Quantcast
Channel: ਸਾਹਿਤ/ਮਨੋਰੰਜਨ – Quomantry Amritsar Times
Viewing all articles
Browse latest Browse all 342

ਪ੍ਰਦੇਸੀ ਪਾਣੀਆਂ ‘ਚ ਖੁਰ ਰਿਹਾ ਸਾਡਾ ਸੱਭਿਆਚਾਰ

$
0
0

atozee78-punjab-culture-8
ਪ੍ਰੋ. ਸ਼ੇਰ ਸਿੰਘ ਕੰਵਲ (ਫੋਨ ਨੰਬਰ : 1-602-482-2276)
ਸੱਭਿਆਚਾਰ ਸਮਾਜ ਦੀ ਰੂਹ ਹੁੰਦਾ ਹੈ। ਇਸ ਸਮਾਜ ਵਿਚ ਜਨਮੇ ਮਨੁੱਖ ਦੇ ਧੁਰ ਅੰਦਰ ਲਹਿ ਜਾਂਦਾ ਹੈ, ਉਸ ਦੇ ਸਰੀਰ ਵਿਚ ਸਿੰਜਰ ਜਾਂਦਾ ਹੈ। ਆਪਣੇ ਸੱਭਿਆਚਾਰ ਨਾਲੋਂ ਟੁੱਟਾ ਮਨੁੱਖ ਬ੍ਰਿਛੋਂ-ਟੁੱਟੇ ਉਸ ਪੱਤੇ ਵਰਗਾ ਹੁੰਦਾ ਹੈ, ਜੋ ਆਪਣੇ ਸ਼ਕਤੀ-ਸ਼੍ਰੋਤ ਤੋਂ ਨਿਖੜ, ਵਿਯੋਗ-ਅਵਸਥਾ ਦੀ ਪੀਲੱਤਣ ‘ਚੋਂ ਵਿਚਰਦਾ ਪਲੋ-ਪਲ ਮੌਤ ਵਿਚ ਵਟ ਰਿਹਾ ਹੋਵੇ ਜਾਂ ਮਹਿਜ਼ ਤੁਰਦਾ ਫਿਰਦਾ ਕਲਬੂਤ, ਜਿਸ ਦੀ ਰੂਹ ਕਿਧਰੇ ਉਡਾਰੀ ਮਾਰ ਗਈ ਹੋਵੇ।
ਆਪਣੀ ਧਰਤੀ ਨੂੰ ਛੱਡ ਕੇ ਵਿਦੇਸ਼ੀਂ ਆ ਵਸਣ ਵਾਲੇ ਪ੍ਰਦੇਸੀ, ਆਪਣੇ ਵੱਖਰੇ ਮਾਨਸਿਕ, ਸੰਸਾਰ ਨੂੰ ਆਪਣੇ ਨਾਲ ਲੈ ਕੇ ਪਰਾਈ ਧਰਤ ਦੀਆਂ ਵੱਖਰੀਆਂ ਪ੍ਰਸਥਿਤੀਆਂ ਵਿਚ ਵਿਚਰਦੇ ਹਨ ਜਿਨ੍ਹਾਂ ਵਿਚ ਉਨ੍ਹਾਂ ਦਾ ਸਗਲਾ ਆਪਾ ਪਲ ਪਲ ਟੁਟਦਾ-ਤਿੜਕਦਾ ਹੈ। ਉਨਾਂ ਦੀ ਮਾਨਸਿਕਤਾ ਵਿਚ ਵਿਚਾਰਾਂ-ਸੰਸਕਾਰਾਂ ਦੀ ਭੰਨ ਤੋੜ ਜਾਂ ਤਬਦੀਲੀ ਹੁੰਦੀ ਰਹਿੰਦੀ ਹੈ।
ਪੰਜਾਬੀ ਸੁਭਾਅ ਐਸਾ ਹੈ ਕਿ ਇਹ ਕਿਸੇ ਚੀਜ਼ ਨੂੰ ਗ੍ਰਹਿਣ ਵੀ ਬੜੀ ਤੇਜ਼ੀ ਨਾਲ ਕਰਦਾ ਹੈ ਤੇ ਤਿਲਾਂਜਲੀ ਦੇਂਦਿਆਂ ਜਾਂ ਤਜਦਿਆਂ ਵੀ ਡੱਡਾ ਨਹੀਂ ਠੂੰਗਣ ਦਿੰਦਾ!
ਪੰਜਾਬੀ, ਜਿਹੜੀ ਧਰਤ ਤੇ ਵੀ ਡਿੱਗੇ ਹਨ, ਇਨ੍ਹਾਂ ਬਰੂ ਵਾਂਗ ਉਥੇ ਹੀ ਜੜ੍ਹਾਂ ਲਾ ਲਈਆਂ ਹਨ। ਆਪਣੀ ਮਿਹਨਤ ਸਦਕਾ ਇਨ੍ਹਾਂ ਨੇ ਹਰ ਖੇਤਰ ਵਿਚ ਮੱਲਾਂ ਮਾਰੀਆਂ ਹਨ ਅਤੇ ਪਦਾਰਥਕ ਤੌਰ ‘ਤੇ ਖੁਸ਼ਹਾਲ ਤੇ ਮਾਲੋ ਮਾਲ ਹੋਏ ਹਨ। ਸੰਸਾਰ ਵਿਚ ਜਿਹੜੀ ਦੌੜ ਵਿਚ ਵੀ ਪਏ ਹਨ, ਇਨ੍ਹਾਂ ਕਿਸੇ ਨੂੰ ਡਾਹੀ ਨਹੀਂ ਦਿੱਤੀ, ਕਿਸੇ ਤੋਂ ਛੂਹੇ ਨਹੀਂ ਗਏ।
ਪਰ ਜਿੱਥੇ ਗੱਲ ਆਪਣੇ ਸੱਭਿਆਚਾਰ ਦੀ ਸੰਭਾਲ ਜਾਂ ਇਸ ਦੇ ਪ੍ਰਸਾਰ-ਸੰਚਾਰ ਦੀ ਆਉਂਦੀ ਹੈ, ਉਥੇ ਪਾਰਚਾ ਖੂਹ ਵਿਚ ਜਾ ਪੈਂਦਾ ਹੈ। ਸੱਭਿਆਚਾਰ ਦਾ ਪ੍ਰਮੁੱਖ ਅੰਗ ਹੁੰਦਾ ਹੈ-ਬੋਲੀ! ਜਿਸ ਰਾਹੀਂ ਮਨੁੱਖ ਰੋਜ਼ਾਨਾ ਜੀਵਨ ਵਿਚ ਆਪਣੇ ਆਲੇ ਦੁਆਲੇ ਵਿਚ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਦਾ ਹੈ। ਵਿਦੇਸ਼ਾਂ, ਖਾਸ ਕਰ ਪੱਛਮੀ ਦੇਸ਼ਾਂ ਵਿਚ ਜਿਥੇ ਪੰਜਾਬੀਆਂ ਦਾ ਪਦਾਰਥਿਕ ਖੁਸ਼ਹਾਲੀ ਦੀਆਂ ਪੌੜੀਆਂ ਚੜ੍ਹਨਾ ਅਤੇ ਅਕਾਦਮਿਕ ਬੁਲੰਦੀਆਂ ਤੇ ਪਹੁੰਚਣਾ ਇਨ੍ਹਾਂ ਦੀ ਉਨਤੀ ਦਾ ਪ੍ਰਤੀਕ ਹੈ, ਉਥੇ ਇਹ ਉਨਤੀ ਨੇ ਬੋਲੀ ਅਤੇ ਸਭਿਆਚਾਰ ਪੱਖੋਂ ਇਨ੍ਹਾਂ ਦੇ ਕਿੰਨੇ ਹੀ ਘਰਾਂ ਦਾ ਬੇੜਾ ਗਰਕ ਕੀਤਾ ਹੈ। ਅੱਜ ਇਨ੍ਹਾਂ ਘਰਾਂ ਵਿਚੋਂ ਮਾਂ-ਪੰਜਾਬੀ ਨੂੰ ਬਾਹਰ ਕੱਢ ਕੇ ਪੱਛਮ ਦੀ ਦਫ਼ਤਰੀ ਅੰਗਰੇਜ਼ੀ ਪਟਰਾਣੀ ਬਣ ਬੈਠੀ ਹੈ। ਪੰਜਾਬ ਦੇ ਪਿੰਡਾਂ ਵਿਚੋਂ ਪਲ ਕੇ ਆਏ ਅਜਿਹੇ ਕਿੰਨੇ ਹਲ ਲੋਕ ਸਾਨੂੰ ਇਨ੍ਹਾਂ ਪੱਛਮੀ ਮੁਲਕਾਂ ਵਿਚ ਮਿਲਦੇ ਹਨ ਜੋ ਫੈਸ਼ਨ ਵਜੋਂ ਆਪਣੇ ਘਰਾਂ ਪਰਿਵਾਰਾਂ ਵਿਚ ਅੰਗਰੇਜ਼ੀ ਵਿਚ ਗਿਟਮਿਟ ਕਰਦੇ ਹਨ-ਬੱਚਿਆਂ ਨੂੰ ਘੂਰਦੇ ਅੰਗਰੇਜ਼ੀ ਵਿਚ ਹਨ.. ਮਿੱਤਰਾਂ ਨਾਲ ਬਹਿਸ ਮੁਬਾਹਸਾ ਅੰਗਰੇਜ਼ੀ ਵਿਚ ਕਰਨ ਦਾ ਦਿਖਾਵਾ ਕਰਦੇ ਹਨ। ਇਨ੍ਹਾਂ ਘਰਾਂ ਵਿਚ ਹੁੰਦੀ ‘ਹੈਲੋ, ਹਾਏ-ਥੈਂਕ ਯੂ-ਹਓ ਯੂ ਡੂਇੰਗ’ ਨੇ ‘ਸਤਿ ਸ੍ਰੀ ਅਕਾਲ’-ਮਿਹਰਬਾਨੀ’ ਤੇ ‘ਕੀ ਹਾਲ ਚਾਹ ਹੈ’ ਨੂੰ ਧੱਕੇ ਮਾਰ ਮਾਰ ਇਨ੍ਹਾਂ ਘਰਾਂ ਵਿਚੋਂ ਬਾਹਰ ਕੱਢ ਦਿੱਤਾ ਹੈ। ਪੰਜਾਬੀ ਮਾਂ ਬੋਲੀ ਨੂੰ ਅਲਵਿਦਾ ਕਹਿਣ ਵਾਲੇ ਇਨ੍ਹਾਂ ਭੱਦਰ ਪੁਰਸ਼ਾਂ ਦੀ ਗਿਣਤੀ ਵਿਚ ਚੌਖਾ ਵਾਧਾ ਹੁੰਦਾ ਹੋਰ ਵੀ ਪ੍ਰਤੱਖ ਉਦੋਂ ਨਜ਼ਰੀਂ ਪੈਂਦਾ ਹੈ ਜਦੋਂ ਇਨ੍ਹਾਂ ਤੋਂ ਲੱਗੀ ਛੂਤ ਦੀ ਬੀਮਾਰੀ ਕਾਰਨ ਦੇਸੋਂ ਆਏ ਅਧਖੜ੍ਹ ਹਮਾਤੜ ਚੱਪਣ-ਵੱਢਵੀਂ ਅੰਗਰੇਜ਼ੀ ਬੋਲ ਬੋਲ ਜਬ੍ਹਾੜਿਆਂ ਦੀ ਕਸਰਤ ਕਰਦੇ ਦਿਖਾਈ ਦਿੰਦੇ ਹਨ। ਅਜਿਹੇ ਲੋਕ ਪਾਰਟੀਆਂ-ਸਮਾਗਮਾਂ ਵਿਚ ਪੰਜਾਬੀ ਬੋਲਣਾ ਹੱਤਕ ਅਤੇ ਅੰਗਰੇਜੀ ਬੋਲਣ ਵਿਚ ਵਡਿੱਤਣ ਸਮਝਦੇ ਹਨ, ਭਾਵੇਂ ਇਕ ਗੱਲ ਪੂਰੀ ਹੋਣ ਤੱਕ ਇਨ੍ਹਾਂ ਦੀਆਂ ਗਰਾਰੀਆਂ ਵੀਹ ਵੇਰਾਂ ਅੜਨ ਅਤੇ ਸਵੇਰੇ ਜੀਭ ਨੂੰ ਘਿਓ ਹੀ ਕਿਉਂ ਨਾ ਲਾਉਣਾ ਪਵੇ। ਅਜਿਹੇ ‘ਪੜ੍ਹੇ-ਲਿਖੇ’ ਘਰਾਣਿਆਂ ਵਿਚ ਆਪਣੀ ‘ਲਾਇਕ’ ਔਲਾਦ ਨਾਲ ਆਪਣੀ ਹੀ ਜੁਬਾਨ ਵਿਚ ਗੱਲ ਕਰਨ ਤੋਂ ਆਰੀ ਬਜ਼ੁਰਗ ਪਾਰਟੀਆਂ ਮੌਕੇ ਸੋਫਿਆਂ ਵਿਚ ਦੜੇ ਬੈਠੇ ਆਪਣੀ ਕਿਸਮਤ ਨੂੰ ਕੋਸਦੇ ਆਮ ਵੇਖੇ ਜਾਂਦੇ ਹਨ . ਚੰਗੇ ਭਲੇ ਪੰਜਾਬੀ ਜਾਣਦੇ ਅਤੇ ਅੰਗਰੇਜ਼ੀ-ਪੱਟੇ ਇਹ ਲੋਕ ਸਿਰਫ਼ ਅੰਗਰੇਜ਼ੀ ਬੋਲਣ ਦੇ ਫੈਸ਼ਨ ਕਰਕੇ ਆਪਣੇ ਬੱਚਿਆਂ ਨੂੰ ਆਪਣੀ ਬੋਲੀ ਅਤੇ ਸੱਭਿਆਚਾਰ ਤੋਂ ਦੂਰ ਕਰਕੇ ਧੜਾ ਧੜ ਉਨ੍ਹਾਂ ਤੋਂ ਹੱਥੀਂ ਬੇਦਾਵੇ ਲਿਖਵਾ ਕੇ ਆਪਣੇ ਰਾਹਾਂ ਵਿਚ ਕੰਡੇ ਬੀਜ ਰਹੇ ਹਨ।
ਅਜਿਹੇ ਮਾਪਿਆਂ ਹੱਥੋਂ ਬਚੀ ਖੁਚੀ ਸੇਵਾ ਦਾ ਘਾਪਾ ਇਨ੍ਹਾਂ ਦੇਸ਼ਾਂ ਵਿਚ ਬੱਚਿਆਂ ਨੂੰ ਲੱਗੀ ਟੀ.ਵੀ. ਦੀ ਬੀਮਾਰੀ ਪੂਰਾ ਕਰ ਰਹੀ ਹੈ। ਪੰਜਾਬੀ ਪੁਸਤਕਾਂ/ਮੈਗਜ਼ੀਨ ਅਜਿਹੇ ਘਰਾਂ ਵਿਚੋਂ ਖੰਭ ਲਾ ਕੇ ਉਡ ਗਏ ਹਨ। ਘਰ ਵਿਚ ਆਏ ਗਏ ਮਹਿਮਾਨਾਂ ਨੂੰ ਪ੍ਰਭਾਵਿਤ ਕਰਨ ਲਈ ਅੰਗਰੇਜ਼ੀ ਪੁਸਤਕਾਂ/ਮੈਗਜ਼ੀਨਾਂ ਦੀ ਸਜਾਵਟ ਜਾਂ ਪ੍ਰਦਰਸ਼ਨੀ ਕਰਨ ਦੀ ਉਚੇਚ ਕੀਤੀ ਜਾਂਦੀ ਹੈ। ਬਹੁਤ ਘੱਟ ਪ੍ਰਵਾਰ ਹਨ, ਜੋ ਦੇਸੋਂ ਆਉਂਦਿਆਂ ਹੋਰ ਸਾਮਾਨ ਨਾਲ ਪੰਜਾਬੀ ਦੀਆਂ ਪੁਸਤਕਾਂ ਦਾ ਵਾਧੂ ਭਾਰ ਚੁੱਕਦੇ ਹਨ। ਕਿਉਂਕਿ ਇਹ ਪੁਸਤਕਾਂ ਦੇਸੋਂ ਪਿੰਨੀਆਂ ਦੀ ਭਰ ਕੇ ਲਿਆਂਦੀ ਪੀਪੀ ਦਾ ਕੰਮ ਨਹੀਂ ਦੇ ਸਕਦੀਆਂ। ਵਿਦੇਸ਼ਾਂ ਵਿਚ ਸਾਡੇ ਘਰੀਂ ਹੋਏ ਅੰਗਰੇਜ਼ੀ ਦੇ ਇਸ ਬੋਲ-ਬਾਲੇ ਨੇ ਸਾਡੀ ਨਵੀਂ ਪਨੀਰੀ ਨੂੰ ਜਿਸ ਕਦਰ ਪੰਜਾਬੀ ਬੋਲੀ ਤੋਂ ਸਾਡੇ ਸੱਭਿਆਚਾਰ ਨਾਲੋਂ ਤੋੜ ਵਿਛੋੜ ਦਿੱਤਾ ਹੈ, ਇਸ ਦੀ ਇਕ ਵੰਨਗੀ ਮਾਤਰ ਉਦਾਹਰਣ ਏਥੇ ਦੇਣੀ ਦਿਲਚਸਪੀ ਤੋਂ ਖਾਲੀ ਨਹੀਂ ਹੋਵੇਗੀ।
ਇਕ ਸ਼ਾਮੀਂ ਅਸੀਂ ਆਪਣੇ ਇਕ ਮਿੱਤਰ ਦੇ ਮਹਿਮਾਨ ਸਾਂ। ਸਾਂਤ-ਗੰਭੀਰ ਸ਼ਾਮ ਵਿਚ ਅਸੀਂ ਜਦ ਇਕ ਸ਼ਬਦ ਸਰਵਣ ਕਰਨ ਦੀ ਤਮੰਨਾ ਦਾ ਇਜ਼ਹਾਰ ਕੀਤਾ ਤਾਂ ਸਾਡੇ ਮਿੱਤਰ ਨੇ ਸਟੀਰੀਓ ਲਾਇਆ। ਸ਼ਬਦ ਭਾਈ ਬਖਸ਼ੀਸ਼ ਸਿੰਘ ਰਾਗੀ ਦਾ ਗਾਇਨ ਕੀਤਾ ਹੋਇਆ ਸੀ… ‘ਪਾਤੀ ਤੋਰੇ ਮਾਲਨੀ’..। ਸ਼ਬਦ ਸ਼ੁਰੂ ਹੋਣ ਦੀ ਦੇਰ ਸੀ ਕਿ ਸਾਡੇ ਮਿੱਤਰ ਦੇ ਤਿੰਨੋਂ ਬੱਚੇ ਸ਼ਬਦ ਨਾਲ ਆ ਡਾਂਸ ਕਰਨ ਡਹੇ। ਸਥਿਤੀ ਹਸਾਉਣੀ ਵੀ ਸੀ ਪਰ ਇਸ ਤੋਂ ਵੀ ਵੱਧ ਅਫ਼ਸੋਸਜਨਕ ਜਿਸ ਪੰਜਾਬੋਂ ਆਏ ਪਿਤਾ ਦੇ ਬੱਚਿਆਂ ਨੂੰ ਅੰਗਰੇਜ਼ੀ ਬੋਲਣ ਦੀ ਬੀਮਾਰੀ ਨੇ ਆਪਣੀ ਬੋਲੀ ਤੇ ਸੱਭਿਆਚਾਰ, ਅਥਵਾ ਧਰਮ ਤੋਂ ਹੀ ਏਨਾ ਦੂਰ ਕਰ ਦਿੱਤਾ ਹੋਵੇ, ਉਸ ਨੇ ਪ੍ਰਦੇਸ ਆ ਕੇ ਖੱਟਿਆ ਕੀ, ਸੁਆਹ?
ਸਾਡੇ ਰਸਮੋ-ਰਿਵਾਜ, ਪਹਿਰਾਵੇ, ਰਹਿਣ ਸਹਿਣ ਦੇ ਢੰਗਾਂ ਵਿਚੋਂ ਸਾਡੇ ਸੱਭਿਆਚਾਰ ਦੀ ਮਹਿਕ ਬੜੀ ਤੇਜ਼ੀ ਨਾਲ ਉਡ ਰਹੀ ਹੈ। ਰੋਜ਼ ਮਨਾਏ ਜਾਂਦੇ ਜਨਮ-ਦਿਨਾਂ ਦੇ ਤਰੀਕੇ ਸਲੀਕੇ ਵਿਚ ਕੁਝ ਵੀ ਸਾਡਾ ਆਪਣਾ ਨਹੀਂ। ਘਰਾਂ ਵਿਚ ਇਨ੍ਹਾਂ ਦਿਨਾਂ ਤੇ ‘ਹੈਪੀ ਬਰਥ ਡੇ’ ਦੇ ਅੰਗਰੇਜ਼ੀ ਵਿਚ ਲਿਖੇ ਮਾਟੋ ਲਟਕਦੇ ਨਜ਼ਰੀਂ ਪੈਂਦੇ ਹਨ। ਮੋਮਬੱਤੀਆਂ ਨੂੰ ਫੂਕਾਂ ਮਾਰ ਕੇ ਕੇਕ ਕੱਟਦਿਆਂ ‘ਹੈਪੀ ਬਰਥ ਡੇ ਟੂ ਯੂ’ ਦੇ ਤਰਾਨੇ ਗਾਏ ਜਾਣੇ ਅਤੇ ਵਿਆਹਾਂ ‘ਤੇ ‘ਵੈਡਿੰਗ ਕੇਕ’ ਦੀ ਕਟਾਈ ਹੋਣ ਵਰਗੇ ਨਵੇਂ ਰਿਵਾਜ ਸਾਡੇ ‘ਤੇ ਪਏ ਪੱਛਮੀ ਪ੍ਰਭਾਵਾਂ ਦੇ ਹੀ ਪ੍ਰਤੀਬਿੰਬ ਹਨ।
ਹੋਰ ਤਾਂ ਹੋਰ ਸਾਡੇ ਨਾਲ ਨਾਲ ਸਾਡੇ ਨਾਂ ਵੀ ਪੱਛਮੀ ਪ੍ਰਭਾਵਾਂ ਦੀ ਲਪੇਟ ਵਿਚ ਆਉਣ ਤੋਂ ਨਹੀਂ ਬਚ ਸਕੇ। ਸਿਰਫ਼ ਬੱਚਿਆਂ ਦੇ ਗੋਲਡੀ, ਗੈਰੀ, ਹੈਪੀ, ਸੰਨੀ, ਬਾਬੀ ਜਿਹੇ ਛੋਟੇ ਨਾਂ ਪੱਛਮੀ ਸੱਭਿਆਚਾਰ ਨਾਲੋਂ ‘ਸਿੰਘ’ ‘ਕੌਰ’ ਨੂੰ ਕੱਟਣ ਜਾਂ ਇਨ੍ਹਾਂ ਦੀ ਥਾਵੇਂ ਕੇਵਲ ਐਸ. ਜਾਂ ਕੇ. ਲਿਖ ਕੇ ਬੁੱਤਾ ਸਾਰਨ ਦੀ ਪ੍ਰਵਿਰਤੀ ਜੋਰ ਫੜ ਰਹੀ ਹੈ। ਇਥੇ ਹੀ ਬਸ ਨਹੀਂ, ਸਾਡੇ ‘ਤੇ ਪਏ ਪੱਛਮੀ ਪ੍ਰਭਾਵ ਦਾ ਝਲਕਾਰਾ ਪ੍ਰਤੱਖ ਨਜ਼ਰੀਂ ਉਦੋਂ ਪੈਂਦਾ ਹੈ, ਜਦੋਂ ਇਥੋਂ ਦੇ ਲੋਕਾਂ ਦੀ ਸੁਵਿਧਾ ਸਹੂਲਤ ਜਾਂ ਕਾਰੋਬਾਰੀ ਕਾਰਨ ਦੇ ਪਰਦੇ ਅਥਵਾ ਫੈਸ਼ਨ ਅਧੀਨ ਕੋਈ ਭਾਈ ਨਿਰਮਲ ਸਿੰਘ ‘ਨੀਲ’, ਕੋਈ ਸ. ਹਰੀ ਸਿੰਘ ‘ਹੈਰੀ’, ਕੋਈ ਬੀਬੀ ਮਿਲਵੰਤ ਕੌਰ ‘ਮਿਲੀ’, ਬੀਬੀ ਗੁਰਦੇਵ ਕੌਰ ‘ਡੈਬੀ’, ਕੋਈ ਬੀਬੀ ਪ੍ਰਮਜੀਤ ਕੌਰ ‘ਪੈਮ’ ਅਤੇ ਬੀਬੀ ਜਸਪ੍ਰੀਤ ਕੌਰ ‘ਜੈਸ’ ਹੋ ਨਿਬੜਦੇ ਹਨ।
ਨਿਰਸੰਦੇਹ ਪ੍ਰਦੇਸ਼ ਵਿਚ ਵਿਚਰਦਿਆਂ ਇਥੋਂ ਦੇ ਮਾਹੌਲ ਦਾ ਕੁਝ ਪ੍ਰਭਾਵ ਸਾਡੇ ‘ਤੇ ਪੈਣਾ ਹੀ ਪੈਣਾ ਹੈ। ਦਫ਼ਤਰ, ਕੰਮ, ਸਕੂਲ, ਕਾਲਜ ਆਦਿ ਜਾਂਦਿਆਂ ਇਥੋਂ ਦੀ ਬੋਲੀ, ਪਹਿਰਾਵੇ ਆਦਿ ਤੋਂ ਅਸੀਂ ਅਭਿੱਜ ਨਹੀਂ ਰਹਿ ਸਕਦੇ ਪਰ ਆਪਣੇ ਘਰ, ਆਪਣੇ ਭਾਈਚਾਰੇ ਵਿਚ ਵਿਚਰਦਿਆਂ ਆਪਣੀ ਬੋਲੀ, ਆਪਣੇ ਸੱਭਿਆਚਾਰ ਨੂੰ ਸੰਭਾਲਣ ਅਤੇ ਨਵੀਂ ਪੀੜ੍ਹੀ ਵਿਚ ਇਸ ਦੇ ਸੰਚਾਰ ਕਰਨ ‘ਤੇ ਤਾਂ ਸਾਡਾ ਕਿਸੇ ਹੱਦ ਤੱਕ ਵੱਸ਼ੀਕਾਰ ਹੈ।
ਲੇਖ ਨੂੰ ਲੰਬਾ ਨਾ ਕਰਦਿਆਂ ਕੇਵਲ ਇਕ ਗੱਲ ਹੋਰ ਕਹਿ ਕੇ ਆਗਿਆ ਲਵਾਂਗਾ। ਗੱਲ, ਇਨ੍ਹਾਂ ਦੇਸ਼ਾਂ ਵਿਚ ਸਭਨਾਂ ਦੇ ਕੰਮੀਂ ਰੁੱਝੇ ਹੋਣ ਕਰਕੇ ਪਰਿਵਾਰਾਂ ਦੇ ਕਦੇ ਇਕੱਠੇ ਨਾ ਬੈਠ ਸਕਣ ਦੇ ਸਿੱਟੇ ਵਜੋਂ ਨਵੀਂ ਪੀੜ੍ਹੀ ਦੇ ਪੂਰੀ ਤਰ੍ਹਾਂ ਪੱਛਮੀ ਸੱਭਿਆਚਾਰ ਦੇ ਰੰਗ ਵਿਚ ਰੰਗੇ ਜਾਣ ਕਰਕੇ ਸਾਡੇ ਆਪਣੇ ਸੱਭਿਆਚਾਰ ਵਿਚਲੇ ਅਦਬ-ਆਦਾਬ ਦੇ ਲਹਿਜ਼ੇ ਤੋਂ ਟੁੱਟ ਕੇ ਗੁਸਤਾਖ ਰਾਹਾਂ ਤੇ ਟੁਰ ਪੈਣ ਦੀ ਹੈ। ਅਸੀਂ ਆਪਣੇ ਇਕ ਮਿੱਤਰ ਨੂੰ ਨਾਲ ਲੈ ਕੇ ਇਕ ਮੰਨੇ ਪ੍ਰਮੰਨੇ ਸਾਊ ਸ਼ਰੀਫ਼ ਤੇ ਉਘੇ ਵਿਅਕਤੀ ਦੇ ਘਰ ਖਾਣੇ ‘ਤੇ ਗਏ। ਖਾਣੇ ਦੀ ਤਿਆਰੀ ਤੱਕ ਅਸੀਂ ਲਿਵਿੰਗ ਰੂਮ ਵਿਚ ਬੈਠਣਾ ਸੀ। ਕੋਈ ਦਸ ਮਿੰਟ ਬੈਠਿਆਂ ਗੁਜ਼ਰੇ ਸਨ ਕਿ ਕਿਸੇ ਮਖਿਆਣੇ-ਛੱਤੇ ਵਰਗਾ ਸਿਰ ਬਣਾਈ, ਜੋਕਰ-ਪਜਾਮੇ ਵਰਗੀ ਪੈਂਟ ‘ਤੇ ਸਿਰਫ਼ ਫੇਫੜੇ ਕੱਜਦੀ ਗਿੱਠ ਕੁ ਬੁਨੈਣ ਪਾਈ, ਕੁੜੀ-ਨੁਮਾ ਮੁੰਡਾ ਅੰਦਰ ਆਇਆ। ਸਾਨੂੰ ਵੇਖਦਿਆਂ ਤੇ ਬਿਨਾਂ ਕਿਸੇ ਸਾਹਬ ਸਲਾਮ ਕੀਤਿਆਂ, ਉਸ ਟੀ.ਵੀ. ਦਾ ਕੰਨ ਜਾ ਮਰੋੜਿਆ ਤੇ ਲਿਵਿੰਗ ਰੂਮ ਵਿਚ ਡਾਂਸ, ਨੂਮਾ ਦੁਡਕੀ ਚਾਲ ਚਲਦਾ ਅਤੇ ਚੁਟਕੀਆਂ ਮਾਰਦਾ ਹੋਇਆ ਉਹ ਕਮਲੀ ਦੇ ਤੀਆਂ ਵਿਚ ਗੇੜੇ ਕੱਢਣ ਵਾਂਗ ਇਧਰ ਉਧਰ ਤੁਰਨ ਲੱਗਾ। ਮੈਂ ਤੇ ਮੇਰਾ ਮਿੱਤਰ ਇਸ ਅਜਨਬੀ ਨੌਜਵਾਨ ਦੇ ਇਸ ਤੌਰ ਤਰੀਕੇ ਨੂੰ ਦੇਖ ਕੇ ਪਾਣੀ ਪਾਣੀ ਹੁੰਦੇ ਕੁਰਸੀਆਂ ਵਿਚ ਗਰਕਦੇ ਜਾ ਰਹੇ ਸਾਂ। ਖਾਣੇ ਸਮੇਂ ਜਦ ਉਸ ਉਘੇ ਵਿਅਕਤੀ ਨੇ ਇਸ ਅਜਨਬੀ ਨੌਨਿਹਾਲ ਦਾ ਆਪਣੇ ਵੱਡੇ ਬੇਟੇ ਵਜੋਂ ਸਾਡੇ ਨਾਲ ਤੁਆਰਫ਼ ਕਰਵਾਇਆ ਤਾਂ ਸਾਡੀ ਖਾਨਿਓਂ ਗਈ ਕਿ ਵਿਦੇਸ਼ਾਂ ਦੀ ਲਿਸ਼ਕ ਪੁਸ਼ਕ ਵਾਲੇ ਇੱਜ਼ਤਦਾਰ ਘਰਾਣਿਆਂ ਦੀਆਂ ਛੱਤਾਂ ਨੂੰ ਪੱਛਮੀ ਸੱਭਿਅਤਾ ਦਾ ਇਹ ਘੁਣ ਕਿਸ ਹੱਦ ਤੱਕ ਖਾ ਗਿਆ ਹੈ।
ਵਿਦੇਸ਼ਾਂ ਵਿਚ ਸਾਡੀ ਜ਼ਮੀਨ ਸਾਡੇ ਪੈਰਾਂ ਥੱਲਿਓਂ ਨਿਕਲ ਰਹੀ ਹੈ। ਪਦਾਰਥਿਕ ਖੁਸ਼ਹਾਲੀ ਦੀ ਦੌੜ ਵਿਚ ਦੌੜਦੇ ਦੌੜਦੇ ਅਸੀਂ ਆਪਣੇ ਸੱਭਿਆਚਾਰ ਦੀ ਜੂਹ ਤੋਂ ਤੌਰ.. ਬਹੁਤ ਦੂਰ ਨਿਕਲ ਆਏ ਹਾਂ, ਪਰ ਫਿਰ ਵੀ ਸਾਡੇ ਹਿਰਦੇ ਵਿਚ ਇਕ ਨਿੰਮ੍ਹੀ ਜੋਤ ਅਜੇ ਵੀ ਜਗ ਰਹੀ ਹੈ-ਸਾਡੇ ਸੱਭਿਆਚਾਰ ਦੀ ਜੋਤ ! ਆਓ ਪ੍ਰਦੇਸੀ ਪ੍ਰਭਾਵਾਂ ਦੇ ਵਗਦੇ ਝੱਖੜ ਵਿਚ ਇਸ ਜੋਤ ਦੀ ਲੋਅ ਨੂੰ ਮੱਧਮ ਨਾ ਪੈਣ ਦੇਈਏ। ਇਸ ਨੂੰ ਜਗਦੀ ਰੱਖੀਏ ਅਤੇ ਇਸ ਦੇ ਚਾਨਣ ਵਿਚ ਹੀ ਹੋਰ ਅਗੇਰੇ ਤੁਰੀਏ।


Viewing all articles
Browse latest Browse all 342