Quantcast
Channel: ਸਾਹਿਤ/ਮਨੋਰੰਜਨ – Quomantry Amritsar Times
Viewing all articles
Browse latest Browse all 342

ਪੰਜਾਬੀਓ, ਸੋਹਣੇ ਪੰਜਾਬ ਦਾ ਸੁਫ਼ਨਾ ਲਈਏੇ

$
0
0

punjabi-facebook-status-updates
ਪ੍ਰੋਫੈਸਰ ਸੁਰਿੰਦਰ ਮੰਡ (94173 24543)

ਪੰਜਾਬ ਦੀ ਸਰਜਮੀਨ ਮੁੱਢ ਕਦੀਮ ਤੋਂ ਸੋਹਣੇ ਸੁਫ਼ਨੇ ਲੈਣ ‘ਚ ਮੋਹਰੀ ਰਹੀ ਹੈ।
ਇਹ ਸੁਫ਼ਨੇ ਤਾਂ ਹਰ ਇਕ ਨੂੰ ਆਉਂਦੇ ਹਨ ਪਰ ਸੁਫ਼ਨੇ ਲੈਂਦਾ ਕੋਈ ਕੋਈ ਹੈ।
ਆਉਣ ਵਾਲੇ ਸੁਫ਼ਨੇ ਸਾਡੀਆਂ ਰੀਝਾਂ, ਸਾਡੇ ਡਰਾਂ ਨੂੰ ਸਾਡੇ ਆਪਣੇ ਰਾਹੀਂ, ਸਾਡੇ ਸਾਹਮਣੇ ਜਿÀਦੇ ਜਾਗਦੇ ਰੂਪ ‘ਚ ਵਿਖਾ ਦਿੰਦੇ ਹਨ। ਐਸੇ ਸੁਫ਼ਨੇ ਸੁੱਤਿਆਂ ਆਉਂਦੇ ਹਨ। ਜਾਗ ਪਈਏ ਤਾਂ ਉਸੇ ਵੇਲੇ ਛਾਂਈਂ ਮਾਈਂ। ਫੇਰ ਭਾਵੇਂ ਮੁੜ ਮੁੜ ਅੱਖਾਂ ਮੀਟੀ ਜਾਓ, ਸੋਹਣਾ ਸੁਫ਼ਨਾ ਦੁਬਾਰਾ ਨਹੀਂ ਆਉਂਦਾ। ਕਿਉਂਕਿ ਉਸਨੇ ਸੁਚੇਤ ਮਨ ਦੀ ਜ਼ਮੀਨ ‘ਚੋਂ ਨਹੀਂ ਫੁੱਟਣਾ ਹੁੰਦਾ। ਅਚੇਤ ਮਨ ‘ਚੋਂ ਪ੍ਰਗਟ ਹੋਣਾ ਹੁੰਦਾ।
ਪਰ ਸੁਫ਼ਨੇ ਲੈਣ ਵਾਲਾ ਸੁਚੇਤ ਮਨ ‘ਚੋਂ ਲੈਂਦਾ ਹੈ, ਜਾਗਦਿਆਂ ਲੈਂਦਾ ਹੈ। ਇਹ ਜਾਗੇ ਹੋਏ ਮਨ ਦੀ ਉਚੀ ਟੀਸੀ ਵਾਲੀ ਯਾਤਰਾ ਹੈ। ਅਜਿਹੇ ਸੁਫ਼ਨੇ ਲੈਣ ਵਾਲੇ ਇਕ ਨਿਰਾਲੀ ਤਾਕਤ ਨਾਲ ਲੈਸ ਹੁੰਦੇ ਹਨ। ਜਿਸਨੂੰ ਕਲਪਨਾ ਸ਼ਕਤੀ ਕਹਿੰਦੇ ਹਨ। ਇਹ ਸ਼ਕਤੀ ਕਲਾਕਾਰਾਂ ਵਰਗੇ ਸੁਭਾਅ ਵਾਲਿਆਂ ਅਤੇ ਚੰਗੇ ਲਿਖਾਰੀਆਂ ‘ਚ ਸਭ ਤੋਂ ਵੱਧ ਹੁੰਦੀ ਹੈ। ਏਸੇ ਕਰਕੇ ਐਸੇ ਸੁਫ਼ਨੇ  ਲੈਣ ਦਾ ‘ਵੱਲ’ ਕਿਸੇ ਕਿਸੇ ਨੂੰ ਹੁੰਦਾ ਹੈ। ਇਸ ਕਿਸਮ ਦੇ ਲੋਕ ਚਿੰਤਨਸ਼ੀਲ ਹੁੰਦੇ ਹਨ। ਜੋ ਗਿਆਨ ਯਾਤਰਾ ਦਾ ਵੀ ਸਿਖਰਲਾ ਪੜਾਅ ਮੰਨਿਆ ਜਾਂਦਾ ਹੈ। ਸਮਾਜ ਵਿਚ ਜੋ ਕੁਝ ਵੀ ਨਵਾਂ ਨਰੋਆ ਵਾਪਰਦਾ ਹੈ, ਸਭ ਚਿੰਤਨਸ਼ੀਲ ਲੋਕਾਂ ਦੀ ਬਦੌਲਤ ਹੀ ਹੈ। ਸਿਆਣੇ ਲੋਕਾਂ ਦੀ ਮਹਿਫਿਲ ਵਿਚ ਐਸੇ ਚਿੰਤਨਸ਼ੀਲ ਲੋਕੀਂ ਖਾਸ ਸਮਝੇ ਜਾਂਦੇ ਹਨ।
ਨਾਲੇ ਆਪਾਂ ਵੀ ਕੁਛ ਜਿਊਂਦਿਆਂ ‘ਚ ਸ਼ਾਮਲ ਹੋਈਏ, ਕਿਉਂਕਿ ਸੁਪਨਿਆਂ ਦੇ ਮਰ ਜਾਣ ਨੂੰ ਬੰਦੇ ਦੀ ਅੰਦਰਲੀ ਮੌਤ ਵੀ ਆਖਦੇ ਹਨ। ਚਲ੍ਹੋ, ਕੋਈ ਸਮਾਜ ਦੇ ਸੁਹੱਪਣ ਦੀ ਕਲਪਨਾ ਕਰਨ ਵਰਗਾ ਸੋਹਣਾ ਜਿਹਾ ਸੁਫ਼ਨਾ ਲਈਏ।
ਪਰ ਪੰਜਾਬ ‘ਚ ਤਾਂ ਇਸ ਵੇਲੇ ਆਲਮ ਇਹ ਹੈ ਕਿ ਚੰਗੇ ਸੁਪਨੇ ਲੈਣ ਵਾਲਿਆਂ ਨੂੰ ਮਖੌਲ ਕਰਨ ਲੱਗ ਪੈਂਦੇ ਲੋਕ ”ਕਿ ਭਲਿਓ ਲੋਕੋ, ਸੁਫ਼ਨੇ ਪੂਰੇ ਕਰਨੇ ਤਾਂ ਕਿਸੇ ਬਾਹਰਲੇ ਚੱਜਦੇ ਮੁਲਕ ‘ਚ ਚਲੇ ਜਾਓ। ਪੰਜਾਬ ਦੇ ਮੌਜੂਦਾ ਵਾਤਾਵਰਣ ‘ਚ ਸੁਫ਼ਨਿਆਂ ਦੀ ਫਸਲ ਨੂੰ ਬੂਰ ਪੈਣ ਦੀ ਸੰਭਾਵਨਾ ਨਹੀਂ। ਇਹ ਹੁਣ ਸਰਦੇ ਪੁੱਜਦੇ ਲੋਕਾਂ ਦੇ ਸੁਫ਼ਨੇ ਪੂਰੇ ਕਰਨ ਵਾਲੀ ਧਰਤੀ ਹੈ। ‘ਭਾਈ ਲਾਲੋਆਂ’ ਦੀਆਂ ਤਾਂ ਤਕੜਿਆਂ ਨੇ ਧੌਣਾਂ ਤੋਂ ਫੜ੍ਹ ਕੇ ਸਿਰ ਠਾਂਹ ਤੇ ਲੱਤਾਂ ਤਾਂਹ ਕੀਤੀਆਂ ਪਈਆਂ। ਸੁਫ਼ਨਾ ਕਿਵੇਂ ਲੈ ਲੈਣਗੇ?” ਪਰ ਭਰਾਓ ਫਿਰ ਵੀ ਭਾਈ ਲਾਲੋਆਂ ਅਤੇ ਭਲੇ ਲੋਕਾਂ ਅੰਦਰ ਸੁਫ਼ਨੇ ਜਗਾਉਣ ‘ਚ ਹਿੱਸਾ ਪਾਉਣਾ ਹੀ ਇਨਸਾਨ ਹੋਣਾ ਹੈ।
ਭਾਰਤ, ਰੂਸ, ਅਮਰੀਕਾ, ਕਨੇਡਾ, ਪਾਕਿਸਤਾਨ ਵੱਲ ਝਾਤੀ ਮਾਰੀਏ। ਹੋਰ ਸਾਰਿਆਂ ਨੂੰ ਵੀ ਜਿਵੇਂ ਹੋ ਸਕੇ ਗਹੁ ਨਾਲ ਵੇਖੀਏ। ਇਨ੍ਹਾਂ ਸਭ ਦੇ ਮੁਕਾਬਲੇ ਪੰਜਾਬ ਆਪਣੀ ਉਪਜਾਊ ਧਰਤੀ ਤੇ ਵੀ ਮਾਣ ਕਰ ਸਕਦਾ ਤੇ ਹਰ ਰੰਗ ਦੇ ਪੌਣ ਪਾਣੀ ਤੇ ਵੀ। ਇਹ ਆਪਣੇ ਮਾਣਮੱਤੇ ਇਤਿਹਾਸ ਤੇ, ਸ਼ਕਲਾਂ ਸੂਰਤਾਂ ਅਤੇ ਜੁੱਸਿਆਂ ਤੇ ਵੀ ਮਾਣ ਕਰ ਸਕਦਾ ਅਤੇ ਸਭਿਆਚਾਰ ਦੀਆਂ ਨਰੋਈਆਂ ਇਨਸਾਨੀ ਰਵਾਇਤਾਂ ਤੇ ਵੀ। ਮਨ ਵਿੱਚ ਇਹੋ ਤਮੰਨਾ ਲੈ ਕੇ ਕਰਮ ਕਰੀਏ ਕਿ ਸਾਡੇ ਪੰਜਾਬ ਦਾ ਇਹ ਸਾਰਾ ਕੁਝ ਰਹਿੰਦੀ ਦੁਨੀਆਂ ਤੱਕ ਬਚਿਆ ਹੀ ਨਾ ਰਵ੍ਹੇ, ਸਗੋਂ ਵਧੇ ਫੁੱਲੇ ਸੋਹਣੇ ਪਾਸੇ ਨੂੰ। ਇਹ ਆਪਣੀਆਂ ਅੰਦਰਲੀਆਂ ਊਚ ਨੀਚ ਤੇ ਨਾ ਬਰਾਬਰੀ ਵਰਗੀਆਂ ਕਮੀਆਂ ਨੂੰ ਛੰਡ ਸੁੱਟੇ। ਅਸੀਂ ਦਿਨ ਬਦਿਨ ਖੁਸ਼ਹਾਲ ਵੀ ਹੋਈਏ ਅਤੇ ਚੰਗੇ ਇਨਸਾਨਾਂ ਦੀ ਮੂਹਰਲੀ ਕਤਾਰ ‘ਚ ਵੀ। ਬਾਬੇ ਨਾਨਕ ਦੇ ਵਿਚਾਰ ਅਸਲੀ ਅਤੇ ਅਮਲੀ ਰੂਪ ‘ਚ ਰੂਹਾਂ ਰੁਸ਼ਨਾਉਣ।
ਐਸਾ ਹੋਊ ਕਿ ਨਹੀਂ? ਇਸ ਦੀ ਜ਼ਿੰਮੇਵਾਰੀ ਸਭ ਤੋਂ ਵੱਧ ਦੋ ਕਿਸਮ ਦੇ ਲੋਕਾਂ ਦੇ ਮੋਢਿਆਂ ਤੇ। ਪਹਿਲੀ ਸਰਕਾਰ ਅਤੇ ਦੂਜੀ ਲੋਕਾਂ ਤੇ। ਜੇ ਲੋਕਾਂ ਦੀ ਸੋਚ ਸਹੀ ਹੋਵੇ ਅਤੇ ਸੁਚੇਤ ਹੋਣ ਤਾਂ ਸਰਕਾਰ ਦੀ ਦਿਸ਼ਾ ਵੀ ਠੀਕ ਕਰ ਸਕਦੇ।
ਕਾਸ਼! ਇਥੇ ਕਿਸੇ ਨੂੰ ਵੀ ਦੋ ਡੰਗ ਦੀ ਰੋਟੀ ਦਾ ਫਿਕਰ ਨਾ ਹੋਵੇ। ਇੱਜਤ ਮਾਣ ਦੀ ਜ਼ਿੰਦਗੀ ਬਸਰ ਕਰਨ। ਲੋਕੀਂ ਜ਼ਿੰਦਗੀ ਵਿਚ ਆਪਣੇ ਸਿਰ ਲੁਕਾਵੇ ਲਈ ਗੁਜਾਰੇ ਜੋਗਾ ਘਰ ਬਣਾ ਸਕਣ। ਬੱਚਿਆਂ ਦੀਆਂ ਲੋੜਾਂ ਵੀ ਪੂਰੀਆਂ ਕਰ ਸਕਣ ਤੇ ਰੀਝਾਂ ਵੀ। ਹਰ ਬੱਚਾ ਜੋ ਜਿੰਨਾ ਵੀ ਪੜ੍ਹਨਾ ਚਹੁੰਦਾ, ਉਹ ਪੜ੍ਹ ਸਕੇ। ਗਰੀਬੀ ਉਸਦਾ ਰਸਤਾ ਨਾ ਰੋਕੇ। ਜੇ ਕੋਈ ਬਿਮਾਰ ਸ਼ਮਾਰ ਹੋ ਜੇ ਤਾਂ ਉਹ ਬੇਇਲਾਜਾ ਨਾ ਮਰੇ। ਘਰੋਂ ਬਾਹਰ ਗਏ ਬੰਦੇ ਬਾਰੇ ਘਰਦੇ ਇਹੀ ਸੋਚ ਸੋਚ ਕੇ ਪ੍ਰੇਸ਼ਾਨ ਨਾ ਹੋਈ ਜਾਣ ਕਿ ਉਸਨੂੰ ਕਿਸੇ ਨੇ ਲੁੱਟ ਲੈਣਾ, ਮਾਰ ਦੇਣਾ।
ਪਰ ਕੀ ਕਰੀਏ, ਤਲ਼ਖ ਹਕੀਕਤਾਂ ਤਾਂ ਸਾਹਮਣੇ ਕੁਛ ਹੋਰ ਈ ਤਰਾਂ ਦਾ ਮੂੰਹ ਟੱਡੀ ਖੜ੍ਹੀਆਂ। ਬੜੀ ਡਰਾਉਣੀ ਸ਼ਕਲ ਬਣਾ ਬਣਾ ਵਖਾਉਂਦੀਆਂ। ਜੀਕੂੰ ਖਾ ਈ ਚੱਲੀਆਂ।
ਆਪਾਂ ਐਸੇ ਪੰਜਾਬ ਦਾ ਸੁਫਨਾ ਲਈਏ, ਜਿਸ ਵਿਚ ਔਰਤਾਂ ਪ੍ਰਤੀ ਮੌਜੂਦਾ ਸੋਚ ਬਦਲੇ। ਕੁੱਖ ਵਿਚ ਪਲਦੀਆਂ ਧੀਆਂ ਦੀ ‘ਵਾ ਵੱਲ ਨਾ ਵੇਖੇ ਕੋਈ। ਧੀਆਂ ਭੈਣਾਂ ਬਗੈਰ ਡਰ ਭਓ ਘਰੋਂ ਬਾਹਰ ਨਿਕਲ ਸਕਣ। ਪੜ੍ਹਨ ਜਾਣ, ਨੌਕਰੀਆਂ ਕਰਨ, ਸਫਰ ਕਰਨ, ਰਾਤ ਬਰਾਤੇ ਬੇਫਿਕਰ ਆਉਣ ਜਾਣ। ਔਰਤਾਂ ਮਰਦ ਮੁਹੱਬਤ ਅਤੇ ਆਪਸੀ ਸਬੰਧਾਂ ਦੇ ਮਇਨੇ ਸਮਝਣ। ਪਰ ਹਾਲਾਤ ਏਨੇ ਚਿੰਤਾਜਨਕ ਨੇ ਕਿ ਤੁਹਾਨੂੰ ਕਿਹੜਾ ਨਹੀਂ ਪਤਾ? ਹੱਦ ਮੁੱਕੀ ਪਈ ਨਿਘਾਰ ਵਾਲੀ।
ਭਲਿਓ, ਰੱਬ ਨੇ ਦੁਨੀਆਂ ਛੂ ਮੰਤਰ ਨਾਲ ਨੀ ਬਣਾਈ, ਕਿਸੇ ਨੂੰ ਫੂਕ ਮਾਰ ਕੇ ਪੈਦਾ ਨਹੀਂ ਕਰਦਾ ਰੱਬ। ਉਸਨੂੰ ਜੀਵਨ ਨੂੰ ਅੱਗੇ ਤੋਰਨ ਲਈ ਮਾਪੇ ਬਣਾਏ। ਇਹ ਜਿਉਂਦੇ ਜਾਗਦੇ ਰੱਬ ਸਾਡੇ ਸਾਹਮਣੇ ਬੈਠੇ। ਇਹਨਾ ਦੀ ਕਦਰ ਤੇ ਪਿਆਰ ਰੱਬ ਨੂੰ ਪਿਆਰ ਕਰਨ ਵਰਗਾ ਹੀ ਹੈ। ਪਰ ਆਲੇ ਦੁਆਲੇ ਜ਼ਰਾ ਵੇਖੋ ਤਾਂ ਸਹੀ, ਕਿਵੇਂ ਮਾਂ ਪਿਓ ਨੂੰ ਵਾਧੂ ਘਾਟੂ ਸਮਝਣ ਦੀ ਹਨੇਰੀ ਝੁੱਲੀ। ਵੱਡਿਆਂ ਦੇ ਆਸ਼ੀਰਵਾਦ ਤੋਂ ਸੱਖਣਾ ਸਮਾਜ ਆਪਣੀ ਰੂਹਾਨੀ ਵਡਿਆਈ ਦਾ ਅਹਿਸਾਸ ਵੀ ਨਹੀਂ ਕਰ ਸਕਦਾ ਅਤੇ ਦਾਅਵਾ ਵੀ ਨਹੀਂ। ਕਾਸ਼! ਪੰਜਾਬੀ ਮਾਪਿਆਂ ਦੀ ਬਾਂਹ ਉਵੇਂ ਫੜਨ ਹਮੇਸ਼ਾਂ, ਜਿਵੇਂ ਨਿੱਕੇ ਹੁੰਦਿਆਂ ਤੁਰਨਾ ਸਿੱਖਣ ਲੱਗਿਆ ਉਂਗਲ ਫੜ੍ਹਦੇ ਸਨ।
ਲੋਕ ਅਕਸਰ ਕÂ੍ਹੀਂਦੇ ਸੁਣੀਂਦੇ। ‘ਬਈ ਪੱਛਮੀ ਤਹਿਜ਼ੀਬ ਦੇ ਅਸਰ ਦਾ ਕਸੂਰ ਸਾਰਾ।’ ਪਰ ਮੈਂ ਨਹੀਂ ਮੰਨਦਾ। ਏਡੇ ਈ ਅਸੀਂ ਪੱਛਮ ਦੇ ਚੇਲੇ ਹੁੰਦੇ ਤਾਂ ਉਹਨਾਂ ਦੀਆਂ ਚੱਜ ਦੀਆਂ ਗੱਲਾਂ ਵੀ ਅਪਣਾ ਲੈਂਦੇ। ਸਾਹਮਣੇ ਪਏ ਹੋਏ ਸਾਰੇ ਖਲਾਰੇ ਵਿਚੋਂ ਸਿਰਫ਼ ਬਦੀ ਚੁਗਣੀ, ਇਹ ਤਾ ਕਬੁੱਧਪੁਣੇ ਦੀਆਂ ਨਿਸ਼ਾਨੀਆਂ।
ਪੰਜਾਬੀਓ, ਆਪਣੀਆਂ ਜੜ੍ਹਾਂ ਨਾਲ ਜੁੜੇ ਰਹੀਏ। ਨਹੀਂ ਤਾਂ ਸੁੱਕ ਸੜ ਜਾਵਾਂਗੇ। ਆਪਣੀ ਮਾਂ ਬੋਲੀ ਪੰਜਾਬੀ ਨੂੰ ਮਾਂ ਵਰਗਾ ਸਮਝੀਏ ਸੱਚੀਂ ਮੁੱਚੀਂ। ਇਸ ਵਿਚ ਹੁਣ ਤਕ ਪੜ੍ਹੇ ਲਿਖੇ ਦਾ ਨਿਚੋੜ ਖੁਦ ਵੀ ਸਮਝੀਏ, ਅਗਲੀ ਪੀੜ੍ਹੀ ਨੂੰ ਵੀ ਸਮਝਾਈਏ ਤੇ ਸਾਰੀ ਦੁਨੀਆਂ ਨੂੰ ਵੀ ਦੱਸੀਏ।
ਅਸਮਾਨਾਂ ਵੱਲ ਉੱਚਾ ਉੱਡਣਾ ਚਹੁੰਦੇ ਹੋ ਤਾਂ ਜੜ੍ਹਾਂ ਨੂੰ ਪਤਾਲ ਤੱਕ ਲੈ ਜਾਓ। ਆਪਣੀਆਂ ਹਵਾਵਾਂ ਤੋਂ ਸੇਧ ਲਈਏ। ਐਸੇ ਬਣੀਏ ਕਿ ਜਿੱਥੇ ਜਾਈਏ, ਸਾਡਾ ਅਸਰ ਕਬੂਲਣ ਲੋਕ। ਸਾਨੂੰ ਮਿਲ ਕੇ, ਸਾਡੇ ਨਾਲ ਗੱਲਾਂ ਕਰਕੇ ਸਾਡਾ ਦੇਸ਼ ਪੁੱਛਣ ਲੋਕ, ਸਾਡੀ ਭਾਸ਼ਾ ਪੁੱਛਣ, ਸਾਡੀ ਵਿਰਾਸਤ ਜਾਨਣ ਲਈ ਉਤਸੁਕ ਹੋਣ।
ਸਾਡਾ ਪੰਜਾਬ ਧਰਤੀ ਹੇਠਲੇ ਸਾਫ਼ ਸ਼ੁੱਧ ਪਾਣੀ ਅਤੇ ਉੱਤੇ ਵਗਦੇ ਅਤੇ ਬਰਸਦੇ ਸਵੱਛ ਨਿਰਮਲ ਪਾਣੀਆਂ ਪੱਖੋਂ ਬਹੁਤ ਅਮੀਰ ਹੈ। ਪਰ ਇਸਨੂੰ ਨਜ਼ਰ ਲੱਗ ਗਈ ਹੈ।
ਜ਼ਹਿਰਾਂ ਦੀ ਵਰਤੋਂ ਵਾਲੀ ਖੇਤੀ ਨੇ ਖਾਣ ਪੀਣ ਲਈ ਪੈਦਾ ਹੁੰਦੀ ਹਰ ਚੀਜ਼ ਖ਼ਰਾਬ ਕੀਤੀ ਹੈ। ਸਵਾਰਥੀ ਅਤੇ ਅਗਿਆਨੀ ਲੀਡਰਾਂ ਅਤੇ ਨਾਸਮਝ ਲੋਕਾਂ ਦੀ ਸਿਆਸੀ ਅਖਾੜੇ ਵਿਚ ਜੁਗਲਬੰਦੀ ਨਾਲ ਪੰਜਾਬ ‘ਚ ਜਿਹੜੀ ਕੁਦਰਤੀ ਦੌਲਤ ਦੀ ਸਭ ਤੋਂ ਪਹਿਲਾਂ ਤਬਾਹੀ ਹੋਈ ਵੀ ਹੈ ਤੇ ਹੋਣੀ ਵੀ ਹੈ, ਉਹ ਹੈ ਪਾਣੀ। ਕੀ ਕੋਈ ਐਸਾ ਕ੍ਰਿਸ਼ਮਾ ਹੋਊ ਕਿ ਪ੍ਰਦੂਸ਼ਿਤ ਪਾਣੀ ਨਾਲ ਗੰਦੇ ਨਾਲੇ ਬਣਾ ਦਿੱਤੇ ਗਏ ਦਰਿਆ ਸਾਫ ਸੁੱਥਰੇ ਵਗਣ। ਧਰਤੀ ਹੇਠਲੇ ਪਾਣੀ ਬਾਰੇ ਲੀਡਰਾਂ ਅਤੇ ਲੋਕਾਂ ਨੂੰ ਸਿਰਫ਼ ਤੇ ਸਿਰਫ਼ ਏਨੀ ਕੁ ਹੀ ਮੱਤ ਆ ਜੇ ਕਿ ਇਕ ਵਾਰ ਹੇਠੋਂ ਖਤਮ ਕਰ ਦਿੱਤਾ ਪਾਣੀ ਮੁੜ ਕੇ ਦੁਬਾਰਾ ਪੂਰਾ ਨਹੀਂ ਹੋਣਾ। ਮੀਹਾਂ ਨਾਲ ਵੀ ਨਹੀਂ। ਕਿਤੇ ਉਸ ਮਰੀਜ ਵਾਲਾ ਹਾਲ ਨਾ ਹੋ ਜੇ ਪੰਜਾਬ ਦੀ ਧਰਤੀ ਦਾ, ਜ੍ਹੀਦੇ ਬਾਰੇ ਡਾਕਟਰ ਰੋਣਾ ਜਿਹਾ ਮੂੰਹ ਬਣਾ ਕੇ ਆਖ ਦਿੰਦਾ ਹੁੰਦਾ,”ਕਿ ਏਨ੍ਹੇ ਨਹੀਂ ਹੁਣ ਬਚਣਾ, ਇਸ ਦੇ ਅੰਦਰੋਂ ਪਾਣੀ ਮੁੱਕ ਗਿਆ।” ਫਿਰ ਭਾਵੇਂ ਉਸ ਨੂੰ ਜੱਗ ਪਾਣੀ ਦਾ ਪਿਆ ਦਿਓ ਤੇ ਭਾਵੇਂ ਪਾਣੀ ‘ਚ ਡੁੱਬਕੀਆਂ ਲਵਾਈ ਚੱਲੋ ਉਸ ਮਰੀਜ ਨੂੰ ਮੋੜਾ ਨਹੀਂ ਪੈਣਾ ਹੁੰਦਾ।
ਕਾਸ਼! ਪੰਜਾਬੀ ਪਾਣੀ ਦੇ ਇਕ ਇਕ ਤੁਪਕੇ ਦੀ ਕਦਰ ਪਛਾਣ ਸਕਣ। ਸਿਆਸੀ ਲੋਕਾਂ ਨੂੰ ਅੱਗੋਂ ਆਖਣ ਕਿ ਵੋਟਾਂ ਤੇ ਰਾਜ ਦੀ ਖਾਤਰ ਪਾਣੀ ਲੁੱਟਣ ਲੁਟਾਉਣ ਦੀਆਂ ਖੁੱਲ੍ਹਾਂ ਦੇਣ ਦੇ ਲਾਲਚ ਨਾ ਦਿਓ ਸਾਨੂੰ।
ਹਾਲਾਤ ਇਸ ਪੱਖੋਂ ਭਾਵੇਂ ਬਹੁਤ ਹੀ ਚਿੰਤਾਜਨਕ ਨੇ ਫਿਰ ਵੀ ਕੋਸ਼ਿਸ਼ਾਂ ਨਾ ਛੱਡੀਏ। ਮੋੜਾ ਪੈਣ ਲਈ ਆਸਵੰਦ ਰਹੀਏ।
ਇਕ ਅਦਰਸ਼ਵਾਦੀ ਗੱਲ ਕਰਨ ਦਾ ”ਗੁਨਾਹ” ਕਰਨ ਲੱਗਾਂ। ਉਹ ਇਹ ਕਿ ਕਿੰਨਾ ਚੰਗਾ ਹੋਵੇ ਜੇ ਸਿਆਸੀ ਪਾਰਟੀਆਂ ਵਿਚ ਸਿਆਣੇ ਤੇ ਚੰਗੇ ਲੀਡਰ ਅੱਗੇ ਆਉਣ। ਸਿਰਫ਼ ਧਨ ਦੌਲਤ ਦਾ ਹੋ ਚੁੱਕਾ ਬੋਲਬਾਲਾ ਘੱਟ ਹੋ ਜੇ। ਕੁਰੱਪਟ ਅਫਸਰਸ਼ਾਹੀ ਨੂੰ ਪੂਰੀ ਤਰਾਂ ਨਕੇਲ ਪੈ ਜੇ। ਮਜ੍ਹਬਪ੍ਰਸਤਾਂ ਅਤੇ ਪਾਖੰਡੀ ਬਾਬਿਆਂ ਤੋਂ ਕਿਸੇ ਤਰਾਂ ਬਚ ਜਾਣ ਲੋਕ। ਲੈਂਡ ਮਾਫੀਆ ਤੇ ਲੋਟੂ ਗ੍ਰੋਹਾਂ ਦੀ ਸਿਆਸੀ ਪੁਸ਼ਤਪਨਾਹੀ ਰੁਕੇ। ਚੋਰਾਂ, ਲੁਟੇਰਿਆਂ, ਡਾਕੂਆਂ ਦੇ ਅਨੁਕੂਲ ਬਣ ਚੁੱਕਾ ਮਹੌਲ ਸੁਧਰਜੇ। ਨਸ਼ਿਆਂ ਵਿਚ ਗਰਕ ਹੋ ਚੁੱਕਾ ਪੰਜਾਬ ਮੁੜ ਅੱਗੇ ਵਰਗਾ ਹੋ ਜੇ। ਕੀ ਇਵੇਂ ਹੋਜੂਗਾ? ਜਾਪਦਾ ਹੈ ਕਿ ਮੌਜੂਦਾ ਨਿਜ਼ਾਮ ਇਵੇਂ ਕਰ ਸਕਣ ਦੇ ਕਾਬਲ ਨਹੀਂ। ਇਹ ਹਰ ਪ੍ਰਕਾਰ ਦੇ ਸਵਾਰਥ ਤੋਂ ਉਪਰ ਉੱਠੀਆਂ ਜਾਗੀਆਂ ਹੋਈਆਂ ਆਤਮਾਵਾਂ ਲਈ ਸੋਚਣ ਵਿਚਾਰਨ ਦੀ ਗੰਭੀਰ ਘੜੀ।
ਫਿਕਰ ਦੀ ਗੱਲ ਕਿ ਇਨਸਾਫ ਦੀ ਪੁਕਾਰ ਸੁਣਨ ਵਾਲੇ ਤੰਤਰ ਪੁਲੀਸ, ਅਦਾਲਤਾਂ ਨੂੰ ਸਿਆਸੀ ਦਖਲ ਅੰਦਾਜੀ, ਭ੍ਰਿਸ਼ਟਾਚਾਰ ਅਤੇ ਡਰ ਦਾ ਘੁਣ ਖਾਈ ਜਾਂਦਾ  ਹੈ।
ਡੁੱਬ ਰਹੇ ਜਹਾਜ ਦੇ ਮੁਸਾਫਰਾਂ ਵਾਂਗ ਆਪਾ-ਧਾਪੀ ਪੈ ਗਈ ਹੈ ਲੋਕਾਂ ਅੰਦਰ। ਇਸ ਨਿਜ਼ਾਮ ਦਾ ਹੁਣ ਸਿਰਫ਼ ਲਿਬਾਸ ਨਹੀਂ, ਇਸ ਦਾ ਕਿਰਦਾਰ ਬਦਲਣ ਦਾ ਵਕਤ ਆ ਗਿਆ ਹੈ। ਇਸ ਦੇ ਕਰਮ ਦੀ ਦਿਸ਼ਾ ਬਦਲਣ ਦੀ ਲੋੜ ਆ ਬਣੀ ਹੈ।

The post ਪੰਜਾਬੀਓ, ਸੋਹਣੇ ਪੰਜਾਬ ਦਾ ਸੁਫ਼ਨਾ ਲਈਏੇ appeared first on Quomantry Amritsar Times.


Viewing all articles
Browse latest Browse all 342


<script src="https://jsc.adskeeper.com/r/s/rssing.com.1596347.js" async> </script>