ਟੋਰਾਂਟੋ/ਬਿਊਰੋ ਨਿਊਜ਼-
‘ਇਨਸਾਨ ਦਾ ਸੰਸਾਰ ਵਿੱਚ ਆ ਕੇ ਸਮਾਜ ਲਈ ਪਾਇਆ ਯੋਗਦਾਨ ਹੀ ਚਿਰ ਸਦੀਵੀ ਹੈ’। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਗਲਵਾੜਾ ਸੁਸਾਇਟੀ ਦੇ ਮੁੱਖ ਸੇਵਾਦਾਰ ਬੀਬੀ ਡਾ. ਇੰਦਰਜੀਤ ਕੌਰ ਨੇ ਕੀਤਾ। ਉਹ ਬੀਤੇ ਦਿਨੀਂ ਇੱਥੇ ਸਿੱਖ ਕੌਮ ਦੇ ਮਹਾਨ ਸਮਾਜਸੇਵੀ ਭਗਤ ਪੂਰਨ ਸਿੰਘ ਦੇ ਜੀਵਨ ‘ਤੇ ਆਧਾਰਿਤ ਪਲੇਠੀ ਫ਼ਿਲਮ ‘ਇਹੁ ਜਨਮੁ ਤੁਮਾਰੇ ਲੇਖੇ’ ਦੇ ਪ੍ਰਚਾਰ ਲਈ ਇੱਕ ਪੱਤਰਕਾਰ ਮਿਲਣੀ ਦੌਰਾਨ ਬੋਲ ਰਹੇ ਸਨ।
ਇਸ ਮੌਕੇ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਭਗਤ ਪੂਰਨ ਸਿੰਘ ਦੇ ਮਾਨਵਤਾ ਲਈ ਦਰਦ ਅਤੇ ਕਰਮ ਨੂੰ ਦੁਨੀਆਂ ਸਾਹਮਣੇ ਰੱਖਣ ਖਾਤਰ ਇਸ ਫ਼ਿਲਮ ਦਾ ਨਿਰਮਾਣ ਪਿੰਗਲਵਾੜਾ ਸੁਸਾਇਟੀ ਵੱਲੋਂ ਕੀਤਾ ਗਿਆ ਹੈ ਜਿਸ ਨੂੰ ਸੰਗਤ ਦੇ ਪੈਸੇ ਨਾਲ ਨੇਪਰੇ ਚਾੜ੍ਹਿਆ ਗਿਆ ਹੈ। ਇਸ ਫ਼ਿਲਮ ਨੂੰ’ਵਾਈਟਹਿੱਲ ਪ੍ਰੋਡਕਸ਼ਨ ਵੱਲੋਂ ਦੁਨੀਆਂ ਭਰ ਵਿੱਚ 30 ਜਨਵਰੀ ਨੂੰ ਰਿਲੀਜ਼ ਕੀਤਾ ਜਾਵੇਗਾ।
ਇਸ ਮੌਕੇ ਵਾਈਟਹਿੱਲ ਦੇ ਮਨਮੋੜ ਸਿੰਘ ਸਿੱਧੂ ਨੇ ਕਿਹਾ ਕਿ ਇਸ ਫ਼ਿਲਮ ਵਿੱਚ ਭਗਤ ਪੂਰਨ ਸਿੰਘ ਜੀ ਦੇ ਸਮੁੱਚੇ ਜੀਵਨ ਨੂੰ ਵਿਖਾਇਆ ਗਿਆ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਦਰਸ਼ਕ ਇਸ ਨੂੰ ਜ਼ਰੂਰ ਪਸੰਦ ਕਰਨਗੇ। ਹਰਜੀਤ ਸਿੰਘ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ਵਿੱਚ ਅਦਾਕਾਰ ਪਵਨ ਮਲਹੋਤਰਾ ਮੁੱਖ ਭੂਮਿਕਾ ਵਿੱਚ ਹਨ ਜਿਨ੍ਹਾਂ ‘ਪੰਜਾਬ 1984′ ਵਿੱਚ ਇੱਕ ਪੁਲੀਸ ਅਫ਼ਸਰ ਦਾ ਰੋਲ ਨਿਭਾਇਆ ਸੀ। ਇਸ ਮੌਕੇ ਪਿੰਗਲਵਾੜਾ ਸੁਸਾਇਟੀ ਦੇ ਸਥਾਨਕ ਸੰਚਾਲਕ ਬੀਬੀ ਅਵਿਨਾਸ਼ ਕੌਰ ਵੀ ਹਾਜ਼ਰ ਸਨ।
The post ਭਗਤ ਪੂਰਨ ਸਿੰਘ ਦੇ ਜੀਵਨ ਨੂੰ ਪੇਸ਼ ਕਰੇਗੀ ਫਿਲਮ ‘ਇਹੁ ਜਨਮੁ ਤੁਮਾਰੇ ਲੇਖੇ’ appeared first on Quomantry Amritsar Times.