ਜਸਵਿੰਦਰ ਨੂੰ ਹਾਲ ਵਿੱਚ ਹੀ ਉਸ ਦੀ ਗ਼ਜ਼ਲਾਂ ਦੀ ਕਿਤਾਬ ‘ਅਗਰਬੱਤੀ’ ਲਈ ਸਾਹਿਤ ਅਕਾਡਮੀ ਦਾ ਇਨਾਮ ਮਿਲਿਆ ਹੈ। ਅਸਲ ਵਿੱਚ ਧੁਖ ਰਹੀ ਇਹ ਅਗਰਬੱਤੀ ਅਕਲ ਦੇ ਉਨ੍ਹਾਂ ਹਿੱਸਿਆਂ ਨੂੰ ਜਗਾਉਂਦੀ ਹੈ ਜਿਸ ਦਾ ਸਿੱਧਾ ਰਿਸ਼ਤਾ ਰੂਹ ਨਾਲ ਜੁੜਿਆ ਹੁੰਦਾ ਹੈ। ਜ਼ਿੰਦਗੀ ਨਾਲ ਡੂੰਘੀ ਮੁਹੱਬਤ ਦੀ ਦਰਦ ਭਰੀ ਦਾਸਤਾਨ ਜਦੋਂ ਇਨ੍ਹਾਂ ਗ਼ਜ਼ਲਾਂ ਦੇ ਲਿਬਾਸ ਵਿੱਚ ਉਤਰਦੀ ਹੈ ਤਾਂ ਤੁਸੀਂ ਕੁਝ ਪਲਾਂ ਲਈ ਆਪਣੇ ਆਪ ਨੂੰ ਸਾਹਿਤ, ਇਤਿਹਾਸ, ਦਰਸ਼ਨ ਅਤੇ ਮਿਥਿਹਾਸ ਦੀ ਕਿਸੇ ਵਗਦੀ ਨਦੀ ਦੇ ਕੰਢੇ ਉੱਤੇ ਖਲੋਤੇ ਮਹਿਸੂਸ ਕਰਦੇ ਹੋ। ਇਸੇ ਦਾਸਤਾਨ ਨੂੰ ਉਹ ‘ਰੂਹ ਦੀ ਲਿਪੀ’ ਦਾ ਨਾਂ ਦਿੰਦਾ ਹੈ ਜਿਸ ਵਿੱਚ ਰੂਹ ਤੇ ਕਲਬੂਤ ਦੇ ਰਿਸ਼ਤੇ ਬਾਰੇ ਕੋਈ ਆਖ਼ਰੀ ਗੱਲ ਕਦੇ ਵੀ ਨਹੀਂ ਕਹੀ ਜਾ ਸਕਦੀ:
ਝਗੜਾ ਰੂਹ ਤੇ ਕਲਬੂਤ ਦਾ ਮੁੱਕਣਾ ਕਿਹੜੇ ਹਾਲ
ਹਰ ਤੱਤ ਇਹੋ ਸਮਝਦਾ ਬੱਸ ਮੈਂ ਹੀ ਹਾਂ ਠੀਕ
ਜਸਵਿੰਦਰ ਦੀਆਂ ਗ਼ਜ਼ਲਾਂ ਦੀ ਨਿਵੇਕਲੀ ਖ਼ਾਸੀਅਤ ਸ਼ਾਇਦ ਇਹੋ ਹੈ ਕਿ ਉਹ ਪੰਜਾਬੀ ਮੁਹਾਵਰੇ ਦੀ ਨੇੜਤਾ ਦਾ ਪੱਲਾ ਕਦੇ ਵੀ ਨਹੀਂ ਛੱਡਦਾ। ਕਈ ਵਾਰ ਇਉਂ ਵੀ ਲੱਗਦਾ ਹੈ ਜਿਵੇਂ ਉਹ ਭੁੱਲੇ-ਚੁੱਕੇ ਗ਼ਜ਼ਲਗੋ ਤਖ਼ਤ ਸਿੰਘ ਨੂੰ ਨਵੇਂ ਅੰਦਾਜ਼ ਵਿੱਚ ਮੁੜ ਸੁਰਜੀਤ ਕਰ ਰਿਹਾ ਹੋਵੇ। ਇਹੋ ਜਿਹੀ ਨਿਰਮਲ ਸਾਦਗੀ ਵਿੱਚ ਆਪਣੀ ਹੀ ਕਿਸਮ ਦੀ ਗਹਿਰਾਈ ਹੈ, ਇੱਕ ਵੱਖਰੀ ਤਰ੍ਹਾਂ ਦਾ ਦਰਦ ਹੈ ਜੋ ਲਗਾਤਾਰ ਤਣਾਅ ਦੀ ਹਾਲਤ ਵਿੱਚ ਰਹਿੰਦਾ ਹੈ। ਤਖ਼ਤ ਸਿੰਘ ਬਾਰੇ ਕਿਹਾ ਜਾਂਦਾ ਹੈ ਕਿ ਉਸ ਨੇ ਪੰਜਾਬੀ ਗ਼ਜ਼ਲ ਨੂੰ ਫ਼ਾਰਸੀ ਦੇ ਸ਼ਬਦਾਂ ਤੋਂ ਮੁਕਤ ਕੀਤਾ ਅਤੇ ਇਸ ਦੀ ਥਾਂ ਠੇਠ ਪੰਜਾਬੀ ਦੇ ਸ਼ਬਦਾਂ ਦੀ ਵਰਤੋਂ ਕਰ ਕੇ ਹੈਰਾਨੀਜਨਕ ਸਫ਼ਲਤਾ ਹਾਸਲ ਕੀਤੀ। ਤਖ਼ਤ ਸਿੰਘ ਅਤੇ ਜਸਵਿੰਦਰ ਦੇ ਇਹ ਸ਼ਿਅਰ ਧਿਆਨ ਦੀ ਮੰਗ ਕਰਦੇ ਹਨ ਜਿੱਥੇ ਦੋਵਾਂ ਵਿੱਚ ਪੰਜਾਬੀ ਮੁਹਾਵਰੇ ਦੇ ਡੂੰਘੇ ਰਹੱਸ ਦੀ ਸਾਂਝ ਹੈ:
ਮਨਾਂ ‘ਚੋਂ ਚੋਰੀਓਂ ਲੰਘਣ ਜੋ ਗੁਪਤ ਪਗਡੰਡੀਆਂ
ਅਸਾਡੀ ਸੂਝ ਦੀ ਹੱਦੋਂ ਕਿਤੇ ਅਗੇਰੇ ਨੇ (ਤਖ਼ਤ ਸਿੰਘ)
ਮਨ ਦੇ ਆਕਾਸ਼ ਵਿਚ, ਕਦੇ ਤਨ ਦੀ ਜ਼ਮੀਨ ‘ਤੇ
ਦੁੱਖ ਸੁੱਖ ਦੇ ਸ਼ਾਹੀ ਕਾਫ਼ਲੇ ਚੱਲਦੇ ਨੇ ਨਾਲ ਨਾਲ (ਜਸਵਿੰਦਰ)
ਸਪੇਨ ਦੇ ਸ਼ਾਇਰ ਜੌਆਨ ਰੋਮੈਨ ਜਿਮੇਨਿਜ਼ (1881-1958) ਦੀ ਇੱਕ ਕਵਿਤਾ ‘ਧਰਤੀ ਵਿੱਚ ਖੁਭੇ ਪੈਰ’ ਅੰਤਰਰਾਸ਼ਟਰੀ ਪ੍ਰਸਿੱਧੀ ਦਾ ਮੁਕਾਮ ਹਾਸਲ ਕਰ ਗਈ ਹੈ। ਸ਼ਾਇਰ ਕਹਿੰਦਾ ਹੈ ਕਿ ਇੱਕ ਪਾਸੇ ਮੇਰੇ ਪੈਰ ਬਹੁਤ ਡੂੰਘੇ ਧਰਤੀ ਵਿੱਚ ਖੁਭੇ ਹੋਏ ਨੇ ਜਦੋਂਕਿ ਦੂਜੇ ਪਾਸੇ ਮੇਰੇ ਖੰਭ ਆਸਮਾਨ ਦੀ ਛੱਤ ਨਾਲ ਛੂਹ ਰਹੇ ਨੇ ਪਰ ‘ਆਦਰਸ਼’ ਅਤੇ ‘ਯਥਾਰਥ’ ਦੀ ਇਹ ਦੂਰੀ ਅਨੰਤ ਪੀੜਾਂ ਦਾ ਪਰਾਗਾ ਲੈ ਕੇ ਮੇਰੇ ਵਿਹੜੇ ਵਿੱਚ ਆਈ ਹੈ। ਜਸਵਿੰਦਰ ਇਹੋ ਜਿਹੇ ਤਣਾਅ ਨੂੰ, ਇਹੋ ਜਿਹੀ ਪੀੜ ਦੇ ਭਾਰ ਨੂੰ ਚੁੱਕਦਾ ਹੈ ਅਤੇ ਇਸ ਪੀੜ ਦੀ ਉਮਰ ਨੂੰ ਜੁਗਾਂ ਜੁਗਾਤਰਾਂ ਤਕ ਲੈ ਗਿਆ ਹੈ:
ਮਿਲਿਆ ਕਿਸੇ ਵੀ ਯੁੱਗ ‘ਚ ਨਾ ਇਕ ਪਲ ਸਕੂਨ ਦਾ
ਖੰਡਰ ਲਏ ਫਰੋਲ ਮੈਂ ਥੇਹਾਂ ਵੀ ਛਾਣੀਆਂ
ਜਾਂ
ਗਰਦਿਸ਼ ‘ਚ ਕਾਇਨਾਤ ਹੈ, ਤਾਰੇ ਨੇ ਬੇਆਰਾਮ
ਹੁੰਦੀਆਂ ਮਹਾਨ ਹਸਤੀਆਂ ਆਖਰ ਨਿਮਾਣੀਆਂ
ਜਸਵਿੰਦਰ ਮਹਾਨ ਅਤੇ ਡੂੰਘੇ ਅਰਥਾਂ ਵਾਲੀ ਕਿਸੇ ਦਾਸਤਾਨ ਨੂੰ ਥੋੜ੍ਹੇ ਜਿਹੇ ਸ਼ਬਦਾਂ ਵਿੱਚ ਕਹਿਣ ਦਾ ਹੁਨਰ ਵੀ ਰੱਖਦਾ ਹੈ। ਇਤਿਹਾਸ ਦੇ ਇੱਕ ਨਿਰਮਲ ਅਤੇ ਦਰਦਨਾਕ ਨਜ਼ਾਰੇ ਵਿੱਚ ਉਹ ਗੁਰੂ ਗੋਬਿੰਦ ਸਿੰਘ ਦੇ ਸਫ਼ਰ ਨੂੰ ਬਿਨਾਂ ਉਨ੍ਹਾਂ ਦਾ ਨਾਂ ਲਏ ਛੇ ਬੰਦਾਂ ਵਿੱਚ ਇਸ ਤਰ੍ਹਾਂ ਸਮੇਟਦਾ ਹੈ ਕਿ ਇਸ ਇਤਿਹਾਸਕ ਸ਼ਰਧਾਂਜਲੀ ਵਿੱਚ ਦਿਮਾਗ਼ ਬਰਫ਼ ਵਾਂਗ ਸਰਦ ਹੋ ਜਾਂਦਾ ਹੈ ਪਰ ਰੂਹ ਜਗਮਗਾ ਉਠਦੀ ਹੈ, ਬਿਲਕੁਲ ਕੁਝ ਉਸੇ ਤਰ੍ਹਾਂ ਜਿਵੇਂ ਸ਼ਿਵ ਕੁਮਾਰ ਬਟਾਲਵੀ ਦੀ ‘ਨੀਲੇ ਘੋੜੇ ਦੇ ਸ਼ਾਹ ਸਵਾਰ’ ਬਾਰੇ ਲਿਖੀ ਇੱਕੋ ਕਵਿਤਾ ਕਿੰਨੇ ਸਾਰੇ ਅਰਥਾਂ ਨੂੰ ਸਾਕਾਰ ਕਰਦੀ ਹੈ:
ਜੇ ਨਾ ਲਲਕਾਰ ਉਹ ਆਨੰਦਪੁਰੋਂ ਉੱਠਦੀ
ਪਾਣੀਆਂ ‘ਚ ਉੱਠੀਆਂ ਤਰੰਗਾਂ ਮਰ ਜਾਂਦੀਆਂ
ਜਿਨ੍ਹਾਂ ਵਿਚ ਜ਼ਿੰਦਗੀ ਦੇ ਗੀਤ ਬੇਸ਼ੁਮਾਰ ਸੀ
ਸਰਸਾ ‘ਚੋਂ ਕਾਸ਼ ਉਹ ਕਿਤਾਬਾਂ ਤਰ ਜਾਂਦੀਆਂ
ਮਿੱਤਰ ਪਿਆਰੇ ਨੂੰ ਜੇ ਹਾਲ ਨਾ ਉਹ ਦੱਸਦਾ
ਜੂਹਾਂ ਮਾਛੀਵਾੜੇ ਦੀਆਂ ਹੋਰ ਠਰ ਜਾਂਦੀਆਂ
ਜਸਵਿੰਦਰ ਜਾਗਣ ਅਤੇ ਜਗਾਉਣ ਦੇ ਜਜ਼ਬੇ ਨੂੰ ਸਲਾਮ ਕਰਦਾ ਹੈ ਅਤੇ ਇਸ ਰਸਤੇ ਉੱਤੇ ਅਡੋਲ ਤੁਰ ਰਹੇ ਉਨ੍ਹਾਂ ਮੁਸਾਫ਼ਰਾਂ ਲਈ ਵੀ ਕਲਮ ਚੁੱਕਦਾ ਹੈ ਜੋ ਆਖ਼ਰੀ ਦਮ ਤਕ ਲੜਦੇ ਰਹਿੰਦੇ ਹਨ ਅਤੇ ਦੇਹੀ ਨਾਲ ਸੜ ਕੇ ਵੀ ਨਹੀਂ ਸੜਦੇ। ਅਸਲ ਵਿੱਚ ਉਹ ਕੁਕਨੁਸ ਦੀ ਰਾਖ ਵਾਂਗ ਮੁੜ ਮੁੜ ਜੰਮਦੇ ਹਨ ਅਤੇ ਸਾਡੀਆਂ ਯਾਦਾਂ ਨੂੰ ਅੰਮ੍ਰਿਤ ਵੇਲੇ ਦੀ ਤਾਜ਼ਗੀ ਨਾਲ ਸਰਸ਼ਾਰ ਕਰਦੇ ਰਹਿੰਦੇ ਹਨ:
ਜੋ ਨਾ ਦੇਹੀ ਨਾਲ ਸੜਦੇ, ਹਸ਼ਰ ਤਕ ਜੋ ਰਹਿਣ ਬਲਦੇ
ਉਨ੍ਹਾਂ ਜ਼ਖ਼ਮਾਂ ਦੀ ਸ਼ਨਾਖਤ ਕਰਨ ਖ਼ਾਤਰ ਲਿਖ ਰਿਹਾ ਹਾਂ
ਬਠਿੰਡਾ ਦੇ ਇੱਕ ਪਿੰਡ ਕਲਾਲਵਾਲਾ ਦਾ ਜਸਵਿੰਦਰ ਇੱਕ ਮੁਲਾਕਾਤ ਵਿੱਚ ਦੱਸਦਾ ਹੈ: ”ਭਾਵੇਂ ਪੰਜਾਬੀ ਗ਼ਜ਼ਲ ਰੂਪਕ ਪੱਖ ਤੋਂ ਉਰਦੂ ਅਤੇ ਫ਼ਾਰਸੀ ਵੱਲੋਂ ਆਈ ਹੈ ਪਰ ਪੰਜਾਬੀ ਗ਼ਜ਼ਲ ਦੀ ਵੱਥ ਅਤੇ ਕੱਥ ਪੰਜਾਬੀਅਤ ਵਿੱਚ ਰੰਗੀ ਹੋਈ ਹੈ।” ਉਸ ਨੂੰ ਪੰਜਾਬੀ ਗਜ਼ਲ ਦਾ ਭਵਿੱਖ ਬਹੁਤ ਰੌਸ਼ਨ ਨਜ਼ਰ ਆਉਂਦਾ ਹੈ। ਇਹ ਪੁੱਛੇ ਜਾਣ ਉੱਤੇ ਕਿ ਕੀ ਨੌਜੁਆਨ ਪੀੜ੍ਹੀ ਦੀਆਂ ਗ਼ਜ਼ਲਾਂ ਵਿੱਚ ‘ਦੇ ਲੰਮੀ ਨਦਰਿ ਨਿਹਾਲੀਏ’ ਦੇ ਤੱਤ ਨਜ਼ਰ ਆਉਂਦੇ ਹਨ, ਜਸਵਿੰਦਰ ਦਾ ਜੁਆਬ ਸੀ ਕਿ ਰਾਜਵਿੰਦਰਜੀਤ ਸਿੰਘ (ਇੰਗਲੈਂਡ), ਪਰਮੋਦ ਕਾਫਰ (ਜਲਾਲਾਬਾਦ), ਦੀਪਕ ਧਨੇਵਾ (ਭੀਖੀ) ਅਤੇ ਰਣਜੀਤ ਸਰਾਂਵਾਲੀ ਦੀਆਂ ਗ਼ਜ਼ਲਾਂ ਭਾਵੇਂ ਜ਼ਿੰਦਗੀ ਨੂੰ ਆਰ-ਪਾਰ ਵੇਖਣ ਦਾ ਸ਼ੌਕ ਰੱਖਦੀਆਂ ਹਨ ਅਤੇ ਉਨ੍ਹਾਂ ਕੋਲ ਗ਼ਜ਼ਲਾਂ ਦਾ ਮੁਹਾਵਰਾ ਵੀ ਹੈ ਪਰ ਜੇਕਰ ਉਹ ਇਤਿਹਾਸ, ਮਿਥਿਹਾਸ ਅਤੇ ਕਲਚਰ ਦੀ ਦੁਨੀਆਂ ਵਿੱਚ ਲਗਾਤਾਰ ਡੁਬਦੇ ਤੇ ਤਰਦੇ ਹਨ ਅਤੇ ਇਸ ਅਭਿਆਸ ਨੂੰ ਆਪਣੇ ਪਿੰਡੇ ਅੰਦਰ ਸਮੋ ਲੈਂਦੇ ਹਨ ਤਾਂ ਯਕੀਨਨ ਪੰਜਾਬੀ ਗ਼ਜ਼ਲ ਉਰਦੂ ਵਾਂਗ ਸਿਖਰਲੇ ਮੁਕਾਮ ਨੂੰ ਛੂਹ ਲਵੇਗੀ।
ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਛਾਪੀ ਗ਼ਜ਼ਲਾਂ ਦੀ ਪੁਸਤਕ ‘ਅਗਰਬੱਤੀ’ ਮਹਾਨ ਕਵਿਤਾ ਵੱਲ ਜਾਂਦਾ ਰਾਹ ਜ਼ਰੂਰ ਸਿਰਜਦੀ ਹੈ ਅਤੇ ਉਸ ਟਿਕਾਣੇ ਦੀ ਵੀ ਕਨਸੋਅ ਦਿੰਦੀ ਹੈ ਜਿਸ ਨੂੰ ਸਾਡੇ ਸਮਿਆਂ ਦਾ ਮਹਾਨ ਰੂਹਾਨੀ ਸ਼ਾਇਰ ਹਰਿੰਦਰ ਮਹਿਬੂਬ ‘ਅਪਹੁੰਚ ਵਿਸ਼ਵ’ ਦਾ ਨਾਂ ਦਿੰਦਾ ਹੈ।
The post ਰੂਹ ਦੀ ਫ਼ਕੀਰੀ ਦਾ ਅਲਬੇਲਾ ਗ਼ਜ਼ਲਗੋ ਜਸਵਿੰਦਰ appeared first on Quomantry Amritsar Times.