ਪੁਰਾਣੀ ਯਾਦ : ਲਗਭਗ 15 ਵਰ੍ਹੇ ਪਹਿਲਾਂ ਅਪਣੀ ਅਮਰੀਕਾ ਫੇਰੀ ਦੌਰਾਨ ਕੈਲੀਫੋਰਨੀਆਂ ਦੇ ਫਰਿਜ਼ਨੋਂ ਸ਼ਹਿਰ ਵਿੱਚ ਲੇਖਕ ਜਗਜੀਤ ਸਿੰਘ ਥਿੰਦ ਦੇ ਅਪਾਰਟਮੈਂਟ ਦੇ ਬਾਹਰਵਾਰ ਹੋਰਨਾਂ ਸੱਜਣ ਪਿਆਰਿਆਂ ਨਾਲ ਨਜ਼ਰ ਆ ਰਹੇ ਹਨ ਜਗਦੇਵ ਸਿੰਘ ਜੱਸੋਵਾਲ।
ਕੈਲੀਫੋਰਨੀਆਂ ‘ਚ ਪੰਜਾਬੀਆਂ ਦੀ ਭਰਵੀਂ ਵਸੋਂ ਵਾਲੇ ਫਰਿਜ਼ਨੋਂ ਇਲਾਕੇ ਵਿੱਚ ਮਾਂ ਬੋਲੀ ਪੰਜਾਬੀ ਦੀ ਵਰ੍ਹਿਆਂ ਤੋਂ ਸੇਵਾ ਕਰਦੇ ਆ ਰਹੇ ਸ. ਜਗਜੀਤ ਸਿੰਘ ਥਿੰਦ ਜਾਣਪਛਾਣ ਦੇ ਮੁਥਾਜ ਨਹੀਂ। ਬਹੁਤ ਵਰ੍ਹੇ ਪਹਿਲਾਂ ਇੱਥੇ ਆ ਕੇ ਵਸਣ ਤੋਂ ਪਹਿਲਾਂ ਉਨ੍ਹਾਂ ਨੇ ਪੰਜਾਬ ‘ਚ ਲੋਕ ਨੁਮਾਇੰਦੇ ਵਜੋਂ ਅਪਣੇ ਪਿੰਡ ਅਤੇ ਜਗਰਾਉਂ ਇਲਾਕੇ ਵਿੱਚ ਕਈ ਸਰਾਹੁਣਯੋਗ ਕੰਮ ਕੀਤੇ। ਸ. ਥਿੰਦ ਵਲੋਂ ਫਰਿਜ਼ਨੋਂ ਇਲਾਕੇ ਦੇ ਨਾਮੀ ਸਕੂਲ ਵਿੱਚ ਪੰਜਾਬੀ ਲਾਇਬ੍ਰੇਰੀ ਦੀ ਸਥਾਪਨਾ ਦਾ ਕਾਰਜ ਕਿਸੇ ਆਵਾਸੀ ਵਲੋਂ ਕੀਤਾ ਬੜਾ ਵੱਡਾ ਅਤੇ ਵਿਲੱਖਣ ਕਾਰਜ ਹੈ। ਪੰਜਾਬੀ ਅਮਰੀਕਨ ਪੱਤਰਕਾਰੀ ਵਿੱਚ ਸਤਿਕਾਰਤ ਥਾਂ ਰੱਖਣ ਵਾਲੇ ਸ. ਥਿੰਦ ਨੇ ਇਸਤੋਂ ਇਲਾਵਾ ਗਦਰੀ ਬਾਬਿਆਂ ਸਬੰਧੀ ਅਹਿਮ ਲੇਖ ਲਿਖੇ ਹਨ। ‘ਕੌਂਮਾਂਤਰੀ ਅੰਮ੍ਰਿਤਸਰ ਟਾਈਮਜ਼’ ਨੂੰ ਸ.ਜਗਜੀਤ ਸਿੰਘ ਥਿੰਦ ਵਲੋਂ ਲਗਾਤਾਰ ਦਿੱਤੇ ਜਾ ਰਹੇ ਸਹਿਯੋਗ ਦਾ ਮਾਣ ਹੈ। ਪੇਸ਼ ਹੈ ਉਨ੍ਹਾਂ ਵਲੋਂ ਅਪਣੇ ਜਿਗਰੀਯਾਰਾਂ ਜਿਹੇ ਸ. ਜਗਦੇਵ ਸਿੰਘ ਜੱਸੋਵਾਲ ਦੀ ਯਾਦ ਵਿੱਚ ਲਿਖੇ ਸ਼ਰਧਾਂਜਲੀਨੁਮਾ ਇਹ ਸ਼ਬਦ- ਸੰਪਾਦਕ
ਅਲਵਿਦਾ ਕਹਿ ਗਿਆ ਮਿੱਤਰ ਪਿਆਰਾ
ਜਗਜੀਤ ਸਿੰਘ ਥਿੰਦ (ਫੋਨ : 559-846-3809)
ਕੁਝ ਦਿਨ ਪਹਿਲਾਂ ”ਹਮਾਂ ਬਾਰਾਂ ਵਹਿਸ਼ਤ ਤੇ ਹਮਾਂ ਬਾਰਾਂ ਦੋਜ਼ਖ” ਦੀ ਸੋਚ ਦੇ ਧਾਰਨੀ ਅਲੋਪ ਹੋ ਰਹੀ ਪੰਜਾਬੀ ਵਿਰਾਸਤ ਨੂੰ ਜੀਵਨ ਰੱਖਣ ਲਈ ਸਮਰਪਿਤ ਬਹੁ ਪੱਖੀ ਸ਼ਖਸ਼ੀਅਤ ਸ੍ਰੀ ਜਗਦੇਵ ਸਿੰਘ ਜੱਸੋਵਾਲ ਉਨ੍ਹਾਂ ਦੇ ਪਰਿਵਾਰ ਤੇ ਉਨ੍ਹਾਂ ਦੀ ਮਿਕਨਾਤੀਸੀ ਖਿੱਚ ਨਾਲ ਜੁੜੇ ਹਜ਼ਾਰਾਂ ਨਿਕਟੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਏ। ਉਨ੍ਹਾਂ ਦੀ ਅਣ ਕਿਆਸੀ ਸਦੀਵੀਂ ਵਿਦਾਇਗੀ ਦੀ ਸੱਟ ਨਾਲ ਨਾ ਤਾਂ ਕਲਮ ਕੁਝ ਲਿਖਣ ਲਈ ਤਿਆਰ ਸੀ ਨਾ ਹੀ ਮਨ ਸਥਿਰ ਸੀ। ਉਨ੍ਹਾਂ ਸਬੰਧੀ ਸ਼ਰਧਾ ਦੇ ਫੁੱਲ ਭੇਂਟ ਕਰਨ ਦੀ ਕੋਤਾਹੀ ਵੀ ਨਹੀਂ ਕਰ ਸਕਦਾ ਸੀ। ਉਨ੍ਹਾਂ ਦੀ ਸਰਬ ਪੱਖੀ ਮਹਾਨ ਵਿਅਕਤੀਤਵ ਦਾ ਇੰਨਾ ਪਸਾਰਾ ਸੀ ਜਿਸਦਾ ਮੁਲਆਂਕਣ ਕਲਮਾਂ ਦੀ ਸਮਰੱਥਾ ਤੋਂ ਬਾਹਰ ਹੈ। ਉਨ੍ਹਾਂ ਆਪਣੇ ਜੀਵਨ ਦੇ ਅੱਠ ਦਹਾਕੇ ਮਾਂ ਬੋਲੀ ਪੰਜਾਬੀ ਲਈ ਦੁਖੀ ਜਨਤਾ ਦੇ ਦੁੱਖ ਹਰਨ ਅਤੇ ਅੰਤਲੇ ਸਮੇਂ ਦੁੱਖ ਭੋਗ ਦੇ ਪੰਜਾਬੀ ਲੇਖਕਾਂ ਦੇ ਸਹਾਰਾ ਬਣ ਕੇ ”ਖੁਸ਼ ਰਹੋ ਅਹਿਲੇ ਵਤਨ ਹਮ ਤੋਂ ਸਫ਼ਰ ਕਰਤੇ ਹਾਂ” ਦੀ ਅਸੀਸ ਦੇ ਗਏ।
ਵੱਖੋ ਵੱਖ ਵਿਸ਼ਿਆ ਵਿਚ ਉੱਚ ਵਿਦਿਆ ਦੀ ਪ੍ਰਾਪਤੀ ਕਰਕੇ ਉਹ ਪੰਜਾਬ ਦੀ ਰਾਜਨੀਤੀ ਵਿਚ ਆਏ ਪਰ ਇਸਦੇ ਗੰਧਲਿਆਂ ਪਾਣੀਆਂ ਵਿਚੋਂ ਕੰਵਲ ਫੁੱਲ ਵਾਗੂੰ ਵਿਚਰੇ ਅਤੇ ਮੁਰਗਾਬੀ ਵਾਗੂੰ ਅਭਿੱਜ ਬੇ ਦਾਗ ਪਰਾਂ ਨਾਲ ਹਮੇਸ਼ਾ ਲਈ ਉਡਾਰੀ ਮਾਰ ਗਏ। ਰਾਜਨੀਤੀ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੇ ਬਾਵਜੂਦ ਉਹ ਮੂਲ ਰੂਪ ਵਿੱਚ ਪੰਜਾਬ ਦੇ ਛੇਵੇਂ ਦਰਿਆ ਸ੍ਰੀ ਮਹਿੰਦਰ ਸਿੰਘ ਰੰਧਾਵਾ ਵਲੋਂ ਪੁਰਾਤਨ ਪੰਜਾਬੀ ਸਭਿਅਤਾ ਨੂੰ ਜੀਵਤ ਰਖਣ ਲਈ ਸਿਰਜੇ ਮਾਰਗ ਦੇ ਪਾਂਧੀ ਬਣੇ ਜੋ ਮਗਰੋਂ ਕਾਫਲੇ ਦਾ ਰੂਪ ਧਾਰਗਿਆ ਜਿਸ ਤੇ ਆਖਰੀ ਦਮ ਤੱਕ ਤੁਰਦੇ ਰਹੇ।
ਇਸ ਤੋਂ ਪਹਿਲਾਂ ਕੁਝ ਪੰਜਾਬੀ ਸਾਹਿਤਕਾਰਾ ਨੇ ਪੰਜਾਬੀ ਵਿਰਸੇ ਸਬੰਧੀ ਵੱਡਮੁਲਾ ਸਾਹਿਤ ਰਚਿਆ ਜਿਨ੍ਹਾਂ ਵਿਚੋਂ ਗਿਆਨੀ ਗੁਰਦਿੱਤ ਸਿੰਘ ਦੀ ਪੁਸਤਕ ‘ਮੇਰਾ ਪਿੰਡ’ ਬੇਮਿਸਾਲ ਦੇਣ ਹੈ। ਗਿਆਨੀ ਗੁਰਦਿੱਤ ਸਿੰਘ ਦੀ ਇਸ ਪਹਿਲ ਕਦਮੀ ਤੋਂ ਬਾਅਦ ਕੁਝ ਹੋਰ ਸਾਹਿਤਕਾਰਾਂ ਨੇ ਵੀ ਵੱਡਮੁੱਲਾ ਯੋਗਦਾਨ ਪਾਇਆ ਹੈ। ਵਰਤਮਾਨ ਸਮੇਂ ਪੁਰਾਤਨ ਪੰਜਾਬੀ ਵਿਰਸੇ ਦੇ ਵੱਖ ਵੱਖ ਪਹਿਲੂਆਂ ਉੱਤੇ ਸ. ਹਰਕੇਸ਼ ਸਿੰਘ ਕਹਿਲ ਨੇ ਕੋਈ ਡੇਢ ਦਰਜਨ ਪੁਸਤਕਾਂ ਦਾ ਸੰਸਕਾਰਨ ਕਰਕੇ ਇਕ ਮੀਲ ਪੱਥਰ ਗੱਡ ਦਿਤਾ ਹੈ। ਬੜੇ ਹੀ ਅਫਸੋਸ ਨਾਲ ਕਹਿਣਾ ਪੈਂਦਾ ਹੈ। ਸ੍ਰੀ ਕਹਿਲ ਦੀ ਇਸ ਬੇ ਮਸਾਲ ਦੇਣ ਲਈ ਨਾ ਕਿਸੇ ਸੰਸਥਾ ਤੇ ਨਾ ਹੀ ਸਰਕਾਰ ਨੇ ਮਾਣਤਾ ਦਿੱਤੀ ਹੈ।
ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਸੈਮਹਿੰਦਰ ਸਿੰਘ ਰੰਧਾਵਾ ਵਲੋਂ ਪੰਜਾਬ ਖੇਤੀ ਬਾੜੀ ਯੂਨੀਵਰਸਿਟੀ ਲੁਧਿਆਣੇ ਵਿਚ ਪੁਰਾਤਨ ਪੰਜਾਬੀ ਵਿਰਸੇ ਦੀਆਂ ਅਲੋਪ ਹੋ ਰਹੀਆਂ ਵਸਤਾਂ ਦਾ ਅਜਾਇਬ ਘਰ ਦੀ ਸਥਾਪਤੀ ਲਾਮਿਸਾਲ ਦੇਣ ਹੈ। ਸ੍ਰੀ ਜੱਸੋਵਾਲ ਨੇ ਸ੍ਰੀ ਰੰਧਾਵਾ ਦੇ ਨਕਸ਼ੇ ਕਦਮ ਤੇ ਚਲਦੇ ਹੋਏ ਲੁਧਿਆਣੇ ਵਿਖੇ ਵਿਰਾਸਤੀ ਭਵਨ ਦਾ ਨਿਰਮਾਣ ਕਰਕੇ ਵੱਡ ਮੁੱਲਾ ਯੋਗਦਾਨ ਪਾਇਆ ਹੈ। ਇਸ ਤੋਂ ਪਹਿਲਾਂ ਕ੍ਰਿਸ਼ਨ ਕੁਮਾਰ ਬਾਵੇ ਵੱਲੋਂ ਪਿੰਡ ਰਕਬਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਸਥਾਪਤੀ ਵਿਚ ਡੱਟ ਕੇ ਸਾਥ ਦਿੱਤਾ ਹੈ।
ਰਾਏਕੋਟ ਨਜ਼ਦੀਕ ਕੋਈ ਬਾਰਾਂ ਏਕੜ ਜ਼ਮੀਨ ਵਿਚ ਨਹਿਰੀ ਕੋਠੀ, ਜੋ ਮਹਾਰਾਜਾ ਦਲੀਪ ਸਿੰਘ ਦੀ ਪੰਜਾਬ ਦੀ ਧਰਤੀ ਤੇ ਆਖਰੀ ਕਿਆਮ ਰਾਹਾਂ ਚੋਂ ਸੀ, ਨੂੰ ਉਸੇ ਰੂਪ ਵਿਚ ਸੁਰੱਖਣ ਵਿਚ ਸ੍ਰੀ ਜੱਸੋਵਾਲ ਦਾ ਵੱਡਾ ਉਪਰਾਲਾ ਹੈ। ਬੱਸੀਆਂ ਪਿੰਡ ਵਿਚ ਸਥਿਤ ਇਹ ਇਤਿਹਾਸਕ ਨਹਿਰੀ ਆਰਾਮ ਘਰ ਅੰਗਰੇਜਾਂ ਦਾ ਮਿਲਟਰੀ ਅੱਡਾ ਸੀ ਅਤੇ ਇਸੇ ਅਸਥਾਨ ਤੇ ਰਾਏਕੋਟ ਬੁੱਚੜਾਂ ਨੂੰ ਕਤਲ ਕਰਨ ਸਬੰਧੀ ਕੂਕਿਆਂ ਨੂੰ ਫਾਂਸੀ ਤੇ ਲਟਕਾਇਆ ਗਿਆ ਸੀ। ਉਪਰੋਕਤ ਪ੍ਰੋਜੈਕਟ ਸਰਕਾਰੀ ਮਦਦ ਨਾਲ ਨੇਪਰੇ ਚੜ੍ਹਣ ਦੇ ਨੇੜੇ ਹੈ।
ਸ੍ਰੀ ਜੱਸੋਵਾਲ ਨੇ ਕੋਈ ਡੇਢ ਦਰਜਨ ਸਾਲ ਪਹਿਲਾਂ ਪੰਜਾਬੀ ਦੇ ਨਾਮਵਰ ਸ਼ਾਇਰ ਪ੍ਰੋ. ਮੋਹਣ ਸਿੰਘ ਦੀ ਯਾਦ ਵਿਚ ਮੇਲਾ ਆਰੰਭ ਕੀਤਾ ਸੀ ਜਿਸਦਾ ਪਾਸਾਰ ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਹੋਰ ਥਾਵਾਂ ਤੱਕ ਹੋ ਚੁੱਕਾ ਹੈ। ਇਸ ਮੌਕੇ ਪੰਜਾਬੀ ਸਾਹਿਤਕਾਰਾਂ ਦੇ ਸਰਕਾਰਾਂ ਵੱਲੋਂ ਅਣ ਗੌਲੇ ਸਾਹਿਤਕਾਰਾਂ ਤੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਅਜਿਹੇ ਹੀ ਇਕ ਮੇਲੇ ਮੌਕੇ ਇਨਕਲਾਬੀ ਲੋਕ ਕਵੀ ਸੰਤ ਰਾਮ ਉਦਾਸੀ ਨੂੰ ਸਿੱਕਿਆਂ ਨਾਲ ਤੋਲਦੇ ਮੈਂ ਆਪਣੀ ਅੱਖੀਂ ਵੇਖਿਆ ਹੈ।
ਇਕ ਮਹਾਨ ਸ਼ਖਸ਼ੀਅਤ ਪਿੱਛੇ ਇਕ ਔਰਤ ਦਾ ਵੱਡਾ ਯੋਗਦਾਨ ਹੁੰਦਾ ਹੈ ਉਹ ਸਨ ਉਨ੍ਹਾਂ ਦੀ ਧਰਮ ਪਤਨੀ ਸਰਦਾਰਨੀ ਸੁਰਜੀਤ ਕੌਰ। ਮਾਲਵੇ ਦੀ ਧੁੰਨੀ ਸੰਗਰੂਰ ਜ਼ਿਲ੍ਹੇ ਦੇ ਧਨੌਲਾ ਕਸਬੇ ਦੇ ਨਜ਼ਦੀਕ ਪਿੰਡ ਧੂੜਕੋਟ ਦੀ ਜੰਮਪਲ ਨੇ ਗਰੇਵਾਲਾਂ ਦੇ ਗ੍ਰਹਿ ਪ੍ਰਵੇਸ਼ ਕਰਨ ਮਗਰੋਂ ਵੀ ਵਿਰਸੇ ਵਿਚ ਮਿਲੀ ਲੰਗਰ ਪ੍ਰਿਤ ਨੂੰ ਜੀਵਨ ਰਖਿਆ। ਲੱਸੀ, ਦਹੀ, ਸਾਗ, ਮੱਕੀ ਦੀ ਰੋਟੀ ਦਾ ਲੰਗਰ ਸਵੇਰ ਤੋਂ ਸ਼ਾਮ ਤਕ ਵਰਤਦਾ ਰਹਿੰਦਾ ਸੀ। ਸਰਦਾਰਨੀ ਸੁਰਜੀਤ ਕੌਰ ਨੇ ਸ੍ਰੀ ਜੱਸੋਵਾਲ ਨੂੰ ਘਰੇਲੂ ਜੁੰਮੇਵਾਰੀਆਂ ਤੋਂ ਮੁਕਤ ਰਖਿਆ। ਇਸ ਵੇਹਲ ਕਰਕੇ ਜੱਸੋਵਾਲ ਨੇ ਅਨੇਕਾ ਬੇ ਸਹਾਰਾ ਤੇ ਦੁਖੀ ਜਨਤਾ ਦੇ ਦੁਖੀਆਂ ਦੀ ਸ਼ਿਕਾਇਤਾਂ ਦਾ ਨਿਬੇੜਾ ਕਰਵਾ ਕੇ ਭ੍ਰਿਸ਼ਟ ਰਾਜਸੀ ਤੇ ਨੌਕਰਸ਼ਾਹੀ ਦੇ ਜਾਲ ਵਿਚੋਂ ਕਢਿਆ।
ਮੇਰੀ ਉਨ੍ਹਾਂ ਨਾਲ ਪਹਿਲੀ ਮੁਲਾਕਾਤ ਸੰਨ 1980 ਵਿਚ ਹੋਈ ਜਦੋਂ ਉਹ ਰਾਏਕੋਟ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਟਿੱਕਟ ਤੇ ਚੋਣ ਲੜਣ ਲਈ ਮੈਦਾਨ ਵਿਚ ਆਏ। ਪਿੰਡ ਦਾ ਸਰਪੰਚ ਹੋਣ ਨਾਤੇ ਆਪਣੇ ਹਮਾਇਤੀਆਂ ਨਾਲ ਮੇਰੀ ਹਮਾਇਤ ਲਈ ਮੇਰੇ ਘਰ ਪਧਾਰੇ। ਉਨ੍ਹਾਂ ਦਾ ਮੁਕਾਬਲਾ ਤਲਵੰਡੀ ਅਕਾਲੀ ਘਰਾਣੇ ਨਾਲ ਸੀ। ਉਨ੍ਹਾਂ ਸਾਡੇ ਵਿਹੜੇ ਮੰਜਿਆਂ Àੁੱਤੇ ਬੈਠੇ ਪਿੰਡ ਦੇ ਪਤਵੰਤਿਆਂ ਨੂੰ ਮਦਦ ਦੀ ਅਪੀਲ ਕੀਤੀ। ਮੈਂ ਉਠ ਕੇ ਉਨ੍ਹਾਂ ਨੂੰ ਪੂਰਨ ਮਦਦ ਦਾ ਯਕੀਨ ਦਿਵਾਇਆ ਅਤੇ ਦੁੱਖ ਸੁੱਖ ਸਮੇਂ ਸਾਥ ਦੇ ਦੀ ਅਪੀਲ ਕੀਤੀ। ਉਨ੍ਹਾਂ ਮੇਰੀ ਅਪੀਲ ਦੀ ਬਚਨਵੱਧਤਾ ਆਖਰੀ ਸ਼ਾਹਾਂ ਤਕ ਨਿਭਾਈ। ਵਿਧਾਨ ਸਭਾ ਕਾਰਜ ਕਾਲ ਸਮੇਂ ਆਪਣੇ ਵਿਧਾਨਕਾਰੀ ਕੋਟੇ ਚੋਂ ਪਿੰਡ ਦੇ ਪ੍ਰਾਇਰਮੀ ਸਕੂਲ ਨੂੰ ਅਪਗਰੇਡ ਕਰਕੇ ਮਿੱਡਲ ਦਾ ਦਰਜਾ ਦਿਵਾਇਆ ਜੋ ਹੁਣ ਹਾਈ ਸਕੂਲ ਦਾ ਦਰਜਾ ਧਾਰਕੇ ਕਾਮਯਾਬੀ ਨਾਲ ਚਲ ਰਿਹਾ ਹੈ। ਇਸ ਤੋਂ ਬਗੈਰ ਪਿੰਡ ਵਿਚ ਪਸ਼ੂ ਡਿਸਪੈਂਸਰੀ ਖੋਲ੍ਹੀ। ਸ੍ਰੀ ਦਰਬਾਰਾ ਸਿੰਘ ਚੀਫ ਮਨਿਸਟਰ ਨੂੰ ਪਿੰਡ ਸਦ ਕੇ ਗੱਦਰ ਲਹਿਰ ਦੇ ਮਹਾਨ ਸ਼ਹੀਦ ਜਗਤ ਸਿੰਘ ਦਾ ਬੁਤ ਮੇਨ ਸੜਕ ਤੇ ਸਥਾਪਤ ਕੀਤਾ।
ਇਕ ਵਾਰ ਮੈਨੂੰ ਚੌਧਰੀ ਦਰਸ਼ਨ ਸਿੰਘ ਚੇਅਰਮੈਨ ਮੰਡੀ ਬੋਰਡ ਕੋਲ ਕੰਮ ਪੈ ਗਿਆ। ਚੌਧਰੀ ਸਾਹਿਬ ਸਖ਼ਤ ਸੁਭਾਅ ਦੇ ਸਿਆਸਤਦਾਨ ਸਨ ਅਤੇ ਗੱਲਬਾਤ ਦੌਰਾਨ ਕਿਸੇ ਨੂੰ ਪੱਲਾ ਨਹੀਂ ਫੜਾਉਂਦੇ ਸਨ। ਮੈਂ ਸ੍ਰੀ ਜੱਸੋਵਾਲ ਸਾਹਿਬ ਨਾਲ ਦਫ਼ਤਰ ਅੰਦਰ ਵੜੇ ਤਾਂ ਉਨ੍ਹਾਂ ‘ਜੱਗਾ ਜੰਮਿਆ ਤੇ ਮਿਲਣ ਵਧਾਈਆਂ’ ਨਾਲ ਸੁਆਗਤ ਕੀਤਾ। ਜੱਸੋਵਾਲ ਸਾਹਿਬ ਕਹਿਣ ਲੱਗੇ ਕਿ ਚੌਧਰੀ ਸਾਹਿਬ ਭਾਵੇਂ ਮੈਨੂੰ ਅੱਜ ਸ਼ਹਿਨਸ਼ਾਹ ਕਹਿ ਲਓ ਪਰ ‘ਜੱਗੇ ਜੱਟ’ ਨੇ ਤਾਂ ਕੰਮ ਕਰਵਾ ਕੇ ਹੀ ਮੁੜਨਾ ਹੈ। ਸੋ ਚੌਧਰੀ ਸਾਹਿਬ ਨੂੰ ਆਪਣੇ ਸੁਵਿਚ ਨਰਮੀ ਲਿਆ ਕੇ ਸਾਡਾ ਕੰਮ ਕਰ ਕੇ ਹੀ ਵਾਪਸ ਮੋੜਿਆ।
ਇਕ ਵਾਰ ਸਾਡੇ ਨਜ਼ਦੀਕੀ ਕੈਨੇਡਾ ਵਿਚ ਰਹਿੰਦੇ ਰਿਸ਼ਤੇਦਾਰ ਦੇ ਲੁਧਿਆਣਾ ਸ਼ਹਿਰ ਵਿਚ ਖਰੀਦੇ ਪਲਾਟ ਤੇ ਕਿਸੇ ਨੇ ਨਾਜ਼ਾਇਜ ਕਬਜ਼ਾ ਕਰ ਕੇ ਘਰ ਦੀ ਉਸਾਰੀ ਕਰ ਦਿੱਤੀ। ਅਸੀਂ ਆਪਣੇ ਤੌਰ ਇਸ ਕਬਜ਼ੇ ਸੰਬੰਧੀ ਸਬੰਧਤ ਮਹਿਕਮੇ ਤੇ ਪੁਲਿਸ ਕੋਲ ਗਏ ਪਰ ਸਾਡੀਆਂ ਸ਼ਿਕਾਇਤਾਂ ਕਿਸੇ ਨਾ ਸੁਣੀਆ। ਅਖੀਰ ਜੱਸੋਵਾਲ ਸਾਹਿਬ ਦਾ ਆਸਰਾ ਲੈਣਾ ਪਿਆ ਤੇ ਕਾਫ਼ੀ ਹੱਦ ਤੱਕ ਕਾਮਯਾਬੀ ਹੋਈ। ਇਸ ਕਾਰਜ ਤੇ ਸਾਡਾ ਇਕ ਪੈਸਾ ਵੀ ਖਰਚ ਨਹੀਂ ਹੋਇਆ। ਉਪਰਲੀਆਂ ਇਕ ਦੋ ਕੰਮਾਂ ਤੇ ਵਗੈਰਾ ਮੇਰੇ ਤੇ ਹੋਰ ਨਿਕਟੀਆਂ ਦੇ ਕਾਫੀ ਕੰਮ ਧੰਦਿਆਂ ਵਿਚ ਸਹਾਇਤਾ ਕੀਤੀ ਤੇ ਰਿਸ਼ਵਤੀ ਕਰਪਟ ਨੌਕਰਸ਼ਾਹੀ ਪ੍ਰਬੰਧ ਤੋਂ ਖਹਿੜਾ ਛਡਾਇਆ।
ਸੰਨ 1998 ਵਿਚ ਮੇਰਾ ਸਾਰਾ ਪਰਿਵਾਰ ਕੈਲੀਫੋਰਨੀਆ ਅਮਰੀਕਾ ਵਿਚ ਆ ਵਸਿਆ ਅਤੇ ਪਰਿਵਾਰ ਦੇ ਇਕ ਜੀਅ ਨੂੰ ਕੰਮ ਮਿਲਣ ਤੇ ਅਸੀਂ ਮੇਰੀ ਧੀ ਦੇ ਘਰੋਂ ਕਿਰਾਏ ਦੇ ਅਪਾਰਟਮੈਂਟ ਵਿਚ ਆ ਗਏ। ਅਪਾਰਟਮੈਂਟ ਵਿਚ ਦੋ ਛੋਟੇ ਕਮਰੇ, ਰਸੋਈ, ਇਕ ਬਾਥਰੂਮ ਤੇ ਬੈਠਣ ਉਠਣ ਵਾਲਾ ਕਮਰਾ ਸੀ।
ਅਖਬਾਰਾਂ ਵਿਚ ਖ਼ਬਰ ਪੜ੍ਹੀ ਕਿ ਜੱਸੋਵਾਲ ਸਾਹਿਬ ਇਥੇ ਕੈਲੀਫੋਰਨੀਆ ਆਏ ਹੋਏ ਹਨ। ਮੈਂ ਰਿਹਾਇਸ਼ ਦੀ ਤੰਗੀ ਕਾਰਨ ਉਨ੍ਹਾਂ ਨੂੰ ਸੱਦਣ ਲਈ ਜੱਕੋ-ਤੱਕੀ ਵਿਚ ਪੈ ਗਿਆ। ਆਖਰ ਦਿਲ ਨੂੰ ਪੱਕਾ ਕਰ ਕੇ ਟੈਲੀਫੋਨ ਤੇ ਸੱਦਾ ਪੱਤਰ ਦੇ ਦਿੱਤਾ। ਜੋ ਉਨ੍ਹਾਂ ਪ੍ਰਵਾਨ ਕਰ ਲਿਆ। ਉਹ ਆਪਣੇ ਇਕ ਰਿਸ਼ਤੇਦਾਰ ਨਾਲ ਦੂਜੇ ਦਿਨ ਸਾਡੇ ਕੋਲ ਆ ਗਏ। ਸ਼ਾਮ ਦੀ ਚਾਹ ਪਾਣੀ ਛਕਣ ਪਿੱਛੋਂ ਪੰਜ ਰਤਨੀ ਦਾ ਦੌਰ ਅਤੇ ਪੁਰਾਣੀਆਂ ਗੱਲਾਂ ਬਾਤਾਂ ਦਾ ਦੌਰ ਚਲਦਾ ਰਿਹਾ। ਪ੍ਰਸਾਦਾ ਛਕਣ ਤੋਂ ਬਾਅਦ ਪਰਿਵਾਰ ਦੇ ਤਿੰਨਾਂ ਮੰਜਿਆਂ ਵਿਚੋਂ ਦੋ ਉਨ੍ਹਾਂ ਲਈ ਤਿਆਰ ਕੀਤੇ ਹੋਏ ਸਨ। ਸਾਡੀ ਬੇਨਤੀ ਅਪ੍ਰਵਾਨ ਕਰਦੇ ਹੋਏ ਉਸੇ ਜਗਹ ਫਰਸ਼ ਤੇ ਵਿਛਾਏ ਗੱਦਿਆ ਤੇ ਸੌ ਗਏ।
ਸਵੇਰੇ ਉਠ ਕੇ ਚਾਹ ਪੀਂਦਿਆਂ ਸਮੇਂ ਮੈਨੂੰ ਕਹਿਣ ਲੱਗੇ ਕਿ ਰਾਤ ਬੜੇ ਹੀ ਆਰਾਮ ਨਾਲ ਕੱਟੀ। ਮੇਰੇ ਪਰਿਵਾਰ ਦੇ ਮੈਂਬਰ ਹੈਰਾਨ ਰਹਿ ਗਏ ਤੇ ਇਸ ਤਰ੍ਹਾਂ ਮਹਿਸੂਸ ਕੀਤਾ ਕਿ ਘਰੇ ਕੋਈ ਪ੍ਰਾਹੁਣਾ ਆਇਆ ਹੀ ਨਹੀਂ। ਸਵੇਰੇ ਨਾਸ਼ਤੇ ਵੇਲੇ ਮੈਂ ਆਪਣੇ ਕੁਝ ਨਜ਼ਦੀਕੀ ਦੋਸਤਾਂ ਨੂੰ ਘਰ ਸਦ ਕੇ ਸਾਡੇ ਮਾਣਯੋਗ ਪ੍ਰਾਹੁਣੇ ਨਾਲ ਮਿਲਾਇਆ ਤੇ ਇਕ ਯਾਦਗਾਰੀ ਫੋਟੋ ਲਈ ਜੋ ਸਾਡੇ ਗੈਸਟ ਰੂਮ ਵਿਚ ਲੱਗੀ ਹੋਈ ਹੈ।
ਸੰਨ 2005 ਵਿਚ ਅਸੀਂ ਆਪਣੀ ਪੋਤਰੀ ਤੇ ਪੋਤਰੇ ਦਾ ਵਿਆਹ ਕਰਨ ਲਈ ਪੰਜਾਬ ਗਏ ਤੇ ਮੁੱਖ ਸਮਾਗਮ ਲੁਧਿਆਣੇ ਸੀ। ਮੈਂ ਜੱਸੋਵਾਲ ਸਾਹਿਬ ਨੂੰ ਸੱਦਾ ਪਤਰ ਦੇਣ ਗਿਆ ਤੇ ਉਹ ਪਿੱਠ ਦਰਦ ਨਾਲ ਬਿਸਤਰੇ ਵਿੱਚ ਪਏ ਹੋਏ ਸਨ। ਮੈਂ ਉਨ੍ਹਾਂ ਨੂੰ ਅਜਿਹੀ ਹਾਲਤ ਸਮਾਗਮ ਵਿਚ ਨਾ ਆਉਣ ਦੀ ਬੇਨਤੀ ਕੀਤੀ ਜੋ ਅਪ੍ਰਵਾਨ ਕਰ ਦਿੱਤੀ। ਉਹ ਉਸੇ ਹਾਲਤ ਵਿਚ ਵਿਆਹ ਰਸਮਾਂ ਵਿਚ ਸ਼ਾਮਲ ਹੋਏ। ਸੱਦਾ ਪੱਤਰ ਦੇਣ ਗਏ ਨੂੰ ਪਿਛਲੇ ਸਮੇਂ ਵਾਗੂੰ ਮੈਨੂੰ ਕੁਝ ਪੁਸਤਕਾਂ ਦਿੱਤੀਆਂ ਜੋ ਅਜੇ ਤੱਕ ਸਾਂਭੀਆਂ ਪਈਆਂ ਹਨ। ਉਹ ਮੇਰੀ ਪੁਸਤਕ ਪਿਆਰਤਾ ਦੇ ਕਦਰਦਾਨ ਸਨ।
ਕਈ ਦਫਾ ਉਨ੍ਹਾਂ ਦੇ ਗ੍ਰਹਿ ਵਿਖੇ ਜਾਣ ਸਮੇਂ ਆਪਣੇ ਜੀਵਨ ਨਾਲ ਸਬੰਧਤ ਹਾਸ ਰਸੀ ਗੱਲਾਂ ਬਾਤਾਂ ਦੀ ਛਹਿਬਰ ਲਾ ਦਿੰਦੇ ਸਨ। ਇਕ ਵਾਰੀ ਉਨ੍ਹਾਂ ਦੱਸਿਆ ਕਿ ਜਦੋਂ ਉਹ ਗੁਰਨਾਮ ਸਿੰਘ ਚੀਫ਼ ਮਨਿਸਟਰ ਦੇ ਰਾਜਸੀ ਸਕੱਤਰ ਹੁੰਦੇ ਸਨ ਤਾਂ ਉਨ੍ਹਾਂ ਨੂੰ ”ਆਰਡਰ ਆਫ਼ ਬਾਥ” ਅਖਤਿਆਰ ਮਿਲਿਆ ਹੋਇਆ ਸੀ। ਜਦੋਂ ਮੈਂ ਉਨ੍ਹਾਂ ਤੋਂ ਇਸ ਦਾ ਮਤਲਬ ਪੁਛਿਆ ਤਾਂ ਕਹਿਣ ਲਗੇ ਕਿ ਕੋਈ ਜ਼ਰੂਰੀ ਸੰਦੇਸ਼ ਨਹਾਉਂਦੇ ਸਮੇਂ ਬਾਥ ਰੂਮ ਵਿਚ ਦੇ ਸਕਦਾ ਸੀ।
”ਮੈਨੂੰ ਅੱਗੇ ਵੀ ਜਲਦੀ ਜਾਣ ਦੀ ਕਾਹਲ ਹੈ”
ਸ੍ਰੀ ਜੱਸੋਵਾਲ ਪਿਛਲੇ ਸਾਲ ਅਕਤੂਬਰ ਦੇ ਪਹਿਲੇ ਹਫਤੇ ਕੈਲੇਫੋਰਨੀਆ ਦੇ ਸ਼ਹਿਰ ਲੈਥਰੌਪ ਵਿਖੇ ਪੱਤਰਕਾਰ ਜਸਵੰਤ ਸਿੰਘ (ਸੈਦੋਕੇ) ਸ਼ਾਦ ਕਰਵਾਏ ਪ੍ਰੋ. ਮੋਹਣ ਸਿੰਘ ਮੇਲੇ ਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਆਏ। ਮੈਂ ਅਖਬਾਰਾਂ ਵਿਚ ਇਸ ਖ਼ਬਰ ਬਾਰੇ ਪੜਿਆ ਤਾਂ ਉਨ੍ਹਾਂ ਦੀ ਚੰਗੀ ਸਿਹਤ ਨਾ ਹੋਣ ਕਰ ਕੇ ਇਥੇ ਆਉਣ ਬਾਰੇ ਯਕੀਨ ਨਾ ਆਇਆ। ਮੈਂ ਉਨ੍ਹਾਂ ਦੇ ਕੁਝ ਨਿਕਟੀਆਂ ਤੋਂ ਇਸ ਖ਼ਬਰ ਦੀ ਤਸਦੀਕ ਕਰੀ ਤਾਂ ਸਭ ਨੇ ਕਿਹਾ ਕਿ ਉਨ੍ਹਾਂ ਦਾ ਸਿਹਤ ਬਨਾ ਤੇ ਆਉਣਾ ਮੁਸ਼ਕਲ ਹੈ। ਜਦੋਂ ਮੈਂ ਉਨ੍ਹਾਂ ਦੀ ਇਸ ਸਮਾਗਮ ਵਿਚ ਸ਼ਮੂਲੀਅਤ ਦੀ ਖ਼ਬਰ ਪੜ੍ਹੀ ਤਾਂ ਉਨ੍ਹਾਂ ਨੂੰ ਨਾ ਮਿਲਣ ਲਈ ਬਹੁਤ ਪਛਤਾਇਆ। ਮੈਂ ਫੌਰਨ ਅਸ਼ੋਕ ਭੋਰਾ ਜੀ ਨਾਲ ਫੋਨ ਤੇ ਗੱਲ ਕੀਤੀ ਤਾਂ ਉਨ੍ਹਾਂ ਦਸਿਆ ਕਿ ਉਹ ਪੰਜਾਬ ਦੇ ਸਾਬਕਾ ਮੰਤਰੀ ਮਲਕੀਅਤ ਸਿੰਘ ਦਾਖਾ ਨਾਲ ਕਾਰ ਵਿਚ ਦੇਸ਼ ਵਾਪਸੀ ਲਈ ਹਵਾਈ ਅੱਡੇ ਵਲ ਸਫ਼ਰ ਤੇ ਹਨ। ਮੈਂ ਦਾਖਾ ਸਾਹਿਬ ਤੇ ਫੋਨ ਤੇ ਗੱਲ ਕੀਤੀ ਤਾਂ ਉਨ੍ਹਾਂ ਮੇਰੀ ਜੱਸੋਵਾਲ ਨਾਲ ਗੱਲ ਕਰਵਾ ਦਿੱਤੀ। ਪਹਿਲਾਂ ਮੈਂ ਉਨ੍ਹਾਂ ਨੂੰ ਇਥੇ ਨਾ ਮਿਲਣ ਤੇ ਮੁਆਫ਼ੀ ਮੰਗੀ ਤੇ ਕੁਝ ਮਿੰਟ ਹੋਰ ਗੱਲਾਂ ਬਾਤਾਂ ਕੀਤੀਆਂ ਪਰ ਉਨ੍ਹਾਂ ਦੀ ਆਵਾਜ਼ ਥਿੜਕਦੀ ਸੀ। ਅਖੀਰ ਮੈਨੂੰ ਸੰਬੋਧਨ ਕਰਦੇ ਹੋਏ ਕਹਿਣ ਲੱਗੇ ”ਹੁਣ ਦੇਸ਼ ਦੀ ਕਾਹਲ ਹੈ ਅਤੇ ਉਥੋਂ ਅਗੇ ਬੀ ਜਲਦੀ ਜਾਣ ਦੀ ਕਾਹਲ ਹੈ।” ਉਨ੍ਹਾਂ ਦੇ ਸਦੀਵੀਂ ਵਿਛੋੜੇ ਤੋਂ ਬਾਅਦ ਸੋਚਿਆ ਕਿ ਉਨ੍ਹਾਂ ਦਾ ਇਸ ਫਾਨੀ ਸੰਸਾਰ ਤੋਂ ਕੂਚ ਕਰਨ ਦਾ ਸੁਪਨਾ ਪਹਿਲਾ ਚਿੱਤਵਿਆ ਹੋਇਆ ਸੀ ਜੋ ਸਾਕਾਰ ਕਰ ਗਏ। ਅਖੀਰ ਵਿਚ ਗੁਰਭਜਨ ਸਿੰਘ ਗਿੱਲ ਨਾਲ ਸੰਪਰਕ ਕਰਕੇ ਲੁਧਿਆਣੇ ਦੇ ਦਿਆ ਨੰਦ ਹਸਪਤਾਲ ਵਿਚ ਉਨ੍ਹਾਂ ਨਾਲ ਟੈਲੀਫੋਨ ਤੇ ਗੱਲਾਂ ਕਰਨ ਦਾ ਮੌਕਾ ਮਿਲਿਆ। ਇਸ ਤੋਂ ਮਗਰੋਂ ਕਾਫ਼ੀ ਯਤਨ ਕੀਤੇ ਪਰ ਸੰਪਰਕ ਨਾ ਹੋ ਸਕਿਆ। ਹੁਣ ਤਾਂ ਇਨ੍ਹਾਂ ਤੁਕਾਂ ਨਾਲ ਹੀ ਸਬਰ ਕਰਨਾ ਪੈਂਦਾ ਹੈ ”ਮਿੱਟੀ ਨਾ ਫਰੋਲ ਜੋਗੀਆ ਨਹੀਂ ਲਭਣੇ ਲਾਲ ਗੁਆਚੇ।”
ਜੱਸੋਵਾਲ ਸਾਹਿਬ ਦੀ ਗੁਣਾਂ ਨਾਲ ਲਬਰੇਜ਼ ਸਖ਼ਸ਼ੀਅਤ ‘ਚ ਇੰਨੀ ਮਿਕਨਾਤੀਸੀ ਖਿੱਚ ਤੇ ਅਪਣਤ ਸੀ ਕਿ ਜਿਹੜਾ ਵੀ ਵਿਅਕਤੀ ਉਨ੍ਹਾਂ ਦੇ ਇਕ ਵਾਰ ਸੰਪਰਕ ਵਿਚ ਆਇਆ ਉਹ ਉਨ੍ਹਾਂ ਨੂੰ ਆਪਣਾ ਸਭ ਤੋਂ ਨਜ਼ਦੀਕੀ ਸਮਝਦਾ ਸੀ। ਸੁਨਣ ਵਿਚ ਆਇਆ ਕਿ ਕੁਝ ਵਿਰੋਧੀ ਉਨ੍ਹਾਂ ਦੀ ਛਤਰ ਛਾਇਆ ਹੇਠ ਵਧੇ ਫੁੱਲੇ ਲੋਕ ਗਾਇਕਾਂ ਦੀ ਲੱਚਰ ਗਾਇਕੀ ਸਿੱਖਾਂ ਦੇ ਕਤਲੋਆਮ ਵੇਲੇ ਸਭਿਆਚਾਰ ਮੇਲੇ ਲਾਉਣ ਤੇ ਨੁਕਤਾਚੀਨੀ ਕਰਦੇ ਸਨ। ਹਰ ਇਕ ਮਾਂ ਬਾਪ ਆਪਣੇ ਬੱਚਿਆਂ ਦੇ ਚੰਗੇ ਆਚਰਨ ਤੇ ਉੱਚ ਵਿਦਿਆ ਦਾ ਚਾਹਵਾਨ ਹੁੰਦਾ ਹੈ ਪਰ ਕਈ ਜਵਾਨੀ ਵੇਲੇ ਉਨ੍ਹਾਂ ਦੀ ਸੋਚ ਤੇ ਪੂਰੇ ਨਹੀਂ ਉਤਰਦੇ। ਪੰਜਾਬ ਦੇ ਦੁਖਾਂਤ ਸਮੇਂ ਪੰਜਾਬੀ ਦੇ ਸਭਿਆਚਾਰਕ ਮੇਲੇ ਕਰਵਾ ਕੇ ਦੁਖੀ ਜਨਤਾ ਨੂੰ ਮਾਨਸਿਕ ਸਹਾਰਾ ਦੇ ਕੇ ਕੁਝ ਪਲਾਂ ਲਈ ਡੂੰਘੇ ਦਰਦਾਂ ਤੋਂ ਨਿਜ਼ਾਤ ਦਵਾਈ। ਕੁਝ ਲੋਕ ਜਿੰਨਾ ਹਰਮੰਦਰ ਸਾਹਿਬ ਦੇ ਹਮਲੇ ਤੇ ਸਿੱਖਾਂ ਦੇ ਕਤਲੋਆਮ ਵੇਲੇ ਮਠਿਆਈਆ ਵੰਡੀਆਂ ਅਨ ਉਹ ਅਜੋਕੀ ਸਰਕਾਰ ਨਾਲ ਭਾਈਵਾਲੀ ਪਾ ਕੇ ਰਾਜ ਭੋਗ ਰਹੇ ਹਨ। ਇਕ ਜ਼ਬਰ ਦੇ ਖਿਲਾਫ਼ ਦੁਖੀ ਜਨਤਾ ਦੀ ਮਦਦ ਕਾਰਨ ਦੂਜੀ ਧਿਰ ਦਾ ਨਾਰਾਜ਼ ਹੋ ਜਾਣਾ ਕੁਦਰਤੀ ਹੈ।
ਮੈਂ ਤਾਂ ਜਗਦੇਵ ਸਿੰਘ ਜੱਸੋਵਾਲ ਬਾਰੇ ਆਪਣੇ ਪਿਛਲੇ ਲੇਖ ਵਿਚ ਉਨ੍ਹਾਂ ਦੀ ਉਮਰ ਦਰਾਜ਼ੀ ਦੀ ਦੁਆ ਕੀਤੀ ਸੀ ਪਰ ਪ੍ਰਮਾਤਮਾ ਨੂੰ ਆਪਣੇ ਕੋਲ ਸਦਣ ਦੀ ਕਾਹਲ ਸੀ। ਆਖੀਰ ਮਾਂ ਪਿਉ ਦਾ ਗੁਰੋਂ ਤੇ ਮਿੱਤਰਾਂ ਪਿਆਰਿਆਂ ਦੇ ਜਗਦੇਵ ਸਿੰਘ ਜੱਸੋਵਾਲ ਆਪਣੇ ਗੁਣਾਂ ਦੇ ਚਾਨਣ ਦੇ ਛੱਟੇ ਦਿੰਦੇ ਅਤੇ ਆਪਣੇ ਵਿਅਕਤਵ ਦੀ ਖੁਸਬੋ ਦਾ ਪਸਾਰਾ ਸਿਰਜ ਕੇ ਸਾਨੂੰ ਸਦੀਵੀਂ ਅਲਵਿਦਾ ਕਹਿ ਗਏ।
”ਮੇਰੀ ਹਵਾ ਮੇ ਰਹੇਗੀ ਖਿਆਲੋ ਕੀ ਖੁਸ਼ਬੋ
ਜੇ ਮਸ਼ਤਿ ਖਾਕ ਹੈ ਫਾਨੀ ਰਹੇ ਨਾ ਰਹੇ।”
The post ਪੰਜਾਬੀ ਵਿਰਾਸਤ ਨੂੰ ਜੀਵਤ ਰੱਖਣ ਲਈ ਸਮਰਪਿਤ ਬਹੁ ਪੱਖੀ ਸਖ਼ਸ਼ੀਅਤ ਜਗਦੇਵ ਸਿੰਘ ਜੱਸੋਵਾਲ ਨਾਲ ਬਿਤਾਏ ਪਲਾਂ ਦੀਆਂ ਕੁਲ ਅੱਭੁਲ ਯਾਦਾਂ appeared first on Quomantry Amritsar Times.