ਆਨੰਦਪੁਰ ਸਾਹਿਬ/ਬਿਊਰੋ ਨਿਊਜ਼-
ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਦੇ ਜੀਵਨ ‘ਤੇ ਆਧਾਰਿਤ ਐਨੀਮੇਸ਼ਨ ਫਿਲਮ ‘ਚਾਰ ਸਾਹਿਬਜ਼ਾਦੇ’ ਨੂੰ ਮਿਲੇ ਭਰਪੂਰ ਹੁੰਗਾਰੇ ਅਤੇ ਫਿਲਮ ਵੱਲੋਂ ਕੀਤੇ ਗਏ ਕਰੋੜਾਂ ਰੁਪਏ ਦੇ ਕਾਰੋਬਾਰ ਤੋਂ ਬਾਅਦ ਹੁਣ ਜਲਦੀ ਹੀ ਸਿੱਖ ਧਰਮ ਨਾਲ ਸਬੰਧਤ ਹੋਰ ਫਿਲਮਾਂ ਵੀ ਸਰੋਤਿਆਂ ਨੂੰ ਦੇਖਣ ਨੂੰ ਮਿਲਣਗੀਆਂ ਕਿਉਂਕਿ ਹੁਣ ਸਿੱਖ ਧਰਮ ਨਾਲ ਸਬੰਧਤ ਫਿਲਮ ਬਣਾਉਣ ‘ਤੇ ਕੋਈ ਰੋਕ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਯਮ ਬਣਾ ਕੇ ਸਿੱਖ ਧਰਮ ਦੇ ਇਤਿਹਾਸ ਨੂੰ ਉਸਾਰੂ ਢੰਗ ਨਾਲ ਫਿਲਮਾਉਣ ਵਾਲਿਆਂ ਨੂੰ ਵਿਸ਼ੇਸ਼ ਮੌਕਾ ਦਿੱਤਾ ਹੈ।
ਫਿਲਮ ‘ਚਾਰ ਸਾਹਿਬਜ਼ਾਦੇ’ ਨੂੰ ਮਿਲੀ ਸਫਲਤਾ ਮਗਰੋਂ ਨਿਰਦੇਸ਼ਕਾਂ ਵਿੱਚ ਸਿੱਖ ਧਰਮ ‘ਤੇ ਫਿਲਮਾਂ ਬਣਾਉਣ ਦੀ ਹੋੜ ਲੱਗ ਗਈ ਹੈ। ਹੁਣ ਸ਼੍ਰੋਮਣੀ ਕਮੇਟੀ ਨੇ ਵੀ ਅਜਿਹੇ ਉਸਾਰੂ ਕਦਮਾਂ ਨੂੰ ਉਤਸ਼ਾਹਤ ਕਰਨ ਦਾ ਫ਼ੈਸਲਾ ਲਿਆ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਸਿੱਖ ਧਰਮ ‘ਤੇ ਆਧਾਰਿਤ ਫਿਲਮਾਂ ਨੂੰ ਉਤਸ਼ਾਹਤ ਕਰਨ ਲਈ ਉਨ੍ਹਾਂ ਵੱਖ-ਵੱਖ ਤਖਤਾਂ ਦੇ ਜਥੇਦਾਰਾਂ ਦੇ ਨਾਲ ਸਲਾਹ ਕਰਨ ਤੋਂ ਬਾਅਦ ਇਹ ਫ਼ੈਸਲਾ ਲਿਆ ਹੈ ਕਿ ਸਿੱਖ ਗੁਰੂਆਂ, ਉਨ੍ਹਾਂ ਦੇ ਸਾਹਿਬਜ਼ਾਦਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਸਬੰਧਤ ਜੇਕਰ ਕਿਸੇ ਨੇ ਕੋਈ ਫਿਲਮ ਬਣਾਉਣੀ ਹੈ ਤਾਂ ਉਹ ਸਿਰਫ ਐਨੀਮੇਸ਼ਨ ਫਿਲਮ ਬਣਾ ਸਕਦਾ ਹੈ। ਜੇਕਰ ਸਿੱਖ ਕੌਮ ਦੇ ਮਹਾਨ ਜਰਨੈਲਾਂ ਦੇ ਇਤਿਹਾਸ ‘ਤੇ ਆਧਾਰਿਤ ਫਿਲਮ ਬਣਾਉਣੀ ਹੈ ਤਾਂ ਉਸ ਵਿੱਚ ਅਦਾਕਾਰ ਲਏ ਜਾ ਸਕਦੇ ਹਨ ਪਰ ਉਹ ਸਾਰੇ ਅਦਾਕਾਰ ਪੂਰੇ ਖ਼ਾਲਸਾਈ ਰੂਪ ਵਿੱਚ ਹੋਣੇ ਚਾਹੀਦੇ ਹਨ ਨਾ ਕਿ ਨਕਲੀ ਦਾੜ੍ਹੀ, ਕੇਸ ਲਾ ਕੇ ਉਹ ਫਿਲਮ ਵਿੱਚ ਕੰਮ ਕਰਨ। ਇਸ ਤੋਂ ਇਲਾਵਾ ਜਿਹੜੀ ਵੀ ਫਿਲਮ ਸਿੱਖ ਇਤਿਹਾਸ ਜਾਂ ਸਿੱਖ ਧਰਮ ਨਾਲ ਸਬੰਧਤ ਹੋਵੇਗੀ, ਉਸਦੀ ਸਕਰਿਪਟ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਜ਼ੂਰ ਹੋਣੀ ਚਾਹੀਦੀ ਹੈ।
The post ਸਿੱਖ ਜਰਨੈਲਾਂ ਬਾਰੇ ਫਿਲਮਾਂ ਬਣਾਉਣ ‘ਤੇ ਹੁਣ ਕੋਈ ਰੋਕ ਨਹੀਂ appeared first on Quomantry Amritsar Times.