ਕਰਮਜੀਤ ਸਿੰਘ (99150-91063)
‘ਲਾਲੀ ਬਾਬਾ’ ਕਰਕੇ ਸਤਿਕਾਰੇ ਤੇ ਪਿਆਰੇ ਜਾਣ ਵਾਲੇ ਰੰਗਲੇ ਸੱਜਣ ਅਤੇ ਹਰ ਦਿਲ ਨੂੰ ਜਿੱਤਣ ਵਾਲੇ ਹਰਦਿਲਜੀਤ ਸਿੰਘ ਸਿੱਧੂ ਹੁਣ ਸਾਡੇ ਵਿਚ ਨਹੀਂ ਰਹੇ। ਉਨ੍ਹਾਂ ਦੀ ਸ਼ਖਸੀਅਤ ਨੂੰ ਬਿਆਨ ਕਰਨ ਲਈ ਘੱਟੋ ਘੱਟ ਲਫਜ਼ ਤੁਹਾਡਾ ਸਾਥ ਨਹੀਂ ਦੇਣਗੇ ਕਿਉਂਕਿ ਸੁਕਰਾਤ ਵਾਂਗ ਉਨ੍ਹਾਂ ਨੇ ਕੁਝ ਨਹੀਂ ਲਿਖਿਆ। ਉਨ੍ਹਾਂ ਨੇ ਸਿਰਫ਼ ਗੱਲਾਂ ਕੀਤੀਆਂ ਹਨ ਅਤੇ ਗੱਲਾਂ ਵੀ ਏਨੀਆਂ ਉੱਚੀਆਂ, ਏਨੀਆਂ ਵੱਡੀਆਂ ਅਤੇ ਏਨੀਆਂ ਸਾਰੀਆਂ ਕੀਤੀਆਂ ਹਨ ਕਿ ਸੁਣਨ ਵਾਲਿਆਂ ਦੀਆਂ ਤਿੰਨ ਪੀੜ੍ਹੀਆਂ ਨੇ ਆਪਣੇ ਦਿਲਾਂ ਵਿਚ ਸਾਂਭੀਆਂ ਹੋਈਆਂ ਹਨ। ਸੱਚ ਤਾਂ ਇਹ ਹੈ ਕਿ ਉਸ ਨੇ ਕਰਨੀ ਵਾਲੇ ਲੋਕਾਂ ਦੀ ਦਾਸਤਾਨ ਨੂੰ ਆਪਣੀ ਕਥਨੀ ਵਿਚ ਕੁਝ ਇਸ ਅੰਦਾਜ਼ ਵਿਚ ਪੇਸ਼ ਕੀਤਾ ਕਿ ਦੋਵਾਂ ਹਕੀਕਤਾਂ ਦਾ ਖੂਬਸ਼ੂਰਤ ਮਿਲਾਪ ਕਰ ਦਿੱਤਾ। ਸੁਕਰਾਤ ਨੂੰ ਪਲੈਟੋ ਮਿਲ ਗਿਆ ਸੀ ਅਤੇ ਚੰਗੇ ਭਾਗਾਂ ਨੂੰ ਸੈਮੁਅਲ ਜਾਹਨਸਨ ਨੂੰ ਜੇਮਜ਼ ਬੌਸ ਟੱਕਰ ਗਿਆ ਸੀ, ਪਰ ਸਾਡੇ ਲਾਲੀ ਬਾਬੇ ਨੂੰ ਢੁਕਵੇਂ ਸ਼ਬਦਾਂ ਵਿਚ ‘ਗ੍ਰਿਫ਼ਤਾਰ’ ਕਰਨ ਵਾਲਾ ਕੋਈ ਨਹੀਂ ਮਿਲਿਆ, ਕੋਈ ਨਹੀਂ ਨਿਤਰਿਆ। ਇਹ ਉਸ ਮਹਾਨ ਵਿਰਸੇ ਦੇ ਮਹਾ ਨਾਇਕ ਨਾਲ ਇਕ ਤਰ੍ਹਾਂ ਦਾ ਵਿਸ਼ਵਾਸਘਾਤ ਹੀ ਸਮਝੋ ਜਿਸ ਨੇ ਪੰਜਾਬ ਨੂੰ ‘ਸ਼ਬਦ ਦੇ ਲੜ ਲਾਇਆ ਸੀ।
ਕੁਲਵੰਤ ਗਰੇਵਾਲ ਨੇ ਲਾਲੀ ਬਾਬੇ ਦੇ ਜਿਉਂਦਿਆਂ ਹੀ ਲਾਲੀ ਬਾਬੇ ਉਤੇ ਇਕ ਕਵਿਤਾ ਲਿਖੀ ਜਿਸ ਵਿਚ ਉਸ ਨੂੰ ‘ਮਜਲਿਸ ਦਾ ਈਮਾਨ’ ਕਿਹਾ ਸੀ। ਉਹ ਇਕ ਨੇਕ, ਸਾਉ ਅਤੇ ਰੱਬ ਤੋਂ ਡਰਨ ਵਾਲੇ ਜਗੀਰਦਾਰ ਦਾ ਪੁੱਤਰ ਸੀ ਜਿਸ ਬਾਰੇ ਕਿਹਾ ਜਾਦਾ ਹੈ ਕਿ ਸੰਨ 1947 ਦੀ ਵੰਡ ਸਮੇਂ ਉਸ ਨੇ ਕਈ ਮੁਸਲਮਾਨ ਲੜਕੀਆਂ ਨੂੰ ਬਚਾ ਕੇ ਆਪਣੇ ਘਰ ਰੱਖਿਆ, ਧੀਆਂ ਵਾਂਗ ਪਾਲਿਆ ਅਤੇ ਫਿਰ ਪਾਕਿਸਤਾਨ ਵਿਚ ਮੁਸਲਮਾਨਾਂ ਨਾਲ ਉਨ੍ਹਾਂ ਦੇ ਵਿਆਹ ਕੀਤੇ। ਲਾਲੀ ਬਾਬੇ ਨੂੰ ਮਜਲਿਸ ਦਾ ਸਿੰਕਹਿ ਲਓ, ਮਜਲਿਸ ਦਾ ਹੁਸੀਨ ਸੱਚ ਕਹਿ ਲਓ ਜਾਂ ਗੁਰਬਾਣੀ ਦੇ ਮੁਹਾਵਰੇ ਵਿਚ ‘ਰੰਗਲਾ ਸੱਜਣ’ ਆਖ ਲਓ ਜੋ ਸਾਹਿਤ, ਕਲਚਰ, ਰਾਜਨੀਤੀ, ਦਰਸ਼ਨ, ਕਲਾ, ਖੇਡਾਂ, ਥੀਏਟਰ, ਫਿਲਮਾਂ ਅਤੇ ਧਰਮਾਂ ਉੱਤੇ ਜਦੋਂ ਗੱਲਾਂ ਕਰ ਰਿਹਾ ਹੁੰਦਾ ਤਾਂ ਇਉਂ ਲੱਗਦਾ ਸੀ ਜਿਵੇਂ ਇਕ ਰਸਭਿੰਨੀ ਕਵਿਤਾ ਨਿੱਕੀ ਨਿੱਕੀ ਕਣੀ ਵਾਂਗ ਤੁਹਾਡੇ ਅੰਦਰ ਸਿੰਜੀ ਜਾ ਰਹੀ ਹੋਵੇ। ਜੀਵਨ ਦੇ ਵੱਖ ਵੱਖ ਵਿਸ਼ਿਆਂ ਬਾਰੇ ਉਸ ਦਾ ਵਿਸ਼ਾਲ ਗਿਆਨ ਤੇ ਡੂੰਘੀ ਅਤੇ ਹੈਰਾਨ ਕਰ ਦੇਣ ਵਾਲੀ ਪਕੜ ਤੁਹਾਨੂੰ ਕੇਵਲ ਜਾਣਕਾਰੀ ਹੀ ਨਹੀਂ ਸੀ ਦਿੰਦੀ ਸਗੋ ਇਕ ਵੱਖਰੀ ਰੋਸ਼ਨੀ ਨਾਲ ਮਾਲਾਮਾਲ ਵੀ ਕਰਦੀ ਸੀ। ਉਸ ਨੂੰ ਸੁਣਨਾ ਹੀ ਆਪਣੇ ਆਪ ਵਿਚ ਵਿੱਦਿਆ ਹਾਸ਼ਲ ਕਰਨਾ ਸੀ। ਉਸ ਨੇ ਸੁਣਨ ਵਾਲਿਆਂ ਦੀ ਇਕ ਵੱਡੀ ਜਮਾਤ ਖੜ੍ਹੀ ਕਰ ਦਿੱਤੀ ਜਿਸ ਦੇ ਧੁਰ ਅੰਦਰ ਪੜ੍ਹਨ, ਸੋਚਣ ਅਤੇ ਮਹਿਸੂਸ ਕਰਨ ਦਾ ਸ਼ੌਕ ਪੈਦਾ ਹੋ ਗਿਆ। ਡਾਕਟਰ ਗੁਰਭਗਤ ਸਿੰਘ, ਨਵਤੇਜ ਭਾਰਤੀ, ਗੁਰਬਖਸ਼ ਸਿੰਘ ਸੋਚ, ਸਤਿੰਦਰ ਨੂਰ, ਡਾਕਟਰ ਦਲੀਪ ਕੌਰ ਟਿਵਾਣਾ, ਸੋਮਤੀ ਰੰਚਨ, ਕੁਲਵੰਤ ਗਰੇਵਾਲ, ਡਾਕਟਰ ਮਨਜੀਤਇੰਦਰ ਸਿੰਘ ਵਰਗੇ ਰਸਿਕ ਚਿੰਤਕਾਂ ਅਤੇ ਵਿਦਵਾਨਾਂ ਦੀ ਮਹਿਫ਼ਲ ਦਾ ਉਹ ‘ਸਮਸਤੁਲ ਜ਼ੁ ਸੀ ਜੋ ਕਦੇ ਪੰਜਾਬੀ ਯੂਨੀਵਰਸਿਟੀ ਕਾਫ਼ੀ ਹਾਉਸ ਵਿਚ ਮਹਿਫ਼ਲ ਸਜਾ ਰਿਹਾ ਹੁੰਦਾ ਸੀ ਅਤੇ ਜਾਂ ਕਿਸੇ ਰੁੱਖ ਹੇਠ ਉਸ ਦਾ ਡੇਰਾ ਲੱਗਾ ਹੁੰਦਾ। ਇਉਂ ਲੱਗਦਾ ਸੀ ਜਿਵੇਂ ਟੈਗੋਰ ਦੇ ਸ਼ਾਂਤੀ ਨਿਕੇਤਨ ਦੀ ਸਿਰਜ਼ਣਾ ਹੋ ਰਹੀ ਹੋਵੇ। ਉਸ ਨੇ ਰੂਸੀ ਸਾਹਿਤ ਰੱਜ ਕੇ ਪੜ੍ਹਿਆ ਹੋਇਆ ਸੀ ਅਤੇ ਜਰਮਨ ਸਾਹਿਤ ਦੀ ਰੂਹ ਵੀ ਉਸ ਅੰਦਰ ਵਸੀ ਹੋਈ ਸੀ। ਦਾਸਤੋਵਸਕੀ ਸ਼ਾਇਦ ਉਸ ਦੀ ਰੂਹ ਅੰਦਰ ਸਭ ਤੋਂ ਵੱਧ ਘੁਲਿਆ ਮਿਲਿਆ ਸੀ ਅਤੇ ਆਖਦਾ ਹੁੰਦਾ ਸੀ ਕਿ ਦਾਸਤੋਵਸਕੀ ਤੋਂ ਅਗਾਂਹ ਦੀ ਗੱਲ ਕਰਨ ਵਾਲੇ ਵੱਡੇ ਲੇਖਕਾਂ ਨੇ ਅਜੇ ਆਉਂਣਾ ਹੈ। ਨਵਤੇਜ ਭਾਰਤੀ ਨੇ (ਹੁਣ ਕੈਨੇਡਾ ਵਿਚ) 50-55 ਸਫਿਆਂ ਦੀ ਇਕ ਲੰਮੀ ਕਵਿਤਾ ਲਿਖੀ ਜਦ ਕਿ ਸੋਮਤੀ ਰੰਚਨ ਨੇ ਲਾਲੀ ਬਾਬੇ ਤੇ ਅੰਗਰੇਜ਼ੀ ਵਿਚ ਕਵਿਤਾ ਲਿਖ ਕੇ ਉਸ ਦੀ ਮਹਿਮਾ ਕੀਤੀ।
ਲਾਲੀ ਬਾਬੇ ਨੇ ਪੂਰਬ ਤੇ ਪੱਛਮ ਦੀ ਤਰਜ਼-ਏ-ਜ਼ਿੰਦਗੀ ਨੂੰ ਡੂੰਘੀ ਨੀਝ ਅਤੇ ਲੰਮੀ ਨਦਰ ਨਾਲ ਵੇਖਿਆ ਹੋਇਆ ਸੀ। ਇਸ ਲਈ ਦੋ ਵੰਨਗੀਆਂ ਦੀਆਂ ਜੀਵਨ ਸ਼ੈਲੀਆਂ ਨੂੰ ਥਾਂ ਸਿਰ ਰੱਖ ਕੇ ਉਨ੍ਹਾਂ ਬਾਰੇ ਉਹ ਢੁਕਵਾਂ ਤੇ ਨਿਰਪੱਖ ਫੈਸਲਾ ਦੇ ਸਕਦਾ ਸੀ। ਪੂਰਬ ਦੀ ਮਹਾਨਤਾ ਦਾ ਸੰਸਾਰ ਵਿਚ ਲੁਕੇ ਰਹਿਣਾ ਉਸ ਨੂੰ ‘ਜ਼ਖ਼ਮ’ ਵਾਂਗ ਲੱਗਦਾ ਸੀ ਜਦ ਕਿ ਪੱਛਮ ਦੇ ‘ਮਾਣ’ ਵਿਚ ਲੁਕੇ ਹੰਕਾਰ ਅਤੇ ਹਉਮੈ ਨੂੰ ਵੀ ਉਹ ਸਹਿਜ ਨਾਲ ਵੱਖ ਕਰ ਲੈਂਦਾ ਸੀ। ਕੁਲਵੰਤ ਗਰੇਵਾਲ ਨੇ ਲਾਲੀ ਬਾਬਾ ਦੀ ਇਸ ਸਮਝ ਦੇ ਭੇਤ ਨੂੰ ਕੁਝ ਇਸ ਤਰ੍ਹਾਂ ਫੜਿਆ ਸੀ:
ਕੀ ਪੂਰਬ ਦੇ ਜ਼ਖ਼ਮ ਹਨ
ਕੀ ਪੱਛਮ ਦਾ ਮਾਣ
ਦੋਵਾਂ ਵਿਚ ਪਛਾਣਦਾ
ਟੁੱਟੇ ਦਿਲ ਦੀ ਸ਼ਾਨ
ਕਿਹੋ ਜਿਹੇ ਕਿਸਮ ਦਾ ਦਾਨਿਸ਼ਵਰ ਸੀ ਲਾਲੀ ਬਾਬਾ? ਇਕ ਵਿਦਵਾਨ ਉਹ ਹੁੰਦੇ ਹਨ ਜੋ ਸਕੂਲਾਂ ਕਾਲਜਾਂ ਦੇ ਅਧਿਆਪਕਾਂ ਵਿਚੋਂ ਜਨਮ ਲੈਂਦੇ ਹਨ। ਵਿਦਵਾਨਾਂ ਅਤੇ ਬੁੱਧੀਜੀਵੀਆਂ ਦੀ ਇਹ ਕਿਸਮ ਕੁਲ ਮਿਲਾ ਕੇ ਏਹੋਂ ਜਿਹਾ ਵੱਡਾ ਕਲਚਰ ਪੈਦਾ ਨਹੀਂ ਕਰਦੀ ਜੋ ਸਟੇਟ ਦੇ ਕਲਚਰ ਨਾਲ ‘ਦਲੇਰਾਨਾ ਅਸਹਿਮਤੀ’ ਰੱਖਦਾ ਹੋਵੇ ਜਾਂ ਲੋੜ ਪੈਣ ਉਤੇ ਬਾਗ਼ੀਆਨਾ ਸੁਰ ਜਾਂ ਨਾਂਹ ਦਾ ਨਾਅਰਾ ਬੁਲੰਦ ਕਰ ਸਕੇ। ਪਰ ਲਾਲਾ ਬਾਬਾ ਇਹੋਂ ਜਿਹੀ ਵਿਦਵਤਾ ਦੀ ਮੁੱਖ ਧਾਰਾ ਤੋਂ ਲਾਂਭੇ ਲਾਂਭੇ ਹੀ ਰਿਹਾ। ਉਸ ਨੇ ਪੀਐਚ.ਡੀ ਵਰਗੀਆਂ ਡਿਗਰੀਆਂ ਹਾਸਲ ਨਹੀਂ ਸੀ ਕੀਤੀਆਂ ਹਾਲਾਂਕਿ ਉਸ ਦੀਆਂ ਗੱਲਾਂ ਹੀ ਇਹੋ ਜਿਹੀਆਂ ਡਿਗਰੀਆਂ ਤੋਂ ਕਿਤੇ ਵੱਡੀਆਂ ਸਨ। ਉਹ ਮੁੱਖ ਧਾਰਾ ਦਾ ‘ਖਾਮੋਸ਼ ਬਾਗ਼ੀ’ ਸੀ। ਡਾਕਟਰ ਸਵਰਾਜ ਦਾ ਇਹ ਕਹਿਣਾ ਸੀ ਕਿ ਉਹ ਵਿਸ਼ਵ ਦਾ ਨਾਗਰਿਕ ਸੀ ਜਾਂ ਕਿਸੇ ਉਦਾਰਵਾਦ ਯੂਨੀਵਰਸਿਟੀ ਦਾ ਵਾਇਸ ਚਾਂਸਲਰ ਸੀ ਜੋ ਦੁਨੀਆਂ ਦੇ ਵੱਖ ਵੱਖ ਸਭਿਆਚਾਰਾਂ ਦੇ ਮੇਲੇ ਦਾ ਆਨੰਦ ਲੈਂਦਾ ਸੀ। ਪਿਛਲੇ ਸਦੀ ਦੇ ਵੀਹਵਿਆਂ ਵਿਚ ਜੇ ਪੈਰਸ ਦਾ ਕਾਫ਼ੀ ਹਾਊਸ ਵਿਦਵਾਨਾਂ ਦਾ ਮੰਦਰ ਸੀ ਤਾਂ ਸੱਠਵਿਆਂ ਵਿਚ ਇਹੋ ਜਿਹੀ ਵਿਦਵਤਾ ਦੀਆਂ ਕਿਰਨਾਂ ਦਾ ਨਿਘ ਪੰਜਾਬੀ ਯੂਨੀਵਰਸਿਟੀ ਦੇ ਕਾਫ਼ੀ ਹਾਊਸ ਵਿਚ ਮਾਣਿਆ ਜਾ ਸਕਦਾ ਸੀ। ਇਹ ਵੀ ਕਿਹਾ ਜਾ ਸਕਦਾ ਹੈ ਕਿ ਲਾਲੀ ਬਾਬਾ ਪੈਰਸ ਦੇ ਕਾਫ਼ੀ ਹਾਊਸ ਦੇ ਕਲਚਰ ਦਾ ਸੱਚਾ ਸੁੱਚਾ ਨੁਮਾਇੰਦਾ ਸੀ।
ਲਾਲੀ ਬਾਬਾ ਆਪਣੀ ਵਿਦਵਤਾ ਦੇ ਵੰਨ-ਸਵੰਨੇ ਰੰਗਾਂ ਦੀ ਖੁਸ਼ਬੋ ਕਰੀਬ 20-25 ਸਾਲ ਵੰਡਦਾ ਰਿਹਾ। ਸੰਨ 1960 ਤੋਂ ਸੰਨ 1984 ਤੱਕ ਵਿਦਵਤਾ ਦਾ ਇਹ ਜਲੌਅ ਸਿਖਰ ਹੰਢਾ ਕੇ ਹੇਠਾਂ ਵੱਲ ਪਰਤ ਰਿਹਾ ਸੀ। ਮਗਰਲੇ ਦੌਰ ਵਿਚ ਡਾਕਟਰ ਮਨਜੀਤਇੰਦਰ ਸਿੰਘ ਅਤੇ ਗੁਰਦਿਆਲ ਬੱਲ ਨੂੰ ਉਸ ਦੇ ਅਤਿ ਕਰੀਬ ਜਾਣ ਦਾ ਮਾਣ ਹਾਸਲ ਹੋ ਸਕਿਆ। ਮਨਜੀਤਇੰਦਰ ਦਾ ਤਾਂ ਕਹਿਣਾ ਸੀ ਕਿ ਲਾਲੀ ਬਾਬਾ ‘ਜਲ-ਥਲੀਆ’ ਜੀਵ ਸੀ ਜੋ ਧਰਤੀ ਉਤੇ ਅਤੇ ਪਾਣੀ ਦੋਵਾਂ ਥਾਵਾਂ ਵਿਚ ਹੀ ਰਹਿ ਸਕਦਾ ਸੀ ਜਦੋ ਕਿ ਗੁਰਦੇਵ ਚੌਹਾਨ ਦਾ ਆਖਣਾ ਸੀ ਕਿ ਸੁਰਿੰਦਰ ਨੀਰ ਦੇ ਚਰਚਿਤ ਨਾਵਲ ‘ਮਾਇਆ’ ਉਤੇ 40 ਸਫਿਆਂ ਦੀ ਗੁਰਦਿਆਲ ਬੱਲ ਵੱਲੋਂ ਕੀਤੀ ਲੰਮੀ ਟਿੱਪਣੀ ਅਸਲ ਵਿਚ ‘ਮਾਇਆ’ ਦੇ ਬਹਾਨੇ ਲਾਲੀ ਬਾਬੇ ਨੂੰ ਹੀ ਅਸਲ ਸ਼ਰਧਾਂਜਲੀ ਸੀ।
ਹੁਣ ਉਹ ਪੁਰਾਣੀਆਂ ਗੱਲਾਂ ਨਹੀਂ ਰਹੀਆਂ। ਪੰਜਾਬੀ ਯੂਨੀਵਰਸਿਟੀ ਦੇ ਵਿਹੜੇ ਵਿਚ ਹੁਣ ਵੀ ਰੌਣਕਾਂ ਲੱਗਦੀਆਂ ਹਨ ਪਰ ਵੇਖਣ ਵਾਲਿਆਂ ਨੂੰ ਉਨ੍ਹਾਂ ਰੌਣਕਾਂ ਵਿਚ ਇਕ ਸੁੰਝ ਮਸਾਨ ਵੀ ਨਜ਼ਰ ਆਉਂਦੀ ਹੈ। ਜੇ ਇਸ ਵਿਹੜੇ ਵਿਚ ਘੁੰਮਦਿਆਂ ਕਿਸੇ ਗੱਭਰੂ ਜਾਂ ਮੁਟਿਆਰ ਨੂੰ ਲਾਲੀ ਬਾਬੇ ਬਾਰੇ ਪੁੱਛ ਬੈਠੋ ਕਿ ਲਾਲੀ ਬਾਬੇ ਨੂੰ ਜਾਣਨੈ? ਤਾਂ ਉਹ ਜ਼ਿਹਨ ਉਤੇ ਬੜਾ ਜੋਲਾ ਕੇ ਮਸੀਂ ਮਸੀਂ ਇਹੋ ਕਹਿ ਸਕੇਗਾ: ਹਾਂ ਉਸ ਬਾਰੇ ਸੁਣਿਆ ਤਾਂ ਹੈ। ਇਹ ਕਿਸ ਤਰਾਂ੍ਹ ਦੇ ਸਮੇਂ ਹਨ ਜਦੋਂ ਸੁਣਨ ਵਾਲਿਆਂ ਦਾ ਕਾਲ ਪੈ ਗਿਆ ਹੈ। ਦਾਨਿਸਵਰਾਂ ਦੇ ਇਤਿਹਾਸ ਨੂੰ ਇਹੋ ਜਿਹੇ ਚੰਦਰੇ ਦੌਰ ਵੀ ਵੇਖਣੇ ਪੈਂਦੇ ਹਨ।
The post ਲਾਲੀ ਪੁੱਤਰ ਰਾਠ ਦਾ ਮਜਲਿਸ ਦਾ ਈਮਾਨ appeared first on Quomantry Amritsar Times.