ਜਲੰਧਰ/ਬਿਊਰੋ ਨਿਊਜ਼-ਉੱਘੇ ਫਿਲਮ ਨਿਰਦੇਸ਼ਕ-ਲੇਖਕ ਹੈਰੀ ਬਵੇਜਾ ਤੇ ਨਿਰਮਾਤਾ ਰੋਵੀਨਾ ਗਿਰਨੀਤ ਬਵੇਜਾ ਦੀ ਪੋਂਟੀ ਚੱਢਾ, ਵੈਵ ਸਿਨੇਮਾਜ਼ ਅਤੇ ਬਾਵੇਜਾ ਮੂਵੀਜ਼ ਦੇ ਬੈਨਰ ਹੇਠ ਰਿਲੀਜ਼ ਕੀਤੀ ਗਈ ਨਵੀਂ ਪੰਜਾਬੀ ਧਾਰਮਿਕ ਐਨੀਮੇਸ਼ਨ ਫਿਲਮ ‘ਚਾਰ ਸਾਹਿਬਜ਼ਾਦੇ’ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਦਾ ਭਾਵਪੂਰਤ ਵਰਨਣ ਹੈ। ਇੰਟ੍ਰੈਕਟਿਵ ਰਿਐਲਟੀਜ਼ ਪ੍ਰਾਈਵੇਟ ਲਿਮਟਿਡ ਵਲੋਂ ਤਿਆਰ ਕੀਤੀ ਗਈ ਇਸ ਐਨੀਮੇਸ਼ਨ 3-ਡੀ ਫਿਲਮ ‘ਤੇ 20 ਕਰੋੜ ਦੇ ਲਗਭਗ ਲਾਗਤ ਆਈ ਦੱਸੀ ਜਾ ਰਹੀ ਹੈ ਤੇ ਕ੍ਰਿਏਟਿਵ ਡਾਇਰੈਕਟਰ ਪੰਮੀ ਬਾਵੇਜਾ ਵਲੋਂ ਬਹੁਤ ਹੀ ਅਤਿ-ਆਧੁਨਿਕ ਤਕਨੀਕ ਨਾਲ ਇਸ ਐਨੀਮੇਸ਼ਨ ਫਿਲਮ ਦਾ ਨਿਰਮਾਣ ਕੀਤਾ ਗਿਆ ਹੈ।
ਫਿਲਮ ‘ਚ ਸੂਤਰਧਾਰ ਵਜੋਂ ਪ੍ਰਸਿੱਧ ਫਿਲਮ ਅਦਾਕਾਰ ਓਮ ਪੁਰੀ ਦੀ ਆਵਾਜ਼ ਲਈ ਗਈ ਹੈ। ਫਿਲਮ ‘ਚ ਜਿੱਥੇ ਕੁਰਬਾਨੀਆਂ ਭਰੇ ਗੌਰਵਮਈ ਸਿੱਖ ਇਤਿਹਾਸ ਦੇ ਵੱਖ-ਵੱਖ ਪਹਿਲੂਆਂ ਉੱਪਰ ਰੋਸ਼ਨੀ ਪਾਈ ਗਈ ਹੈ, ਉਥੇ ਸਿੱਖ ਕੌਮ ਦੇ ਜੁਝਾਰੂ ਤੇ ਕੁਰਬਾਨੀਆਂ ਭਰੇ ਜਜ਼ਬੇ ਅਤੇ ਦਸਮੇਸ਼ ਪਿਤਾ ਵਲੋਂ ਮਜ਼ਲੂਮਾਂ ਅਤੇ ਧਰਮ ਦੀ ਰਾਖੀ ਕਰਦਿਆਂ ਜ਼ਬਰ-ਜ਼ੁਲਮ ਖਿਲਾਫ ਲੜੀ ਜੰਗ ਨੂੰ ਵੀ ਪ੍ਰਭਾਵਸ਼ਾਲੀ ਢੰਗ ਨਾਲ ਦਿਖਾਇਆ ਗਿਆ ਹੈ। ਫਿਲਮ ਦੇ ਭਾਵਪੂਰਤ ਦ੍ਰਿਸ਼ ਜਿੱਥੇ ਦਰਸ਼ਕਾਂ ਨੂੰ ਸਾਹ ਰੋਕਣ ਲਈ ਮਜ਼ਬੂਰ ਕਰਦੇ ਹਨ ਉਥੇ ਸਿੱਖ ਕੌਮ ਦੀ ਲਾਸਾਨੀ ਕੁਰਬਾਨੀ ਨੂੰ ਦਰਸਾਉਂਦੇ ਦਿਲ ਕੰਬਾਊ ਦ੍ਰਿਸ਼ ਦਰਸ਼ਕਾਂ ਦੀਆਂ ਅੱਖਾਂ ਨੂੰ ਨਮ ਵੀ ਕਰਦੇ ਹਨ।
ਫਿਲਮ ‘ਚ ਆਨੰਦਪੁਰ ਸਾਹਿਬ ਦੇ ਕਿਲ੍ਹੇ ਅਤੇ ਚਮਕੌਰ ਦੀ ਗੜ੍ਹੀ ‘ਚ ਮੁਗਲ ਨਵਾਬ ਵਜ਼ੀਰ ਖਾਨ ਤੇ ਪਹਾੜੀ ਰਾਜਿਆਂ ਨਾਲ ਹੋਏ ਘਮਾਸਾਨ ਦੇ ਯੁੱਧ ਤੋਂ ਇਲਾਵਾ ਸਰਸਾ ਨਦੀ ਨੂੰ ਪਾਰ ਕਰਨ ਸਮੇਂ ਗੁਰੂ ਸਾਹਿਬ ਦੇ ਆਪਣੇ ਪਰਿਵਾਰ ਨਾਲੋਂ ਪਏ ਵਿਛੋੜੇ, ਮਾਛੀਵਾੜੇ ਦੇ ਜੰਗਲਾਂ ‘ਚ ਹਿੰਦ ਦੇ ਪੀਰ ਦੇ ਰੂਪ ਵਿਚਰਨ ਤੋਂ ਲੈ ਕੇ ਗੰਗੂ ਬ੍ਰਾਹਮਣ ਵਲੋਂ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨਾਲ ਕਮਾਏ ਦਗੇ ਸਮੇਤ ਸਾਕਾ ਸਰਹਿੰਦ ਨੂੰ ਬਹੁਤ ਹੀ ਭਾਵਪੂਰਤ ਤਰੀਕੇ ਨਾਲ ਦਿਖਾਇਆ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਵਲੋਂ ਆਪਣੇ ਹੱਥੀਂ ਤਿਆਰ ਕਰਕੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਜੰਗ ਦੇ ਮੈਦਾਨ ਵਿਚ ਭੇਜਣਾ ਤੇ ਉਨ੍ਹਾਂ ਵਲੋਂ ਪਾਈ ਸ਼ਹਾਦਤ ਦੇ ਦ੍ਰਿਸ਼ ਜਿੱਥੇ ਦਰਸ਼ਕਾਂ ਨੂੰ ਝੰਜੋੜਦੇ ਹਨ, ਉਥੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜਾਦੇ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ ਨੂੰ ਠੰਢੇ ਬੁਰਜ ਵਿਚ ਕੈਦ ਕਰਨ ਤੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੀਆਂ ਨੀਂਹਾਂ ਵਿਚ ਜਿਊਾਦੇ ਜੀਅ ਚਿਣਨ ਦੀ ਘਟਨਾ ਨੂੰ ਦੇਖ ਕੇ ਦਰਸ਼ਕਾਂ ਦੇ ਹੰਝੂ ਆਪ ਮੁਹਾਰੇ ਵਹਿਣ ਲੱਗਦੇ ਹਨ। ਫਿਲਮ ਵਿਚ ਨਵਾਬ ਵਜ਼ੀਰ ਖਾਨ ਅਤੇ ਪਹਾੜੀ ਰਾਜਿਆਂ ਦੇ ਲੱਖਾਂ ਸਿਪਾਹੀਆਂ ਨਾਲ ਲੋਹਾ ਲੈਣ ਵਾਲੇ ਮੁੱਠੀ ਭਰ ਸਿੱਖਾਂ ਦੀ ਹਿੰਮਤ ਅਤੇ ਦਲੇਰੀ ਦੇ ਜਜ਼ਬੇ ਨੂੰ ਦੇਖ ਕੇ ਵੀ ਦਰਸ਼ਕ ਦੰਦਾਂ ਥੱਲੇ ਜੀਭ ਲੈਣ ਲਈ ਮਜ਼ਬੂਰ ਹੋ ਜਾਂਦੇ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਐਨੀਮੇਸ਼ਨ ਫਿਲਮ ਦੇ ਡਾਇਰੈਕਟਰ ਹੈਰੀ ਬਾਵੇਜਾ ਹੁਣ ਤੱਕ ਕਈ ਸਫਲ ਹਿੰਦੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ ਤੇ ਇਹ ਉਨ੍ਹਾਂ ਦੀ ਐਨੀਮੇਟਿਡ ਤੇ ਪੰਜਾਬੀ ਦੀ ਪਹਿਲੀ ਫਿਲਮ ਹੈ।
The post ਕੁਰਬਾਨੀਆਂ ਭਰੇ ਗੌਰਵਮਈ ਸਿੱਖ ਇਤਿਹਾਸ ਦੀ ਝਲਕ ਹੈ ‘ਚਾਰ ਸਾਹਿਬਜ਼ਾਦੇ’ appeared first on Quomantry Amritsar Times.