ਲੁਧਿਆਣਾ/ਬਿਊਰੋ ਨਿਊਜ਼:
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਪੰਜਾਬੀ ਸਾਹਿਤ ਦੀਆਂ ਬੜੀਆਂ ਮੁੱਲਵਾਨ ਪੁਸਤਕਾਂ ਨੂੰ ਮੁੜ ਪ੍ਰਕਾਸ਼ਿਤ ਕਰਨ ਦੀ ਯੋਜਨਾ ਅਧੀਨ ਤਿੰਨ ਪੁਸਤਕਾਂ ‘ਜਪੁਜੀ ਦਾ ਵਿਸ਼ਾ ਤੇ ਰੂਪ’ (ਲੇਖਕ ਡਾ. ਰਾਮ ਸਿੰਘ), ‘ਵਾਰ ਹਕੀਕਤ ਰਾਏ (ਸੰਪਾਦਕ ਪ੍ਰੋ. ਤੇਜ ਕੌਰ ਦਰਦੀ) ਅਤੇ ‘ਰਾਤ ਕੁਲਹਿਰੀ’ (ਸੰਪਾਦਕ ਸ. ਹਰਭਜਨ ਸਿੰਘ ਹੁੰਦਲ) ਪ੍ਰਕਾਸ਼ਿਤ ਕਰਵਾਈਆਂ ਗਈਆਂ। ਇਨ੍ਹਾਂ ਵਿਚੋਂ ‘ਜਪੁਜੀ ਦਾ ਵਿਸ਼ਾ ਤੇ ਰੂਪ’ ਪੁਸਤਕ ਅਕਾਦਮਿਕ ਅਤੇ ਧਾਰਮਿਕ ਵਿਆਖਿਆ ਦੇ ਹਲਕਿਆਂ ਵਿਚ ਗਹਿਰੀ ਥਾਂ ਰੱਖਦੀ ਹੈ। ਬੀਤੇ ਦਿਨ ਇਸ ਨੂੰ ਅਕਾਡਮੀ ਦੇ ਪ੍ਰਮੁੱਖ ਅਹੁਦੇਦਾਰਾਂ ਵਲੋਂ ਪੰਜਾਬੀ ਭਵਨ ਵਿਖੇ ਲੋਕ ਅਰਪਨ ਕੀਤਾ ਗਿਆ।
ਇਸ ਮੌਕੇ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਬੋਲਦਿਆਂ ਕਿਹਾ ਕਿ ਡਾ. ਰਾਮ ਸਿੰਘ ਹੋਰਾਂ ਦਾ ਬਾਣੀ ਚਿੰਤਕ ਵਜੋਂ ਰੁਤਬਾ ਬੇਜੋੜ ਹੈ। ਅਧਿਆਤਮਵਾਦੀ ਦ੍ਰਿਸ਼ਟੀ ਤੇ ਸਿੱਖ ਸੰਸਕਾਰਾਂ ਕਰਕੇ ਗੁਰਬਾਣੀ ਨਾਲ ਉਨ੍ਹਾਂ ਦਾ ਰਿਸ਼ਤਾ ਆਸਥਵਾਨ ਜਗਿਆਸੂ ਵਾਲਾ ਹੈ। ਕਮਾਲ ਇਹ ਹੈ ਕਿ ਸਿੱਖ ਧਰਮ ਅਤੇ ਗੁਰਬਾਣੀ ਬਾਰੇ ਉਨ੍ਹਾਂ ਦੀ ਆਸਥਾ ਤੇ ਅਨਿਨ ਸ਼ਰਧਾ ਉਨ੍ਹਾਂ ਅੰਦਰਲੇ ਤਾਰਕਿਕ ਜਗਿਆਸੂ ਦੇ ਰਾਹ ਦਾ ਰੋੜਾ ਕਦੇ ਨਾ ਬਣੇ। ਅਕਾਡਮੀ ਦੇ ਜਨਰਲ ਸਕੱਤਰ ਡਾ. ਅਨੂਪ ਸਿੰਘ ਨੇ ਦਸਿਆ ਕਿ ਇਸ ਪੁਸਤਕ ਨੂੰ ਮੁੜ ਪ੍ਰਕਸ਼ਿਤ ਕਰਨ ਦਾ ਮਨੋਰਥ ਡਾ. ਰਾਮ ਸਿੰਘ ਦੇ ਸੱਚੇ ਸੁੱਚੇ ਉਦੇਸ਼ ਸਿੱਖ ਵਿਰਸੇ ਦੇ ਉਦਾਰਵਾਦੀ, ਮਾਨਵੀ, ਉਸਾਰੂ, ਸਾਰਥਿਕ ਅਤੇ ਕ੍ਰਾਂਤੀਕਾਤੀ ਸਾਰ ਨੂੰ ਸਪੱਸ਼ਟ ਕਰਕੇ ਨਵੀਂ ਪੀੜ੍ਹੀ ਨੂੰ ਉਸ ਦੇ ਨਾਲ ਲਾਉਣਾ ਹੈ।
ਅਕਾਡਮੀ ਦੇ ਸਾਬਕਾ ਪ੍ਰਧਾਨ ਅਤੇ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਕੁਲਪਤੀ ਡਾ. ਸ. ਸ. ਜੌਹਲ ਨੇ ਇਸ ਪੁਸਤਕ ਦਾ ਸੁਆਗਤ ਕਰਦਿਆਂ ਕਿਹਾ ਕਿ ਅਜਿਹੀਆਂ ਪੁਸਤਕਾਂ ਸਮਾਜ ਵਿਚ ਨੈਤਿਕ ਮੁੱਲਾਂ ਨੂੰ ਹੋਰ ਨਵੇਂ ਤਰੀਕੇ ਨਾਲ ਬਣਾਈ ਰੱਖਣ ਵਿਚ ਬੜੀਆਂ ਸਾਰਥਿਕ ਹੁੰਦੀਆਂ ਹਨ। ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਇਸ ਪੁਸਤਕ ਨੂੰ ਜੀ ਆਇਆਂ ਆਖਦਿਆਂ ਇਸ ਦੀ ਸਦੀਵਕਾਲੀ ਮਹੱਤਤਾ ਅਤੇ ਵਿਰਾਸਤ ਦੀ ਸੰਖੇਪ ਚਰਚਾ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਸੁਰਜੀਤ ਸਿੰਘ, ਮੀਤ ਪ੍ਰਧਾਨ ਸੁਰਿੰਦਰ ਕੈਲੇ, ਸਕੱਤਰ ਸੁਰਿੰਦਰ ਰਾਮਪੁਰੀ ਅਤੇ ਡਾ.ਗੁਲਜ਼ਾਰ ਸਿੰਘ ਪੰਧੇਰ, ਜਨਮੇਜਾ ਸਿੰਘ ਜੌਹਲ, ਇੰਦਰਜੀਤਪਾਲ ਕੌਰ ਅਤੇ ਮਿੱਤਰ ਸੈਨ ਮੀਤ ਨੇ ਚਰਚਾ ਵਿਚ ਭਾਗ ਲਿਆ।
↧
‘ਜਪੁਜੀ ਦਾ ਵਿਸ਼ਾ ਤੇ ਰੂਪ’ਸਮੇਤ ਤਿੰਨ ਪੁਸਤਕਾਂ ਲੋਕ ਅਰਪਣ
↧