ਉਦੋਂ ਮੈਂ ਪੈਰਿਸ ‘ਚ ਪਹਿਲੀ ਵਾਰ ਪੁੱਜਾ ਸੀ, ਚੱਪਾ ਸਦੀ ਪਹਿਲਾਂ। ਮੇਰੇ ਲਈ ਇਸ ਮਹਾਂਨਗਰ ਦੀ ਹਰ ਥਾਂ ਅਜੂਬਾ ਸੀ, ਹਰ ਦ੍ਰਿਸ਼ ‘ਚ ਅਲੋਕਾਰ ਖਿੱਚ। ਮੇਰੀ ਬੀਵੀ ਦੀ ਕਜ਼ਨ ਪਰਵੀਨ ਆਪਣੇ ਡੱਚ ਦੋਸਤ ਓਲਿਵਿਅਰ ਨਾਲ ਸੈੱਨ ਦਰਿਆ ‘ਚ ਬੋਟ-ਹਾਊਸ ਵਿੱਚ ਰਹਿੰਦੀ ਸੀ। ਉਹਨੇ ਮੈਨੂੰ ਆਪਣਾ ਨਿੱਜੀ ਫਲੈਟ ਰਹਿਣ ਲਈ ਦੇ ਦਿੱਤਾ। ਮੈਂ ਗਈ ਰਾਤ ਤਕ ਇਕੱਲਾ ਉਨ੍ਹਾਂ ਕੈਫ਼ਿਆਂ ‘ਚ ਘੁੰਮਦਾ ਰਹਿੰਦਾ ਜਿੱਥੇ ਸਾਹਿਤ ਕਲਾ ਦੇ ਮਹਾਂਰਥੀ ਬੈਠਿਆ ਕਰਦੇ ਸਨ। ਹਫ਼ਤੇ ਦੇ ਅਖ਼ੀਰ ‘ਤੇ ਮੈਂ ਪਰਵੀਨ ਨੂੰ ਉਹ ਥਾਂ ਦੇਖਣ ਲਈ ਕਹਿੰਦਾ ਹਾਂ ਜਿੱਥੇ ਸਾਰਤਰ ਨੂੰ ਦਫ਼ਨਾਇਆ ਗਿਆ ਸੀ। ਕੁਝ ਸਾਲ ਪਹਿਲਾਂ ਤਕ, 1980 ਵਿੱਚ ਫੌਤ ਹੋਣ ਵੇਲੇ ਤਕ, ਸਾਰਤਰ ਦੇ ਨਾਂ ਦੀ ਗੂੰਜ ਦਿੱਲੀ, ਪਟਿਆਲਾ ਤਕ ਸੁਣਾਈ ਦਿੰਦੀ ਸੀ।
ਪਰਵੀਨ ਮੈਨੂੰ ਇੱਕ ਕਬਰਸਤਾਨ ‘ਚ ਲੈ ਜਾਂਦੀ ਹੈ: ”ਏਥੇ ਮਸ਼ਹੂਰ ਲੇਖਕ ਦੱਬੇ ਪਏ ਹਨ, ਬਾਲਜ਼ਾਕ, ਐਮੀਲ ਜ਼ੋਲਾ, ਵਿਕਟਰ ਹਿਊਗੋ। ਸ਼ਾਇਦ ਸਾਰਤਰ ਦੀ ਕਬਰ ਵੀ ਹੋਵੇ।”
ਕਬਰਸਤਾਨ ਦੇ ਬਾਹਰ ਪੱਥਰਾਂ ਦਾ ਵੱਡਾ ਦਵਾਰ ਦੇਖ ਕੇ ਲੱਗਾ ਜਿਵੇਂ ਅਸੀਂ ਅਲੋਕਾਰ ਦੁਨੀਆਂ ਅੰਦਰ ਦਾਖ਼ਲ ਹੋਣ ਲੱਗੇ ਹੋਈਏ। ਅੰਦਰ ਦੂਰ ਤਕ ਕਬਰਾਂ ਦਾ ਅੰਤਹੀਣ ਸਿਲਸਿਲਾ, ਵਿਚਾਲੇ ਪਗਡੰਡੀਆਂ। ਖੱਬੇ ਰਿਸੈਪਸ਼ਨ ਕਮਰੇ ਵਿੱਚ ਬੈਠਾ ਬੰਦਾ ਦੱਸਦਾ ਹੈ: ”ਇਸ ਥਾਂ ਨੂੰ ਦੇਖਣ ਲੱਖਾਂ ਸੈਲਾਨੀ ਆਉਂਦੇ ਹਨ।” ਮੈਂ ਅੰਗਰੇਜ਼ੀ ‘ਚ ਪੁੱਛਦਾ ਹਾਂ, ”ਏਥੇ ਸਾਰਤਰ ਦਫ਼ਨਾਇਆ ਹੋਇਆ?” ਉਹਨੂੰ ਸਮਝ ਨਹੀਂ ਆਉਂਦੀ। ਓਲਿਵੀਅਰ ਨੇ ਉਹਨੂੰ ਫਰੈਂਚ ‘ਚ ਪੁੱਛਿਆ ਤਾਂ ਉਹ ਨਕਸ਼ਾ ਅੱਗੇ ਕਰ ਕੇ ਕਹਿੰਦਾ, ”ਸਭ ਜਾਣਕਾਰੀ ਇਸ ਵਿੱਚ ਦਰਜ ਹੈ। ਜਿਸ ਨੂੰ ਮਿਲਣਾ ਚਾਹੋ, ਜਾ ਮਿਲੋ। ਚੰਗਾ ਸਮਾਂ ਗੁਜ਼ਾਰੋ। ਮਹਾਨ ਮਨੁੱਖਾਂ ਨਾਲ ਗੱਲਾਂ ਕਰੋ।”
ਅਸੀਂ ਮੁਰਦਿਆਂ ਦੀ ਪਨਾਹਗਾਹ ‘ਚ ਗੁਆਚਣ ਲੱਗਦੇ ਹਾਂ। ਮੈਂ ਨਕਸ਼ੇ ਵਿੱਚ ਕਈ ਨਿਸ਼ਾਨਾਂ ‘ਤੇ ਲਿਖੇ ਨਾਂ ਪੜ੍ਹਦਾ ਹਾਂ। ਇੱਕ ਜਗ੍ਹਾ ਬਾਲਜ਼ਾਕ ਦਾ ਨਾਂ ਹੈ। ਮੈਂ ਸੋਚਦਾਂ ਵਿਕਟਰ ਹਿਊਗੋ ਦੀ ਕਬਰ ਵੀ ਇੱਥੇ ਕਿਤੇ ਹੋਵੇਗੀ। ਹਿਊਗੋ ਫਰਾਂਸੀਸੀਆਂ ਦਾ ਮਹਾਨ ਲੇਖਕ ਹੀ ਨਹੀਂ ਸੀ, ਉਹਨੇ ਸਮੇਂ ਦੀ ਰਾਜਨੀਤੀ ‘ਚ ਅਸਰਦਾਇਕ ਦਖ਼ਲ ਦਿੱਤਾ। ਉਹਨੇ ਨਾਵਲ Les Miserable ਲਿਖਿਆ ਤਾਂ ਕੁੱਲ ਦੁਨੀਆਂ ‘ਚ ਹਲਚਲ ਮੱਚ ਗਈ। ਸਿਆਸੀ ਬੰਦਿਆਂ ਦੀ ਜ਼ਮੀਰ ਹਲੂਣੀ ਗਈ। ਕਿੰਨੀ ਬੇਇਨਸਾਫ਼ੀ ਹੈ ਇਸ ਸਿਸਟਮ ਵਿੱਚ! ਕਿੰਨੀ ਪੀੜਾ! ਕਿੰਨਾ ਸ਼ੋਸ਼ਣ! ਇਹ ਕੁਝ ਵਾਪਰਦਾ ਰਹਿੰਦਾ ਹੈ ਪਰ ਗੌਲਦਾ ਕੋਈ ਨਹੀਂ। ਵਿਕਟਰ ਹਿਊਗੋ ਦਾ ਇਹ ਨਾਵਲ ਪੜ੍ਹਣ ਤੋਂ ਬਾਅਦ ਸਰਕਾਰ ਨੂੰ ਕਈ ਕਾਨੂੰਨ ਬਣਾਉਣੇ ਪਏ। ਨਾਵਲ ‘ਚ ਇੱਕ ਥਾਂ ਇਹ ਸਤਰ ਲਿਖੀ ਹੈ: “here is always more misery among the lower classes than there is humanity in the higher. ਵਿਕਟਰ ਹਿਊਗੋ ਨੇ ਸਮੇਂ ਦੀ ਸੱਤਾ ਦਾ ਵਿਰੋਧ ਕੀਤਾ, ਉਹਨੂੰ ਜੇਲ੍ਹ ‘ਚ ਡੱਕ ਦਿੱਤਾ ਗਿਆ। ਕੁਝ ਅਰਸੇ ਬਾਅਦ ਜਦ ਜੇਲਰ ਨੇ ਉਹਦੀ ਰਿਹਾਈ ਬਾਰੇ ਉੱਤੋਂ ਆਏ ਹੁਕਮ ਬਾਰੇ ਦੱਸਿਆ ਤਾਂ ਨਾਵਲਕਾਰ ਨੇ ਕਿਹਾ, ”ਪਹਿਲਾਂ ਪਾਤਸ਼ਾਹ ਮੈਨੂੰ ਇਹ ਦੱਸੇ ਕਿ ਕਿਸ ਸ਼ਰਤ ‘ਤੇ ਰਿਹਾਅ ਕੀਤਾ ਜਾ ਰਿਹਾ ਹੈ? ਮੇਰੇ ਵਿਚਾਰਾਂ ਵਿੱਚ ਕੋਈ ਤਬਦੀਲੀ ਨਹੀਂ ਆਈ। ਜੇ ਹੁਣ ਰਿਹਾਅ ਕੀਤਾ ਜਾ ਰਿਹਾ ਹੈ ਤਾਂ ਪਹਿਲਾਂ ਬੰਦ ਕਿਉਂ ਕੀਤਾ ਗਿਆ?”
ਸਮਾਜਿਕ ਜ਼ਮੀਰ-ਪ੍ਰਸਤ ਚਿੰਤਕਾਂ/ ਲੇਖਕਾਂ ‘ਚ ਸਾਰਤਰ ਦਾ ਨਾਂ ਵੀ ਚੋਖਾ ਅੱਗੇ ਹੈ। ਮੇਰੀ ਨਜ਼ਰ, ਨਕਸ਼ੇ ‘ਤੇ ਵਾਰ-ਵਾਰ ਉਹਦਾ ਨਾਂ ਲੱਭਦੀ ਹੈ। ਸ਼ਾਇਦ ਉਹ ਇੱਥੇ ਆਰਾਮ ਕਰ ਰਿਹਾ ਹੋਵੇ। ਮਈ 1968 ਦੀ ਵਿਦਿਆਰਥੀ ਕ੍ਰਾਂਤੀ ਦੌਰਾਨ ਉਹ ਪੈਰਿਸ ਦੀਆਂ ਗਲੀਆਂ ‘ਚ ਯੁਵਕਾਂ ਨਾਲ ਮਿਲ ਕੇ ਮੁਜ਼ਾਹਰੇ ਕਰਦਾ ਹੁੰਦਾ ਸੀ। ਜਦੋਂ ਸਲਾਹਕਾਰਾਂ ਨੇ ਪ੍ਰਧਾਨ ਦੀਗੋਲ ਨੂੰ ਕਿਹਾ, ”ਸਾਰਤਰ ਕਾਰਨ ਅਮਨ ਭੰਗ ਹੋ ਰਿਹਾ ਹੈ। ਉਹਨੂੰ ਬੰਦ ਕਰ ਦਿੱਤਾ ਜਾਵੇ?” ਦੀਗੋਲ ਦਾ ਉੱਤਰ ਸੀ, ”ਤੁਸੀਂ ਵਾਲਤੇਅਰ ਨੂੰ ਜੇਲ੍ਹ ‘ਚ ਸੁੱਟਣਾ ਚਾਹੁੰਦੇ ਹੋ, ਕਮਲੇ ਹੋ ਗਏ ਹੋ?”
ਕਬਰਾਂ ਦੁਆਲੇ ਪਗਡੰਡੀਆਂ ਗਾਹੁੰਦਿਆਂ ਦੋ ਘੰਟੇ ਗੁਜ਼ਰ ਚੁੱਕੇ ਹਨ। ਪਰਵੀਨ ਤੇ ਓਲਿਵੀਅਰ ਮੇਰੇ ਪਿੱਛੇ ਆ ਰਹੇ ਹਨ। ਮੈਨੂੰ ਪੈਦਲ ਲਟੋਰੀ ਮਾਰਨ ਦਾ ਭੁਸ ਹੈ। ਪਤਾ ਨਹੀਂ ਉਨ੍ਹਾਂ ਨੂੰ ਕਿਵੇਂ ਲੱਗ ਰਿਹਾ ਹੈ? ਅਜੇ ਤਕ ਮੈਂ ਪੈਰਿਸ ਨੂੰ ਪੈਦਲ ਘੁੰਮਦਿਆਂ ਹੀ ਦੇਖਿਆ ਹੈ, ਮੀਲਾਂ ਦੇ ਮੀਲ। ਕਬਰਾਂ ‘ਤੇ ਲੱਗੇ ਸਿੱਲ ਪੱਥਰਾਂ ‘ਤੇ ਫਰਾਂਸੀਸੀ ਭਾਸ਼ਾ ਵਿੱਚ ਜੋ ਇਬਾਰਤ ਉੱਕਰੀ ਹੋਈ ਹੈ ਉਹਦਾ ਉਲਥਾ ਮੈਂ ਪਰਵੀਨ ਜਾਂ ਓਲਿਵੀਅਰ ਤੋਂ ਪੁੱਛੀ ਜਾਂਦਾ ਹਾਂ। ਕਿਤੇ ਕਿਤੇ ਸਿੱਲ ਪੱਥਰਾਂ ‘ਤੇ ਅੰਗਰੇਜ਼ੀ ਲਿਖੀ ਹੈ।
ਨਿੱਕੇ ਰਾਹਾਂ ‘ਤੇ ਹੌਲੀ-ਹੌਲੀ ਤੁਰਦਿਆਂ ਥਕਾਵਟ ਹੋਣ ਲੱਗਦੀ ਹੈ। ਮੈਂ ਇੱਕ ਕਬਰ ਦੇ ਕੋਲ ਬੈਠ ਜਾਂਦਾ ਹਾਂ। ਉਸ ਬੰਦੇ ਬਾਰੇ ਸੋਚਦਾ ਹਾਂ ਜੋ ਦੱਬਿਆ ਪਿਆ। ਇਹ ਬੰਦਾ ਕਿਸ ਤਰ੍ਹਾਂ ਦੇ ਬਚਪਨ ‘ਚੋਂ ਗੁਜ਼ਰਿਆ ਹੋਵੇਗਾ। ਇਹਨੇ ਜੁਆਨੀ ‘ਚ ਕੀ ਕੀਤਾ ਹੋਣੈ। ਇਹਦਾ ਬੁਢੇਪਾ ਕਿਹੋ ਜਿਹਾ ਹੋਵੇਗਾ? ਇਹ ਮਰਿਆ ਕਿਵੇਂ ਹੋਵੇਗਾ? ਮਰਨ ਲੱਗਿਆਂ ਇਹਦੇ ਅੰਦਰ ਕੀ ਜਗਬੁਝ ਕੀਤਾ ਹੋਣੈ? ਕਬਰਾਂ ‘ਚ ਘੁੰਮਦਿਆਂ ਮੈਨੂੰ ਜੀਵਨ ਲੀਲਾ ਅਦਭੁੱਤ ਦਿੱਸਦੀ ਹੈ। ਮੈਨੂੰ ਮਹਿਸੂਸ ਹੁੰਦਾ ਹੈ ਬੰਦਾ ਜਦ ਮੌਤ ਬਾਰੇ ਸੋਚਦਾ ਤਾਂ ਉਹਦੇ ਅੰਦਰੋਂ ਮਾਨਵਤਾ ਜਾਗ ਪੈਂਦੀ ਹੈ। ਸੰਸਾਰ ਚੰਗਾ ਲੱਗਣ ਲੱਗਦਾ ਹੈ। ਇਸ ਸੰਸਾਰ ਵਿੱਚ ਪੈਦਾ ਹੋਣਾ ਤੇ ਇਸ ਲੀਲਾ ਦਾ ਦਰਸ਼ਕ ਬਣਨਾ ਅਲੋਕਾਰ ਗੱਲ ਹੈ।
ਸਾਰਤਰ ਜਾਂ ਵਿਕਟਰ ਹਿਊਗੋ ਦੀ ਕਬਰ ਲੱਭਣ ਦੇ ਬਹਾਨੇ ਮੈਨੂੰ ਕਈ ਹੋਰ ਕਬਰਾਂ ਬੁਲਾ ਰਹੀਆਂ ਹਨ। ਸਿੱਲ-ਪੱਥਰ ‘ਤੇ ਅੰਤਿਮ/ਵਿਦਾਇਗੀ ਸ਼ਬਦ ਪੜ੍ਹੀ ਜਾਂਦਾ ਹਾਂ ਤੇ ਹੌਲੇ ਜਿਹੇ ਅਗਾਂਹ ਤੁਰ ਪੈਂਦਾ ਹਾਂ। ਜਨਮ-ਮਰਨ ਦਾ ਸਾਲ ਧਿਆਨ ਨਾਲ ਘੋਖਦਾ ਹਾਂ ਕਿ ਮਰਨ ਵਾਲਾ ਇਸ ਸੰਸਾਰ ‘ਚ ਕਿੰਨਾ ਸਮਾਂ ਗੁਜ਼ਾਰ ਕੇ ਗਿਆ ਹੈ। ਮੈਂ ਉਹਦੇ ਸਮੇਂ ‘ਚ ਦਾਖ਼ਲ ਹੋ ਜਾਂਦਾ ਹਾਂ।
ਇਸ ਥਾਂ ‘ਚ ਘੁੰਮਣ ਤੋਂ ਬਾਅਦ ਯੂਰਪ ਅਮਰੀਕਾ ਦੇ ਸ਼ਹਿਰਾਂ ‘ਚ ਕਬਰਾਂ ਦੇ ਸਿੱਲ-ਪੱਥਰਾਂ ‘ਤੇ ਉੱਕਰੇ ਸ਼ਬਦ ਪੜ੍ਹਨੇ ਮੇਰੀ ਲਟੋਰੀ ਦਾ ਹਿੱਸਾ ਬਣ ਜਾਣੇ ਹਨ। ਕੁਝ ਸਾਲਾਂ ਬਾਅਦ ਮੈਂ ਅਮਰੀਕਾ ਜਾਣਾ ਹੈ ਤਾਂ ਵਰਜੀਨੀਆ ਸਟੇਟ ਜਾਣ ਦਾ ਮੌਕਾ ਮਿਲੇਗਾ। ਜੇਮਜ਼ਟਾਊਨ ਨਾਂ ਦਾ ਇੱਕ ਸ਼ਹਿਰ ਹੈ ਉੱਥੇ। ਮੈਂ ਉਹ ਥਾਂ ਲੱਭ ਲਵਾਂਗਾ ਜਿੱਥੇ ਚਾਰ ਸਦੀਆਂ ਪਹਿਲਾਂ ਯੂਰਪੀ ਗੋਰਿਆਂ ਦਾ ਪਹਿਲਾ ਟੋਲਾ ਅਮਰੀਕਾ ਦੀ ਧਰਤੀ ‘ਤੇ ਲੱਥਾ ਸੀ। ਜੇਮਜ਼ਟਾਊਨ ਸ਼ਹਿਰ ‘ਚ ਪੁਰਾਣੀ ਤਰਜ਼ ਦਾ ਇੱਕ ਬਾਜ਼ਾਰ ਉੱਜੜਿਆ ਦਿਖੇਗਾ। ਬਿਲਕੁਲ ਉੱਦਾਂ ਦਾ ਜਿਵੇਂ ਦੋ-ਤਿੰਨ ਸਦੀਆਂ ਪਹਿਲਾਂ ਇਹ ਸੀ। ਉਵੇਂ ਹੀ ਕਾਇਮ ਰੱਖਿਆ ਪਿਆ ਇਹ ਬਾਜ਼ਾਰ। ਉੱਥੇ ਘੁੰਮਦਿਆਂ ਖੱਬੇ ਪਾਸੇ ਸਦੀਆਂ ਪੁਰਾਣੀਆਂ ਕਬਰਾਂ ਦੇਖਣ ਨੂੰ ਮਿਲਣਗੀਆਂ। ਸਿੱਲ-ਪੱਥਰ ‘ਤੇ ਮਰਨ ਵਾਲੇ ਦਾ ਨਾਂ, ਜਨਮ ਮਰਨ ਦੀ ਮਿਤੀ। ਇਨ੍ਹਾਂ ਨੂੰ ਪੜ੍ਹਦਿਆਂ ਮੈਂ ਢਾਈ-ਤਿੰਨ ਸੌ ਸਾਲ ਪਹਿਲਾਂ ਵਾਲੇ ਅਮਰੀਕਾ ‘ਚ ਪੁੱਜ ਜਾਵਾਂਗਾ। ਮਾਰਧਾੜ ਵਾਲਾ ਅਮਰੀਕਾ। ਕਾਲਿਆਂ ਦੀ ਗੁਲਾਮੀ ਵਾਲਾ ਅਮਰੀਕਾ। ਉਸ ਅਮਰੀਕਾ ‘ਚ ਹਰੇਕ ਗੋਰਾ ਹਥਿਆਰਾਂ ਨਾਲ ਲੈਸ ਹੁੰਦਾ ਸੀ। ਆਵਾਜਾਈ ਲਈ ਘੋੜਾ ਗੱਡੀਆਂ ਸਨ। ਉਸ ਬਾਜ਼ਾਰ ‘ਚ ਇੱਕ ਪੁਰਾਣਾ ਸ਼ਰਾਬਖਾਨਾ ਉੱਜੜਿਆ ਪਿਆ ਮਿਲੇਗਾ। ਕਬਰਾਂ ‘ਚ ਸਦਾ ਲਈ ਸੁੱਤੇ ਹੋਏ ਬੰਦੇ ਉਦੋਂ ਏਸ ਟੈਵਰਨ ‘ਚ ਸ਼ਰਾਬ ਪੀਣ ਆਉਂਦੇ ਹੋਣਗੇ। ਹੁੱਲੜ ਮਚਾਉਂਦੇ ਹੋਣਗੇ। ਲੜਦੇ ਹੋਣਗੇ। ਪਸਤੌਲਾਂ ‘ਚੋਂ ਗੋਲੀਆਂ ਦਾਗ਼ਦੇ ਹੋਣਗੇ।
ਕਬਰਾਂ ਦੇਖ ਕੇ ਮੇਰੇ ਅੰਦਰ ਯੁੱਗ ਜਗਬੁਝ ਕਰਨ ਲੱਗਦੇ ਨੇ। ਮੇਰੇ ਕਲਪ ਮਘਣ ਲੱਗਦੇ ਹਨ। ਜ਼ਿਹਨੀ ਫਿਰਕੀ ਤੇਜ਼ ਚੱਲਣ ਲੱਗਦੀ ਹੈ। ਸਰਲ ਜ਼ਿੰਦਗੀ ਬਹੁ-ਧਾਰੀ ਪ੍ਰਗਟ ਹੋਣ ਲੱਗਦੀ ਹੈ।
ਪੈਰਿਸ ਵਾਲਾ ਇਹ ਕਬਰਸਤਾਨ 115 ਏਕੜ ਜ਼ਮੀਨ ‘ਤੇ ਬਣਿਆ ਹੋਇਆ ਹੈ। ਇਹ ਜਾਣਕਾਰੀ ਨਕਸ਼ੇ ‘ਚ ਦਰਜ ਹੈ। ਸਾਰਤਰ ਤੇ ਵਿਕਟਰ ਹਿਊਗੋ ਦੀਆਂ ਮੈਂ ਜੋ ਕਬਰਾਂ ਲੱਭ ਰਿਹਾਂ ਚੱਪਾ ਸਦੀ ਬਾਅਦ ਪਤਾ ਲੱਗਣਾ ਹੈ ਕਿ ਉਹ ਇੱਥੇ ਨਹੀਂ, ਹੋਰ ਥਾਂ ਦੱਬੇ ਪਏ ਹਨ। ਉਨ੍ਹਾਂ ਥਾਵਾਂ ਨੂੰ ਦੇਖਣ ਦਾ ਮੌਕਾ ਦੋ ਦਹਾਕੇ ਬਾਅਦ ਮਿਲਣਾ ਹੈ ਜਦੋਂ ਮੈਂ ਪੈਰਿਸ ਨੂੰ ਕਈ ਵਾਰ ਗਾਹ ਚੁੱਕੇ ਹੋਣਾ ਹੈ। ਹੁਣ ਕਿਆਸ ਦੇ ਘੋੜੇ ਦੁੜਾਈ ਜਾ ਰਿਹਾ ਹਾਂ।
ਅਚਾਨਕ ਇੱਕ ਕਬਰ ‘ਤੇ ਨਾਵਲਕਾਰ ਬਾਲਜ਼ਾਕ ਦਾ ਬੁੱਤ-ਚਿਹਰਾ ਦਿੱਸਦਾ ਹੈ। ਇਸ ਕਬਰ ‘ਤੇ ਗ੍ਰਾਨਾਈਟ ਦਾ ਪੱਥਰ ਲੱਗਾ ਹੋਇਆ ਹੈ। ਕੋਈ ਇੱਥੇ ਤਾਜ਼ੇ ਫੁੱਲਾਂ ਦਾ ਗੁਲਦਸਤਾ ਰੱਖ ਗਿਆ ਹੈ। ਗੁਲਦਸਤੇ ਕੋਲ ਨਿੱਕਾ ਕਾਰਡ ਪਿਆ ਹੈ ਜਿਸ ‘ਤੇ ਲਿਖਿਆ, ”ਤੈਨੂੰ ਲੋਕ ਅੱਜ ਵੀ ਪਿਆਰ ਕਰਦੇ ਹਨ।” ਲਿਖਤ ਔਰਤ ਦੇ ਹੱਥ ਦੀ ਹੈ। ਦੂਜੇ ਪਾਸੇ ਕਿਸੇ ਹੋਰ ਨੇ ਫੁੱਲਾਂ ਹੇਠ ਰੱਖੇ ਇੱਕ ਰੁੱਕੇ ‘ਤੇ ਫਰਾਂਸੀਸੀ ‘ਚ ਕੁਝ ਲਿਖਿਆ ਹੋਇਆ ਹੈ। ਪਰਵੀਨ ਉਹਦਾ ਅੰਗਰੇਜ਼ੀ ‘ਚ ਅਨੁਵਾਦ ਕਰਦੀ ਹੈ: ”ਦੁਨੀਆਂ ਨੂੰ ਅੱਜ ਵੀ ਬਾਲਜ਼ਾਕ ਦੀ ਜ਼ਰੂਰਤ ਹੈ।”
ਮੈਨੂੰ ਪੈਰਿਸ ਆਉਣ ਤੋਂ ਹਫ਼ਤਾ ਪਹਿਲਾਂ ਲੰਡਨ ‘ਚ ਹਾਈਗੇਟ ਕਬਰਸਤਾਨ ‘ਚ ਲਾਏ ਗੇੜੇ ਦਾ ਖ਼ਿਆਲ ਆਉਂਦਾ ਹੈ। ਉੱਥੇ ਕਾਰਲ ਮਾਰਕਸ ਦੀ ਕਬਰ ਹੈ। ਬਾਲਜ਼ਾਕ ਦਾ ਵੱਡਾ ਪ੍ਰਸ਼ੰਸਕ ਸੀ ਮਾਰਕਸ! ਮਾਰਕਸ ਦੀ ਕਬਰ ‘ਤੇ ਗ੍ਰੇਨਾਈਟ ਦਾ ਵੱਡਾ ਥਮ੍ਹਲਾ ਬਣਿਆ ਹੋਇਆ ਹੈ, ਉੱਤੇ ਮਾਰਕਸ ਦਾ ਬੁੱਤ-ਚਿਹਰਾ ਹੈ। ਥਮ੍ਹਲੇ ‘ਤੇ ਮਾਰਕਸ ਦਾ ਕਥਨ ਉੱਕਰਿਆ ਹੈ: ”ਦਾਰਸ਼ਨਿਕਾਂ ਨੇ ਦੁਨੀਆਂ ਦੀ ਵਿਆਖਿਆ ਕੀਤੀ ਹੈ, ਲੋੜ ਦੁਨੀਆਂ ਨੂੰ ਬਦਲਣ ਦੀ ਹੈ।” ਜਿਸ ਪੰਜਾਬੀ ਲੇਖਕ ਨਾਲ ਮੈਂ ਇਹ ਕਬਰ ਦੇਖਣ ਗਿਆ ਉਹ ਕਹੀ ਜਾ ਰਿਹਾ ਹੈ, ”ਮੈਂ ਏਨੇ ਸਾਲਾਂ ਤੋਂ ਹਾਈਗੇਟ ‘ਚ ਦੁਕਾਨ ਕਰ ਰਿਹਾ ਹਾਂ ਪਰ ਏਥੇ ਆਇਆ ਕਦੇ ਨਹੀਂ ਸੀ। ਕਿੰਨੀ ਸ਼ਰਮ ਦੀ ਗੱਲ ਹੈ।”
ਮਾਰਕਸ ਦਾ ਲੰਡਨ ਨਾਲ ਗੂੜ੍ਹਾ ਨਾਤਾ ਰਿਹਾ ਹੈ। ਉਹ ਸਾਲਾਂ ਤਕ ਬ੍ਰਿਟਿਸ਼ ਮਿਊਜ਼ੀਅਮ ਲਾਇਬਰੇਰੀ ਵਿੱਚ ਬੈਠਾ ਅਧਿਐਨ ਕਰਦਾ ਰਿਹਾ। ਲਾਇਬਰੇਰੀ ‘ਚ ਘੁੰਮਦਿਆਂ ਮੈਨੂੰ ਉਹ ਸੀਟ ਦੇਖਣ ਦੀ ਤਲਬ ਹੁੰਦੀ ਹੈ ਜਿੱਥੇ ਮਾਰਕਸ ਬੈਠਿਆ ਕਰਦਾ ਸੀ। ਇੱਕ ਮੁਲਾਜ਼ਮ ਨੂੰ ਪੁੱਛਦਾ ਹਾਂ ਤਾਂ ਉਹ ਮੈਨੂੰ ਘੂਰ ਕੇ ਦੇਖਦਾ ਹੈ। ਫਿਰ ਉਹ ਮੈਨੂੰ ਉਸ ਸ਼ੋਅਕੇਸ ਵੱਲ ਲੈ ਜਾਂਦਾ ਹੈ ਜਿੱਥੇ ਦਾਸ ਕੈਪੀਟਲ ਗ੍ਰੰਥ ਦੀ ਪ੍ਰਤੀ ਪਈ ਹੈ ਤੇ ਅੰਦਰਾਜ਼ ‘ਚ ਮਾਰਕਸ ਦੇ ਲਾਇਬਰੇਰੀ ਨੂੰ ਭੇਟ ਕੀਤੇ ਸ਼ਬਦ ਲਿਖੇ ਹੋਏ ਹਨ, ਦਸਤਖ਼ਤਾਂ ਹੇਠ ਤਾਰੀਖ਼ ਪਾਈ ਹੋਈ ਹੈ।
ਪੈਰਿਸ ਵਾਲੇ ਇਸ ਕਬਰਸਤਾਨ ‘ਚ ਤੁਰਦੇ ਅਸੀਂ ਥੱਕ ਜਾਂਦੇ ਹਾਂ। ਮੈਂ ਬੈਠ ਜਾਂਦਾ ਹਾਂ। ਕੁਝ ਪਲਾਂ ਲਈ ਇਰਦ-ਗਿਰਦ ਸੁੱਤੇ ਪਏ ਹਜ਼ਾਰਾਂ ਅਸਤਿਤਵ ਦੇਖ ਪਾਰਗਾਮਤਾ ‘ਚ ਗੁਆਚਣ ਲੱਗਦਾ ਹਾਂ। ਕਿੰਨੇ ਅਕਸ ਛੱਡ ਗਏ ਹਨ ਇਹ ਪਿਛਾਂਹ। ਇਤਿਹਾਸ ‘ਚ ਵਾਪਰਨ ਵਾਲੀ ਹਲਚਲ ਤੇ ਲੱਖਾਂ ਸਿਮ੍ਰਤੀਆਂ।
ਇੱਕ ਕਬਰ ਦਾ ਚੋਖਾ ਖਸਤਾ ਹਾਲ ਹੈ। ਟੁੱਟ-ਭੱਜ ਹੈ। ਰੁਲ ਗਈ ਹੈ। ਇੱਕ ਹੋਰ ਕਬਰ ਨਿੱਕੀ ਜਿਹੀ ਕੋਠੜੀ ‘ਚ ਬੰਦ ਹੈ ਜਿੱਥੇ ਜਾਲਾ ਲਟਕ ਰਿਹਾ। ਇਹਦਾ ਕੋਈ ਵਾਲੀ ਵਾਰਿਸ ਨਹੀਂ ਦਿੱਸਦਾ। ਵਾਲੀ ਵਾਰਿਸ ਸ਼ਾਇਦ ਆਪ ਚੱਲ ਵਸੇ ਹਨ ਜਾਂ ਉਨ੍ਹਾਂ ਇਸ ਨੂੰ ਵਿਸਾਰ ਦਿੱਤਾ ਹੈ ਜਾਂ ਉਹ ਦੂਰ ਕਿਸੇ ਹੋਰ ਦੇਸ਼ ਚਲੇ ਗਏ ਹਨ। ਇੱਕ ਕਬਰ ‘ਤੇ ਦੋ-ਚਾਰ ਦਿਨ ਪਹਿਲਾਂ ਰੱਖਿਆ ਗੁਲਦਸਤਾ ਹੈ। ਇੱਕ ‘ਤੇ ਲਿਖਿਆ ਹੈ ‘ਦਸ ਸਾਲਾਂ ਲਈ’। ਯਾਨੀ ਇਹ ਜਗ੍ਹਾ ਦਸ ਸਾਲਾਂ ਲਈ ਖ਼ਰੀਦ ਲਈ ਗਈ ਹੈ। ਬਾਅਦ ਵਿੱਚ ਇਸ ਕਬਰ ‘ਚ ਬੰਦ ਪਿੰਜਰ ਦਾ ਕੀ ਬਣੇਗਾ? ਪਰਵੀਨ ਦੱਸਦੀ ਹੈ ਕਿ ਮਿਆਦ ਪੁੱਗਣ ਬਾਅਦ ਮੁਰਦਿਆਂ ਦੇ ਪਿੰਜਰ ਹੂੰਝ ਦਿੱਤੇ ਜਾਂਦੇ ਹਨ। ਉਹੀ ਥਾਂ ਨਵਿਆਂ ਨੂੰ ਵੇਚ ਦਿੱਤੀ ਜਾਂਦੀ ਹੈ।
ਰਤਾ ਅਗਾਂਹ ਜਾ ਕੇ ਇੱਕ ਕਬਰ ਦੁਆਲੇ ਸੁਹਣੀ ਚਾਰ ਦੀਵਾਰੀ ਹੈ, ਛੱਤ ਹੈ, ਵਿਚਕਾਰ ਖਿੜਕੀ ਹੈ। ਖਿੜਕੀ ਪਿੱਛੇ ਮਰਨ ਵਾਲੀ ਖ਼ੂਬਸੂਰਤ ਔਰਤ ਦੀ ਫੋਟੋ ਪਈ ਹੈ ਤੇ ਲਿਖਿਆ ਹੈ: ”ਇਹ ਥਾਂ ਹਮੇਸ਼ਾਂ ਲਈ ਖ਼ਰੀਦ ਕੇ ਅਦਾਇਗੀ ਕੀਤੀ ਜਾ ਚੁੱਕੀ ਹੈ।” ਇਹ ਜ਼ਰੂਰ ਕਿਸੇ ਅਮੀਰ ਖ਼ਾਨਦਾਨ ‘ਚੋਂ ਹੋਵੇਗੀ।
ਵਿਕਟਰ ਹਿਊਗੋ ਕਿੱਥੇ ਦੱਬਿਆ ਪਿਆ ਹੈ? ਨਕਸ਼ਾ ਦੁਬਾਰਾ ਦੇਖਣ ‘ਤੇ ਪਤਾ ਚੱਲਦਾ ਹੈ ਕਿ ਇੱਥੇ ਹੀ ਕਿਤੇ ਨਾਟਕਕਾਰ ਮੋਲੀਏਰ ਦੀ ਕਬਰ ਹੈ। ਵਿਚ-ਵਿਚਾਲੇ ਘੁੰਮਦਿਆਂ ਕੁਝ ਅਫ਼ਰੀਕੀ ਮੂਲ ਦੇ ਲੋਕ ਇੱਕ ਕਬਰ ‘ਤੇ ਇਕੱਠੇ ਹੋਏ ਦਿਸਦੇ ਹਨ। ਇਹ ਕਬਰ ਕਿਸੇ ਅਫ਼ਰੀਕੀ ਨੇਤਾ ਦੀ ਹੋਵੇਗੀ। ਇਹ ਲੋਕ ਉਹਦੀ ਬਰਸੀ ‘ਤੇ ਸ਼ਰਧਾ ਭੇਂਟ ਕਰਨ ਜੁੜੇ ਹਨ। ਤਦ ਅਚਾਨਕ ਨਾਵਲਕਾਰ ਪਰੂਸਤ ਦੀ ਹਰੇ ਗ੍ਰੇਨਾਈਨ ਦੇ ਪੱਥਰ ਦੀ ਬਣੀ ਕਬਰ ਦਿੱਸਦੀ ਹੈ। ਇੱਥੇ ਵੀ ਕੋਈ ਤਾਜ਼ਾ ਫੁੱਲ ਰੱਖ ਕੇ ਗਿਆ ਹੈ। ਹੋਮਿਓਪੈਥੀ ਦੇ ਬਾਨੀ ਹਾਇਨਮਾਨ ਦੀ ਵੱਡੀ ਸਾਰੀ ਕਬਰ ਦਿੱਸਦੀ ਹੈ। ਕੁਰਸੀ ‘ਤੇ ਬੈਠੇ ਦਾ ਵਿਰਾਟ ਬੁੱਤ ਹੈ। ਹਾਇਨਮਾਨ ਕਿੰਨੇ ਸਾਲ ਪੈਰਿਸ ‘ਚ ਰਹਿ ਕੇ ਹੋਮਿਓਪੈਥੀ ਦੀ ਰਿਸਰਚ ਕਰਦਾ ਰਿਹਾ। ਨਵੀਂ ਤਰ੍ਹਾਂ ਦਾ ਇਲਾਜ ਕਰ ਕੇ ਉਹਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ।
ਪਰਵੀਨ ਕਹਿੰਦੀ ਹੈ ਕਿ ਪੈਰਿਸ ‘ਚ ਹੋਰ ਵੀ ਕਬਰਸਤਾਨ ਹਨ।
ਅਸੀਂ ਬਾਹਰ ਦਾ ਰਾਹ ਲੱਭਣ ਲਈ ਨਕਸ਼ਾ ਦੇਖਦੇ ਹਾਂ। ਨਵੀਆਂ ਕਬਰਾਂ ਦਿੱਸ ਰਹੀਆਂ ਹਨ। ਅਚਾਨਕ ਅੰਗਰੇਜ਼ੀ ਲੇਖਕ ਔਸਕਰ ਵਾਈਲਡ ਦੀ ਕਬਰ ਦਿਸ ਪੈਂਦੀ ਹੈ। ਇਸ ਕਬਰ ‘ਤੇ ਲੱਗਾ ਉੱਚਾ/ਟੇਢਾ ਪੱਥਰ ਅਮੂਰਤ ਬੁੱਤ-ਤਰਾਸ਼ੀ ਦੀ ਸ਼ੈਲੀ ‘ਚ ਹੈ। ਔਸਕਰ ਵਾਈਲਡ ਦੀ ਬੇਚੈਨ ਰੂਹ ਵਰਗਾ। ਆਪਣੇ ਸਮੇਂ ਦੀਆਂ ਬੰਦਿਸ਼ਾਂ/ਰੋਕਾਂ ਨੂੰ ਫੀਤਾ-ਫੀਤਾ ਕਰਨ ਵਾਲਾ ਇਹ ਲੇਖਕ ਸਮਲਿੰਗੀ ਸੀ। ਜਦੋਂ ਉਹ ਹੋਇਆ, ਪਿਛਲੀ ਸਦੀ ਦੇ ਸ਼ੁਰੂ ‘ਚ, ਉਦੋਂ ਇੰਗਲੈਂਡ ਦੀ ਆਧੁਨਿਕਤਾ ‘ਚੋਂ ਪੁਰਾਤਨਤਾ ਦੀ ਹਮਕ ਆਉਂਦੀ ਸੀ, ਜਿਵੇਂ ਆਪਣੇ ਭਾਰਤ ‘ਚ ਹੁਣ ਤਕ ਆਉਂਦੀ ਹੈ। ਵਾਈਲਡ ਨੂੰ ਸਮਲਿੰਗੀ ‘ਕਰਤੂਤਾਂ’ ਕਰਕੇ ਜੇਲ੍ਹ ‘ਚ ਤੁੰਨ ਦਿੱਤਾ ਗਿਆ, ਜਿੱਥੇ ਉਹਨੇ ‘ਡੀ ਪਰਫੰਡਿਸ’ ਨਾਂ ਦੀ ਕਿਤਾਬ ਲਿਖੀ।
ਔਸਕਰ ਵਾਈਲਡ ਦੀ ਕਬਰ ਦੇਖਦਿਆਂ ਮੈਨੂੰ ਪਲਕ ਦੇਣੀ ਯਾਦ ਆਉਂਦੇ ਹਨ ਕੁਝ ਦਿਨ ਪਹਿਲਾਂ ਇੰਗਲੈਂਡ ਦੇ ਰੈੱਡਿੰਗ ਸ਼ਹਿਰ ‘ਚ ਗੁਜ਼ਾਰੇ ਪਲ। ਕਵੀ ਮੁਸ਼ਤਾਕ ਤੇ ਉਹਦੇ ਦੋਸਤ ਸਾਊਥਾਲ ਤੋਂ ਕਾਰ ਦੌੜਾਉਂਦੇ ਮੈਨੂੰ ਰੈੱਡਿੰਗ ਲੈ ਆਏ ਸਨ। ਟੇਮਜ਼ ਦਰਿਆ ਕਿਨਾਰੇ ਪੱਬ ਦੇ ਬਾਹਰ ਲੱਕੜ ਦੇ ਬੈਂਚ ‘ਤੇ ਬੈਠੇ ਬੀਅਰ ਪੀਣ ਲੱਗ ਪਏ। ਉੱਤੋਂ ਹਲਕੀ ਬਾਰਸ਼ ਦੀ ਫੁਹਾਰ। ਖੱਬੇ ਪਾਸੇ ਦਰਿਆ। ਸੱਜੇ ਉੱਚੀ ਦੀਵਾਰ। ਦੀਵਾਰ ਵੱਲ ਵੇਖ ਮੁਸ਼ਤਾਕ ਕਹਿੰਦਾ, ”ਇਹ ਰੈੱਡਿੰਗ ਜੇਲ੍ਹ ਹੈ, ਜਿੱਥੇ ਔਸਕਰ ਵਾਈਲਡ ਨੂੰ ਬੰਦ ਕੀਤਾ ਗਿਆ ਸੀ।”
ਨੋਕੀਲੇ ਵਿਹਾਰ ਵਾਲੇ ਲੇਖਕ ਔਸਕਰ ਵਾਈਲਡ ਦੀ ਕਬਰ ਪੈਰਿਸ ‘ਚ ਕਿਵੇਂ? ਸਿੱਲ-ਪੱਥਰ ‘ਤੇ ਜੋ ਸ਼ਬਦ ਲਿਖੇ ਹਨ ਉਨ੍ਹਾਂ ਨੂੰ ਮੈਂ ਇੱਕ ਕਾਗਜ਼ ‘ਤੇ ਉਤਾਰ ਲੈਂਦਾ ਹਾਂ। ਉਹ ਕਾਗਜ਼ ਹੁਣ ਕਿੱਥੇ ਹੈ? ਜਿਵੇਂ ਵਿਕਟਰ ਹਿਊਗੋ ਦੀ ਕਬਰ ਇੰਨਾ ਚਿਰ ਲੱਭਦਿਆਂ ਨਹੀਂ ਸੀ ਲੱਭਦੀ, ਉਹ ਕਾਗ਼ਜ਼ ਹੁਣ ਨਹੀਂ ਲੱਭ ਰਿਹਾ। ਏਦਾਂ ਵੀ ਹੁੰਦਾ।
ਕਬਰਾਂ ‘ਚ ਦੱਬੇ ਪਿਆਂ ਨਾਲ ਏਦਾਂ ਸੈਂਕੜੇ ਵਾਰ ਵਾਪਰਿਆ ਹੋਵੇਗਾ।
The post ਵਿਕਟਰ ਹਿਊਗੋ ਦੀ ਕਬਰ ਲੱਭਦਿਆਂ appeared first on Quomantry Amritsar Times.