂੰ ‘ਪ੍ਰੈਸ ਕਲੱਬ ਚੰਡੀਗੜ੍ਹ’ ਵਿਚ ਘੁੰਡ ਚੁਕਾਈ ਕੀਤੀ ਗਈ। ਪੰਜਾਬੀ ਲੇਖਕ ਸਭਾ ਰਜਿ. ਚੰਡੀਗੜ੍ਹ ਦੀ ਅਗਵਾਈ ਹੇਠ ਹੋਏ ਸਾਦੇ ਤੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ‘ਤੂਫ਼ਾਨ’ ਕਿਤਾਬ ਨੂੰ ਸਮਾਰੋਹ ਦੇ ਮੁੱਖ ਮਹਿਮਾਨ ਪਦਮਸ਼੍ਰੀ ਸੁਰਜੀਤ ਪਾਤਰ ਅਤੇ ਵਿਸ਼ੇਸ਼ ਮਹਿਮਾਨ ਪੰਜਾਬੀ ਰੰਗਮੰਚ ਦੇ ਉਘੇ ਕਲਾਕਾਰ ਰਣਬੀਰ ਰਾਣਾ ਨੇ ਲੋਕ ਅਰਪਣ ਕੀਤਾ। ਇਸ ਮੌਕੇ ਸੁਰਜੀਤ ਪਾਤਰ ਨੇ ਪੱਤਰਕਾਰ ਦੀਪਕ ਸ਼ਰਮਾ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਉਨ੍ਹਾਂ ਨੇ ਦੀਪਕ ਸ਼ਰਮਾ ਦੀ ਕਵਿਤਾ ਵਿਚੋਂ ਅਜਿਹਾ ਸੇਕ ਮਹਿਸੂਸ ਕੀਤਾ ਹੈ, ਜਿਹੜਾ ਕਿ ਉਸ ਦੀ ਕਵਿਤਾ ਦੇ ਸ਼ਬਦ ਬਣਿਆ ਹੈ। ਉਨ੍ਹਾਂ ਕਿਹਾ ਕਿ ਅੱਜ ਕਵਿਤਾ ਤਾਂ ਬਹੁਤ ਲਿਖੀ ਜਾ ਰਹੀ ਹੈ ਪਰ ਅਜਿਹੇ ਕਵੀ ਬਹੁਤ ਘੱਟ ਹਨ, ਜਿਨ੍ਹਾਂ ਦੇ ਅੰਦਰੋਂ ਕਵਿਤਾ ਫ਼ੁੱਟਦੀ ਹੈ ਅਤੇ ਜਿਹੜੀ ਕਵਿਤਾ ਅੰਦਰ ਤੋਂ ਆਉਾਂਦੀ ਕੇਵਲ ਉਹੀ ਸਿਰਜਣਾ ਬਣ ਸਕਦੀ ਹੈ।
ਰਾਣਾ ਰਣਬੀਰ ਨੇ ਕਿਹਾ ਕਿ ਜਿਸ ਤਰ੍ਹਾਂ ਦਾ ‘ਤੂਫ਼ਾਨ’ ਦੀਪਕ ਸ਼ਰਮਾ ਦੇ ਕਾਵਿ-ਸੰਗ੍ਰਹਿ ਵਿਚੋਂ ਨਿਕਲਦਾ ਹੈ, ਉਸ ਤਰ੍ਹਾਂ ਦੇ ਵਿਚਾਰਾਂ, ਸੰਵਾਦ ਅਤੇ ਅਜੋਕੀ ਮੰਡੀ ‘ਚ ਪਿਸ ਰਹੇ ਇਨਸਾਨ ਨੂੰ ਬਚਾਉਣ ਦੇ ‘ਤੂਫ਼ਾਨ’ ਦੀ ਅੱਜ ਸਮਾਜ ਨੂੰ ਬੇਹੱਦ ਲੋੜ ਹੈ। ਉਨ੍ਹਾਂ ਭਾਰਤੀ ਸਮਾਜ ਵਿਚੋਂ ਕਿਤਾਬ ਪੜ੍ਹਨ ਦੀ ਖ਼ਤਮ ਹੋ ਰਹੀ ਰੁਚੀ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਅੱਜ ਦੇ ਮਾਪਿਆਂ ਦੀ ਸ਼ਿਕਾਇਤ ਹੁੰਦੀ ਹੈ ਕਿ ਉਨ੍ਹਾਂ ਦੇ ਬੱਚੇ ਪੜ੍ਹਦੇ ਨਹੀਂ, ਪਰ ਜਦੋਂ ਤੱਕ ਬੱਚੇ ਆਪਣੇ ਮਾਪਿਆਂ ਨੂੰ ਪੜ੍ਹਦੇ ਨਹੀਂ ਦੇਖਦੇ, ਉਦੋਂ ਤੱਕ ਸਾਨੂੰ ਆਪਣੇ ਬੱਚਿਆਂ ਤੋਂ ਵੀ ਪੜ੍ਹਨ ਦੀ ਆਸ ਨਹੀਂ ਰੱਖਣੀ ਚਾਹੀਦੀ। ਉਨ੍ਹਾਂ ਕਿਹਾ ਕਿ ‘ਤੂਫ਼ਾਨ’ ਕਾਵਿ-ਸੰਗ੍ਰਹਿ ਵਰਗੇ ਸਾਹਿਤਕ ਚਸ਼ਮਿਆਂ ਦੇ ਫ਼ੁੱਟਦੇ ਰਹਿਣ ਨਾਲ ਹੀ ਸਾਡਾ ਸਾਹਿਤ ਤੇ ਸੱਭਿਆਚਾਰ ਬਚ ਸਕਦਾ ਹੈ। ਪ੍ਰਸਿੱਧ ਸ਼ਾਇਰ ਪ੍ਰੋ. ਮਿੰਦਰ ‘ਬਾਗੀ’ ਨੇ ਕਿਹਾ ਕਿ ਦੀਪਕ ਸ਼ਰਮਾ ਦੇ ਕਾਵਿ-ਸੰਗ੍ਰਹਿ ‘ਤੂਫ਼ਾਨ’ ਵਿਚ ਅਜੋਕੇ ਸਮੇਂ ਦੌਰਾਨ ਮੰਡੀ, ਅਖੌਤੀ ਧਾਰਮਿਕਤਾ ਅਤੇ ਅਖੌਤੀ ਵਿਦਵਤਾ ਦੇ ਪਸਾਰੇ ਵਿਚ ਨਪੀੜੇ ਜਾ ਰਹੇ ਮਨੁੱਖ ਅੰਦਰੋਂ ਖ਼ਤਮ ਹੋ ਰਹੀ ਇਨਸਾਨੀਅਤ ਦਾ ਰੁਦਨ ਹੈ।
ਰੋਜ਼ਾਨਾ ਹਿੰਦੀ ਅਖ਼ਬਾਰ ‘ਸੱਤਿਆ ਸਵਦੇਸ਼’ ਦੇ ਮੁੱਖ ਸੰਪਾਦਕ ਖੁਸ਼ਹਾਲ ਲਾਲੀ ਨੇ ਦੀਪਕ ਸ਼ਰਮਾ ਚਨਾਰਥਲ ਦਾ ਸ਼ਾਇਰ ਵਜੋਂ ਤੁਆਰਫ਼ ਕਰਵਾਉਂਦਿਆਂ ਕਿਹਾ ਕਿ ਦੀਪਕ ਕਵਿਤਾ ਲਿਖਦਾ ਨਹੀਂ ਬਲਕਿ ਉਸ ਨੂੰ ਕਵਿਤਾ ਉਤਰਦੀ ਹੈ। ਇਹ ਉਸ ਦੀ ਰੂਹਦਾਰੀ ਤੇ ਉਸ ਦੇ ਰਿਸ਼ਤਿਆਂ ਤੇ ਭਾਵਨਾਵਾਂ ਦਾ ਸੁਮੇਲ ਹੈ। ਇਸ ਮੌਕੇ ਕਿਤਾਬ ‘ਤੇ ਮੁੱਖ ਪਰਚਾ ਪੜ੍ਹਦਿਆਂ ਡਾ. ਮਦਨਦੀਪ ਨੇ ਕਿਹਾ ਦੀਪਕ ਸ਼ਰਮਾ ਨੇ ਆਪਣੀ ਕਵਿਤਾ ਵਿਚ ਅਜੋਕੀ, ਧਾਰਮਿਕਤਾ, ਆਪੂੰ ਥੋਪੇ ਦਰਸ਼ਨ, ਸਮਾਜ ਦੇ ਬਦਲ ਰਹੇ ਮੁਹਾਂਦਰੇ ਤੇ ਰਾਜਸੀ ਕਿਰਦਾਰ ਨੂੰ ਆਪਣੇ ਤਰੀਕੇ ਨਾਲ ਪੇਸ਼ ਕੀਤਾ ਹੈ।
ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਨੇ ਆਪਣੀ ਕਿਤਾਬ ਦੇ ਸਫ਼ਰ ‘ਤੇ ਗੱਲ ਕਰਦਿਆਂ ਕਿਹਾ, ”ਮੈਂ ਕੁਝ ਵੀ ਬਨਾਵਟੀ ਨਹੀਂ ਲਿਖਦਾ, ਖੁਆਬੀ ਨਹੀਂ ਲਿਖਦਾ, ਹਕੀਕਤ ਨੂੰ ਕਾਗਜ਼ ‘ਤੇ ਉਤਾਰਨ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਇਕ ਪੱਤਰਕਾਰ ਹੁੰਦਿਆਂ ਸਮਾਜ ਵਿਚ ਵਾਪਰ ਰਹੇ ਸਾਰੇ ਵਰਤਾਰਿਆਂ ਨੂੰ ਜਿਸ ਤਰੀਕੇ ਨਾਲ ਦੇਖਦਾ ਹਾਂ, ਮਹਿਸੂਸ ਕਰਦਾ ਹਾਂ, ਉਸ ਸੰਵੇਦਨਾ ਨੂੰ ਕਵਿਤਾ ਦੇ ਰੂਪ ਵਿਚ ਪੇਸ਼ ਕਰਨ ਦਾ ਯਤਨ ਕੀਤਾ ਹੈ।”
ਦੀਪਕ ਨੇ ਆਖਿਆ ਕਿ ਮੈਂ ਜੋ ਕੁਝ ਵੀ ਹਾਂ ਉਸ ਪਿੱਛੇ ਮੇਰੇ ਪਿਤਾ ਸ੍ਰੀ ਗੰਗਾ ਪ੍ਰਸਾਦ ਸ਼ਰਮਾ ਦੇ ਸਿਧਾਂਤ, ਨਿਯਮ ਤੇ ਅਸੂਲ ਹੀ ਕੰਮ ਆਏ ਹਨ। ਉਨ੍ਹਾਂ ਇਸ ਕਿਤਾਬ ਲਈ ਅਤੇ ਜੀਵਨ ਵਿਚ ਸਾਥ ਦੇਣ ਵਾਲਿਆਂ ਦਾ ਧੰਨਵਾਦ ਕਰਦਿਆਂ ਸੁਰਜੀਤ ਪਾਤਰ, ਰਣਬੀਰ ਰਾਣਾ ਤੇ ਪੰਜਾਬੀ ਲੇਖਕ ਸਭਾ ਦਾ ਧੰਨਵਾਦ ਕਰਨ ਦੇ ਨਾਲ ਨਾਲ ਕਿਤਾਬ ਦੇ ਪ੍ਰਕਾਸ਼ਕ ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਸਦਕਾ ਉਨ੍ਹਾਂ ਦੇ ਵਲਵਲਿਆਂ ਨੂੰ ਕਿਤਾਬ ਦਾ ਰੂਪ ਮਿਲ ਸਕਿਆ। ਇਸ ਮੌਕੇ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਸਿਰੀਰਾਮ ਅਰਸ਼ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ।
ਜ਼ਿਕਰਯੋਗ ਹੈ ਕਿ ਕਵਿਤਾਵਾਂ ਦੇ ਖੇਤਰ ਵਿਚ ਸ਼ਾਇਦ ਇਹ ਪਹਿਲੀ ਪੰਜਾਬੀ ਅਜਿਹੀ ਕਿਤਾਬ ਹੋਵੇਗੀ, ਜਿਹੜੀ ਗਲੇਜ਼ ਪੇਪਰ ਉਤੇ ਰੰਗਦਾਰ ਛਪੀ ਹੋਵੇ ਅਤੇ ਹਰ ਪੰਨੇ ‘ਤੇ ਕਵਿਤਾ ਦਾ ਬਿੰਬ ਪੇਸ਼ ਕਰਦੀ ਰੰਗੀਨ ਤਸਵੀਰ ਅਤੇ ਸਕੈੱਚ ਲੱਗਾ ਹੋਵੇ।
ਸਮਾਗਮ ਦੌਰਾਨ ਉਘੇ ਸਮਾਜ ਸੇਵੀ ਅਤੇ ਯੂਨੀਅਨ ਲੀਡਰ ਕ੍ਰਿਸ਼ਨ ਲਾਲ ਨੇ ਲੇਖਕ ਦੇ ਪਿਤਾ ਨਾਲ ਆਪਣੀ ਸਾਂਝ ਦਾ ਜ਼ਿਕਰ ਕਰਦਿਆਂ ਉਹਨਾਂ ਲੇਖਕ ‘ਤੇ ਆਪਣੇ ਪਿਤਾ ਦੇ ਪ੍ਰਭਾਵਾਂ ਦਾ ਉਲੇਖ ਵੀ ਕੀਤਾ ਤੇ ਇਸ ਮੌਕੇ ਕ੍ਰਿਸ਼ਨ ਲਾਲ ਦੀ ਅਗਵਾਈ ਵਿਚ ਚਨਾਰਥਲ ਕਲਾਂ ਦੇ ਨੁਮਾਇੰਦਿਆਂ ਵਲੋਂ ਅਤੇ ਇੰਝ ਹੀ ਨੰਗਲ ਦੀ ਲੇਖਕ ਸਭਾ ਨੇ ਗੁਰਪ੍ਰੀਤ ਗਰੇਵਾਲ ਦੀ ਅਗਵਾਈ ਵਿਚ ਦੀਪਕ ਚਨਾਰਥਲ ਦਾ ਸਨਮਾਨ ਵੀ ਕੀਤਾ।
ਸਮਾਗਮ ਦੇ ਅੰਤ ਵਿਚ ਲੇਖਕ ਸਭਾ ਦੇ ਸਾਬਕਾ ਪ੍ਰਧਾਨ ਜਨਕ ਰਾਜ ਨੇ ਸਾਰਿਆਂ ਦਾ ਧੰਨਵਾਦ ਕੀਤਾ। ਜਦੋਂਕਿ ਮੰਚ ਸੰਚਾਲਨ ਦੀ ਭੂਮਿਕਾ ਬਲਕਾਰ ਸਿੰਘ ਸਿੱਧੂ ਨੇ ਨਿਭਾਈ। ਇਸ ਮੌਕੇ ਵੱਡੀ ਗਿਣਤੀ ‘ਚ ਪੱਤਰਕਾਰਾਂ, ਕਵੀਆਂ, ਚਿੰਤਕਾਂ ਤੇ ਬੁੱਧੀਜੀਵੀਆਂ ਤੋਂ ਇਲਾਵਾ ‘ਕੌਮਾਂਤਰੀ ਅੰਮ੍ਰਿਤਸਰ ਟਾਈਮਜ਼’ ਅਖਬਾਰ ਦੇ ਸੰਪਾਦਕ ਦਲਜੀਤ ਸਿੰਘ ਸਰਾ, ਸਾਹਿਤਕ ਮੈਗਜ਼ੀਨ ‘ਹੁਣ’ ਦੇ ਸੰਪਾਦਕ ਸੁਸ਼ੀਲ ਦੁਸਾਂਝ, ‘ਸੱਤਿਆ ਸਵਦੇਸ਼’ ਅਖਬਾਰ ਦੇ ਸੀਓਓ ਰਾਕੇਸ਼ ਸ਼ਰਮਾ, ਗੁਰਪ੍ਰੀਤ ਗਰੇਵਾਲ, ਇੰਦਰਪਾਲ ਸਿੰਘ ਟਿਵਾਣਾ, ਕ੍ਰਿਸ਼ਨ ਲਾਲ, ਅਤੇ ਐਮ.ਸੀ. ਵਿਨੋਦ ਕੁਮਾਰ ਵੀ ਹਾਜ਼ਰ ਸਨ।
ਇਨ੍ਹਾਂ ਦਾ ਕਰਜ਼ਦਾਰ ਹਾਂ : ਦੀਪਕ ਚਨਾਰਥਲ
ਆਪਣੇ ਜੀਵਨ ਵਿਚ ਸਾਥ ਨਿਭਾਉਣ ਵਾਲਿਆਂ ਦਾ ਜ਼ਿਕਰ ਕਰਦਿਆਂ ਦੀਪਕ ਸ਼ਰਮਾ ਚਨਾਰਥਲ ਨੇ ਆਖਿਆ ਕਿ ਮੈਨੂੰ ਆਪਣੇ ਪਿਤਾ ਵਿਚ ਜਿੱਥੇ ਰੱਬ ਦੇ ਦਰਸ਼ਨ ਹੁੰਦੇ ਹਨ, ਉਥੇ ਮੈਂ ਜ਼ਿੰਦਗੀ ਵਿਚ ਪੰਜ ਅਨਮੋਲ ਹੀਰੇ ਵੀ ਕਮਾਏ ਹਨ, ਜਿਨ੍ਹਾਂ ਵਿਚ ਡਾ. ਡੀ.ਪੀ. ਸਿੰਘ, ਜਸਵੀਰ ਸਿੰਘ ਸ਼ਮੀਲ, ਇੰਦਰਪਾਲ ਸਿੰਘ ਟਿਵਾਣਾ, ਰਾਕੇਸ਼ ਸ਼ਰਮਾ ਤੇ ਖੁਸ਼ਹਾਲ ਲਾਲੀ। ਉਹਨਾਂ ਕਿਹਾ ਕਿ ਮੈਂ ‘ਅਜੀਤ’ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ ਦੀ ਸਾਦਗੀ ਤੋਂ ਮੈਨੂੰ ਪ੍ਰੇਰਨਾ ਮਿਲਦੀ ਹੈ। ਕਿਤਾਬ ਤਿਆਰ ਕਰਨ ਤੇ ਛਾਪਣ ਲਈ ਸਹਿਯੋਗ ਦੇਣ ਖਾਤਰ ਜਿੱਥੇ ਉਹਨਾਂ ਮੀਡੀਆ ਲਹਿਰ, ਚੰਡੀਗੜ੍ਹ ਅਤੇ ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ ਦਾ ਧੰਨਵਾਦ ਕੀਤਾ, ਉਥੇ ਉਹਨਾਂ ਆਖਿਆ ਕਿ ਮੇਰੇ ਇਸ ਪਲੇਠੇ ਕਾਵਿ ਸੰਗ੍ਰਹਿ ‘ਤੂਫਾਨ’ ਨੂੰ ਛਪਾਉਣ ਵਿਚ ਜੇਕਰ ਸਾਡੇ ਲੋਕ ਅਖਬਾਰ ਦੇ ਸੰਪਾਦਕ ਸਤਨਾਮ ਸਿੰਘ ਖਾਲਸਾ, ਪਰਵਾਸੀ ਅਖਬਾਰ ਅਤੇ ਰੇਡੀਓ ਦੇ ਮਾਲਕ ਰਜਿੰਦਰ ਸੈਣੀ ਤੇ ਮੇਰੇ ਦੋਸਤ ਜੰਗਬਹਾਦਰ ਸਿੰਘ ਜੰਗੀ ਆਪਣਾ ਸਹਿਯੋਗ ਨਾ ਦਿੰਦੇ ਤਾਂ ਇਹ ਕਿਤਾਬ ਸ਼ਾਇਦ ਛਪ ਹੀ ਨਾ ਪਾਉਂਦੀ। ਦੀਪਕ ਨੇ ਆਖਿਆ ਕਿ ਮੈਂ ਇਨ੍ਹਾਂ ਸਭ ਸ਼ਖ਼ਸੀਅਤਾਂ ਦਾ ਕਰਜ਼ਦਾਰ ਰਹਾਂਗਾ।
Converted from
The post ਨੌਜਵਾਨ ਪੱਤਰਕਾਰ ਤੇ ਸ਼ਾਇਰ ਦੀਪਕ ਸ਼ਰਮਾ ਦੇ ਕਾਵਿ ਸੰਗ੍ਰਹਿ ‘ਤੂਫ਼ਾਨ’ ਦੀ ਘੁੰਡ ਚੁਕਾਈ appeared first on Quomantry Amritsar Times.