ਫਰਿਜ਼ਨੋ (ਕੁਲਵੰਤ ਉੱਭੀ ਧਾਲੀਆਂ/ਨੀਟਾ ਮਾਛੀਕੇ):
ਉਸਤਾਦ ਲਾਲ ਚੰਦ ਯਮਲਾ ਜੱਟ ਮੈਮੋਰੀਅਲ ਫਾਊਡੇਸ਼ਨ ਫਰਿਜ਼ਨੋ, ਕੈਲੀਫੋਰਨੀਆ ਦੇ ਸਮੂਹ ਮੈਂਬਰਾਂ ਨੇ ਆਪਣੀ ਵਿਸ਼ੇਸ਼ ਇਕੱਤਰਤਾ ਯਮਲਾ ਜੀ ਦੇ ਸਾਗਿਰਦ ਰਾਜਿੰਦਰ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਮਰਹੂਮ ਗਾਇਕ ਅਤੇ ਤੂੰਬੀ ਦੇ ਬਾਦਸ਼ਾਹ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਚੌਧਵੇ ਯਾਦਗਾਰੀ ਮੇਲੇ ‘ਤੇ ਪਹੁੰਚਣ ਲਈ ਉਨ੍ਹਾਂ ਦੇ ਪੁੱਤਰ ਜਸਦੇਵ ਯਮਲਾ ਜੀ ਦਾ ਧੰਨਵਾਦ ਕੀਤਾ ਗਿਆ। ਇਸ ਦੇ ਨਾਲ ਹੀ ਉਸਤਾਦ ਜੀ ਦੀਆਂ ਯਾਦਗਾਰੀ ਵਸਤਾਂ ਦੀ ਸੰਭਾਲ ਕਰਨ, ਉਨ੍ਹਾਂ ਦੇ ਲਿਖੇ ਗੀਤਾਂ ਨੂੰ ਸੁਰੱਖਿਅਤ ਰੱਖਣ ਅਤੇ ਜਿਸ ਡੇਰੇ ਵਿੱਚ ਉਹ ਬੈਠ ਆਪਣੇ ਸ਼ਾਗਿਰਦਾਂ ਨੂੰ ਸੰਗੀਤ ਸਿਖਿਆ ਦਿਆ ਕਰਦੇ ਸਨ, ਉਸ ਨੂੰ ਨਵੇਂ ਸਿਰੇ ਤੋਂ ਬਣਾਉਣ ਲਈ ਵਿਦੇਸ਼ਾਂ ਵਿੱਚੋ ਪਹਿਲ ਕਦਮੀ ਕਰਦੇ ਹੋਏ ਚਾਰ ਹਜ਼ਾਰ ਡਾਲਰ ਦਾ ਚੈੱਕ ਜਸਦੇਵ ਯਮਲਾ ਜੀ ਨੂੰ ਭੇਟ ਕਰਦੇ ਹੋਏ ਆਪਣੇ ਵੱਲੋਂ ਵਿਸ਼ੇਸ਼ ਯੋਗਦਾਨ ਪਇਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਅਮਰੀਕਾ ਆਉਣ ਲਈ ਆਈ ਹਵਾਈ ਟਿਕਟ ਦਾ ਖਰਚਾ ਸਤਾਰਾਂ ਸੌ ਡਾਲਰ ਦਾ ਚੈੱਕ ਵੀ ਦਿੱਤਾ ਗਿਆ। ਇਸ ਤਰ੍ਹਾਂ ਕੁੱਲ ਮਿਲਾ ਕੇ 5700 ਅਮਰੀਕੀ ਡਾਲਰ ਦੀ ਸਹਾਇਤਾ ਕੀਤੀ ਗਈ। ਇਸ ਸਮੇਂ ਵੱਖ-ਵੱਖ ਦੇਸ਼ਾਂ ਵਿੱਚ ਯਮਲਾ ਜੀ ਦੇ ਨਾਂ ਹੇਠ ਚਲ ਰਹੀਆਂ ਸਮੂਹ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਵੀ ਇਸ ਕਾਰਜ ਵਿੱਚ ਆਪਣਾ ਯੋਗਦਾਨ ਪਾ ਕੇ ਯਾਦਗਾਰੀ ਡੇਰੇ ਨੂੰ ਮਿਊਜ਼ੀਅਮ ਬਣਾਉਣ ਵਿੱਚ ਸਹਾਇਤਾ ਕਰਨ। ਇਸ ਉਪਰੰਤ ਸਮੂਹ ਪ੍ਰਬੰਧਕ ਸਾਨਫਰਾਂਸਿਸਕੋ ਤੋਂ ਲਾਂਸ ਏਂਜਲਸ ਨੂੰ ਜਾਂਦੇ ਫਰੀਵੇ 99 ਉਪਰ ਯਮਲਾ ਜੀ ਦੀ ਯਾਦ ਵਿੱਚ ਲਾਏ ਯਾਦਗਾਰੀ ਬੋਰਡ ਉੱਪਰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਗਏ।
ਇਸ ਸਮੇਂ ਹਾਜ਼ਰ ਮੈਂਬਰਾਂ ਵਿੱਚ ਜਸਦੇਵ ਯਮਲੇ ਤੋਂ ਇਲਾਵਾ ਨੀਟਾ ਮਾਛੀਕੇ, ਅਵਤਾਰ ਸਿੰਘ ਢਿੱਲੋਂ, ਅਮਰਜੀਤ ਸਿੰਘ ਦੌਧਰ, ਰਾਜਿੰਦਰ ਬਰਾੜ, ਗੈਰੀ ਢੇਸੀ, ਮਾਸਟਰ ਦਰਬਾਰਾ ਸਿੰਘ ਧਾਲੀਵਾਲ, ਬਹਾਦਰ ਸਿੰਘ ਸਿੱਧੂ, ਅਵਤਾਰ ਸਿੰਘ ਗਰੇਵਾਲ, ਰਣਮੇਘ ਸਿੰਘ ਢੇਸੀ, ਬਲਰਾਜ ਸਿੰਘ ਬੈਂਸ, ਅਮਨਪ੍ਰੀਤ ਸਿੰਘ, ਮਨਵੀਰ ਸਿੰਘ, ਸੁਮੀਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
The post ਮਰਹੂਮ ਗਾਇਕ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਯਾਦਗਾਰ ਬਣਾਉਣ ਲਈ ਫਰਿਜ਼ਨੋ ਨਿਵਾਸੀਆਂ ਨੇ ਦਿੱਤਾ ਯੋਗਦਾਨ appeared first on Quomantry Amritsar Times.