Quantcast
Channel: ਸਾਹਿਤ/ਮਨੋਰੰਜਨ – Quomantry Amritsar Times
Viewing all articles
Browse latest Browse all 342

ਮੇਰਾ ਪਿੰਡ..ਮੇਰੀ ਰੂਹ

$
0
0

Dallewala Nimma's village
ਨਿੰਮਾ ਡੱਲੇਵਾਲ (513-432-9754)
ਵਰ੍ਹਿਆਂ ਤੋਂ ਬਾਅਦ ਮੈਨੂੰ ਆਪਣੀ ਜਨਮ ਭੋਇੰ ਪਿੰਡ ਡੱਲੇਵਾਲ ਜਾਣ ਨਸੀਬ ਹੋਇਆ। ਪ੍ਰਦੇਸ਼ਾਂ ਦੀ ਮਿੱਠੀ ਜੇਲ੍ਹ ਵਿਚੋਂ ਚੌਦਾਂ ਸਾਲਾਂ ਦੀਆਂ ਜੁਦਾਈਆਂ ਵਾਲੀ ਸਜ਼ਾ ਭੁਗਤਣ ਮਗਰੋਂ ਰਿਹਾਈਆਂ ਪੱਲੇ ਪਾ ਜਾ ਕੇ ਮੁੜ ਆਪਣੇ ਪਿੰਡ ਦੇ ਦੀਦਾਰ ਹੋਏ ਤਾਂ ਬਚਪਨ ਦਾ ਇਕ ਇਕ ਪਲ ਅੱਖਾਂ ਮੂਹਰੇ ਆਪ ਮੁਹਾਰੇ ਆ ਗਿਆ। ਜਿਨ੍ਹਾਂ ਖੁੱਲ੍ਹੀਆਂ ਗਲੀਆਂ ਵਿਚ ਖੇਡ ਵੱਡਾ ਹੋਇਆ ਸੀ, ਉਹ ਚਿਰਾਂ ਦੇ ਵਕਫ਼ੇ ਮਗਰੋਂ ਦੇਖਣ ਕਾਰਨ ਕੁਝ ਭੀੜੀਆਂ ਲੱਗਦੀਆਂ ਸਨ। ਇਹ ਇਕ ਖਿਆਲੀ ਬਦਲਾਓ ਸੀ ਪਰ ਇਕ ਹਕੀਕੀ ਫਰਕ ਵੀ ਨਜ਼ਰੀਂ ਪਿਆ, ਉਹ ਸੀ ਖੁੱਲ੍ਹਿਆਂ ਵੇਹੜਿਆਂ ਵਿਚ ਖਿੱਚੀਆਂ ਉਚੀਆਂ ਉਚੀਆਂ ਕੰਧਾਂ ਅਤੇ ਵੱਡੇ ਵੱਡੇ ਲੋਹੇ ਦੇ ਗੇਟ ਜਿਵੇਂ ਜੇਲ੍ਹ ਦੇ ਦਰਵਾਜੇ ਹੋਣ ਤੇ ਕੋਠਿਆਂ ਦੀ ਥਾਂ ਬਣੇ ਪੱਕੇ ਘਰ ਵੀ ਪਿੰਡ ਦੀ ਖੁਸ਼ਹਾਲੀ ਦਰਸਾਉਂਦੇ ਸਨ। ਮੇਰੇ ਵਿਹੜੇ ਵੀ ਛੋਟੇ ਜਿਹੇ ਘਰ ਦੀ ਥਾਂ ਵੱਡਾ ਘਰ ਬਣਿਆ, ਵੇਖ ਖੁਸ਼ੀ ਹੋਈ ਕਿ ਚਲੋ ਮੈਂ ਕਸ਼ਟ ਕੱਟ ਲਏ ਕੋਈ ਗੱਲ ਨਹੀਂ ਪਰ ਸਾਰਾ ਪਰਿਵਾਰ ਤਾਂ ਵਧੀਆ ਜਿੰਦਗੀ ਬਸਰ ਕਰ ਰਿਹਾ ਹੈ। ਇਕ ਹੋਰ ਵੀ ਫਰਕ ਸੀ ਜਿਨ੍ਹਾਂ ਬਚਪਨ ਵਿਚ ਛੱਡ ਕੇ ਆਇਆ ਸੀ, ਉਹ ਜਵਾਨੀ ਵਾਲੇ ਕੋਠੇ ਤੇ ਚੜ੍ਹੇ ਹੋਏ ਸਨ ਤੇ ਜਿਨ੍ਹਾਂ ਨੂੰ ਜਵਾਨੀ ਵਾਲੇ ਕੋਠੇ ਤੇ ਛੱਡ ਕੇ ਆਇਆ ਸੀ, ਉਹ ਬੁਢਾਪੇ ਵਾਲੇ ਚੁਬਾਰੇ ਤੇ ਸਨ। ਅਰਸੇ ਮਗਰੋਂ ਨਿੱਕੇ ਵੱਡੇ ਹੋਏ ਵੇਖੇ ਤਾਂ ਉਨ੍ਹਾਂ ਦੇ ਚਿਹਰੇ ਦੀ ਪੂਰੀ ਨੁਹਾਰ ਬਦਲੀ ਹੋਈ ਸੀ, ਜਿਸ ਨੂੰ ਪਛਾਨਣ ਵਿਚ ਮੁਸ਼ਕਲ ਆਈ ਤੇ ਪੁੱਛਦਾ ਪੈਂਦਾ ਸੀ ਇਹ ਕਿਸ ਦਾ ਤੇ ਉਹ ਕਿਸ ਦਾ. ਪਰ ਜਵਾਨ ਨੂੰ ਅੱਧਖੜ ਹੋਇਆਂ ਨੂੰ ਪਹਿਲੀ ਨਜ਼ਰੀਂ ਹੀ ਪਛਾਣ ਲਿਆ ਸੀ। ਪਿੰਡ ਦੀਆਂ ਗਲੀਆਂ ਵਿਚ ਤੁਰਦੇ ਸਮੇਂ ਮੇਰੇ ਕੰਨੀਂ ਭਿਣਕ ਜਿਹੀ ਪੈਂਦੀ ਸੀ ਜਿਵੇਂ ਮੈਨੂੰ ਕੁਝ ਕਹਿ ਰਹੀਆਂ ਹੋਣ। ਦਿਨ ਢਲੇ ਜਦੋਂ ਘਰ ਦੀ ਦੂਜੀ ਮੰਜ਼ਿਲ ਦੀ ਛੱਤ ‘ਤੇ ਚੜ੍ਹ ਕੇ ਸਾਰੇ ਪਿੰਡ ‘ਤੇ ਨਜ਼ਰ ਘੁਮਾਈ ਤਾਂ ਬੜਾ ਖੂਬਸੂਰਤ ਨਜ਼ਾਰਾ ਲੱਗਿਆ ਜਿਸ ਨਾਲ ਮੇਰਾ ਦਿਲ ਅਤੇ ਰੂਹ ਦੋਵੇਂ ਬੜੇ ਖੁਸ਼ ਹੋਏ ਪਰ ਉਸ ਵਕਤ ਮੈਨੂੰ ਇੰਝ ਮਹਿਸੂਸ ਹੋਇਆ ਜਿਵੇਂ ਮੇਰਾ ਪਿੰਡ ਮੈਨੂੰ ਕਹਿ ਰਿਹਾ ਹੋਵੇ ਕਿ ਰੱਬ ਤੈਨੂੰ ਕਲਮ ਬਖ਼ਸੀ ਅਤੇ ਤੂੰ ਸਭਨਾਂ ਲਈ ਕੁਝ ਨਾ ਕੁਝ ਲਿਖਣ ਦੀ ਕੋਸ਼ਿਸ਼ ਕਰਦਾ ਏ ਕੀ ਕਦੇ ਆਪਣੇ ਪਿੰਡ ਆਪਣੇ ਜਨਮ ਸਥਾਨ ਬਾਰੇ ਲਿਖਣਾ ਨਹੀਂ ਚਾਹਿਆ। ਮੈਂ ਅਹਿਸਾਸ ਕੀਤਾ ਜਿਵੇਂ ਆਪਣੀ ਚੁੱਪ ਵਿਚ ਵੀ ਰੌਲਾ ਪਾ ਕਹਿ ਰਿਹਾ ਹੋਵੇ ਕਿ ਕੁਝ ਮੇਰੇ ਬਾਰੇ ਵੀ ਲਿਖ ਤੇ ਮੈਂ ਕਾਪੀ ਕਲਮ ਚੁੱਕੀ ਅਤੇ ਲਿਖਣ ਬਹਿ ਗਿਆ। ਸੱਜ ਕੇ ਸਵੇਰ ਸੋਹਣੇ ਪਿੰਡ ਦੀ ਬਦਲੀ ਨੁਹਾਰ ਦੀਆਂ ਸਿਫ਼ਤਾਂ ਕਰਨ।
ਭਾਗ ਨਿਆਰੇ
ਭਾਗ ਮੇਰੇ ਪਿੰਡ ਦੇ, ਨਿਆਰੇ ਨਜ਼ਰ ਆਏ ਮੈਨੂੰ।
ਕੱਚੀ ਮਿੱਟੀ ਵਾਲੇ ਨਾ, ਢਾਰੇ ਨਜਰ ਆਏ ਮੈਨੂੰ।
ਢਾਰਿਆਂ ਦੀ ਥਾਂ ਤੇ, ਚੁਬਾਰੇ ਨਜ਼ਰ ਆਏ ਮੈਨੂੰ।
ਚੁਬਾਰਿਆਂ ਦੀ ਥਾਂ ‘ਤੇ, ਮੁਨਾਰੇ ਨਜਰ ਆਏ ਮੈਨੂੰ।
ਬਚਪਨ ਦੇ ਸਾਥੀ ਮੇਰੇ, ਸਾਰੇ ਨਜ਼ਰ ਆਏ ਮੈਨੂੰ।
ਬਾਪੂ ਅਤੇ ਤਿੰਨੇ ਤਾਏ, ਚਾਰੇ ਨਜ਼ਰ ਆਏ ਮੈਨੂੰ।
ਮਾਂ ਤੇ ਤਿੰਨੋਂ ਮਾਸੀਆਂ ਦੇ, ਦੀਦਾਰੇ ਨਜ਼ਰ ਆਏ ਮੈਨੂੰ।
ਬਚਪਨ ਵਾਲੇ ਦਿਨ ਵੀ, ਗੁਜ਼ਾਰੇ ਨਜ਼ਰ ਆਏ ਮੈਨੂੰ।
ਜ਼ਿੰਦਗੀ ਨੂੰ ਜਿੱਤ ਕੇ ਵੀ, ਹਾਰੇ ਨਜ਼ਰ ਆਏ ਮੈਨੂੰ।
ਨਿੰਮਾ ਆਖੇ ਪਰ ਨਾ, ਪਿਆਰੇ ਨਜ਼ਰ ਆਏ ਮੈਨੂੰ।
ਡੱਲਾ ਪਿੰਡ ਜ਼ਿਲ੍ਹੇ ਰੂਪਨਗਰ ਅੰਦਰ ਚਮਕੌਰ ਸਾਹਿਬ ਨਜ਼ਦੀਕ ਗੁਰੂਆਂ ਦੀ ਧਰਤੀ ਦੀ ਬੁੱਕਲ ਵਿਚ ਘੁੱਗ ਵਸਦਾ ਪਿੰਡ ਹੈ ਜਿਸ ਦੇ ਸੱਜੇ ਪਾਸੇ ਬਹਿਰਾਮਪੁਰ ਬੇਟ ਦੀ ਅਤੇ ਖੱਬੇ ਪਾਸੇ ਖੋਖਰ ਪਿੰਡ ਦੀ ਜੂਹ ਲਗਦੀ ਹੈ। ਰੋਪੜ ਤੋਂ ਮਾਛੀਵਾੜੇ ਨੂੰ ਜਾਣ ਵਾਲੇ ਮੁੱਖ ਰੋਡ ਦੇ ‘ਤੇ ਪਿੰਡ ਦਾ ਅੱਡਾ ਅਤੇ ਪੰਜ ਮਿੰਟ ਤੁਰ ਕੇ ਪਿੰਡ ਆਉਂਦਾ ਹੈ ਜੋ ਰੋਪੜ ਅਤੇ ਮਾਛੀਵਾੜੇ ਦਾ ਬਿਲਕੁਲ ਵਿਚਾਲਾ ਹੈ। ਪੰਜਾਬ ਦੇ ਬਾਰਾਂ ਹਜ਼ਾਰ ਅੱਠ ਸੌ ਅਠਾਸੀ ਪਿੰਡਾਂ ਵਿਚੋਂ ਜਿਵੇਂ ਹਰ ਇਕ ਨੂੰ ਉਹ ਇਕ ਪਿੰਡ ਚੰਗਾ ਲਗਦਾ ਹੈ ਜਿਥੇ ਉਨ੍ਹਾਂ ਦੀ ਮਾਂ ਦੀ ਕੁੱਖ ਤੋਂ ਬਾਹਰ ਆ ਕੇ ਪਹਿਲੀ ਪਲਕ ਪੁੱਟ ਸੰਸਾਰ ਵਿਚ ਪ੍ਰਵੇਸ਼ ਕੀਤਾ ਹੁੰਦਾ ਹੈ। ਇੰਝ ਹੀ ਮੈਨੂੰ ਵੀ ਇਹ ਪਿੰਡ ਸਭ ਤੋਂ ਨਿਆਰਾ ਅਤੇ ਪਿਆਰਾ ਲਗਦਾ ਹੈ। 1200 ਘਰਾਂ ਦੀ ਵਸੋਂ ਵਾਲੇ ਇਸ ਪਿੰਡ ਵਿਚ ਵੜਨ ਸਾਰ ਗੁਰੂਘਰ ਮੱਥੇ ਲਗਦਾ ਹੈ ਜੋ ਬਾਹਰੋਂ ਆਉਣ ਵਾਲੇ ਸੱਜਣਾਂ ਤੇ ਰਿਸ਼ਤੇਦਾਰਾਂ ਨੂੰ ਪਿੰਡ ਦੇ ਭਾਗ ਅਤੇ ਪਿੰਡ ‘ਤੇ ਗੁਰਾਂ ਦੀ ਮਿਹਰ ਦਰਸਾਉਂਦਾ ਹੈ।
ਜਿਸ ਦਾ ਸਬੂਤ ਪਿੰਡ ਦਾ ਆਪਸੀ ਭਾਈਚਾਰਾ ਹੈ। ਪਿੰਡ ਦੀ ਤਰੱਕੀ ਵਾਲੀ ਬਾਤ ਪਾਵਾਂ ਤਾਂ ਸਫ਼ਲਤਾ ਦੇ ਹੁੰਗਾਰੇ ਕੰਨੀ ਪੈਣਗੇ ਜਿੰਨੇ ਕਿਸੇ ਦਿਨ ਪਿੰਡ ਵਿਚ ਸਾਈਕਲ ਹੋਇਆ ਕਰਦੇ ਸਨ ਅੱਜ ਉਸ ਤੋਂ ਵੀ ਵੱਧ ਵੱਖੋ ਵੱਖ ਕਿਸਮ ਦੀਆਂ ਕਾਰਾਂ ਹਨ। ਇਕ ਸਮੇਂ ਗੋਹੇ ਅਤੇ ਗਾਰੇ ਨਾਲ ਲਿੱਪੇ ਜਾਣ ਵਾਲਾ ਵਿਹੜੇ ਅਤੇ ਬਨੇਰੇ ਅੱਜ ਮਾਰਬਲ ਵਿਚ ਜੜੇ ਪਏ ਹਨ। ਫੱਟਿਆਂ ਵਾਲੇ ਪਜਾਮੇ ਵਿਚੋਂ ਨਿਕਲ ਬਚਪਨ ਅਤੇ ਜਵਾਨੀ ਅੱਜ ਟੌਮੀ ਹਿੱਲ ਫਿੱਗਰ ਵਰਗੀਆਂ ਬਰਾਂਡਡ ਜੀਨਾਂ ਵਿਚ ਵੜ ਗਈ ਹੈ। ਪਿੰਡ ਦੇ ਮੋੜ ‘ਤੇ ਖੜ੍ਹ ਕੇ ਵੇਖਿਆ ਜਾਏ ਤਾਂ ਸਾਈਕਲਾਂ ਤੋਂ ਵੱਧ ਮੋਟਰਸਾਈਕਲ ਅਤੇ ਸਕੂਟਰਾਂ ਤੋਂ ਵੱਧ ਕਾਰਾਂ ਮੁੜਦੀਆਂ ਨਜਰ ਆਉਣਗੀਆਂ। ਜਿਸ ਦਾ ਸਿਹਰਾ ਲਗਭਗ ਘਰ ਪਰਿਵਾਰ ਦਾ ਸੁੱਖ ਤਿਆਗਣ ਵਾਲੇ ਪ੍ਰਦੇਸੀ ਭਰਾਵਾਂ ਨੂੰ ਹੀ ਜਾਂਦਾ ਹੈ।
ਡੱਲੇ ਪਿੰਡ ਵਿਚ ਸੱਤ ਪੀਰਾਂ ਦੇ ਅਸਥਾਨ ਦੱਸੇ ਜਾਂਦੇ ਹਨ ਜਿਨ੍ਹਾਂ ਵਿਚ ਪੰਜ ਦਾ ਪ੍ਰਗਟਾਵਾ ਹੋ ਚੁੱਕਾ ਹੈ ਤੇ ਮਾਨਤਾ ਵੀ ਹੋ ਰਹੀ ਹੈ । ਇਸ ਪਿੰਡ ਵਿਚ ਚਮਕੌਰ ਸਾਹਿਬ ਸ਼ਹੀਦ ਹੋਏ ‘ਅਜੀਤ ਅਤੇ ਜੁਝਾਰ’ ਵੀ ਪ੍ਰਗਟ ਹੋਏ ਸਨ ਜਿਨ੍ਹਾਂ ਦਾ ਵਾਸਾ ਇਕੋ ਪਰਿਵਾਰ ਦੀ ਕੁੜੀ ਗੁਰਿੰਦਰ ਕੌਰ ਅੰਦਰ ਹੋਇਆ ਸੀ ਜਿਸ ਦੇ ਆਧਾਰ ‘ਤੇ ਇਕ ਕੁਟੀਆ ਵੀ ਬਣੀ ਹੈ ਜਿਸ ਵਿਚ ਬੈਠ ਉਸ ਨੇ ਦੋ ਵਾਰ ਚਾਲੀ ਚਾਲੀ ਦਿਨ ਦੀ ਤਪੱਸਿਆ ਵੀ ਕੀਤੀ ਸੀ ਤੇ ਹਰ ਸਾਲ 26 ਮਈ ਨੂੰ ਉਸ ਥਾਂ ਭੰਡਾਰਾ ਭਰਦਾ ਹੈ।
ਡੱਲੇ ਪਿੰਡ ਵਿਚ ਇਕ ਪ੍ਰਾਇਮਰੀ ਸਕੂਲ ਅਤੇ ਇਕ ਸੀਨੀਅਰ ਸੈਕੰਡਰੀ ਸਕੂਲ ਹੈ ਜਿਥੇ ਲਾਗਲੇ ਪੰਦਰਾਂ ਪਿੰਡਾਂ ਦੇ ਵਿਦਿਆਰਥੀ ਵਿਦਿਆ ਪ੍ਰਾਪਤ ਕਰਨ ਆਉਂਦੇ ਹਨ। ਇਥੇ ਇਕ ਘੱਟ ਕੀਮਤ ‘ਤੇ ਰਾਸ਼ਨ ਕਾਰਡ ਦੁਆਰਾ ਰਾਸ਼ਨ ਵੰਡਣ ਵਾਲੀ ਸਰਕਾਰੀ ਸੁਸਾਇਟੀ (ਸਟੋਰ) ਵੀ ਮੌਜੂਦ ਹੈ ਜਿਸ ਨਾਲ ਕਈ ਲਾਗਲੇ ਪਿੰਡ ਵੀ ਸਬੰਧਤ ਹਨ। ਸਤਲੁਜ ਦਰਿਆ ਤੋਂ ਸਿਰਫ਼ ਤਿੰਨ ਕਿਲੋਮੀਟਰ ਦੂਰੀ ‘ਤੇ ਇਸ ਪਿੰਡ ਦੇ ਵਸਨੀਕਾਂ ਨੇ ਸਹਿਯੋਗ ਨਾਲ ਇਕ ਖੇਡ ਸਟੇਡੀਅਮ ਵੀ ਹੋਂਦ ਵਿਚ ਲਿਆਂਦਾ ਹੈ ਤੇ ਵੱਡੀ ਮਾਣ ਵਾਲੀ ਗੱਲ ਹੈ ਕਿ ਗਜ਼ਲ ਗਾਇਕੀ ਦਾ ਬਾਦਸ਼ਾਹ ਜਗਜੀਤ ਸਿੰਘ ਇਸ ਪਿੰਡ ਵਿਚ ਜੰਮਿਆ ਸੀ ਜਿਸ ਦਾ ਇਕ ਬੁੱਤ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਣਾਉਣ ਦਾ ਮੇਰਾ ਵਾਅਦਾ ਵੀ ਹੈ ਜੋ ਜ਼ਰੂਰ ਪੂਰ ਚੜ੍ਹੇਗਾ।
ਵੱਖਰੀ ਨੁਹਾਰ
ਮੰਨਿਆ ਕਿ ਪਿੰਡ ਬੜੇ ਸੋਹਣੇ ਤੋਂ ਵੀ ਸੋਹਣੇ ਨੇ,
ਪਰ ਮੇਰੇ ਪਿੰਡ ਦੀ ਨੁਹਾਰ ਵੱਖਰੀ।
ਹਰੇ ਭਰੇ ਖੇਤਾਂ ਵਿਚ ਪਿੰਡ ਦੇ ਚੁਫ਼ੇਰੇ,
ਵੇਖਣੇ ਨੂੰ ਮਿਲਦੀ ਬਹਾਰ ਵੱਖਰੀ।
ਮੋਹ ਬੜਾ ਇਹਦੇ ਨਾਲ ਤਾਂ ਖਬਰੇ,
ਵੱਖ ਗੱਭਰੂ ਤੇ ਲੱਗੇ ਮੁਟਿਆਰ ਵੱਖਰੀ।
ਮਾਰੂਤੀਆਂ, ਸਜੂਕੀਆਂ, ਸਕਾਰਪੀਓ, ਸਫਾਰੀਆਂ,
ਖੜ੍ਹੀ ਕੱਲੇ ਕੱਲੇ ਘਰ ਵਿਚ ਕਾਰ ਵੱਖਰੀ।
ਡੱਲੇ ਪਿੰਡ ਲਈ ਨਿੰਮਾ ਰਹੂ ਮੰਗਦਾ ਦੁਆਵਾਂ,
ਖਿੜੇ ਹਰ ਇਕ ਵਿਹੜੇ ਗੁਲਜ਼ਾਰ ਵੱਖਰੀ।
ਕਈ ਪਿੰਡਾਂ ਵਾਂਗ ਕਦੇ ਮੇਰੇ ਪਿੰਡ ਵੀ ਅੰਮਾਂ ਲਾਜੋ ਅਤੇ ਪਿਆਰੀ ਦਾਣੇ ਭੁੰਨਣ ਲਈ ਭੱਠੀਆਂ ਤਪਾਇਆ ਕਰਦੀਆਂ ਸਨ। ਪਿੱਪਲ ਥੱਲੇ ਤਾਸ਼ ਵੀ ਖੇਡੀ ਜਾਂਦੀ ਸੀ, ਘਲਾੜੀ ਹੁੰਦੀ ਸੀ, ਗੰਨੇ ਪੀੜ ਕੇ ਰਸ ਦਾ ਗੁੜ ਵੀ ਬਣਿਆ ਕਰਦਾ ਸੀ। ਵਿਰਸੇ ਦੀਆਂ ਅਜਿਹੀਆਂ ਅਨੇਕਾਂ ਵੰਨਗੀਆਂ ਨੂੰ ਸਮੇਂ ਦੀ ਐਸੀ ਮਾਰ ਪਈ ਕਿ ਸਭ ਅਲੋਪ ਹੋ ਗਈਆਂ। ਉਮਰਾਂ ਭੋਗ ਮਰ ਚੁੱਕੇ ਉਨ੍ਹਾਂ ਵੱਡੇ-ਵਡੇਰਿਆਂ ਵਾਂਗ ਬਣ ਗਈਆਂ ਜੋ ਮੁੜ ਕਦੇ ਦੁਬਾਰਾ ਨਹੀਂ ਆਉਣੇ।
ਪੰਜਾਬੀ ਸੱਭਿਆਚਾਰ ਦੇ ਇਹ ਗੂੜੇ ਰੰਗ ਪਿੰਡ ਦੀ ਫੁਲਕਾਰੀ ‘ਤੇ ਫਿੱਕੇ ਪੈ ਗਏ ਹਨ ਪਰ ਅੱਜ ਦੀ ਤਰੀਕ ਵਿਚ ਪੰਜਾਬ ਦੇ ਸਾਰੇ ਪਿੰਡਾਂ ਵਾਂਗ ਮੇਰਾ ਪਿੰਡ ਵੀ ਖੁਸ਼ਹਾਲ ਹੈ, ਕਿਉਂਕਿ ਮੇਰੇ ਵਾਂਗੂੰ ਗਾਚੀ ਨਾਲ ਫੱਟੀਆਂ ਧੋ ਸੁਕਾ ਕੇ ਲਿਖਣ ਵਾਲੇ ਅੱਜ ਜਹਾਜ਼ੀ ਬਹਿ ਬਿਗਾਨੇ ਮੁਲਕੀਂ ਜਾ ਕੇ ਆਪਣੀ ਤਕਦੀਰ ਲਿਖਣ ਦੇ ਨਾਲ ਨਾਲ ਆਪਣੇ ਪਿੰਡ ਦੀ ਕਿਸਮਤ ਵੀ ਲਿਖ ਰਹੇ ਹਨ।
ਮੇਰੇ ਦਿਲੋਂ ਮੇਰੇ ਆਪਣੇ ਪਿੰਡ ਲਈ ਢੇਰ ਸਾਰੀਆਂ ੁਦਆਵਾਂ ਕਿ ਇਸ ਦਾ ਬੱਚਾ ਬੱਚਾ ਖੁਸ਼ਹਾਲ ਰਹੇ, ਮੇਰਾ ਪਿੰਡ ਸਦਾ ਚੜ੍ਹਦੀ ਕਲਾ ਵਿਚ ਰਹੇ। ਮੇਰੇ ਪਿੰਡ ਵੱਲ ਕਦੇ ਵੀ ਕੋਈ ਗਰਮ ਹਵਾਵਾਂ ਨਾ ਆਉਣ। ਮਾਂ ਨੇ ਜਨਮ ਦਿੱਤਾ ਪਿੰਡ ਨੇ ਜੀਵਨ ਦਿਖਾਇਆ ਅਤੇ ਪ੍ਰਦੇਸ਼ਾਂ ਨੇ ਜੀਵਨ ਸੁਧਾਰਿਆ, ਮਿਹਨਤ ਅਤੇ ਸੋਚ ਨੇ ਜੀਵਨ ਸਫ਼ਲ ਬਣਾਇਆ। ਮੈਂ ਮਾਂ ਬਾਪ ਅਤੇ ਰੱਬ ਤੋਂ ਇਲਾਵਾ ਆਪਣੇ ਪਿੰਡ ਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਸਤਿਕਾਰ ਦਿੰਦਾ ਹਾਂ ਜਦੋਂ ਤੱਕ ਮੈਂ ਜਿਉਂਦਾ ਰਿਹਾ ਇਸ ਮੇਰੇ ਦਿਲ ਵਿਚ ਜਿਉਂਦੇ ਰਹਿਣ।
ਆਖ਼ਰੀ ਤਮੰਨਾ
ਰੱਬਾ ਰੱਖੀਂ ਸਲਾਮਤ ਸੰਸਾਰ ਨੂੰ, ਕਿਉਂਕਿ ਸੰਸਾਰ ਵਿਚ ਹੈ ਹਿੰਦੋਸਤਾਨ ਵਸਦਾ।
ਹਿੰਦੋਸਤਾਨ ਦੀ ਗਲਵੱਕੜੀ ਵਿਚ, ਮੇਰਾ ਰੰਗਲਾ ਪੰਜਾਬ ਹੱਸਦਾ।
ਪੰਜਾਬ ਦੇ ਜ਼ਿਲ੍ਹਿਆਂ ਵਿਚੋਂ ਜਿਲ੍ਹਾ ਇਕ ਰੋਪੜ ਹੈ ਜੋ ਬੜਾ ਜੱਚਦਾ,
ਜਿਲ੍ਹੇ ਰੋਪੜ ਵਿਚ ਹੈ ਪਿੰਡ ਡੱਲਾ, ਜੋ ਸਭਨਾਂ ਨੂੰ ਹਾਂ ਮੈਂ ਦੱਸਦਾ।
ਉਸ ਪਿੰਡ ਵਿਚ ਹੈ ਕੁੱਲੀ ਨਿੰਮੇ ਦੀ, ਤੁਪਕਾ ਉਸ ਤੇ ਵੀ ਸੁੱਟ ਆਪਣੇ ਰਸ ਦਾ।
ਰੱਬਾ ਮੇਰੇ ਪਿੰਡ ਨੂੰ ਹਮੇਸ਼ਾ, ਰੱਖੀਂ ਸਦਾ ਹੀ ਹਸਦਾ ਵਸਦਾ।
ਧੰਨਵਾਦ, ਦਾਦੇ ਰਾਮ ਚੰਦ ਦਾਦੀ ਧੰਨ ਕੌਰ ਦਾ, ਜਿਨ੍ਹਾ ਮੇਰੇ ਪਿਓ ਨੂੰ ਦੁਨੀਆ ਵਿਖਾਈ।
ਪਾਕਿਸਤਾਨ ਦੇ ਇੱਕੀ ਚੱਕ ਵਿਚ, ਦਾਦਾ ਦੇ ਗਿਆ ਸੀ ਸਭ ਨੂੰ ਵਿਦਾਈ।
ਹੱਲੇ ਪਏ ਪਿਓ, ਭੂਆ, ਤਾਇਆਂ ਨੂੰ ਦਾਦੀ ਡੱਲੇ ਪਿੰਡ ਲੈ ਆਈ।
ਮੇਰਾ ਉਥੇ ਬਚਪਨ ਗੁਜ਼ਰਿਆ ਯਾਰੋ, ਜਿਥੇ ਪਿਓ ਨੇ ਜਵਾਨੀ ਹੰਢਾਈ।
ਦੂਜਾ ਧੰਨਵਾਦ ਨਾਨੀ ਪ੍ਰੀਤਮ ਨਾਨੇ ਹਰਗੋਬਿੰਦ ਦਾ ਜਿਨ੍ਹਾਂ ਸਵਰਨ ਸੰਗ ਚਰਨ ਕੌਰ ਵਿਹਾਈ।
ਫਿਰ ਬਣਿਆ ਸਬੱਬ ਮੇਰੇ ਜੰਮਣ ਦਾ, ਮਾਂ ਨੇ ਜੰਮੀ ਭੈਣ ਇਕ ਭਾਈ।
ਤਹਿ ਦਿਲੋਂ ਧੰਨਵਾਦ ਮੇਰੇ ਮਾਪਿਆਂ ਦਾ, ਜਿਨ੍ਹਾਂ ਜੀਭ ਬੋਲਣ ਮੇਰੀ ਲਾਈ।
ਪਿੰਡ ਮੇਰੇ ਦਾ ਸਕੂਲ ਪ੍ਰਾਇਮਰੀ, ਜਿਥੇ ਕਰਨੀ ਕੀਤੀ ਸ਼ੁਰੂ ਪੜ੍ਹਾਈ।
ਮੇਜਰ, ਛਿੰਦਾ, ਤਾਰੀ, ਜੀਤ, ਉਥੇ ਆੜੀ ਉਨ੍ਹਾਂ ਨਾਲ ਪਾਈ।
ਬਾਪੂ ਵਾਲੀ ਜਵਾਨੀ ਮੁੜ ਫਿਰ, ਉਹਦੇ ਆਪਣੇ ਪੁੱਤ ਤੇ ਵੀ ਆਈ।
ਜਵਾਨੀ ਧਰਿਆ ਪੈਰ, ਪੈਰ ਘਰੋਂ ਪੁੱਟਿਆ, ਕਿਸਮਤ ਸੱਤ ਸਮੁੰਦਰੋਂ ਪਾਰ ਲੈ ਆਈ।
ਅੱਖੀਆਂ ਬੰਦ ਕਰ, ਕਰਕੇ ਮਿਹਨਤ, ਪਿੰਡ ਘਰ ਨੂੰ ਘੱਲਦੇ ਰਹੇ ਕਮਾਈ।
ਮੈਂ ਸਦਕੇ ਜਾਵਾਂ ਇਨ੍ਹਾਂ ਤਕਦੀਰਾਂ ਦੇ ਜਿਨ੍ਹਾਂ ਇਕ ਇਹ ਤੇ ਇਕ ਉਹ ਲੜ ਲਾਈ।
ਇਸ ਜ਼ਿੰਦਗੀ ਵਿਚ ਖੁਸ਼ੀਆਂ ਵੀ ਮਾਣੀਆਂ ਤੇ ਪੀੜ ਵੀ ਬੜੀ ਮੈਂ ਹੰਢਾਈ।
ਬੜੀ ਵੱਡੀ ਸਾਲਾਂਬੱਧੀ ਜਿੰਦਗੀ ਇਹ ਮੈਨੂੰ, ਅੱਜ ਯਾਰੋ ਦਿਨ ਲਗਦੀ ਹੈ ਢਾਈ।
ਜਿਥੇ ਮਰਜ਼ੀ ਪੁਚਾਲੀਂ ਚਾਹੇ ਦੁਨੀਆ ਘੁਮਾਲੀਂ, ਰੱਬਾ ਇਕ ਮੇਰੀ ਰੀਝ ਤੂੰ ਪੁਗਾਈਂ।
ਜਦੋਂ ਮੇਰੇ ਆਖ਼ਰੀ ਪਲ ਅਤੇ ਸਾਹ ਹੋਣ, ਮੈਨੂੰ ਤੂੰ ਮੇਰੇ ਡੱਲੇ ਪਿੰਡ ਲੈ ਜਾਈਂ।


Viewing all articles
Browse latest Browse all 342


<script src="https://jsc.adskeeper.com/r/s/rssing.com.1596347.js" async> </script>