ਪੁਣੇ/ਬਿਊਰੋ ਨਿਊਜ਼-
‘ਖੱਟਾ ਮੀਠਾ’ ਅਤੇ ‘ਅੰਗੂਰ’ ਫਿਲਮਾਂ ਵਿੱਚ ਆਪਣੀ ਕਾਮੇਡੀ ਨਾਲ ਲੋਕ ਮਨਾਂ ‘ਤੇ ਅਮਿੱਟ ਛਾਪ ਛੱਡਣ ਵਾਲੇ ਅਦਾਕਾਰ ਤੇ ਫਿਲਮ ਨਿਰਮਾਤਾ ਦੇਵੇਨ ਵਰਮਾ (78) ਦਾ ਮੰਗਲਵਾਰ ਸਵੇਰੇ ਉਨ੍ਹਾਂ ਦੀ ਰਿਹਾਇਸ਼ ‘ਤੇ ਦੇਹਾਂਤ ਹੋ ਗਿਆ। ਉਨ੍ਹਾਂ ਆਪਣਾ ਕਰੀਅਰ ਸਟੇਜ ਕਲਾਕਾਰ ਵਜੋਂ ਸ਼ੁਰੂ ਕਰਦਿਆਂ 1961 ਵਿੱਚ ਯਸ਼ ਚੋਪੜਾ ਦੀ ਫਿਲਮ ‘ਧਰਮ ਪੁੱਤਰ’ ਵਿੱਚ ਸਹਾਇਕ ਕਲਾਕਾਰ ਵਜੋਂ ਕੰਮ ਕਰਕੇ ਬਾਲੀਵੁੱਡ ਵਿੱਚ ਆਪਣੀ ਪਾਰੀ ਦੀ ਸ਼ੁਰੂਆਤ ਕੀਤੀ ਸੀ। 1975 ਵਿੱਚ ਫਿਲਮ ‘ਚੋਰੀ ਮੇਰਾ ਕਾਮ’ ਵਿੱਚ ਕੀਤੇ ਸ਼ਾਨਦਾਰ ਕੰਮ ਬਦਲੇ ਉਨ੍ਹਾਂ ਨੂੰ ‘ਬੈਸਟ ਕਾਮੇਡੀਅਨ’ ਵਜੋਂ ਪਹਿਲਾ ਫਿਲਮ ਫੇਅਰ ਐਵਾਰਡ ਮਿਲਿਆ ਸੀ। ਉਨ੍ਹਾਂ ‘ਚੋਰ ਕੇ ਘਰ ਚੋਰ’, ‘ਅੰਗੂਰ’, ‘ਗੋਲਮਾਲ’, ‘ਖੱਟਾ ਮੀਠਾ’, ‘ਨਾਸਤਿਕ, ‘ਰੰਗ ਬਿਰੰਗੀ’, ‘ਦਿਲ’, ‘ਜੁਦਾਈ’, ‘ਅੰਦਾਜ਼ ਆਪਨਾ ਆਪਨਾ’ ਤੇ ‘ਦਿਲ ਤੋਂ ਪਾਗਲ ਹੈ’ ਰਾਹੀਂ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਸੀ। ਗੁਲਜ਼ਾਰ ਵੱਲੋਂ ਬਣਾਈ ਫਿਲਮ ‘ਅੰਗੂਰ’ ਵਿੱਚ ਦੇਵਨ ਵਰਮਾ ਵੱਲੋਂ ਨਿਭਾਏ ‘ਬਹਾਦੁਰ’ ਦੇ ਦੋਹਰੇ ਕਿਰਦਾਰ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਸੀ। ਉਨ੍ਹਾਂ 1969 ਵਿੱਚ ਫਿਲਮ ‘ਯਕੀਨ’ ਦੀ ਪੇਸ਼ਕਾਰੀ ਕਰਨ ਤੋਂ ਦੋ ਸਾਲ ਬਾਅਦ ਫਿਲਮ ‘ਨਾਦਾਨ’ ਦਾ ਨਿਰਦੇਸ਼ਨ ਕੀਤਾ। ਦੇਵਨ ਨੇ ਮਰਾਠੀ ਤੇ ਭੋਜਪੁਰੀ ਫਿਲਮਾਂ ਵਿੱਚ ਵੀ ਕੰਮ ਕੀਤਾ। ‘ਸਿਧਾਂਤਾਂ ਦੇ ਪੱਕੇ ਵਿਅਕਤੀ’ ਵਜੋਂ ਜਾਣੇ ਜਾਂਦੇ ਦੇਵਨ ਵਰਮਾ ਅਪਹਾਜਾਂ ਦਾ ਮਜ਼ਾਕ ਉਡਾਉਣ ਵਾਲੀਆਂ ਭੂਮਿਕਾਵਾਂ ਨਿਭਾਉਣ ਤੋਂ ਇਨਕਾਰ ਕਰ ਦਿੱਤਾ ਸੀ। ‘ਮੇਰੇ ਯਾਰ ਕੀ ਸ਼ਾਦੀ ਹੈ’ ਤੇ ‘ਕਲਕੱਤਾ ਮੇਲ’ ਵਿੱਚ ਕੰਮ ਕਰਨ ਮਗਰੋਂ ਉਨ੍ਹਾਂ ਫਿਲਮਾਂ ਤੋਂ ਸੰਨਿਆਸ ਲੈ ਲਿਆ ਸੀ।
The post ਹਾਸਰਸ ਕਲਾਕਾਰ ਦੇਵੇਨ ਵਰਮਾ ਦਾ ਦੇਹਾਂਤ appeared first on Quomantry Amritsar Times.