ਪ੍ਰੋ. ਸ਼ੇਰ ਸਿੰਘ ਕੰਵਲ
ਸਿੱਧਾਂ ਜੋਗੀਆਂ ਦੇ ਸਮੇਂ ਜਿਵੇਂ ਪੰਜਾਬ ਸਮੇਤ ਭਾਰਤ ਵਿਚ ਜੋਗੀ ਪੀਰ ਜਾਂ ਗੁੱਗੇ ਪੀਰ ਦੇ ਮੇਲੇ ਥਾਈਂ ਥਾਈਂ ਲਗਦੇ ਸਨ। ਵਿਸਾਖੀ ਦਾ ਮੇਲਾ ਅੱਜ ਪੰਜਾਬ ਤੇ ਦੁਨੀਆਂ ਵਿਚ ਜਿਥੇ ਕਿਤੇ ਵੀ ਪੰਜਾਬੀ ਅਥਵਾ ਸਿੱਖ ਵਸਦੇ ਹਨ ਸ਼ਾਇਦ ਹੋਰਨਾਂ ਸਭ ਮੇਲਿਆਂ ਨਾਲੋਂ ਵੱਧ ਥਾਵਾਂ ‘ਤੇ ਅਤੇ ਵਧੇਰੇ ਉਤਸ਼ਾਹ ਅਤੇ ਉਮਾਹ ਨਾਲ ਮਨਾਇਆ ਜਾਂਦਾ ਹੈ। ਮੁੱਢੋਂ ਨਿਰਸੰਦੇਹ ਵਿਸਾਖੀ ਮੌਸਮੀ ਤਿਓਹਾਰ ਹੈ। ਪੁਰਾਤਨ ਸਮੇਂ ਤੋਂ ਜਦੋਂ ਕਣਕ ਦੀ ਫਸਲ ਪੱਕਦੀ ਅਤੇ ਇਸ ਨੂੰ ਦਾਤੀ ਪੈਣ ਦਾ ਭਾਵ ਇਹ ਦਿਨ ਆਉਂਦਾ ਹੈ ਤਾਂ ਇਸ ਤਿਓਹਾਰ ਨੂੰ ਪਿੰਡੀਂ ਗਰਾਈਂ ਮੇਲਿਆਂ ਦੇ ਰੂਪ ਵਿਚ ਮਨਾਇਆ ਜਾਂਦਾ ਸੀ। ਓਦੋਂ ਇਨ੍ਹਾਂ ਮੇਲਿਆਂ ‘ਤੇ ਨਿਰਸੰਦੇਹ ਸੱਭਿਆਚਾਰਕ ਪ੍ਰਭਾਵ ਹੀ ਹਾਵੀ ਹੁੰਦਾ ਸੀ ਅਤੇ ਮੇਲਾ ਆਉਂਦੇ ਹੀ ਹਰ ਕੋਈ ਮੇਲੇ ਤੇ ਜਾਣਾ ਚਾਹੁੰਦਾ ਸੀ। ਕੋਈ ਵੀ ਕਿਸੇ ਤੋਂ ਪਿੱਛੇ ਨਹੀਂ ਸੀ ਰਹਿਣਾ ਚਾਹੁੰਦਾ।
‘ਆਪ ਗਏ ਵਿਸਾਖੀ। ਮੈਂ ਬ੍ਹਵਾਂ ਜਵਾਂ ਦੀ ਰਾਖੀ?
ਤੇ ਜਦ ਗੁਰੂ ਕਾਲ ਵਿਚ ਥਾਂ ਥਾਂ ਵਿਸਾਖੀ ਦੇ ਮੇਲੇ ਲੱਗਣ ਲੱਗ ਪਏ ਤਾਂ ਸਿੱਖਾਂ ਕਹਾਣ ਘੜ ਲਿਆ।
”ਵਿਸਾਖੀ ਘਰ ਘਰ। ਦੀਵਾਲੀ ਅੰਮ੍ਰਿਤਸਰ!!”
ਪੰਜਾਬੀਆਂ ਲਈ ਵਿਸਾਖੀ ਕਣਕ ਦੀ ਵਾਢੀ ਦਾ ਤਿਓਹਾਰ ਤਾਂ ਹੈ ਹੀ ਪਰ ਸੰਨ 1699 ਦੀ ਵਿਸਾਖੀ ਦਾ ਦਿਨ ਸਿੱਖਾਂ ਲਈ ਸਿਰਾਂ ਦੀ ਵਾਢੀ ਦਾ ਦਿਨ ਹੋ ਨਿਬੜਿਆ ਜਦ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੇਸਗੜ੍ਹ ਦੇ ਸਥਾਨ ‘ਤੇ ਕਲਗੀਧਰ ਪਿਤਾ ਨੇ ਆਪਣੀ ਕਿਰਪਾਨ ਵਿਚੋਂ ਖ਼ਾਲਸੇ ਨੂੰ ਪ੍ਰਗਟ ਕੀਤਾ ਸੀ। ਪੰਜਾਬ ਅਤੇ ਵਿਸ਼ਵ ਵਿਚ ਵਸਦੇ ਪੰਜਾਬੀਆਂ ਅਥਵਾ ਸਿੱਖਾਂ ਦੇ ਇਸ ਸਬੰਧ ਵਿਚ ਥਾਂ ਥਾਂ ਮੇਲਿਆਂ ਨੂੰ ਲਗਾਣ ਤੇ ਇਸ ਤਿਓਹਾਰ ਨੂੰ ਮਨਾਣ ਦਾ ੂਲ ਕਾਰਨ ਅੱਜ ਏਹੀ ਹੈ।
ਉਂਞ ਸਿੱਖ ਧਰਮ ਨਾਲ ਵਿਸਾਖੀ ਦਾ ਚਿਰੋਕਣੇ ਸਮੇਂ ਤੋਂ ਹੀ ਬੜਾ ਗੂੜ੍ਹਾ ਸਬੰਧ ਹੈ। ਭਾਵੇਂ ਵਿਸਾਖੀ ਦਾ ਪਹਿਲਾ ਤਿਓਹਾਰ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਕਹਿਣ ਤੇ ਡੱਲਾ ਨਿਵਾਸੀ ਭਾਈ ਪਾਰੋ ਨੇ ਗੋਇੰਦਵਾਲ ਸਾਹਿਬ ਵਿਖੇ ਮਨਾਉਣਾ ਸ਼ੁਰੂ ਕੀਤਾ ਪਰ ਇਤਿਹਾਸ ਦੱਸਦਾ ਹੈ ਕਿ ਇਸ ਤੋਂ ਪਹਿਲੋਂ ਪਹਿਲੇ ਪਾਤਸ਼ਾਹ ਬਾਬਾ ਨਾਨਕ ਜੀ ਨੇ ਵਿਸਾਖੀ ਦੇ ਮੇਲੇ ‘ਤੇ ਹੀ ਹਰਿਦੁਆਰ ਵਿਖੇ ਕਰਤਾਰਪੁਰ ਵੱਲ ਪਾਣੀ ਸੁੱਟ ਕੇ ਪੰਡਤਾਂ ਦਾ ਭਰਮ ਜਾਲ ਤੋੜਿਆ ਸੀ ਅਤੇ ਇਸੇ ਦਿਨ ਹੀ ਆਪ ਜੀ ਨੇ ਧਰਤ ਲੋਕਾਈ ਨੂੰ ਸੋਧਣ ਲਈ ਉਦਾਸੀਆਂ ਦੀ ਸ਼ੁਰੂਆਤ ਕੀਤੀ ਸੀ। ਸੰਨ 1665 ‘ਚ ਮੱਖਣ ਸ਼ਾਹ ਲੁਬਾਣਾ ਜੀ ਨੇ ਬਾਬਾ ਬਕਾਲੇ ਸ੍ਰੀ ਗੁਰੂ ਤੇਗ ਬਹਾਦਰ ਸਬੰਧੀ ‘ਗੁਰੂ ਲਾਧੋਰੇ’ ਦਾ ਪੱਲਾ ਇਸੇ ਦਿਨ ਫੇਰਿਆ ਸੀ। ਵਿਸਾਖੀ ਦਾ ਦਿਨ ਹੀ ਸੰਨ 1675 ਦਸਮ ਪਿਤਾ ਜੀ ਗੁਰਗੱਦੀ ਸੰਭਾਲਦੇ ਹਨ ਅਤੇ ਵਿਸਾਖੀ ਦੇ ਇਸੇ ਦਿਨ ਹੀ ਆਪ ਜੀ ਦਾ ਅਨੰਦ ਕਾਰਜ ਮਾਤਾ ਸੁੰਦਰੀ ਜੀ ਨਾਲ ਹੋਇਆ। ਇਸੇ ਦਿਨ ਹੀ ਸੰਨ 1714 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣਾ ਸਢੌਰਾ ਜਿੱਤ ਕੇ ਅੰਮ੍ਰਿਤਸਰ ਸਾਹਿਬ ਵਿਖੇ ਸ਼ਾਹੀ ਦਰਬਾਰ ਸਜਾਇਆ ਸੀ। ਸੰਨ 1721 ਨੂੰ ਤੱਤ ਖਾਲਸੇ ਤੇ ਬੰਦਈ ਖ਼ਾਲਸੇ ਦਾ ਝਗੜਾ ਵੀ ਵਿਸਾਖੀ ਨੂੰ ਹੀ ਖਤਮ ਹੋਇਆ ਸੀ। ਸੰਨ 1733 ਵਿਚ ਸ. ਕਪੂਰ ਸਿੰਘ ਫੈਜ਼ਲਪੁਰੀਏ ਨੂੰ ਨਵਾਬੀ ਵੀ ਇਸੇ ਦਿਨ ਮਿਲੀ ਸੀ। ਸੰਨ 1743 ਵਿਚ ਦੀਵਾਨ ਜਸਪਤ ਰਾਇ ਦਾ ਕਤਲ ਤੇ ਕਾਹਨੂੰਵਾਣੇ ਛੰਭ ਦਾ ਘੱਲੂਘਾਰਾ ਵਿਸਾਖੀ ਦੇ ਦਿਨ ਹੀ ਹੋਇਆ ਸੀ। ਸੰਨ 1800 ਦੀ ਵਿਸਾਖੀ ਦੇ ਦਿਨ ਹੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਆਪ ਨੂੰ ਮਹਾਰਾਜਾ ਐਲਾਨਿਆ ਸੀ। ਸੰਨ 1869 ਵਿਚ ਬਾਬਾ ਰਾਮ ਸਿੰਘ ਨੇ ਅੰਗਰੇਜ਼ਾਂ ਖਿਲਾਫ਼ ਨਾ ਮਿਲਰਵਰਤਣ ਲਹਿਰ ਵਿਸਾਖੀ ਦੇ ਦਿਨ ਹੀ ਸ਼ੁਰੂ ਕੀਤੀ ਸੀ। ਸੰਨ 1919 ਵਿਚ ਜਨਰਲ ਡਾਇਰ ਨੇ ਜਲ੍ਹਿਆਂ ਵਾਲੇ ਬਾਗ ਵਿਚ ਨਿਹੱਥੇ ਪੰਜਾਬੀਆਂ ਦੇ ਜਲਸੇ ‘ਤੇ ਗੋਲੀਆਂ ਅੰਨ੍ਹੇਵਾਹ ਇਸੇ ਦਿਨ ਵਰ੍ਹਾਈਆਂ ਸਨ ਅਤੇ ਸੰਨ 1978 ਦੀ ਵਿਸਾਖੀ ਦੇ ਦਿਨ ਹੀ ਅੰਮ੍ਰਿਤਸਰ ਵਿਖੇ ਨਿਰੰਕਾਰੀ ਸਾਕੇ ਵਿਚ ਸ. ਫੌਜਾ ਸਿੰਘ ਤੇ ਉਨ੍ਹਾਂ ਦੇ ਸਾਥੀ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਸਨ। ਇਸ ਤਰ੍ਹਾਂ ਹੋਰ ਵੀ ਅਨੇਕ ਸਿੱਖ ਇਤਿਹਾਸ ਨਾਲ ਸਬੰਧਤ ਘਟਨਾਵਾਂ ਹਨ ਜੋ ਵਿਸਾਖੀ ਦੇ ਦਿਨ ਵਾਪਰੀਆਂ।
ਪਰ ਇਕ ਗੱਲ ਪ੍ਰਤੱਖ ਹੈ ਕਿ ਪੰਥ ਅਤੇ ਪੰਜਾਬ ਦੇ ਪ੍ਰਸੰਗ ਵਿਚ ਵਿਸਾਖੀ ਦੇ ਦਿਨ ‘ਤੇ ਘਟੀਆਂ ਘਟਨਾਵਾਂ ਦੀ ਲੜੀ ਵਿਚ ‘ਮੇਰੁ’ ਅਥਵਾ ਮਾਲਾ ਦਾ ਸ਼ਿਰੋਮਣੀ ਮਣਕਾ ਸੰਨ 1699 ਦੀ ਵਿਸਾਖੀ ਹੀ ਹੈ ਜਿਸ ਦਿਨ ਕੇਸਗੜ੍ਹ ਦੇ ਸਥਾਨ ‘ਤੇ ਦਰਵੇਸ਼ ਪਾਤਸ਼ਾਹ ਦਸਮ ਪਿਤਾ ਨੇ ਸਭ ਜਾਤਾਂ ਵਰਣਾਂ ਦੀਆਂ ਦੀਵਾਰਾਂ ਨੂੰ ਤੋੜ ਕੇ ਪੰਚ ਪ੍ਰਣਾਲੀ ਅਤੇ ਪੰਚ ਪ੍ਰਧਾਨੀ ਖ਼ਾਲਸੇ ਦੀ ਸਿਰਜਣਾ ਕੀਤੀ ਸੀ। ਯਾਦ ਰਹੇ ਕਿ ਇਸ ਵਿਸਾਖੀ ਦੇ ਦੀਵਾਨ ਵਿਚ ਜਦ ਗੁਰਾਂ ਨੇ ਸੀਸ ਮੰਗੇ ਤਾਂ ਉਨ੍ਹਾਂ ਸਾਹਮਣੇ ਭਾਵੇਂ ਲਾਹੌਰ ਦਾ ਦਇਆ ਰਾਮ ਖੱਤਰੀ ਆਇਆ, ਭਾਵੇਂ ਧਰਮ ਦਾ ਦਿੱਲੀ ਦਾ ਜੱਟ। ਭਾਵੇਂ ਸਾਹਿਬ ਚੰਦ ਬਿਦਰ ਦਾ ਨਾਈ ਅਤੇ ਭਾਵੇਂ ਮੁਹਕਮ ਚੰਦ ਦੁਆਰਦਾ ਦਾ ਛੀਂਬਾ ਜਾਂ ਹਿੰਮਤ ਰਾਏ ਜਗਨਨਾਥ ਪੁਰੀ ਦਾ ਝੀਵਰ, ਸਤਿਗੁਰੂ ਨੇ ਬਿਨਾ ਉਨ੍ਹਾਂ ਦਾ ਜਾਤ ਗੋਤ ਤੇ ਖਿੱਤਾ ਕਿੱਤਾ ਵੇਖੇ ਉਨ੍ਹਾਂ ਨੂੰ ਇਕੋ ਬਾਟੇ ਵਿਚੋਂ ਅੰਮ੍ਰਿਤ ਛਕਾਇਆ ਤੇ ਫਿਰ ਬੇਨਤੀ ਕਰਕੇ ਆਪ ਉਨ੍ਹਾਂ ਤੋ ਅੰਮ੍ਰਿਤ ਛਕਿਆ। ਯਾਦ ਰਹੇ ਕਿ ਸੰਸਾਰ ‘ਤੇ ਸਿੱਖ ਕੌਮ ਹੀ ਇਕੋ ਕੌਮ ਹੈ ਜਿਸ ਨੂੰ ਆਪਣੇ ਜਨਮ ਦੀ ਸਹੀ ਮਿਤੀ ਦਾ ਪਤਾ ਹੈ ਤੇ ਜਿਸ ਦੇ ਰਹਿਬਰ ਅਥਵਾ ਗੁਰੂ ਨੇ ਆਪਣੇ ਆਪ ਨੂੰ ਉਸ ਦਾ ਚੇਲਾ ਅਥਵਾ ਚੇਰਾ ਕਿਹਾ ਹੈ।
ਅੱਜ ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਦੇ ਸਿੱਖ, ਜਿਸ ਧਰਤੀ ‘ਤੇ ਸਾਹਿਬਾਂ ਇਹ ਇਤਿਹਾਸਕ ਘਟਨਾ ਘਟਾਈ ਸੀ, ਉਸ ਦੇ ਸੰਦੇਸ਼ ਤੋਂ ਦੂਰ ਹੋ ਰਹੇ ਹਨ ਪਰ ਇਸ ਪ੍ਰਸੰਗ ਵਿਚ ਪ੍ਰਵਾਸੀ ਸਿੱਖਾਂ ਦੀ ਸਥਿਤੀ ਉਨ੍ਹਾਂ ਤੋਂ ਕਿਤੇ ਸੰਤੋਸ਼ਜਨਕ ਦਿਸਦੀ ਹੈ। ਇਸ ਦੇ ਪ੍ਰਮਾਣ ਵਜੋਂ ਇਹ ਦਿਹਾੜੇ ਜਿਸ ਤਰ੍ਹਾਂ ਦੇ ਨਗਰ ਕੀਰਤਨ ਲੰਡਨ, ਅਮਰੀਕਾ ‘ਚ ਯੂਬਾ ਸਿਟੀ ਅਤੇ ਨਿਊਯਾਰਕ ਅਤੇ ਕੈਨੇਡਾ ‘ਚ ਟੋਰਾਂਟੋ । ਵੈਨਕੂਵਰ ਜਾਂ ਹੋਰ ਵੀ ਕਈ ਮੁਲਕਾਂ ਵਿਚ ਨਿਕਲਦੇ ਹਨ, ਜਿਸ ਉਤਸ਼ਾਹ ਨਾਲ ਸਿੱਖ ਇਨ੍ਹਾਂ ਵਿਚ ਚਾਓ ਨਾਲ ਸ਼ਾਮਲ ਹੁੰਦੇ ਹਨ ਇਸ ਵਿਚੋਂ ਉਨ੍ਹਾਂ ਦਾ ਸਿੱਖੀ ਪਿਆਰ ਅਤੇ ਸਰੂਪ ਪ੍ਰਤੱਖ ਝਲਕਦਾ ਹੈ। ਸਿੱਖਾਂ ਦੀ ਅਜੋਕੀ ਵਿਦੇਸ਼ੀ ਪੀੜ੍ਹੀ ਨੇ ਜਿਸ ਕਦਰ ਖ਼ਾਲਸੇ ਦੇ ਕੇਸਰੀ ਨਿਸ਼ਾਨਾਂ ਨੂੰ ਆਪਣੇ ਹੱਥਾਂ ਨਾਲ ਸੰਭਾਲਿਆ ਹੈ, ਇਹ ਵਿਸ਼ਵ ਦੀ ਦੁਮੇਲ ‘ਤੇ ਸਿੱਖੀ ਦੇ ਚੜ੍ਹਦੇ ਸੂਰਜ ਦਾ ਪ੍ਰਸੰਸਾ ਜਨਕ ਸੰਕੇਤ ਹੈ। ਉਹ ਦਿਨ ਵੀ ਆਵੇਗਾ ਜਦੋਂ ਨਵੀਂ ਪੀੜ੍ਹੀ ਦੇ ਅੱਜ ਵਿਦੇਸ਼ੀ ਯੂਨੀਵਰਸਿਟੀਆਂ ਵਿਚ ਪੜ੍ਹਦੇ ਬੱਚਿਆ ਵਿਚੋਂ ਕੁਝ ਸਿੱਖੀ ਦੀ ਅਸਲ ਵਿਚਾਰਧਾਰਾ ਦੀ ਮਸ਼ਾਲ ਲੈ ਕੇ ਸਿੱਖੀ ਦੇ ਪਸਾਰ ਅਥਵਾ ਉਜਿਆਲੇ ਭਵਿੱਖ ਵੱਲ ਵਧਣਗੇ। ਇੰਝ ਹੀ ਆਪਣੇ ਸੱਭਿਆਚਾਰ ਵਿਚੋਂ ਆ ਕੇ ਓਦਰੇ ਪੰਜਾਬੀਆਂ ਦੇ ਨਵੀਂ ਪੀੜ੍ਹੀ ਦੇ ਬੱਚੇ ਭੰਗੜੇ ਗਿੱਧੇ ਨੂੰ ਅਪਣਾ ਕੇ ਆਪਣੇ
ਸੱਭਿਆਚਾਰ ਵੱਲ ਮੁੜ ਰਹੇ ਹਨ ਪਰ ਇਸ ਦੇ ਮੁਕਾਬਲੇ ਪੰਜਾਬ ਅਥਵਾ ਦੇਸ਼ ਵਿਚਲੇ ਗਵੱਈਆ, ਗੀਤਕਾਰਾਂ ਅਤੇ ਨੱਚਣ ਵਾਲਿਆਂ/ਵਾਲੀਆਂ ਦਾ ਰੁਝਾਨ ਨੀਵਾਣ ਵੱਲ ਜਾ ਰਿਹਾ ਹੈ।
ਨਿਰਸੰਦੇਹ ਵਿਸਾਖੀ ਦਾ ਮੂਲ ਸਥਾਨ ਸ੍ਰੀ ਅਨੰਦਪੁਰ ਸਾਹਿਬ ਹੀ ਹੈ ਕਿਉਂਕਿ ਇਹ ਖ਼ਾਲਸੇ ਦਾ ਜਨਮ ਅਸਥਾਨ ਹੈ ਪਰ ਆਪਣੀ ਥੋੜ੍ਹੀ ਆਰਜ਼ਾ ਵਿਚ ਮਹਾਨ ਕਾਰਜਾਂ ਨੂੰ ਨੇਪਰੇ ਚਾੜ੍ਹਦੇ ਸਤਿਗੁਰਾਂ ਨੇ ਜ਼ਿੰਦਗੀ ਦੇ ਮਘਦੇ ਸੰਘਰਸ਼ ਵਿਚ ਆਪਣਾ ਕਮਰਕੱਸਾ ਖੋਲ੍ਹ ਜਿਥੇ ਕੁਝ ਦਮ ਮਾਰਿਆ ਅਥਵਾ ਆਰਾਮ ਵਿਸ਼ਰਾਮ ਕੀਤਾ। ਇਹ ਅਸਥਾਨ ਅੱਜ ਪੰਜਾਬ ਅਤੇ ਸਿੱਖ ਇਤਿਹਾਸ ਵਿਚ ਸ੍ਰੀ ਦਮਦਮਾ ਸਾਹਿਬ (ਸਾਬੋ ਕੀ ਤਲਵੰਡੀ) ਕਰਕੇ ਪ੍ਰਸਿੱਧ ਹੈ। ਇਹ ਇਲਾਕਾ ਸ਼ਮਸਦੀਨ ਅਲਤਮਸ਼ ਦੇ ਜ਼ਮਾਨੇ ਗੁੱਜਰਾਂ ਦਾ ਹੁੰਦਾ ਸੀ। ਇਨ੍ਹਾਂ ਦੇ ਮੁਖੀਏ ਨੇ ਮੁਸਲਮਾਨ ਹੋ ਕੇ ਇਸ ਇਲਾਕੇ ਦੀ ਚੌਧਰ ਹਾਸਲ ਕੀਤੀ ਸੀ ਪਰ ਉਸ ਦੇ ਔਤ ਹੋਣ ਕਾਰਨ ਇਹ ਇਲਾਕਾ ਉਸ ਦੀ ਲੜਕੀ ਸ਼ਹਾਸੋ ਦੇ ਹਿੱਸੇ ਆਇਆ ਅਤੇ ਮਗਰੋਂ ਸ਼ਹਾਸੋ ਜਾਂ ਸਾਬੋ ਕੀ ਤਲਵੰਡੀ ਕਹਿਆ ਜਾਣ ਲੱਗਾ। ਦਸਮ ਪਾਤਸ਼ਾਹ ਦੇ ਸਮੇਂ ਇਸ ਤਲਵੰਡੀ ਨੇੜਲੇ ਅਠਤਾਲੀ ਪਿੰਡਾਂ ਦੇ ਮਾਲਕ ਚੌਧਰੀ ਸਲੇਮ ਦਾ ਪੁੱਤਰ ਡੱਲਾ ਇਸ ਇਲਾਕੇ ਦਾ ਮਾਲਕ ਸੀ। ਜਦ ਦਸਮ ਪਾਤਸ਼ਾਹ ਔਕੜਾਂ ਝਾਗਦੇ ਹੋਏ ਇਸ ਇਲਾਕੇ ਵਿਚ ਆਏ ਤਾਂ ਇਸ ਨੇ ਬੜੀ ਸ਼ਰਧਾ ਅਤੇ ਪ੍ਰੇਮ ਸਹਿਤ ਸਤਿਗੁਰੂ ਨੂੰ ਆਪਣੇ ਪਿੰਡ ਠਹਿਰਾਇਆ। ਮਗਰੋਂ ਇਹੀ ਡੱਲਾ ਦਸਮ ਪਿਤਾ ਤੋਂ ਅੰਮ੍ਰਿਤ ਛਕ ਕੇ ਭਾਈ ਡੱਲਾ ਸਿੰਘ ਬਣ ਕੇ ਸਿੱਖ ਜਗਤ ਵਿਚ ਪ੍ਰਸਿੱਧ ਹੋਇਆ। ਇਸ ਅਸਥਾਨ ‘ਤੇ ਨਿਵਾਸ ਰੱਖਦਿਆਂ ਸਤਿਗੁਰਾਂ ਨੇ ਆਪਣੇ ਕਲਪੇ ਕਈ ਮਹਾਨ ਕਰਤਵਾਂ ਦੀ ਪੂਰਤੀ ਕੀਤੀ। ਇਥੋਂ ਹੀ ਆਪ ਜੀ ਨੇ ਸਿੱਖ ਸੰਗਤਾਂ ਦੇ ਨਾਓਂ ਹੁਕਮਨਾਮੇ ਜਾਰੀ ਕੀਤੇ ਜਿਸ ਕਰਕੇ ਇਹ ਜਗ੍ਹਾ ਦਾ ਨਾਮ ‘ਤਖਤ ਸ੍ਰੀ ਦਮਦਮਾ ਸਾਹਿਬ’ ਪਿਆ। ਇਥੇ ਗੁਰੂ ਸਾਹਿਬ ਨੌਂ ਮਹੀਨੇ ਨੌਂ ਦਿਨ ਠਹਿਰੇ ਸਨ। ਇਹ ਨਗਰ ਬਠਿੰਡਾ ਰਾਮਾ ਸੜਕ ਤੇ ਬਠਿੰਡਾ ਤੋਂ ਤੀਹ ਕੁ ਕਿਲੋਮੀਟਰ ਤੇ ਸਥਿਤ ਹੈ। ਇਥੇ ਹੀ ਦਸਮ ਪਾਤਸ਼ਾਹ ਨੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸੰਮਿਤਲ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸੰਪੂਰਨ ਕੀਤੀ ਸੀ ਅਤੇ ਇਸ ਕਾਰਜ ਉਪਰੰਤ ਬਚਦੀਆਂ ਕਲਮਾਂ ਤੇ ਸਿਆਹੀ ਸਰੋਵਰ ਪ੍ਰਵਾਹ ਕਰਕੇ ਇਸ ਨੂੰ ਗੁਰੂ ਕੀ ਕਾਸ਼ੀ ਹੋਣ ਦਾ ਵਰ ਦਿੱਤਾ ਸੀ। ਇਥੇ ਹੀ ਦਸਮ ਪਿਤਾ ਨੇ ਚੌਧਰੀ ਡੱਲੇ ਦੇ ਸੂਰਮਿਆਂ ਦੀ ਬੰਦੂਕ ਨਾਲ ਪਰਖ ਕੀਤੀ ਸੀ। ਇਥੇ ਗੁਰੂ ਸਾਹਿਬ ਦੀਆਂ ਕਈ ਨਿਸ਼ਾਨੀਆਂ ਸਾਂਭੀਆਂ ਪਈਆਂ ਹਨ ਜਿਨ੍ਹਾਂ ਵਿਚ ਇਕ ਛੋਟੇ ਅਕਾਰ ਦੀ ਬੀੜ, ਸਤਿਗੁਰਾਂ ਦੀ ਇਕ ਵੱਡੀ ਅਤੇ ਛੋਟੀ ਦਸਤਾਰ, ਵੱਡਾ ਅਤੇ ਛੋਟਾ ਚੋਲਾ, ਇਕ ਤੇਗਾ ਅਤੇ ਸ੍ਰੀ ਸਾਹਿਬ, ਸਤਿਗੁਰ ਦੇ ਬਾਜ ਦੀ ਡੋਰ ਅਤੇ ਆਪ ਜੀ ਦਾ ਰੇਬ ਪਜਾਮਾ ਅਤੇ ਇਕ ਰੇਬ ਪਜਾਮਾ ਮਾਤਾ ਸਾਹਿਬ ਕੌਰ ਜੀ ਦਾ। ਇਥੇ ਗੁਰੂ ਸਾਹਿਬ ਜੀ ਨੇ ਸਵਾ ਲੱਖ ਦੇ ਕਰੀਬ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਸੀ। ਉਪਰੋਕਤ ਕਾਰਨਾਂ ਅਤੇ ਇਸ ਅਸਥਾਨ ਦੀ ਭੂਗੋਲਿਕ ਸਥਿਤੀ ਕਾਰਨ ਪੰਜਾਬ ਵਿਚ ਵਿਸਾਖੀ ਦਾ ਪ੍ਰਮੁੱਖ ਸਥਾਨ ਸ੍ਰੀ ਦਮਦਮਾ ਸਾਹਿਬ ਹੀ ਹੈ। ਉਂਞ ਭਾਵੇਂ ਸ੍ਰੀ ਅਨੰਦਪੁਰ, ਤਖਤੂਪੁਰਾ ਅਤੇ ਹੋਰ ਅਨੇਕ ਹੀ ਸਥਾਨਾਂ ‘ਤੇ ਪੰਜਾਬ ਵਿਚ ਵਿਸਾਖੀ ਦੇ ਮੇਲੇ ਲਗਦੇ ਹਨ ਅਤੇ ਭਰਦੇ ਹਨ। ਪਾਕਿਸਤਾਨ ਵਿਚ ਪੰਜਾ ਸਾਹਿਬ ਵਿਖੇ ਵੀ ਇਹ ਪੁਰਬ ਮੇਲੇ ਦੇ ਰੂਪ ਵਿਚ ਮਨਾਇਆ ਜਾਂਦਾ ਹੈ, ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ਰਧਾਲੂ ਸਿੱਖਾਂ ਦਾ ਜਥਾ ਇਸ ਵਿਚ ਸ਼ਾਮਲ ਹੋਣ ਲਈ ਸੁਖਾਵੇਂ ਹਾਲਾਤਾਂ ਵਿਚ ਹਰ ਸਾਲ ਪਹੁੰਚਦਾ ਹੈ।
ਦਸਮ ਪਿਤਾ ਜੀ ਦੇ ਦਮਦਮਾ ਸਾਹਿਬ ਦੀ ਵਿਸਾਖੀ ਪੰਜਾਬ ਦਾ ਇਕ ਪ੍ਰਮੁੱਖ ਮੇਲਾ ਹੈ, ਜਿਥੇ ਦੇਸ਼ ਵਿਦੇਸ਼ ਵਿਚੋਂ ਸਿੱਖ ਸ਼ਰਧਾਲੂ ਬੜੇ ਚਾਅ ਉਮਾਹ ਨਾਲ ਪਹੁੰਚਦੇ ਹਨ। ਇਥੇ ਗੁਰਦੁਆਰਾ ਸ੍ਰੀ ਦਮਦਮ ਸਾਹਿਬ ਤੋਂ ਬਿਨਾ ਗੁਰਦੁਆਰਾ ਮੰਜੀ ਸਾਹਿਬ, ਗੁਰਦੁਆਰਾ ਮਾਤਾ ਸਾਹਿਬ ਕੌਰ, ਗੁਰਦੁਆਰਾ ਜੰਡਸਰ ਅਤੇ ਗੁਰਦੁਆਰਾ ਮਹੱਲਸਰ ਜਿਹੇ ਇਤਿਹਾਸਕ ਸਥਾਨ ਹਨ। ਸਾਹਿਬਾਂ ਨੇ ਇਸ ਅਸਥਾਨ ਦੀ ਸੇਵਾ ਬਾਬਾ ਦੀਪ ਸਿੰਘ ਜੀ ਨੂੰ ਸੌਂਪੀ ਸੀ, ਜੋ ਇਸ ਤਖਤ ਦੇ ਪਹਿਲੇ ਜਥੇਦਾਰ ਬਣੇ।
ਸਤਿਗੁਰੂ-ਵਰੋਸਾਏ ਇਸ ਪਵਿੱਤਰ ਅਸਥਾਨ ‘ਤੇ ਲਗਦਾ ਪੰਜਾਬ ਦਾ ਇਹ ਮੇਲਾ ਵੀ ਇਕ ਦਰਸ਼ਨੀ ਮੇਲਾ ਹੈ, ਜੋ ਵੇਖਿਆਂ ਹੀ ਬਣਦਾ ਹੈ। ਸਿੱਖ ਸੰਗਤਾਂ ਪੈਦਲ ਅਤੇ ਵੱਖ ਵੱਖ ਕਿਸਮ ਦੇ ਵਾਹਨਾਂ ਤੇ ਸਵਾਰ ਹੋ ਪਹੁੰਚ ਮੇਲੇ ਵਿਚ ਅਕਹਿ ਅਲੌਕਿਕ ਰੌਣਕਾਂ ਲਾ ਦਿੰਦੀਆਂ ਹਨ। ਸ਼ਰਧਾ ਵਿਭੋਰ ਸਿੱਖ ਗੁਰੂ ਮਹਿਮਾ ਵਿਚ ਮਗਨ ਹੋਏ ਵੀ ਦ੍ਰਿਸ਼ਟੀਗੋਚਰ ਹੁੰਦੇ ਹਨ ਅਤੇ ਬਾਹਰ ਮੇਲੇ ਵਿਚ ਮਸਤ ਮੇਲੀ ਵੀ। ਜਿਵੇਂ ਇਹ ਮੇਲਾ ਧਰਮ ਅਤੇ ਸੱਭਿਆਚਾਰ ਦਾ ਕੋਈ ਸੁੰਦਰ ਸੰਗਤ ਹੋਵੇ ਪਰ ਇਹ ਸੰਗਤ ਆਮ ਕਰਕੇ ਮਗਰੋਂ ਇਕ ਤ੍ਰਿਵੈਣੀ ਦਾ ਰੂਪ ਧਾਰਨ ਕਰ ਜਾਂਦਾ ਹੈ ਜਦੋਂ ਕਈ ਸਿਆਸੀ ਪਾਰਟੀਆਂ ਇਸ ਤੇ ਸਿਆਸਤ ਦੇ ਤੰਬੂ ਸ਼ਮਿਆਨੇ ਆਣ ਤਾਣਦੀਆਂ ਹਨ। ਉਂਞ ਇਸ ਪਵਿੱਤਰ ਅਸਥਾਨ ‘ਤੇ ਵਿਸਾਖੀ ਦੇ ਇਸ ਸ਼ੁਭ ਅਵਸਰ ਤੇ ਇਥੇ ਸ੍ਰੀ ਅਖੰਡ ਪਾਠ ਹੋਣ ਉਪਰੰਤ ਧਾਰਮਿਕ ਦੀਵਾਨ ਸਜਦੇ ਹਨ। ਅੰਮ੍ਰਿਤ ਸੰਚਾਰ ਹੁੰਦੇ ਹਨ। ਉਘੇ ਰਾਗੀ ਢਾਡੀ ਗੁਰੂ ਜਸ ਅਤੇ ਸਿੱਖ ਇਤਿਹਾਸ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਹਨ। ਸ਼ਾਨਦਾਰ ਨਗਰ ਕੀਰਤਨ ਵਿਚ ਸ਼ਬਦਈ ਜਥੇ ਸ਼ਬਦ ਪੜ੍ਹਦੇ ਅਤੇ ਸਿੰਘ ਖ਼ਾਲਸਾਈ ਖੇਡਾਂ ਦੇ ਕਰਤਬ ਦਿਖਾਉਂਦੇ ਹਨ।
ਵਿਸਾਖੀ ਦੇ ਇਸ ਦਿਨ ਦਿਹਾਰ ਨੂੰ ਦੇਸ਼ਾਂ ਵਿਦੇਸ਼ਾਂ ਵਿਚ ਵਸਦੇ ਸਿੱਖ ਅਥਵਾ ਪੰਜਾਬੀ ਧਾਰਮਿਕ ਅਤੇ ਸੱਭਿਆਚਾਰਕ ਪੱਖੋਂ ਬੜੇ ਹੀ ਚਾਅ ਤੇ ਉਤਸ਼ਾਹ ਨਾਲ ਮਨਾਉਂਦੇ ਹਨ। ਪੇਸ਼ ਹੈ ਵਿਸਾਖੀ ਦੇ ਵੱਖ ਵੱਖ ਰੂਪਾਂ ਨੂੰ ਦਰਸਾਉਂਦੀ ਮੇਰੀ ਇਹ ਕਵਿਤਾ।
ਵਿਸਾਖੀ
ਪ੍ਰੋ. ਸ਼ੇਰ ਸਿੰਘ ਕੰਵਲ
ਅੱਜ ਵਈ ਵਿਸਾਖੀ ਐ।
ਹਾਂ! ਅੱਜ ਜੀ ਵਿਸਾਖੀ ਐ।
ਸੋਹਣੇ ਸੋਹਣੇ ਸੋਹਣ ਸਿੰਘਾਂ,
ਸੋਹਣੇ ਸੋਹਣੇ ਮੁੱਖ ਵਿਚੋਂ,
ਕਿੰਨੀ ਸੋਹਣੀ ਆਖੀ ਐ।।
ਅੱਜ ਵਈ ਵਿਸਾਖੀ ਐ।
ਹਾਂ! ਅੱਜ ਜੀ ਵਿਸਾਖੀ ਐ।
ਚੋਬਰਾਂ ਨੇ ਲੀੜਾ ਲੱਤਾ,
ਰੂਹ ਨਾ’ ਬਣਾਇਆ ਹੋਇਆ।
ਖਿੱਚੀਆਂ ਨੇ ਟੌਹਰਾਂ,
ਬੜੀ ਰੀਝ ਨਾਲ ਪਾਇਆ ਹੋਇਆ।
ਗਹਿਣੇ ਗੱਟੇ ਸੋਹਣੀਆਂ ਨੇ,
ਅੰਗੋ ਅੰਗ ਪਾਏ ਨੇ,
ਮਨ ਮੋਹਣੇ ਮੋਹਣੀਆਂ ਨੇ,
ਫੰਧ ਕੀ ਬਣਾਏ ਨੇ।
ਮੇਲੇ ਦੀ ਤਿਆਰੀ ‘ਚ
ਸਰੂਰ ਜਿਹਾ ਛਾਇਆ ਏ
ਨਵਾਂ ਸੂਟ ਤਾਏ ਨੇ,
ਸੁਆ ਕੇ ਤਾਜ਼ਾ ਪਾਇਆ ਏ।
ਬਾਬਾ ਜੀ ਨੇ ਭਾਵੇਂ ਹੁਣ,
ਮੇਲੇ ਨਹੀਓਂ ਜਾਵਣਾ।
ਏਨਾ ਗਿਆ-ਗੁਜ਼ਰਿਆ ਨਹੀਂ,
ਦਿਨ ਨਹੀਂ ਮਨਾਵਣਾ।
ਆਖਿਆ ਪੁੱਤਾਂ ਨੂੰ ਸਾਊ
ਮੇਲੇ ਤੁਸੀਂ ਜਾ ਆਓ।
ਵੇਖ ਆਵੋ ਮੇਲਾ,
ਤੇ ਜੁਆਕਾਂ ਨੂੰ ਵਿਖਾ ਆਓ।
ਡੰਗਰਾਂ ਨੂੰ ਜਾਣੋਂ ਪਹਿਲਾਂ,
ਪੱਠਾ-ਦੱਬਾ ਪਾ ਜਾਇਓ।
ਬੰਨ੍ਹ ਕੇ ਤੇ ਨਿੰਮ ਥੱਲੇ,
ਪਾਣੀ ਵੀ ਵਖਾ ਜਾਇਓ।
ਵਹੁਟੀਆਂ ਨੂੰ ਕਿਹਾ,
ਵੰਡ ਮੱਝਾਂ ਨੂੰ ਰਲਾ ਜਿਓ,
ਮੇਰੇ ਲਈ ਛੰਨਾ ਭਾਈ,
ਖੀਰ ਦਾ ਬਣਾ ਜਿਓ।
ਔਹਨੂੰ ਚੰਗੂ ਬੰਨ੍ਹ ਜਾਇਓ,
ਖੂੰਡਾ ਨਾ ਤੁੜਾਵੇ ਕਿਤੇ
ਬੂਰੀ ਨਾਲ ਬੈਠੀ ਜਿਹੜੀ
ਭੈਂਗੀ ਜਿਹੀ ਲਾਖੀ ਐ।
ਮੈਂ ਤਾਂ ਏਹੀ ਆਖਣਾ ਸੀ,
ਮੇਲਾ-ਗੇਲਾ ਵੇਖ ਆਵੋ।
ਰਤਨੇ ਨੇ ਦੱਸਿਆ ਸੀ,
ਅੱਜ ਵਈ ਵਿਸਾਖੀ ਐ।
ਆਹੋ ਵਈ ਵਿਸਾਖੀ ਐ।
ਜਾਗਰ ਨੇ ਨਾਰਾ ਮੀਣਾ,
ਪੁੱਜ ਕੇ ਸ਼ਿਗਾਰੇ ਨੇ।
ਪਾਈਆਂ ਘੁੰਗਰਾਲਾਂ,
ਸਿੰਗ ਚੋਪੜੇ ਸ਼ਿੰਗਾਰੇ ਨੇ,
ਝੱਗੀਆਂ ਦੇ ‘ਤੇ ਸ਼ੀਸ਼ੇ,
ਕਿੰਨੇ ਸੋਹਣੇ ਲਗਦੇ..।
ਲੋਗੜੀ ਦੇ ਫੁੱਲ ਕਿਵੇਂ,
ਝਾਲਰਾਂ ਨਾ’ ਸੱਜਦੇ।
ਗੱਡੀਆਂ ਦੀ ਦੌੜ ਹੋਣੀ,
ਮੇਲਾ ਮਸਾਂ ਆਇਆ ਏ।
ਜਾਗਰ ਦਾ ਚਿੱਤ,
ਬਿਨ-ਪੀਤੇ ਨਸ਼ਿਆਇਆ ਏ।
ਨਾਰੇ ਮੀਣੇ ਉਡਣਾ ਹੈ,
ਤੀਰ ਜਿਉਂ ਕਮਾਨ ‘ਚੋਂ।
ਪਟਕਾ ਅਤੇ ਝੰਡੀ ਅੱਜ,
ਲੈਣੇ ਨੇ ਮੈਦਾਨ ‘ਚੋਂ।
ਘਿਓ-ਨਾਲਾਂ ਦਿੱਤੀਆਂ,
ਤੇ ਚਾਰੀਆਂ ਨਹਾਰੀਆਂ।
ਨਾਰੇ ਮੀਣੇ ਦੇਣੀਆਂ ਨੇ,
ਸਿਰ ਆਈਆਂ ਵਾਰੀਆਂ।
ਜਾਗਰ ਨੂੰ ਏਹੇ ਪੁੱਤ,
ਜਾਨ ਤੋਂ ਪਿਆਰੇ ਨੇ।
ਮੇਲੇ ਵਾਲੀ ਝੀਲ,
ਬਣ ਸ਼ੂਕਦੇ ਸ਼ਿਕਾਰੇ ਨੇ।
ਸ਼ੌਕੀਆਂ ਵੀ ਵੇਖ ਵੇਖ,
ਲੁੱਟਣੇ ਨਜ਼ਾਰੇ ਨੇ।
ਜਿੱਤਣਾ ਹੀ ਜਿੱਤਣਾ,
ਇਹ ਅੱਗੇ ਕਿਤੇ ਹਾਰੇ ਨੇ।
ਸੇਰ ਲਹੂ ਵਧ ਜਾਣਾ,
ਗਜ਼ ਚੌੜੀ ਹਿੱਕ ਹੋਣੀ,
ਜਾਗਰ ਦੇ ਬਾਰੇ ਜਿਹੜੀ,
ਗੱਲ ਲੋਕਾਂ ਭਾਖੀ ਐ।
ਚਾਅ ਕਿੰਨਾ ਮੇਲੇ ਵਾਲਾ,
ਪਿੰਡ ‘ਚੋਂ ਮੁੰਢੀਰ ਭੱਜੀ।
ਰਾਹ ‘ਚ ਕਿਵੇਂ ਕੂਕੀ ਜਾਵੇ।
ਅੱਜ ਵਈ ਵਿਸਾਖੀ ਐ।
ਓ ਅੱਜ ਵਈ ਵਿਸਾਖੀ ਐ।।
ਗੱਤਕੇ ਦੇ ਪੈਂਤਰੇ ਤੇ..,
ਛਾਲਾਂ ਘੋਲ ਹੋਣੇ ਨੇ
ਬੋਰੀ ਕੌਡੀ ਦੌੜਾਂ,
ਹੋਰ ਸੈਅ ਕਲੋਲ ਹੋਣੇ ਨੇ।
ਮੋਢੇ ਨਾਲ ਮੋਢਾ ਮੇਲੇ,
ਸੱਜਣਾ ਨਾ’ ਵੱਜਣਾ।
ਵੇਖ ਵੇਖ ਸੱਜਣਾਂ ਨੂੰ
ਅੱਖਆਂ ਨਾ ਰੱਜਣਾ।
ਭੀੜ ‘ਚ ਅਹੁ ਹੱਥਾਂ ‘ਚੋਂ
ਰੁਮਾਲੇ ਵੱਟੇ ਗਏ ਨੇ।
ਕਦੋਂ ਦੇ ਸੀ ਬਚਦੇ ਜੋ,
ਮੇਲੇ ਪੱਟੇ ਗਏ ਨੇ।
ਚਾਹ ਕੇ ਕਿਤੇ ਤੱਤੀਆਂ,
ਜਲੇਬੀਆਂ ਕਢਾਈਆਂ ਨੇ,
ਪੂਰ ਹੀ ਪਕੌੜਿਆਂ ਦਾ,
ਮਾਂਜਤਾ ਦੋਂਹ ਬਾਈਆਂ ਨੇ।
ਉਡ ਪਏ ਚਿੰਡੋਲਾਂ ਤੇ,
ਚੁੰਨੀਆਂ ਗਰਾਰੇ ਨੇ।
ਆਸ਼ਕ ਵੀ ਹੇਠਾਂ ਖੜ੍ਹੇ।
ਕਰਦੇ ਇਸ਼ਾਰੇ ਨੇ।
ਮੇਲੇ ਉੱਤੇ ਸ਼ਰੇਆਮ,
ਦੇਸੀ ਦਾਰੂ ਬੁੱਕਦੀ,
ਪੁਲਸ ਤੋਂ ਬਿਫਰੀ,
ਜਵਾਨੀ ਕਿੱਥੇ ਝੁਕਦੀ।
ਫਿਰਦੀਆਂ ਟੋਲੀਆਂ ਨੇ,
ਬੱਕਰੇ ਬੁਲਾਉਂਦੀਆਂ।
ਨੈਣਾਂ ਵਾਲੇ ਹੱਥਾਂ ਵਾਲੇ,
ਪੇਚੇ ਕਿਵੇਂ ਪਾਉਂਦੀਆਂ।
ਅੰਵਾਣਿਆਂ ਵੀ ਡੰਝ ਲਾਹੀ,
ਜੇਬਾਂ ਜਦੋਂ ਹੋਈਆਂ ਖਾਲੀ,
ਚਿੱਤ ਲਾਉਣਾ ਟਿੱਬੇ ਛੋਹੀ,
ਕੋਟਲਾ ਛਪਾਕੀ ਐ।
ਮੁੜ ਆਇਆ ਬਚਪਨਾ,
ਜੁਆਨੀ ਹਾਏ ਚੇਤੇ ਆਈ।
ਜਦੋਂ ਪਤਾ ਲੱਗਿਆ ਕਿ,
ਅੱਜ ਜੀ ਵਿਸਾਖੀ ਐ।
ਹਾਂ ਵਈ ਵਿਸਾਖੀ ਐ।।
ਵਿੱਝੜ ਗਿਆ ਮੇਲਾ,
ਲੋਕੀਂ ਘਰਾਂ ਨੂੰ ਨੇ ਆਂਵਦੇ
ਥੱਕੇ ਥੱਕੇ ਪੈਰਾਂ ਸੰਗ,
ਵਾਟ ਨੇ ਮੁਕਾਂਵਦੇ।
ਖੁਸ਼ੀ ਖੁਸੀ ਰਾਹ ‘ਚ
ਖੁੱਲ੍ਹੇ ਬੋਤਲਾਂ ਦੇ ਡੱਟ ਨੇ।
ਜੁੱਟ ਬਣੇ ਦੋ,
ਇਕ ਦੂਜੇ ਤੋਂ ਨਾ ਘੱਟ ਨੇ।
ਵਿਹੰਦਿਆਂ ਹੀ ਵਿਹੰਦਿਆਂ,
ਕਈ ਵਾਰਦਾਤ ਹੋਈ ਏ।
ਚੀਕਾਂ ਲਲਕਾਰਿਆਂ ਨੇ,
ਚੱਕੀ ਕੋਈ ਝੋਈ ਏ।
ਡਾਂਗ ਅਤੇ ਗੰਡਾਸੀ ਸੰਦੀ,
ਖੁੱਲ੍ਹੀ ਖੇਡ ਚੱਲੀ ਏ,
ਕਣਕਾਂ ਨੇ ਦਹਿਲੀਆਂ,
ਤੇ ਦੜੀ ਹਰ ਬੱਲੀ ਏ।
ਲਹੂ ਦੀਆਂ ਰੇਤਾ ਵਿਚ,
ਵੱਗੀਆਂ ਤਤ੍ਹੀਰੀਆਂ,
ਚੱਟੀਆਂ ਸ਼ਰਾਬ ਸਭ,
ਸ਼ੀਰੀਆਂ ਸਕੀਰੀਆਂ।
ਰੋਂਵਦੇ ਸੁਹਾਗ ਭੈਣਾ,
ਰੋਂਦੇ ਪਏ ਵੀਰ ਨੇ।
ਮਾਪੇ ਅਤੇ ਬੱਚੇ,
ਮੂਲ ਧਰਦੇ ਨਾ ਧੀਰ ਨੇ।
ਸਰ੍ਹਵਾ ਤੇ ਛਾ ਗਏ,
ਹਨੇਰੇ ਲੱਖ ਸੋਗ ਦੇ,
ਥੰਮ੍ਹਦੇ ਨਾ ਨੀਰ ਵੇਖੋ,
ਕਿੱਲੇ ਬੱਧੀ ਜੋਗ ਦੇ।
ਗੱਲ ਵਧਦੀ ਬਤੈਤ,
ਪਰ੍ਹੇ ਲੱਗੀ ਜਾਂ ਪਚੈਤ।
ਫੇਰ ਬੁੱਧ ਸਿਹੁੰ ਨਿਹੰਗ ਨੇ,
ਸੁਣਾਈ ਆਣ ਸਾਖੀ ਐ।
ਅਸੀਂ ਖ਼ਾਲਸਾ ਜੀ ! ਰੋਕੇ,
ਅਸੀਂ ਕਿੰਨੀ ਵਾਰੀ ਟੋਕੇ,
ਤੁਸੀਂ ਮੋੜੇ ਕਦੇ ਮੁੜੇ?
ਥੋਡੀ ਆਹਾ ਈ ਵਿਸਾਖੀ ਐ?
ਹਲਾ ਵਈ! ਵਿਸਾਖੀ ਐ।
ਭੁੱਲੇ ਹੋਏ ਖ਼ਾਲਸਾ ਜੀ,
ਪਿੱਛਾ ਈ ਭੁਲਾਇਆ ਹੈ।
ਅਸਲੀ ਤਿਹਾਰ ਦਾ ਤਾਂ,
ਚੇਤਾ ਹੀ ਨਾ ਆਇਆ ਹੈ।
ਯਾਦ ਥੋਨੂੰ? ਪਿਤਾ ਜਦੋਂ
ਸੱਦੇ ਭਿਜਵਾਏ ਸੀ।
ਪ੍ਰੇਮ ਨਾਲ ਪਿਆਰੇ
ਦੂਰ ਦੂਰ ਤੋਂ ਬੁਲਾਏ ਸੀ।
ਕੱਢ ਕਿਰਪਾਨ ਫੇਰ
ਇਵੇਂ ਸੀ ਵੰਗਾਰਿਆ।
‘ਆਵੋ ਜੀਹਨੇ ਸੀਸ ਦੇਣਾ’
ਰੋਹ ਨਾ ਪੁਕਾਰਿਆ।
ਨਾਈ ਛੀਂਬਾ ਝਿਊਰ,
ਫੇਰ ਜੋ ਵੀ ਸਾਹਵੇਂ ਆ ਗਿਆ।
ਖੱਤਰੀ ਜਾਂ ਜੱਟ
ਸੀਸ ਦੇ ਕੇ ਸਿੱਖੀ ਪਾ ਗਿਆ।
ਅੰਮ੍ਰਿਤ ਇਕੋ ਬਾਟੇ ਵਿਚੋਂ
ਸਭ ਨੂੰ ਛਕਾਇਆ ਸੀ।
ਗੁਰੂ ਕੀਤਾ ਪੰਥ ਨੂੰ
ਤੇ ਚੇਲਾ ਅਖ਼ਵਾਇਆ ਸੀ।
ਸੰਦੇਸ਼ ਓਸ ਪਿਤਾ ਦਾ,
ਤੂੰ ਭੁੱਲ ਗਿਐਂ ਖ਼ਾਲਸਾ।
ਗੈਰ-ਪੈਰੀਂ ਤਦੇ ਹੀ ਤਾਂ,
ਰੁਲ ਰਿਹੈਂ ਖ਼ਾਲਸਾ।
ਕੌਮ ਨੂੰ ਹੈ ਲੱਗ ਗਈ,
ਚੌਧਰ-ਸਿਉਂਕ ਉਏ
ਸ਼ਾਨ ਰਹਿਜੇ ਪੰਥ ਦੀ,
ਕੋਈ ਸੋਚ ਲਾ ਵਿਉਂਤ ਉਏ।
ਭੁੱਲ ਪ੍ਰੇਮ ਦਾ ਨਾ ਤਾਨ,
ਨਾ ਓਏ ਛੱਡ ਕਿਰਪਾਨ,
ਕਰੇ ਜ਼ੁਲਮ ਦਾ ਜੁ ਨਾਸ਼,
ਮਜ਼ਲੂਮ ਵਾਲੀ ਰਾਖੀ ਐ
ਆਹਾ ਸੀ ਸੁਨੇਹਾ ਦੇਣਾ
ਗੁੱਝਾ ਪ੍ਰਤੱਖ ਜਾਣ
ਰੰਗਲਾ ਤਿਉਹਾਰ ਕਿੰਨਾ
ਨੂਰੀ ਅਤੇ ਖਾਕੀ ਐ।
ਅੱਜ ਓ ਵਿਸਾਖੀ ਹੈ।
ਹਾਂ ਅੱਜ ਜੀ ਵਿਸਾਖੀ ਐ।।