ਜਲੰਧਰ/ਬਿਊਰੋ ਨਿਊਜ਼-
ਇਥੇ ਇਕ ਟੀਵੀ ਚੈਨਲ ਵੱਲੋਂ ਪੀਏਪੀ ਗਰਾਊਂਡ ਵਿੱਚ ਕਰਵਾਏ ਗਏ ਪੰਜਾਬੀ ਮਿਊਜ਼ਿਕ ਐਵਾਰਡ ਸਮਾਗਮ ਦੌਰਾਨ ਪ੍ਰਸਿੱਧ ਸੂਫੀ ਗਾਇਕ ਸਤਿੰਦਰ ਸਰਤਾਜ ਨੂੰ ਸਾਲ ਦੇ ਬੇਹਤਰੀਨ ਸੂਫੀ ਗਾਇਕ ਦੇ ਸਨਮਾਨ ਨਾਲ ਨਵਾਜਿਆ ਗਿਆ, ਜਦਕਿ ਸਾਲ ਦੌਰਾਨ ਬੇਹਤਰੀਨ ਮਨੋਰੰਜਨ ਕਰਨ ਦਾ ਤਾਜ ਗਿੱਪੀ ਗਰੇਵਾਲ ਦੇ ਸਿਰ ਅਤੇ ਸਾਲ ਦਾ ਬੇਹਤਰੀਨ ਭੰਗੜਾ ਗੀਤ ਗਾਉਣ ਦਾ ਸਿਹਰਾ ਰੌਸ਼ਨ ਪ੍ਰਿੰਸ ਦੇ ਸਿਰ ਸਜਾਇਆ ਗਿਆ।
ਇਸ ਤਰ੍ਹਾਂ ਹੀ ਸਾਲ ਦਾ ਸ਼ਾਨਦਾਰ ਰੁਮਾਂਟਿਕ ਗੀਤ ਗਾਉਣ ਬਦਲੇ ਹਾਰਡੀ ਸੰਧੂ ਨੂੰ, ਕਲੱਬ ਗੀਤ ਬੇਬੋ ਗਾਉਣ ਲਈ ਅਲਫਾਜ ਅਤੇ ਯੋ-ਯੋ ਹਨੀ ਸਿੰਘ ਨੂੰ ਅਤੇ ਸਾਲ ਦਾ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਣ ਵਾਲਾ ਗੀਤ ‘ਪਟੋਲਾ’ ਗਾਉਣ ਬਦਲੇ ਦਿਲਜੀਤ ਦੁਸਾਂਝ ਨੂੰ ਸਨਮਾਨਤ ਕੀਤਾ ਗਿਆ।
ਦੇਰ ਰਾਤ ਤੱਕ ਚੱਲੇ ਇਸ ਸਨਮਾਨ ਸਮਾਗਮ ਦੌਰਾਨ ਜਿੱਥੇ ਗਾਇਕੀ ਦੀਆਂ ਵੱਖ-ਵੱਖ ਵੰਨਗੀਆਂ ਦਾ ਸਰੋਤਿਆਂ ਨੇ ਲੁਤਫ਼ ਲਿਆ ਉੱਥੇ ਹੀ ਪੰਜਾਬੀ ਗਾਇਕੀ ਦੇ ਸਿਰਮੋਰ ਗਾਇਕ ਗੁਰਦਾਸ ਮਾਨ ਦੀ ਲਾਈਵ ਪੇਸ਼ਕਾਰੀ ਨੇ ਸਟੇਡੀਅਮ ਵਿੱਚ ਮੌਜੂਦ ਹਰ ਕਿਸੇ ਨੂੰ ਥਿਰਕਣ ਲਈ ਮਜਬੂਰ ਕਰ ਦਿੱਤਾ।
ਆਪਣੇ ਪ੍ਰਸਿੱਧ ਗੀਤ ਛੱਲਾ ਤੋਂ ਲੈ ਕੇ ਹੋਰ ਨਵੇਂ ਪੁਰਾਣੇ ਗੀਤਾਂ ਦੀ ਛਹਿਬਰ ਲਾ ਕੇ ਗੁਰਦਾਸ ਮਾਨ ਨੇ ਆਪਣੀ ਪਰਪੱਕ ਗਾਇਕੀ ਦਾ ਲੋਹਾ ਮਨਵਾ ਦਿੱਤਾ। ਚੈਨਲ ਦੀ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਰਾਜੀ ਐਮ. ਸ਼ਿੰਦੇ ਅਤੇ ਗਰੁੱਪ ਦੇ ਡਾਇਰੈਕਟਰ ਪ੍ਰੈਜ਼ੀਡੈਂਟ ਰਵਿੰਦਰ ਨਰਾਇਣ ਨੇ ਇਸ ਮੌਕੇ ਸਨਮਾਨ ਹਾਸਲ ਕਰਨ ਵਾਲੇ ਸਮੁੱਚੇ ਕਲਾਕਾਰਾਂ ਅਤੇ ਸੰਗੀਤਕਾਰਾਂ ਨੂੰ ਵਧਾਈ ਦਿੱਤੀ।
ਇਸ ਮੌਕੇ ਦਿੱਤੇ ਹੋਰ ਵਰਗਾਂ ਵਿੱਚੋਂ ਸਨਮਾਨ ਹਾਸਲ ਕਰਨ ਵਾਲਿਆਂ ਵਿੱਚ ਬੇਹਤਰੀਨ ਸਾਊਂਡ ਰਿਕਾਰਡਿੰਗ ਲਈ ਸਮੀਰ ਚੈਰੋਗੋਇਨਕਰ ਨੂੰ, ਬੇਹਤਰੀਨ ਰਵਾਇਤੀ ਧਾਰਮਿਕ ਐਲਬਮ ਸਤਿਗੁਰ ਦਯਾ ਕਰੋ ਲਈ ਭਾਈ ਓਂਕਾਰ ਸਿੰਘ ਨੂੰ, ਬੇਹਤਰੀਨ ਗੈਰ ਰਵਾਇਤੀ ਧਾਰਮਿਕ ਐਲਬਮ ਗੁਰੂ ਕੀ ਕਸ਼ਿਸ਼ ਲਈ ਦਵਿੰਦਰ ਪਾਲ ਸਿੰਘ ਨੂੰ, ਧਾਰਮਿਕ ਗੀਤ ਪ੍ਰੇਮ ਖੇਲਣ ਦਾ ਚਾਓ ਲਈ ਬੇਹਤਰੀਨ ਸੰਗੀਤ ਵੀਡੀਓ (ਰਵਾਇਤੀ) ਲਈ ਭਾਈ ਨਿਰਮਲ ਸਿੰਘ ਨੂੰ ਅਤੇ ਗੈਰ ਰਵਾਇਤੀ ਧਾਰਮਿਕ ਗੀਤ ਲਾਡਲੀਆਂ ਫੌਜਾਂ ਅਤੇ ਸਰਦਾਰ ਦੀ ਬੇਹਤਰੀਨ ਸੰਗੀਤਕ ਵੀਡੀਓ ਲਈ ਵਿਕਰਮਜੀਤ ਸਿੰਘ ਸਾਹਨੀ ਅਤੇ ਸਤਿੰਦਰ ਸਰਤਾਜ ਨੂੰ ਸਾਂਝਾ ਸਨਮਾਨ ਦਿੱਤਾ ਗਿਆ।
↧
ਸਰਤਾਜ ਬਣਿਆ ਸਾਲ ਦਾ ਬੇਹਤਰੀਨ ਸੂਫੀ ਗਾਇਕ
↧