ਜਲੰਧਰ/ਬਿਊਰੋ ਨਿਊਜ਼- ਵਿਦੇਸ਼ਾਂ ‘ਚੋਂ ਗੈਰ-ਕਾਨੂੰਨੀ ਢੰਗ ਨਾਲ ਪੈਸਾ ਲਿਆਉਣ ਦੇ ਮਾਮਲੇ ‘ਚ ਗਾਇਕਾ ਮਿਸ ਪੂਜਾ ਸੋਮਵਾਰ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ(ਈ.ਡੀ.) ਅੱਗੇ ਪੇਸ਼ ਹੋਈ। ਈ.ਡੀ. ਦੇ ਅਧਿਕਾਰੀਆਂ ਨੇ ਮਿਸ ਪੂਜਾ ਤੋਂ ਲਗਾਤਾਰ ਛੇ ਘੰਟੇ ਪੁੱਛਗਿਛ ਕੀਤੀ। ਜਦੋਂ ਗਾਇਕਾ 12:30 ਵਜੇ ਦੇ ਕਰੀਬ ਈ.ਡੀ. ਦੇ ਦਫ਼ਤਰ ਪੇਸ਼ ਹੋਈ ਤਾਂ ਉਸ ਕੋਲ ਕਾਫੀ ਸਾਰੇ ਦਸਤਾਵੇਜ਼ ਸਨ। ਜ਼ਿਕਰਯੋਗ ਹੈ ਕਿ ਗਾਇਕਾ ਮਿਸ ਪੂਜਾ ਨੂੰ ਈ.ਡੀ. ਨੇ ਪੇਸ਼ ਹੋਣ ਲਈ ਸੰਮਨ ਭੇਜਿਆ ਸੀ। ਈ.ਡੀ. ਨੇ ਦੋਸ਼ ਲਾਇਆ ਸੀ ਕਿ ਗਾਇਕਾ ਨੇ ਵਿਦੇਸ਼ਾਂ ‘ਚ ਸਟੇਜ ਸ਼ੋਅ ਕਰ ਕੇ ਜਿਹੜੇ ਪੈਸੇ ਕਮਾਏ ਸਨ, ਟੈਕਸ ਬਚਾਉਣ ਖ਼ਾਤਰ ਉਸ ਨੇ ਗੈਰ-ਕਾਨੂੰਨੀ ਤਰੀਕੇ ਨਾਲ ਹਵਾਲਾ ਰੈਕਟ ਰਾਹੀਂ ਪੈਸੇ ਇੱਧਰ ਲਿਆਂਦੇ ਸਨ। ਮਿਲੀ ਜਾਣਕਾਰੀ ਅਨੁਸਾਰ ਮਿਸ ਪੂਜਾ ਨੇ ਸਾਰੇ ਦੋਸ਼ ਨਕਾਰਦਿਆਂ ਆਪਣਾ ਸਾਰਾ ਪੈਸਾ ਸਹੀ ਤਰੀਕੇ ਨਾਲ ਭਾਰਤ ਲਿਆਉਣ ਦਾ ਦਾਅਵਾ ਕਰਦਿਆਂ ਆਪਣੇ ਪੁਰਾਣੇ ਰਿਕਾਰਡ ਵੀ ਈ.ਡੀ. ਅੱਗੇ ਪੇਸ਼ ਕੀਤੇ ਹਨ। ਜ਼ਿਕਰਯੋਗ ਹੈ ਕਿ ਇਸੇ ਮਾਮਲੇ ‘ਚ ਵਿਦੇਸ਼ਾਂ ‘ਚ ਸਟੇਜ ਸ਼ੋਅ ਕਰਨ ਵਾਲੇ ਕਈ ਹੋਰ ਕਲਾਕਾਰ ਵੀ ਈ.ਡੀ. ਅੱਗੇ ਪੇਸ਼ ਹੋ ਚੁੱਕੇ ਹਨ। ਇਨ੍ਹਾਂ ‘ਚ ਦਿਲਜੀਤ ਦੁਸਾਂਝ, ਗਿੱਪੀ ਗਰੇਵਾਲ ਤੇ ਕਈ ਫਿਲਮ ਨਿਰਮਾਤਾ ਤੇ ਪ੍ਰੋਡਕਸ਼ਨ ਕੰਪਨੀਆਂ ਦੇ ਮਾਲਕ ਵੀ ਸ਼ਾਮਲ ਸਨ। ਗਿੱਪੀ ਗਰੇਵਾਲ ਜਿੱਥੇ ਇਸੇ ਸਾਲ 22 ਅਪਰੈਲ ਤੇ 12 ਮਈ ਨੂੰ ਈ.ਡੀ. ਅੱਗੇ ਪੇਸ਼ ਹੋਇਆ ਸੀ, ਉੱਥੇ ਹੀ ਦਿਲਜੀਤ ਦੁਸਾਂਝ 12 ਅਪਰੈਲ ਨੂੰ ਈ.ਡੀ. ਅੱਗੇ ਪੇਸ਼ ਹੋਇਆ ਸੀ।
↧