ਇਸ ਸਾਲ ਰਿਲੀਜ ਹੋਈ ‘ਪੰਜਾਬ 1984’ ਫਿਲਮ ਨੂੰ ਜਿੱਥੇ ਦੇਸ ਵਿਦੇਸ ਵਿੱਚ ਸਿੱਖਾਂ ਵਲੋਂ ਬੇਮਿਸਾਲ ਹੁੰਗਾਰਾ ਮਿਲਿਆ ਅਤੇ ਘਰ ਘਰ ਚਰਚੇ ਹੋਏ, ਉੱਥੇ ਸਿੱਖ ਭਾਈਚਾਰੇ ਸੁਚੇਤ ਅਤੇ ਪ੍ਰਤੀਬੱਧ ਹਲਕਿਆਂ ਖ਼ਾਸਕਰ ਬੁੱਧੀਜੀਵੀਆਂ ਨੇ ਇਸ ਫਿਲਮ ਸਬੰਧੀ ਗੰਭੀਰ ਸਵਾਲ ਉਠਾਏ ਸਨ ਅਤੇ ਹੁਣ ਵੀ ਗਾਹੇ-ਬਗਾਹੇ ਚਰਚਾ ਜਾਰੀ ਹੈ।
ਪੰਜਾਬੀ ਜਾਂ ਕਹਿ ਲਓ ਅਸਲ ਵਿੱਚ ਸਿੱਖ ਦਰਸ਼ਕਾਂ ਨੂੰ ਫਿਲਮ ਨੇ ਭਾਵੁਕ ਪੱਖ ਤੋਂ ਇੰਨਾ ਪ੍ਰਭਾਵਿਤ ਕੀਤਾ ਕਿ ਬਹੁਤਿਆਂ ਦਾ ਫਿਲਮ ਵਿੱਚ ਰੋਣ ਬੰਦ ਨਹੀਂ ਹੁੰਦਾ। ਉਹ ਇਸਨੂੰ ਵੇਖਦਿਆਂ ਉਹ ਇਸ ਕਦਰ ਜੁੜ/ਖੁਭ ਜਾਂਦੇ ਕਿ ਉਨ੍ਹਾਂ ਨੂੰ ਇਹ ‘ਅਪਣੀ ਹੀ ਕਹਾਣੀ’ ਲਗਦੀ। ਫਿਲਮ ਬਣਾਉਣ ਵਾਲਿਆਂ ਨੇ ਫਿਲਮਕਾਰੀ, ਪੱਟਕਥਾ, ਡਾਇਲਾਗਾਂ, ਅਤੇ ਅਦਾਕਾਰੀ ਪੱਖੋਂ ਅਜਿਹਾ ‘ਜਾਦੂਮਈ’ ਕੰਮ ਕੀਤਾ ਹੈ ਕਿ ਕਹਿੰਦੇ ਕਹਾਉਂਦੇ ਵੀ ਪੰਜਾਬ ਦੇ ਦਰਦ ਭਰੇ ਦਿਨਾਂ ਦੀ ‘ਅਸਲੀਅਤ’ ਨੂੰ ਭੁੱਲ ਭੁਲਾ ਫਿਲਮ ਵਿਚਲੇ ‘ਸੱਚ’ ਨੂੰ ਹੀ ਸਹੀ ਮੰਨ ਬੈਠਦੇ ਹਨ।
ਇਹ ਦਲੀਲਾਂ ਵੀ ਸੁੱਟ ਪਾਉਣ ਵਾਲੀਆਂ ਨਹੀਂ ਕਿ ਅਸਲ ਵਿੱਚ ‘ਪੰਜਾਬ 1984’ ਫਿਲਮ ਦਾ ਅਤੇ ਸੱਚਾਈ ਦਾ ਦੂਰ ਦਾ ਵੀ ਰਿਸ਼ਤਾ ਨਹੀਂ।
‘ਕੌਮਾਂਤਰੀ ਅੰਮ੍ਰਿਤਸਰ ਟਾਈਮਜ਼’ ਨੇ ਇਸ ਫਿਲਮ ਨੂੰ ਮਿਲ ਰਹੇ ਲੋਕ ਹੁੰਗਾਰੇ ਅਤੇ ਗੰਭੀਰ ਰਾਜਸੀ ਵਿਸਲੇਸ਼ਕਾਂ ਦੇ ਪ੍ਰਤੀਕਰਮ ਦੇ ਮੱਦੇਨਜ਼ਰ ਉਸ ਮੌਕੇ ਵੱਖ ਵੱਖ ਰਾਵਾਂ ਵਾਲੇ ਆਰਟੀਕਲ ਛਾਪੇ ।
ਮਸਲੇ ਦੀ ਗੰਭੀਰਤਾ ਨੂੰ ਧਿਆਨ ਵਿੱਚ ਰਖਦੇ ਹੋਏ ਪੰਜਾਬ/ਪੰਜਾਬੀਅਤ ਅਤੇ ਇਸ ਨਾਲ ਸਬੰਧਿਤ ਮਸਲਿਆਂ ਸਬੰਧੀ ਗੰਭੀਰ ਅਤੇ ਸਾਰਥਕ ਸੰਵਾਦ ਰਚਾਉਂਦੇ ਆ ਰਹੇ ਮੈਗਜ਼ੀਨ ”ਫਿਲਹਾਲ” ਦੇ ਤਾਜ਼ਾ ਵਿੱਚ ਛਪੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧਿਆਪਕ ਡਾ. ਗੁਰਮੁੱਖ ਸਿੰਘ ਅਤੇ ਮੈਗਜ਼ੀਨ ਦੇ ਸੰਪਾਦਕ ਗੁਰਬਚਨ ਵਲੋਂ ਲਿਖੇ ਇਸ ਆਰਟੀਕਲ ਨੂੰ ਅਸੀਂ ਪਾਠਕਾਂ ਦੀ ਨਜਰ ਕਰ ਰਹੇ ਹਾਂ-ਸੰਪਾਦਕ
‘ਪੰਜਾਬ 1984′ ਅਨੁਰਾਗ ਸਿੰਘ ਦੁਆਰਾ ਨਿਰਦੇਸ਼ਤ ਪੰਜਾਬੀ ਫ਼ਿਲਮ ਹੈ। ਇਹ ਫ਼ਿਲਮ ਅਪਰੇਸ਼ਨ ਬਲਿਊ ਸਟਾਰ ਦੇ ਆਰ-ਪਾਰ ਫ਼ੈਲੇ ਸਮੇਂ ਨੂੰ ਪਾਪੂਲਰ ਤੇ ਪੁੱਖਤਾ ਤਕਨੀਕ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਹਦੇ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ਕਲਾਕਾਰਾਂ ਦੀ ਅਦਾਕਾਰੀ ਦਰਸ਼ਕਾਂ ਨੂੰ ਚੋਖਾ ਪ੍ਰਭਾਵਿਤ ਕਰਦੀ ਹੈ। ਇਹਦੀ ਪਾਪੂਲਰ ਹਿੰਦੀ ਸਿਨੇਮਾ ਦੀ ਮਨੋਰੰਜਨੀ ਵਿਧੀ ਤੋਂ ਪਤਾ ਚਲਦਾ ਹੈ ਕਿ ਇਹਦੇ ਪਿੱਛੇ ਇਰਾਦਾ ਚੰਗਾ ਚੋਖਾ ਮੁਨਾਫ਼ਾ ਕਮਾਉਣ ਦਾ ਹੈ। ਇਸ ਇਰਾਦੇ ਵਿਚ ਨਿਰਮਾਤਾ ਆਸ ਤੋਂ ਵੱਧ ਸਫ਼ਲ ਹੁੰਦੇ ਹਨ। ਪਰ ਗੱਲ ਏਨੀ ਨਹੀਂ, ਨਾ ਏਥੇ ਮੁੱਕਦੀ ਹੈ। ਇਸ ਫ਼ਿਲਮ ਦੀ ਮੁੱਖ ਟਾਰਗੈੱਟ ਦਰਸ਼ਕ ਧਿਰ ਨੌਜਵਾਨ ਹਨ ਜਿਨ੍ਹਾਂ ਨੂੰ ਵਿਸ਼ੇ ਦਾ ਕੋਈ ਸਿੱਧਾ ਅਨੁਭਵ ਨਹੀਂ। ਇਨ੍ਹਾਂ ਨੇ 1984 ਦੀਆਂ ਘਟਨਾਵਾਂ ਬਾਰੇ ਗੱਲਾਂ ਸੁਣੀਆਂ ਹੀ ਹਨ ਜਾਂ ਥੋੜ੍ਹਾ ਬਹੁਤ ਦੇਖਿਆ/ਪੜ੍ਹਿਆ ਹੈ। ਇਹ ਫ਼ਿਲਮ ਇਸ ਧਿਰ ਨੂੰ ਇਤਿਹਾਸ/ਯਾਦਾਂ ਦਾ ਜੋ ਪਾਠ ਪੜਾਉਂਦੀ ਹੈ, ਉਹ ਇਸ ਧਿਰ ਦੇ ਚੇਤੇ/ਚੇਤਨਾ ਵਿਚ ਜਿਉਂ ਦਾ ਤਿਉਂ ਪ੍ਰਵਾਨ ਚੜ੍ਹ ਜਾਂਦਾ ਹੈ। ਇਸ ਕਰਕੇ ‘ਪੰਜਾਬ 1984′ ਅਤੇ ਇਸ ਤਰ੍ਹਾਂ ਦੀਆਂ ਹੋਰ ਫ਼ਿਲਮਾਂ ਨੂੰ ‘ਹੋਊ-ਪਰੇ’ ਨਹੀਂ ਕੀਤਾ ਜਾ ਸਕਦਾ।
ਇਹਦੇ ਨਾਲ ‘ਪੰਜਾਬ 1984′ ਨੂੰ ਮਿਲੇ ਵਿਸ਼ਾਲ ਹੁੰਗਾਰੇ ਨੂੰ ਦੇਖਦਿਆਂ ਸੁਆਲ ਪੈਦਾ ਹੁੰਦਾ ਹੈ ਕਿ ਇਸ ਹੁੰਗਾਰੇ ਦੀ ਅਸਲ ਵਜ੍ਹਾ ਕੀ ਹੈ? ਕੀ ਇਹ ਹੁੰਗਾਰਾ ਬੀਤੇ ਸਮੇਂ ਦੇ ਸਦਮਿਆਂ ਦੀ ਯਾਦ ਨੂੰ ਹੈ ਜਾਂ ਇਸ ਯਾਦ ਦੇ ਰਾਹੀਂ ਪੰਜਾਬ ਦੀ ਦਮਨ ਜ਼ੁਲਮ ਵਿਰੁੱਧ ਪ੍ਰਤਿਰੋਧੀ ਬਿਰਤੀ ਨੂੰ ਹੈ? ਜਾਂ ਇਸ ਯਾਦ ਦੇ ਉਹਲੇ ਲੁਕੀ ਸਥਾਪਤੀ ਪੱਖੀ ਵਿਚਾਰਧਾਰਾ ਨੂੰ ਹੈ?
ਦਰ ਅਸਲ, ਇਸ ਫ਼ਿਲਮ ਨੂੰ ਪ੍ਰਾਪਤ ਹੋਣ ਵਾਲਾ ਹੁੰਗਾਰਾ ਹੀ ਫ਼ਿਲਮ ਅਤੇ ਸਾਡੀ ਇਤਿਹਾਸਕ ਸਮਝਦਾਰੀ ਦਾ ਸੰਕਟ ਬਣ ਜਾਂਦਾ ਹੈ। ਅਨੇਕ ਹੋਰ ਸੁਆਲ ਪੈਦਾ ਹੁੰਦੇ ਹਨ : ਕੀ ਫ਼ਿਲਮ ਦੁਆਰਾ ਸਿਰਜਤ ਕਥਾ ਯਥਾਰਥ ਦੀ ਸ਼ਕਤੀਸ਼ਾਲੀ/ਪ੍ਰਮਾਣਿਕ ਨੱਕਾਸ਼ੀ ਹੈ? ਕੀ ਫ਼ਿਲਮ ਦੀ ਸਵੀਕਾਰਤਾ ਬੀਤੇ ਦੇ ਉਦਰੇਵੇਂ ਅਤੇ ਰੁਮਾਂਸ ਨੂੰ ਅਗ੍ਰਭੂਮੀ ਵਿਚ ਲਿਆਣ ਕਰਕੇ ਹੈ? ਕੀ ਕਲਾਤਮਤਕ ਪਕਿਆਈ ਅਤੇ ਵਿਚਾਰਧਾਰਕ ਸਮਰੱਥਾ ਕਰਕੇ ਇਹਨੂੰ ਪਸੰਦ ਕੀਤਾ ਗਿਆ ਹੈ ? ਜਾਂ ਕੀ ਇਸ ਵਿਚ ਵਾਰਧਾਰਕ ਤੌਰ ‘ਤੇ ਸਭ ਨੂੰ ਸੰਤੁਸ਼ਟ ਕਰ ਦੇਣ ਵਾਲਾ ਅਜਿਹਾ ਕੁਝ ਹੈ, ਜਿਸ ਨਾਲ ਹਰ ਕੋਈ ਇਸ ਫ਼ਿਲਮ ਤੋਂ ਸੰਤੁਸ਼ਟ ਦਿਖਾਈ ਦੇਂਦਾ ਹੈ। ਜਾਂ ਇਸ ਪੰਜਾਬੀ ਫਿਲਮ ਨੂੰ ਕਿਰਨ ਖੇਰ ਤੇ ਦਲਜੀਤ ਦੁਸਾਂਝ ਜਿਹੇ ਮਾਂਜੇ ਹੋਏ ਅਦਾਕਾਰਾਂ ਕਰਕੇ ਪਸੰਦ ਕੀਤਾ ਗਿਆ ਹੈ? ਜੁਆਬ ਇਹਦਾ ਕੁਝ ਵੀ ਹੋਵੇ, ਅਸਲੀਅਤ ਇਹ ਹੈ ਕਿ ਪੰਜਾਬ 1984′ ਸੰਨ ਚੌਰਾਸੀ ਦੇ ਘਟਨਾ-ਕ੍ਰਮ ਦੇ ਪ੍ਰਸੰਗ ਵਿਚ ਗੁੰਮਰਾਹ ਕਰਨ ਵਾਲੀ ਫਿਲਮ ਹੈ
ਫਿਲਮ ਦੇ ਥੀਮ ਦਾ ਪਿਛੋਕੜ ਗ਼ੈਰ-ਮਾਮੂਲੀ ਹੈ। ਫਿਲਮ ਦਾ ਨਾਂ ‘ਪੰਜਾਬ 1984′ ਜੋ ਰੱਖਿਆ ਗਿਆ ਹੈ, ਉਸ ਕਰਕੇ ਕਈ ਸੁਆਲ ਪੈਦਾ ਹੋ ਜਾਂਦੇ ਹਨ। ਪਰ ਇਹਦੇ ਵਿਚ ਮੌਜੂਦ ਸਮੱਗਰੀ ਤੋਂ ਤੋਂ ਪਤਾ ਚਲਦਾ ਹੈ ਇਹਦੇ ਨਿਰਮਾਤਾ ਪੰਜਾਬ 1984 ਦੇ ਸੱਚ ਨੂੰ ਸਮਝਣ ਤੋਂ ਅਸਮਰਥ ਹਨ ਤੇ ਫਿਲਮ ਦਾ ਨੈਰੇਟਿਵ ਬੁਨਦਿਆਂ ਵਿਚਾਰਧਾਰਕ/ਸਿਆਸੀ ਕੁੜਿੱਕੀ ਵਿਚ ਫਸ ਜਾਂਦੇ ਹਨ। ਸੰਨ 1984 ਦਾ ਸਮਾਂ ਪੰਜਾਬ ਦੇ ਇਤਿਹਾਸ ਵਿਚ ਵਾਪਰਣ ਵਾਲੀਆਂ ਐਪਿਕ ਪੱਧਰ ਦੀਆਂ ਦੁਸ਼ਟ, ਹਿੰਸਕ, ਦਮਨਕਾਰੀ ਤੇ ਅਭੁੱਲ ਘਟਨਾਵਾਂ ਵਾਲਾ ਹੈ। ਇਸ ਸਮੇਂ ਨੂੰ ਮਾਂ ਪੁਤ ਦੇ ਵਿਛੋੜੇ ‘ਚ ਪਈ ਤ੍ਰਾਸਦੀ ਦੀ ਆੜ ਵਿਚ ਮਨੋਰੰਜਨੀ ਜੁਗਤਾਂ ਰਾਹੀਂ ਪੇਸ਼ ਕਰਨਾ ਤੇ ਸਿੱਖ ਰੈਡੀਕਲ ਲਹਿਰ ਬਾਰੇ ਹੂੰਝਾ-ਫੇਰੂ ਨਿਰਣੇ ਪ੍ਰਸਤੁਤ ਕਰਨਾ ਫਿਲਮ ਬਨਾਣ ਵਾਲਿਆਂ ਦੀ ਉਸ ਸਮਝ ਦੀ ਦਸ ਪਾਉਂਦਾ ਹੈ ਜਿਸ ਨੂੰ ਜਾਂ ਪੌਲ ਸਾਰਤਰ ‘ਮੰਦੀ ਵਫ਼ਾ’ (bad faith) ਕਹਿੰਦਾ ਹੈ।
ਜਿਸ ਗ਼ੈਰ-ਮਾਮੂਲੀ ਪਿਛੋਕੜ ‘ਤੇ ‘ਪੰਜਾਬ 1984′ ਦਾ ਥੀਮ/ਸਮਾਂ ਟਿਕਿਆ ਹੋਇਆ ਹੈ ਉਸ ਨੂੰ ਇਹ ਫਿਲਮ ਬਾਈਪਾਸ ਕਰ ਦੇਂਦੀ ਹੈ। ਬਾਈਪਾਸ ਇਹ ਚੋਖੀ ਕਾਰੀਗਰੀ ਨਾਲ ਕਰਦੀ ਹੈ ਕਿ ਦੋ ਧਿਰਾਂ ਦੇ ਟਕਰਾ ਦੀ ਜੜ੍ਹ ਵਿਚ ਪਈ ਸਿਆਸਤ ਨਜ਼ਰ ਨਹੀਂ ਆਉਂਦੀ। ਸੰਨ 1984 ਦਾ ਨਾਤਾ ਪੰਜਾਬ ਦੇ ਲੋਕ-ਮਾਨਸ ਤੱਕ ਸੀਮਤ ਨਹੀਂ; ਇਹ ਨਾਤਾ ਉਸ ਇਤਿਹਾਸਕ/ਸਭਿਆਚਾਰਕ ਵਿਰਸੇ ਨਾਲ ਵੀ ਹੈ ਜਿਸ ਦਾ ਆਰੰਭ ਸਿੱਖ ਧਰਮ ਦੀ ਸਥਾਪਨਾ ਨਾਲ ਹੋਇਆ ਤੇ ਜਿਸ ਨੇ ਪੰਜਾਬ ਨੂੰ ਦਮਨਕਾਰੀ ਦੁਸ਼ਟ ਵਰਤਾਰੇ ਵਿਰੱਧ ਖੜਣ ਲਈ ਤਿਆਰ ਕੀਤਾ। ਇਸ ਵਿਰਸੇ ਵਿਚ ਸੰਨ 1984 ਅਜਿਹਾ ਮੋੜ ਹੈ ਜੋ ਪੰਜਾਬੀ ਬੰਦੇ ਨੇ ਧੁਰ ਅੰਦਰਲੇ ਪਾਸਾਰਾਂ ਤੱਕ ਹੰਢਾਇਆ ਹੈ। ਦੋ ਧਿਰਾਂ ਵਿਚਕਾਰ ਇਸ ਭੇੜ ਦਾ ਨਾਤਾ ਵਿਰਾਟ ਪੱਧਰ ‘ਤੇ ਵਾਪਰੀ ਮਾਨਵੀ ਹਿੰਸਾ ਨਾਲ ਤਾਂ ਹੈ ਹੀ, ਇਸ ਭੇੜ ਵਿੱਚ ਦਮਨੀ ਸਟੇਟ ਅਤੇ ਆਮ ਲੋਕਾਈ ਦੀਆਂ ਧਰਮ/ਸਭਿਆਚਾਰ ਦੀਆਂ ਮਾਣਤਾਵਾਂ ਦੇ ਭੇਤ ਵੀ ਲੁਕੇ ਹੋਏ ਹਨ। ਇਨ੍ਹਾਂ ਭੇਤਾਂ ਵਿਚ ਹਕੂਮਤ ਦੇ ਤਸ਼ੱਦਦ ਅਤੇ ਪੀੜਤ ਧਿਰ ਦੀ ਪ੍ਰਤਿਰੋਧੀ ਸਭਿਆਚਾਰਕਤਾ ਦਾ ਨੈਰੇਟਿਵ ਮੌਜੂਦ ਹੈ।
ਅਜਿਹੇ ਗ਼ੈਰ-ਮਾਮੂਲੀ ਪਿਛੋਕੜ ‘ਤੇ ਇਸ ਫਿਲਮ ਦਾ ਥੀਮ/ਸਮਾਂ ਟਿਕਿਆ ਹੋਇਆ ਹੈ ਤੇ ਜਿਸ ਪਾਪੂਲਰ ਹਿੰਦੀ ਸਿਨੇਮਾ ਦੇ ਅੰਦਾਜ਼/ਸ਼ੈਲੀ ਵਿਚ ਥੀਮ ਨੂੰ ਪ੍ਰਸਤੁਤ ਕੀਤਾ ਜਾਂਦਾ ਹੈ ਉਹ ਸਿਖਰ ਦੀ ਗ਼ੈਰ-ਜ਼ਿੰਮੇਵਾਰੀ ਵਾਲਾ ਕਾਰਜ ਹੈ। ਇਸ ਤੋਂ ਫਿਲਮ ਬਨਾਣ ਵਾਲਿਆਂ ਦੀ ਪੰਜਾਬ ਪ੍ਰਤਿ ‘ਮੰਦੀ ਵਫ਼ਾ’ (bad faith) ਹੀ ਪ੍ਰਗਟ ਨਹੀਂ ਹੁੰਦੀ, ਮੁਨਾਫ਼ਾ ਕਮਾਉਣ ਦੀ ਅਮੋੜ ਬਿਰਤੀ ਵੀ ਦਿਖਾਈ ਦੇਂਦੀ ਹੈ।
ਮੰਦੀ ਵਫ਼ਾ ਦਾ ਵਿਰੋਧ ਸੱਚ ਦੀ ਤਲਾਸ਼ ਨਾਲ ਹੈ। ਵਰਗਲਾਣਾ ਤੇ ਭੁਲਾਵਾ ਪੈਦਾ ਕਰਨਾ ਪਾਪੂਲਰ ਸਿਨੇਮਾ ਦਾ ਖਾਸਾ ਹੁੰਦਾ ਹੈ। ਇਹ ਨਹੀਂ ਕਿ ‘ਪੰਜਾਬ 1984′ ਬਨਾਣ ਵਾਲਿਆਂ ਨੂੰ ਇਮਾਨਦਾਰੀ ਦੀ ਇਸ ਤੋਟ ਦਾ ਪਤਾ ਨਹੀਂ। ਪਤਾ ਹੈ, ਪਰ ਉਹ ਜਿਸ ਲਾਲਸਾ/ਲਾਚਾਰੀ ਅਧੀਨ ਫ਼ਿਲਮ ਦਾ ਨੈਰੇਟਿਵ ਤਿਆਰ ਕਰਦੇ ਹਨ ਉਸ ਨੂੰ ਛੁਪਾਉਣਾ ਵੀ ਚਾਹੁੰਦੇ ਹਨ। ਵਰਨਾ ਅਨੇਕ ਵਾਰ ਦਿੱਤੀਆਂ ਇੰਟ੍ਰਵਿਊਆਂ ਵਿਚ ‘ਪੰਜਾਬ 1984′ ਦੇ ਨਿਰਦੇਸ਼ਕ ਤੇ ਪਟਕਥਾ ਲੇਖਕ ਨੂੰ ਫ਼ਿਲਮ ਦੇ ਥੀਮ ਬਾਰੇ ਸਫਾਈ ਦੇਣ ਦੀ ਲੋੜ ਨਾ ਪੈਂਦੀ। ਇਹ ਸਫ਼ਾਈ ਛਲਾਵੇ/ਭੁਲਾਵੇ ਵਾਲੇ ਕਾਰੋਬਾਰੀ ਪੈਰਾਡਾਈਮ ਦੀ ਹੀ ਇਕਾਈ ਹੈ। ਫ਼ਿਲਮ ਬਨਾਣ ਵਾਲਿਆਂ ਦੇ ਬਿਆਨਾਂ ਅਤੇ ਫਿਲਮ ਵਿਚ ਪ੍ਰਸਤੁਤ ਘਟਨਾਵਲੀ ਵਿਚ ਤਕੜਾ ਅੰਤਰ-ਵਿਰੋਧ ਹੈ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਫਿਲਮ ਜੇ ਟੈਕਸਟ ਜਾਂ ਕ੍ਰਿਤੀ ਹੈ ਤਾਂ ਉਹਦਾ ਅਸਲ ਉਸਦੀ ਬਣਤਕਾਰੀ ਵਿਚ ਪਿਆ ਹੁੰਦਾ ਹੈ, ਨਾ ਕਿ ਉਨ੍ਹਾਂ ਇਰਾਦਿਆਂ ਵਿਚ ਜਿਸ ਨੂੰ ਨਿਰਦੇਸ਼ਕ ਜਾਂ ਹੋਰ ਕੋਈ ਪ੍ਰੈੱਸ ਕਾਨਫਰੰਸਾਂ ਵਿਚ ਪ੍ਰਗਟ ਕਰਦਾ ਹੈ।
ਨਿਰਦੇਸ਼ਕ ਅਨੁਰਾਗ ਸਿਘ ਦਾ ਕਹਿਣਾ ਹੈ : ”ਅਸੀਂ ਸਿਰਫ਼ ਇਮੋਸ਼ਨਲ ਕਹਾਣੀ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਇਹ ਸਾਰੀ ਟਰੈਜਡੀ ਨੂੰ ‘ਐਜ਼ ਏ ਹਿਊਮਨ ਟਰੈਜਡੀ’ ਦੇਖਦਿਆਂ ਹੋਇਆਂ ਅਸੀਂ ਆਪਣੀ ਕਹਾਣੀ ਕਹੀ ਆ। ਸਾਡਾ ਸਿਰਫ਼ ਜੋ ਕਨਸਰਨ ਆ, ਉਹ ਹਿਊਮਨ ਐਂਗਲ ਆ ਹੋਰ ਸਾਡਾ ਕੋਈ ਕਨਸਰਨ ਨੀ . . . ”
ਇਸ ਕਥਨ ਨੂੰ ਫਿਲਮ ਦੇ ਨਾਂ ‘ਪੰਜਾਬ 1984′ ਦੇ ਸਾਹਮਣੇ ਰੱਖ ਕੇ ਦੇਖੋ। ਜੇ ਫਿਲਮ ਦੇ ਨਿਰਮਾਣ ਪਿੱਛੇ ਇਰਾਦਾ ‘ਸਿਰਫ਼ ਇਮੋਸ਼ਨਲ ਕਹਾਣੀ’ ਕਹਿਣ ਦਾ ਹੈ ਤਾਂ ਇਹ ਨਾਂ ਰੱਖਣਾ ਕਿਵੇਂ ਉਚਿਤ ਹੈ? ਪ੍ਰਗਟ ਇਹ ਹੁੰਦਾ ਹੈ ਕਿ ਨਿਰਦੇਸ਼ਕ 1984 ਦੀਆਂ ਘਟਨਾਵਾਂ ਨਾਲ ਜੁੜੀ ਹੋਈ ਤ੍ਰਾਸਦੀ ਦਾ ਕਾਰੋਬਾਰੀ ਇਰਾਦੇ ਨਾਲ ਸ਼ੋਸ਼ਣ ਕਰਨਾ ਚਾਹੁੰਦਾ ਹੈ। ਉਹ ਪੰਜਾਬੀ ਫ਼ਿਲਮਕਾਰੀ ਦੇ ਨਿਰਮਾਨ ਦੀ ਸੀਮਾ ਦੇ ਅੰਦਰ-ਬਾਹਰ ਸਮੇਂ ਨੂੰ ਬਿਨ੍ਹਾਂ ਕਿਸੇ ਵਾਧੂ ਮੁਸ਼ੱਕਤ ਦੇ ਬੰਨ੍ਹਦਾ ਹੈ। ਨਾਇਕ ਅਤੇ ਖਲਨਾਇਕ ਦੇ ਟਕਰਾ ਵਾਲੇ ਜਾਣੇ ਪਛਾਣੇ ਘਟਨਾ ਚੱਕਰ ਨੂੰ ਉਸਾਰਨ ਦੀ ਇੱਛਾ, ਜੋ ਇਸ ਫਿਲਮ ਦੇ ਪਹਿਲੇ ਅੱਧ ਵਿਚ ਪ੍ਰਗਟ ਹੈ, ਵਿਚ ਕੁਝ ਨਵਾਂ ਜਾਂ ਵੱਖਰਾ ਨਹੀਂ ਤੇ ਇਹ ਸਾਰਥਿਕ ਕੁਝ ਕਹਿਣ ਵਿਚ ਰੋਕ ਬਣ ਜਾਂਦੀ ਹੈ। ਅਜਿਹੀ ਫਿਲਮਕਾਰੀ ਵਿਚ ਇਕੋ ਗੱਲ ਦਾ ਖ਼ਿਆਲ ਰੱਖਿਆ ਜਾਂਦਾ ਹੈ ਕਿ ਰਾਜ-ਸੱਤਾ ਦੇ ਲੱਗੇ ਫਿਲਟਰ (ਸੈਂਸਰ ਬੋਰਡ) ‘ਚੋਂ ਫਿਲਮ ਲੰਘ ਜਾਵੇ।
‘ਇਮੋਸ਼ਨਲ ਕਹਾਣੀ’ ਦੀ ਜੋ ਨਿਰਦੇਸ਼ਕ ਗੱਲ ਕਰਦਾ ਹੈ ਉਹ ਸੱਤਾ ਦੀ ਦਮਨੀ ਬਣਤਰ ਦਾ ਹੀ ਅੰਗ ਹੈ। ਇਹ ਸੰਨ ਚੁਰਾਸੀ ਨਾਲ ਜੁੜੀਆਂ ਇਤਿਹਾਸਕ/ਸਮਾਜਿਕ ਅਤਰ-ਤੰਦਾਂ ਦੇ ਜਾਲ ‘ਚੋਂ ਸਿਰਫ਼ ਇਕੋ ਤੰਦ ਹੈ, ਤੇ ਇਹਨੂੰ ਛੁਹਿਆ ਵੀ ਦਰਸ਼ਕਾਂ ਨੂੰ ਭਾਵੁਕ ਕਰਕੇ ਬਾੱਕਸ ਆਫਿਸ ਵਲ ਖਿੱਚਣ ਦੀ ਜੁਗਤ ਵਜੋਂ ਗਿਆ ਹੈ। ਪੰਜਾਬ ਅਤੇ ਸੰਨ 1984 ਦੇ ਪ੍ਰਸੰਗ ਵਿਚ ਏਦਾਂ ਦੀ ਪੇਸ਼ਕਾਰੀ ਤਕ ਸੀਮਤ ਰਹਿਣਾ ਦਰਸ਼ਕਾਂ ਨਾਲ ਛਲਾਵਾ ਹੈ।
ਮਾਂ ਦੇ ਦੁੱਖ ਦੀ ਜਿਹੜੀ ਕਹਾਣੀ ਇਸ ਫ਼ਿਲਮ ਦੀ ਖਾਤਰ ਬੁਣੀ ਗਈ ਹੈ ਉਹਦੇ ਪਿੱਛੇ ਪੁਲਿਸ ਦੇ ਤਸ਼ੱਦਦੀ ਚਿਹਰੇ ਵਿਚ ਵੱਖਰਾ ਕੀ ਹੈ? ਇਸ ਤਸ਼ੱਦਦ ਪਿੱਛੇ ਕੀ ਕੋਈ ਰਾਜਨੀਤਕ ਐਂਗਲ ਨਹੀਂ ਹੈ? ਪੁਲਿਸ ਦਾ ਦੁਸ਼ਟ ਚਿਹਰਾ ਤਾਂ ਅਗਰੇਜ਼ਾਂ ਵੇਲੇ ਤੋਂ ਹੀ ਦੇਖਣ ਨੂੰ ਮਿਲਦਾ ਹੈ। ਪੁਲਿਸ ਪਿੱਛੇ ਉਸ ਸੱਤਾ ਅਤੇ ਇਹਦੀ ਰਾਜਨੀਤੀ ਵਲ ਇਸ਼ਾਰਾ ਕੀਤੇ ਬਗ਼ੈਰ ਫਿਲਮ ਵਿਚ ਪ੍ਰਸਤੁਤ ‘ਮਾਂ ਦੀ ਪੀੜਾ’ ਨੂੰ ਕਿਵੇਂ ਸਮਝਿਆ ਜਾ ਸਕਦਾ ਹੈ? ਪੰਜਾਬ ਦਾ ਸਮੁੱਚਾ ਪ੍ਰਤਿਰੋਧੀ ਖਾਸਾ ਫ਼ਿਲਮ ਦੇ ਨਾਇਕ ਦੀ ਨਿੱਜੀ ਗੁਸਾਈ ਅਲਗਰਜ਼ੀ (ਖੇਤ ਵਿਚ ਜਾ ਕੇ ਥਾਣੇਦਾਰ ਅਤੇ ਆਪਣੇ ਸ਼ਰੀਕ ਨੂੰ ਧਮਕੀਆਂ ਦੇਣਾ) ਅਤੇ ਪੁਲਿਸ ਦੀ ਫ਼ਿਲਮੀ ਤਰਜ਼ ਦੀ ਖਲਨਾਇਕੀ ਤੱਕ ਸਿਮਟ ਜਾਂਦਾ ਹੈ। ਜ਼ਾਹਿਰ ਹੈ, ਇਤਿਹਾਸ/ਯਾਦਾਂ ਨੂੰ ਪੁਨਰ-ਸਿਰਜਦੀ ਇਹ ਫ਼ਿਲਮ ਖੁਦ ਹੀ ਵਿਚਾਰਧਾਰਾ ਬਣਨ ਦੀ ਤਮ੍ਹਾ ਪਾਲ਼ਦੀ ਹੈ। ਜਿਨ੍ਹਾਂ ਦੀ ਪੀੜਾ ਬਾਰੇ ਹਾਅ ਦਾ ਨਾਹਰਾ ਮਾਰਨ ਦਾ ਦਾਅਵਾ ਕਰਦੀ ਹੈ, ਉਨ੍ਹਾਂ ਨਾਲ ਨੈਤਿਕ ਪੱਧਰ ‘ਤੇ ਅਨਿਆ ਕਰਦੀ ਹੈ।
ਪੰਜਾਬ ਦੇ ਮੁੰਡਿਆ ਦੇ ਖਾੜਕੂ ਲਹਿਰ ਵਿਚ ਤੁਰ ਜਾਣ ਦਾ ਕਾਰਨ ਕੀ ਪੁਲਿਸ ਦਾ ਤਸ਼ੱਦਦ ਹੀ ਹੈ ਜਾਂ ਇਸ ਤਸ਼ੱਦਦ ਪਿੱਛੇ ਕੰਮ ਕਰਦੀ ਕੋਈ ਰਾਜਨੀਤੀ ਹੈ? ਕੀ ਲਹਿਰ ਵਿਚ ਤੁਰ ਗਏ ਮੁੰਡਿਆਂ ਦੀ ਮਨਸ਼ਾ ਕੇਵਲ ਪੁਲਿਸ ਹੱਥੋਂ ਮਰਨਾ ਅਤੇ ਹੋਰਾਂ ਨੂੰ ਮਾਰਨਾ ਹੀ ਸੀ? ਕੀ ਲਹਿਰ ਦਾ ਖਾਸਾ ਏਨਾ ਹੀ ਇਕਹਿਰਾ ਤੇ ਹਿੰਸਕ ਸੀ? ਕੀ ਸੱਤਾ ਦੀਆਂ ਏਜੰਸੀਆਂ ਦਾ ਇਸ ਵਿਚ ਕੋਈ ਹੱਥ ਨਹੀਂ ਸੀ? ਕੀ ਪੰਜਾਬ ਦੀਆਂ ਆਰਥਿਕ, ਸਭਿਆਚਾਰਕ ਅਤੇ ਧਾਰਮਿਕ ਮੰਗਾਂ/ਲੋੜਾਂ ਇਸ ਲਹਿਰ ਦੇ ਕੇਂਦਰ ਵਿਚ ਨਹੀਂ ਸਨ? ਘਰਾਂ ਵਿਚ ਬੈਠੇ ਯੁਵਕ ਜਦ ਰੈਡੀਕਲ ਰਾਹ ਅਪਣਾਂਦੇ ਹਨ ਤਾਂ ਕੀ ਇਹਦੇ ਪਿੱਛੇ ਸਿਆਸੀ ਜਾਂ ਸਭਿਆਚਾਰਕ ਕਾਰਣ ਨਹੀਂ ਹੁੰਦੇ? ਕੀ ਨਕਸਲੀ ਲਹਿਰ ਦੌਰਾਨ ਯੁਵਕ ਸ਼ੁਗਲੀਆ ਤੌਰ ‘ਤੇ ‘ਰੈਡੀਕਲ’ ਬਣ ਗਏ? ਕੀ ਉਹ ਤਬਦੀਲੀ ਦੀ ਉਮੰਗ ਨਾਲ ਵਿੰਨ੍ਹੇ ਹੋਏ ਨਹੀਂ ਸਨ? ਕੀ ਜਿਸ ਨੂੰ ਧਾਰਮਿਕ ਜਨੂੰਨ ਕਿਹਾ ਜਾਂਦਾ ਉਹ ਹਵਾ ‘ਚੋਂ ਪੈਦਾ ਹੋ ਜਾਂਦਾ ਹੈ? ਕੀ ਪੰਜਾਬ ਵਿਚ ਨਿਸ਼ੇਧੀ ਤਰਜ਼ ਦੀ ਹਿੰਸਾ ਵਿਚ ਸੱਤਾ ਦੀ ਦਮਨੀ ਰਾਜਨੀਤੀ ਦਾ ਕੋਈ ਹੱਥ ਨਹੀਂ ਸੀ? ਸੁਆਲਾਂ ਦੇ ਸੁਆਲ ਪੈਦਾ ਹੁੰਦੇ ਹਨ ਤੇ 1984 ਦੀ ਵਿਰਾਟ ਪੱਧਰ ਦੀ ਭੇੜ ਪਿੱਛੇ ਦੋ ਵਿਰੋਧੀ ‘ਨੈਰੇਟਿਵ’ ਸਾਕਾਰ ਹੁੰਦੇ ਹਨ : ਪੰਜਾਬੀ ਲੋਕ ਮਾਨਸ ਦਾ ਨੈਰੇਟਿਵ ਤੇ ਕੇਂਦਰੀ ਸੱਤਾ ਦਾ ਨੈਰੇਟਿਵ। ਏਥੇ ਇਕ ਗੱਲ ਤਾਂ ਸਪਸ਼ਟ ਹੀ ਹੈ ਕਿ ਸੱਤਾ ਦਾ ਗਰੈਂਡ ਨੈਰੇਟਿਵ ਲੰਮੇ ਚਿਰ ਤੋਂ ਪੰਜਾਬ ਵਿਚ ਆਪਣਾ ਪ੍ਰਭੁਤਵ ਸਥਾਪਿਤ ਕਰਨ ਦੇ ਯਤਨ ਵਿਚ ਰਿਹਾ ਹੈ।
ਏਹਨਾਂ ਸੁਆਲਾਂ ਦੇ ਪ੍ਰਸੰਗ ਵਿਚ ਦੇਖਿਆਂ ਸਪਸ਼ਟ ਇਹੀ ਹੁੰਦਾ ਹੈ ਕਿ ‘ਪੰਜਾਬ 1984′ ਪ੍ਰਭੁਤਵੀ ਮਹਾਂ ਬਿਰਤਾਂਤ (‘ਗਰੈਂਡ ਨੈਰੇਟਿਵ’) ਦਾ ਹੀ ਉਪ-ਬਿਰਤਾਂਤ (ਸਬ ਨੈਰੇਟਿਵ) ਹੈ।
ਪੰਜਾਬੀ ਦਾ ਸਮਰੱਥ ਨੌਜਵਾਨ ਨਾਵਲਕਾਰ ਜਸਬੀਰ ਮੰਡ ਇਸ ਫ਼ਿਲਮ ‘ਤੇ ਲਿਖੇ ਇਕ ਲੇਖ ਵਿਚ ਲਿਖਦਾ ਹੈ, ”ਸੁਆਲ ਇਹ ਨਹੀਂ ਕਿ ਅਜਿਹਾ ਨਹੀਂ ਹੋਇਆ (ਜਿਸ ਤਰ੍ਹਾਂ ਕਿ ਫ਼ਿਲਮ ਵਿਚ ਦਿਖਾਇਆ ਜਾਂਦਾ ਹੈ), ਮਸਲਾ ਇਹ ਹੈ ਕਿ ਫ਼ਿਲਮ ਉਸ ਕਾਰਨ ਨੂੰ ਫ਼ੜ ਕੇ ਉਸਰਦੀ ਹੈ ਜੋ ਸੰਕਟ ਸਮੇਂ ਦੇ ਸਭ ਤੋਂ ਅਖੀਰਲੇ ਕਾਰਨਾਂ ਵਿੱਚੋਂ ਇਕ ਸੀ। ਇਹ ਤਾਂ ਦੁਖਾਂਤ ਦੀਆਂ ਛੋਟੀਆਂ ਛੋਟੀਆਂ ਤੰਦਾਂ ਸਨ। ਜੋ ਮੁੱਖ ਧਾਰਾ ਸੀ, ਜਿਸ ਕਾਰਨ ਇਹ ਤੰਦਾਂ ਪ੍ਰਭਾਵਿਤ ਹੋਈਆਂ; ਉਹ ਕਾਰਨ ਹੀ ਫ਼ਿਲਮ ਵਿੱਚੋਂ ਗਾਇਬ ਨਜ਼ਰ ਆਉਂਦੇ ਹਨ।”
ਸੰਵਾਦ ਲੇਖਕ ਸੁਰਮੀਤ ਮਾਵੀ ਦਾ ਕਹਿਣਾ ਹੈ : ”ਅਸੀਂ ਇਕ ਸਿਆਸੀ ਨਹੀਂ ਸਗੋਂ ਜਜ਼ਬਾਤੀ ਫ਼ਿਲਮ ਬਣਾਈ ਹੈ”
ਇਹ ਫਿਲਮ ਸਿਆਸੀ ਕਿਵੇਂ ਨਹੀਂ ਹੈ? ਕੀ 1984 ਅਤੇ ਇਸ ਦੇ ਆਰ ਪਾਰ ਦੀਆਂ ਘਟਨਾਵਾਂ ਨੂੰ ਬਿਨ੍ਹਾਂ ਕਿਸੇ ਦਾ ਪੱਖ ਪੂਰਿਆਂ ਪੇਸ਼ ਕੀਤਾ ਜਾ ਸਕਦਾ ਹੈ? ਕੀ ਸੰਕਟ ਸਮਿਆਂ ਦੀ ਕੋਈ ਕਥਾ ਨਿਰਪੱਖ ਹੋ ਸਕਦੀ ਹੈ, ਕਿਉਂਕ ਪੱਖ ਨਾ ਲੈਣਾ ਵੀ ਤਾਂ ਕਿਸੇ ਨਾ ਕਿਸੇ ਦਾ ਪੱਖ ਲੈਣਾ ਹੀ ਹੁੰਦਾ ਹੈ।
ਨਿਰਦੇਸ਼ਕ ਅਨੁਰਾਗ ਸਿੰਘ ਦੇ ਬਿਆਨ ਦਾ ਅਗਲਾ ਹਿੱਸਾ ਹੈ : ”ਅਸੀਂ ਕਿਸੇ ਪਰਟੀਕੁਲਰ ਕਮਿਊਨਿਟੀ ਦੇ ਹੱਕ ਵਿਚ ਗੱਲ ਨਹੀਂ ਕੀਤੀ। ਅਸੀਂ ਹਰੇਕ ਦੇ ਦਰਦ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਹਿਊਮੈਨਿਟੀ ਇਸੇ ਵਿਚ ਆ।”
ਇਸ ਸਿੱਧੜ ਲੱਗਦੇ ਬਿਆਨ ਦੀ ਡੂੰਘ ਵਿਚ ਤਕੜਾ ਅੰਤਰ-ਵਿਰੋਧ ਇਹ ਹੈ ਕਿ ‘ਹਰੇਕ ਧਿਰ’ ਕਿਹੜੀ ਹੈ, ਪਹਿਲਾਂ ਤਾਂ ਫ਼ਿਲਮ ‘ਚ ਪਤਾ ਨਹੀਂ ਲੱਗਦਾ। ਦੂਜਾ, ਕੀ ਏਨੇ ਭਿਅੰਕਰ ਘਟਨਾ-ਕ੍ਰਮ ਵਿਚ, ਜਿਸ ਵਿਚੋਂ ਮਾਂ ਦੇ ਪੁੱਤ ਤੋਂ ਵਿਛੋੜੇ ਦਾ ਬਿਰਤਾਂਤ ਲਿਆ ਗਿਆ ਹੈ, ਦੋਨਾਂ ਧਿਰਾਂ ਦਾ ਸੱਚ ਇਕੋ ਜਿਹਾ ਹੈ?”
ਸਮਝਣ ਵਾਲੀ ਗੱਲ ਇਹ ਹੈ ਕਿ ਨਿਰਪੱਖਤਾ ਅੱਤਿਆਚਾਰੀ ਦੀ ਮਦਦ ਕਰਦੀ ਹੈ। ਇਹ ਮਜ਼ਲੂਮ ਲਈ ਕਦੇ ਵੀ ਮਦਦਗਾਰ ਸਾਬਿਤ ਨਹੀਂ ਹੁੰਦੀ। ਖਾਮੋਸ਼ੀ ਜ਼ੁਲਮ ਕਰਨ ਵਾਲੇ ਨੂੰ ਉਤਸ਼ਾਹਿਤ ਕਰਦੀ ਹੈ, ਜ਼ੁਲਮ ਸਹਿਣ ਵਾਲੇ ਲਈ ਇਹ ਕਦੇ ਵੀ ਉਤਸ਼ਾਹਜਨਕ ਨਹੀਂ ਹੁੰਦੀ। 1984 ਤੋਂ ਬਾਅਦ ਸਮਾਂ ਸਿੱਖ/ਪੰਜਾਬੀ ਮਾਨਸਿਕਤਾ ਲਈ ਦੁੱਖ, ਸਦਮੇ, ਚਿੰਤਨ ਅਤੇ ਰਾਜਨੀਤਕ ਵਿਚਾਰਾਂ/ਬਹਿਸਾਂ ਦਾ ਵਿਸ਼ਾ ਰਿਹਾ ਹੈ। ਇਹਦੇ ਨਾਲ ਸਿੱਖ ਸਵੈ-ਪਛਾਣ ਦਾ ਸੁਆਲ ਵੀ ਉਭਰ ਕੇ ਆਉਂਦਾ ਰਿਹਾ ਹੈ ਜਿਸ ਤੋਂ ਸਪਸ਼ਟ ਹੈ ਕਿ ਪੰਜਾਬ ਦੀ ਲੋਕਾਈ ਨਾਲ ਐਪਿਕ ਪੱਧਰ ਦਾ ਦਮਨ ਵਾਪਰਿਆ ਹੈ। ਜੇ ਨਵੰਬਰ 1984 ਦਾ ਸਿੱਖ ਕਤਲੇਆਮ ਇਸ ਵਿਚ ਸ਼ਾਮਿਲ ਕਰ ਲਿਆ ਜਾਵੇ ਤਾਂ ਹਿੰਸਕ ਦਮਨ ਦੀਆਂ ਪ੍ਰਤਿਧੁਨੀਆਂ ਧਰਤੀ-ਆਕਾਸ਼ ਵਿਚਲੀ ਵਿੱਥ ਨਾਲ ਜਾ ਟਕਰਾਂਦੀਆਂ ਹਨ। ਜੇ ਅਜਿਹਾ ਨਾ ਹੁੰਦਾ ਤਾਂ ਤਿੰਨ ਦਹਾਕਿਆਂ ਬਾਅਦ ਵੀ ਅਪ੍ਰੇਸ਼ਨ ਬਲੂਸਟਾਰ ਤੇ ਨਵੰਬਰ 84 ਦੀ ਪੀੜਤ ਧਿਰ ਲਈ ਸਭ ਕੁਝ ਉਸੇ ਤਰ੍ਹਾਂ ਤਰੋ-ਤਾਜ਼ਾ ਨਾ ਰਹਿਦਾ ਤੇ ਇਹਨੂੰ ਪਿਛਲੀ ਸਦੀਆਂ ਦੇ ਸਿੱਖ ਘਲੂਘਾਰਿਆਂ ਤੋ ਬਾਅਦ ਵਾਪਰਣ ਵਾਲਾ ਘਲੂਘਾਰਾ ਨਾ ਸਮਝਿਆ ਜਾਂਦਾ ਹੈ।
ਫਿਲਮ ਨੂੰ ਬਨਾਣ ਵਾਲਿਆਂ ਦੇ ‘ਜ਼ਿੰਮੇਵਾਰੀ ਅਦਾ ਕਰਨ’ ਵਾਲੇ ਇਰਾਦੇ ਦਾ ਕਾਰੋਬਾਰ ਦਾ ਸ਼ਿਕਾਰ ਹੋਣਾ ਅਲੋਕਾਰ ਗੱਲ ਨਹੀਂ। ਇਹ ਫ਼ਿਲਮ ਧੱਕਾ ਤਦ ਕਰਦੀ ਹੈ ਜਦ ਇਹ ਚੰਗੀਆਂ ਤਕਨੀਕੀ ਜੁਗਤਾਂ ਰਾਹੀਂ ਦਮਨਕਾਰੀ ਧਿਰ ਦੀ ਵਿਚਾਰਧਾਰਾ ਨੂੰ ਲੁਪਤ ਢੰਗ ਨਾਲ ਸਹੀ ਦਸਦੀ ਹੈ। ਦਲਜੀਤ ਦੋਸਾਂਝ ਤੇ ਕਿਰਨ ਖੇਰ ਦੀ ਪ੍ਰਭਾਵਸ਼ਾਲੀ ਅਭਿਨੈ ਛਲਾਵੇ ਨੂੰ ਸੱਚ ਵਾਂਗ ਪ੍ਰਸਤੁਤ ਕਰਨ ਦੀ ਵਿਕ੍ਰਿਤ ਜੁਗਤ ਬਣ ਜਾਂਦੀ ਹੈ। ਕਿਰਨ ਖੇਰ ਦੀ ਮਾਂ ਦੇ ਰੂਪ ਵਿਚ ਭਾਵੁਕ ਅਦਾਕਾਰੀ ਫਿਲਮ ਦੀ ਖਿੱਚ ਦੇ ਕੇਂਦਰ ਵਿਚ ਰਹਿੰਦੀ ਹੈ; ਤਦ ਪਤਾ ਚਲਦਾ ਹੈ ਕਿ ਫਿਲਮਕਾਰ ਦਰਸ਼ਕਾਂ ਨੂੰ ਖਿੱਚਣ ਦੇ ਸਾਰੇ ਹੱਥਕੰਢੇ ਵਰਤ ਰਹੇ ਹਨ।
ਇਕ ਹੋਰ ਮਿਸਾਲ : ਮੁੱਢਲੇ ਘਟਨਾ-ਕ੍ਰਮ ਵਿਚ ਅਪਰੇਸ਼ਨ ਬਲਿਊ ਸਟਾਰ ਵਾਲੀ ਰਾਤ ਦਾ ਪਰਿਕਰਮਾ ਦਾ ਸ਼ਾੱਟ ਹੈ ਜਦ ਫ਼ਿਲਮ ਦੇ ਨਾਇਕ ਦਾ ਪਿਤਾ ਦਰਬਾਰ ਸਾਹਿਬ ਵਿਚ ਇਕ ਪਿਆਸੇ ਬੱਚੇ ਲਈ ਸਰੋਵਰ ਤੋਂ ਪਾਣੀ ਲੈਣ ਗਿਆ ਗੋਲੀਆਂ ਨਾਲ ਵਿੰਨ੍ਹ ਦਿੱਤਾ ਜਾਂਦਾ ਹੈ। ਇਹ ਸ਼ਾੱਟ ਦਰਸ਼ਕਾਂ ਦੀ ਸੁਤਾ ਨੂੰ ਅੰਸ਼ਿਕ ਮਾਤਰ ਬਲੂ ਸਟਾਰ ਦੀ ਭਿਅੰਕਰਤਾ ਨਾਲ ਜੋੜਦਾ ਹੈ ਜਿਸ ਨਾਲ ਉਹ ਫਿਲਮ ਵਿਚ ਵਾਪਰਣ ਵਾਲੀ ਹਰ ਘਟਨਾ ਨੂੰ ਗ਼ੈਰ-ਪਾਰਖੂ ਨਿਗਾਹਾਂ ਨਾਲ ਦੇਖਣ ਲੱਗ ਪੈਂਦੇ ਹਨ ਤੇ ਨਿਰਦੇਸ਼ਕ ਆਪਣੀ ਤੈਅਸ਼ੁਦਾ ਪਾਠਗਤ ਰਣਨੀਤੀ ( textual strategy) ਅਨੁਸਾਰ ਛਲਾਵੇ ਵਾਲਾ ਬਿਰਤਾਂਤ ਉਧੇੜਨ ਲੱਗਦਾ ਹੈ।
ਅੰਤ ਵਿਚ ਕਹਿਣਾ ਇਹ ਹੈ ਕਿ ਪੰਜਾਬ ਦੇ ਸੰਕਟ ਸਮੇਂ ‘ਤੇ ਫ਼ਿਲਮ ਬਣਨ ਬਣਾਉਣ ਦੀ ਜਿਹੜੀ ਥਾਂ ਪਿਛਲੇ ਕੁਝ ਸਾਲਾਂ ਤੋਂ ਪ੍ਰਾਪਤ ਹੋਈ ਹੈ, ਇਹ ਹਮੇਸ਼ਾਂ ਪ੍ਰਾਪਤ ਨਹੀਂ ਸੀ। ਪੰਜਾਬ ਵਿਚ ਤਾਂ ਬਿਲਕੁਲ ਵੀ ਪ੍ਰਾਪਤ ਨਹੀਂ ਸੀ। ਪਿੱਛੇ ਜਿਹੇ ਮਿਲੀਟੈਂਟ ਲਹਿਰ ਦੇ ਵਿਸ਼ੇ ਨਾਲ ਸਬੰਧਿਤ ਫ਼ਿਲਮ ‘ਸਾਡਾ ਹੱਕ’ ਨੂੰ ਰਿਲੀਜ਼ ਹੋਣ ਹਿੱਤ ਸੈਂਸਰ ਬੋਰਡ ਅਤੇ ਪੰਜਾਬ ਸਰਕਾਰ ਨਾਲ ਮੁਸ਼ਕਲ ਅਤੇ ਲੰਮੀ ਲੜਾਈ ਲੜਨੀ ਪਈ। ਉਹ ਫਿਲਮ ਰਿਲੀਜ਼ ਹੋਣ ‘ਤੇ ਕਾਫ਼ੀ ਮੁਨਾਫ਼ਾ ਕਮਾਉਂਦੀ ਹੈ, ਜਿਵੇਂ ‘ਪੰਜਾਬ 1984′ ਨੇ ਮੁਨਾਫ਼ੇ ਦੀਆਂ ਸਾਰੀਆਂ ਹੱਦਾ ਪਾਰ ਕਰ ਦਿੱਤੀਆਂ ਹਨ। ਇਸ ਨੂੰ ਦੇਖ ਕੇ ਪੰਜਾਬੀ ਫ਼ਿਲਮਕਾਰਾਂ ਨੂੰ ਪਤਾ ਲੱਗ ਗਿਆ ਹੈ ਕਿ ਪੰਜਾਬ ਸੰਕਟ ਪਰਵਾਸੀ ਪੰਜਾਬੀਆਂ ਦੀ ਦੁਖਦੀ ਅਤੇ ਸੰਵੇਦਨਸ਼ੀਲ ਰਗ ਹੈ। ਅਜਿਹੇ ਭਾਵਕ ਦਰਸ਼ਕ ‘ਪੰਜਾਬ 1984′ ਜਿਹੀਆਂ ਫ਼ਿਲਮਾਂ ਦੀਆਂ ਚੁਸਤ ਜੁਗਤਾਂ ਵਿਚ ਲੁਪਤ ‘ਮੰਦੀ ਵਫ਼ਾ’ ਦਾ ਪ੍ਰਤੱਖਣ ਕਰਨ ਦੇ ਸਮਰਥ ਨਹੀਂ ਹਨ।
ਅਜਿਹੀਆਂ ਫਿਲਮਾਂ ਦੀ ਇਕੋ ਦੇਣ ਹੈ ਕਿ ਸਾਲ 1984 ਬਾਰੇ ਜੋ ਚੁੱਪ ਛਾਈ ਹੋਈ ਸੀ ਉਹ ਟੁੱਟੀ ਹੈ। ਉਨ੍ਹਾਂ ਘਟਨਾਵਾਂ ‘ਤੇ ਸੱਤਾ ਦੀ ਰਾਸ਼ਟਰਵਾਦੀ ਪ੍ਰਭੁਤਾ ਦਾ ਗਹਿਰਾ ਗਰਦਾ ਮੌਜੂਦ ਹੈ। ਬਹੁਤ ਕੁਝ ਰੋਸ਼ਨ ਹੋਣ ਵਾਲਾ ਹੈ। ਭਵਿੱਖ ਵਿਚ ਅਜਿਹੇ ਯਤਨਾਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜੋ ਮੁਨਾਫ਼ੇ ਦੇ ਇਰਾਦੇ ਤੋਂ ਹਟ ਕੇ ‘ਸੱਚ ਦੀ ਤਲਾਸ਼’ ਨੂੰ ਪਹਿਲ ਦੇਣ। ਪਰ ਕੀ ਅਜਿਹੇ ਯਤਨ ਸੱਤਾ ਦੇ ਫਿਲਟਰ ‘ਚੋਂ ਲੰਘ ਸਕਣਗੇ? ”””
ਗੁਰਮੁਖ ਸਿੰਘ (ਡਾ.)/ਗੁਰਬਚਨ
(”ਫਿਲਹਾਲ” ਮੈਗਜ਼ੀਨ ਵਿਚੋਂ ਧੰਨਵਾਦ ਸਹਿਤ)
The post ਫਿਲਮ ‘ਪੰਜਾਬ 1984′ ਦੀ ਵਿਚਾਰਧਾਰਾ appeared first on Quomantry Amritsar Times.