ਸੰਗੀਤ ਦੀ ਦੁਨੀਆ ਵਿੱਚ ਜਸਬੀਰ ਜੱਸੀ ਦਾ ਨਾਂ ਕਿਸੇ ਤੁਆਰੁਫ ਦਾ ਮੁਥਾਜ ਨਹੀਂ। ਜਦ ਵੀ ਪੰਜਾਬੀ ਸੰਗੀਤ ਬਾਰੇ ਗੱਲ ਕੀਤੀ ਜਾਂਦੀ ਹੈ ਤਾਂ ਕੁੱਝ ਕੁ ਪੰਜਾਬੀ ਗਾਇਕ ਨੇ ਜਿਨ੍ਹਾਂ ਦਾ ਨਾਂ ਲਏ ਬਿਨ੍ਹਾਂ ਸੰਗੀਤ ਦੀ ਚਰਚਾ ਅਧੂਰੀ ਹੈ। ਇਹਨਾਂ ਵਿੱਚੋਂ ਹੀ ਇੱਕ ਨਾਂ ਹੈ ਜਸਬੀਰ ਜੱਸੀ। ਜੱਸੀ ਵੀ ਆਪਣੇ ਨਾਲ ਦੇ ਕਈ ਗਾਇਕਾਂ ਦੀ ਤਰ੍ਹਾਂ ਪਹਿਲੀ ਪੀੜੀ ਦਾ ਗਾਇਕ ਹੈ ਅਤੇ ਸੰਗੀਤ ਦੀ ਇਸ ਦੁਨੀਆ ਵਿੱਚ ਕਿਸੇ ਗੌਡਫਾਦਰ ਦੀ ਮਦਦ ਤੋਂ ਬਿਨ੍ਹਾਂ ਹੀ, ਅਪਾਣੇ ਦਮ ‘ਤੇ ਇਸ ਮੁਕਾਮ ‘ਤੇ ਪਹੁੰਚਿਆ ਹੈ ਨੇ। ਕਰੀਬ 15 ਸਾਲ ਪਹਿਲਾਂ ਆਪਣਾ ਸੰਗੀਤਕ ਸਫਰ ਸ਼ੂਰੂ ਕਰਣ ਵਾਲੇ ਜੱਸੀ ਨੇ ਜਿੱਥੇ ‘ਦਿਲ ਲੈ ਗਈ’, ‘ਕੁੜੀ ਕੁੜੀ’, ‘ਨਿਸ਼ਾਨੀ ਯਾਰ ਦੀ’, ‘ਅੱਖ ਮਸਤਾਨੀ’ ਅਤੇ ‘ਕੋਕਾ’ ਵਰਗੇ ਪੋਪ ਗਾਣਿਆਂ ਨਾਲ ਨੌਜਵਾਨਾਂ ਦਾ ਮਨੋਰੰਜਨ ਕੀਤਾ ਓਥੇ ਹੀ ਉਸਨੇ ਹੀਰ, ਬੁੱਲੇ ਸ਼ਾਹ, ਸ਼ਿਵ ਬਟਾਲਵੀ ਅਤੇ ਸੰਤ ਰਾਮ ਉਦਾਸੀ ਨੂੰ ਗਾ ਕੇ ਸਮੇਂ ਸਮੇਂ ‘ਤੇ ਹਰ ਵਰਗ ਦੇ ਦਿਲਾਂ ‘ਤੇ ਦਸਤਕ ਦਿੱਤੀ। ਇਸ ਦੇ ਨਾਲ ਹੀ ਜੱਸੀ ਆਪਣੀ ਹਾਈ ਐਨਰਜੀ ਤੇ ਪਾਵਰ ਪੈਕ ਸਟੇਜ ਪ੍ਰੋਫਾਰਮੈਂਸ ਲਈ ਵੀ ਜਾਣਿਆ ਜਾਂਦਾ ਹੈ। ਜੱਸੀ ਨੇ ਭਾਰਤ ਸਣੇ ਪੂਰੇ ਵਿਸ਼ਵ ਵਿੱਚ ਕਈ ਦੇਸ਼ਾਂ ਵਿੱਚ ਆਪਣੀ ਸਟੇਜ ਪ੍ਰੋਫਾਰਮੈਂਸ ਨਾਲ ਦਰਸ਼ਕਾਂ ਨੂੰ ਕੀਲ ਕੇ ਰੱਖ ਦਿਤਾ। ਉਸਦੀ ਦੀ ਇਸ ਕਾਬਿਲੀਅਤ ਬਾਰੇ ਜਦ ਉਸਨੂੰ ਪੁਛਿਆ ਜਾਏ ਤਾਂ ਜੱਸੀ ਬੜੀ ਹਲੀਮੀ ਨਾਲ ਕਹਿੰਦਾ ਹੈ ਕਿ ਸੰਗੀਤ ਇੱਕ ਮੋਤੀ ਦੀ ਤਰ੍ਹਾਂ ਉਸਦੇ ਦਿਲ ਅਤੇ ਰੂਹ ਅੰਦਰ ਖੁਭਿਆ ਹੋਇਆ ਹੈ , ਜੋ ਬਾਹਰ ਆਉਣ ਲਈ ਹਮੇਸ਼ਾ ਉਤਾਰੂ ਰਹਿੰਦਾ। ਜੱਸੀ ਦੀ ਆਪਣੀਆਂ ਸਾਰੀਆਂ ਪ੍ਰਫਾਰਮੈਂਸ ਵਿੱਚੋਂ ਕਾਨਸ ਫਿਲਮ ਫੈਸਟੀਵਲ 2012 ਦੀ ਲਾਈਵ ਸਟੇਜ ਪੇਸ਼ਕਾਰੀ ਸੱਭ ਤੋਂ ਵੱਧ ਪਸੰਦੀਦਾ ਹੈ ਜਿਸ ਵਿੱਚ ਉਸਨੇ ਦੁਨੀਆ ਦੇ ਕੋਨੇ ਕੋਨੇ ਤੋਂ ਆਏ ਲੋਕਾਂ ਲਈ ਅਪਣੀ ਕਲਾ ਦਾ ਮੁਜ਼ਾਹਰਾ ਕੀਤਾ ਸੀ ਅਤੇ ਦਰਸ਼ਕ ਉਸਦੇ ਗਾਣਿਆਂ ‘ਤੇ ਝੂਮ ਉਠੇ ਸਨ।
ਬਹਿਰਹਾਲ ਗੱਲ ਕਰਦੇ ਹਾਂ ਜਸਬੀਰ ਜੱਸੀ ਦੀ ਨਵੀਂ ਐਲਬਮ ‘ਢੋਲ’ ਦੀ ਜੋ ਕਿ ਛੇਤੀ ਹੀ ਦਰਸ਼ਕਾਂ ਦੀ ਕਚਿਹਰੀ ਵਿੱਚ ਹਾਜ਼ਰ ਹੋਣ ਵਾਲੀ ਹੈ। ਇਸ ਐਲਬਮ ਦਾ ਟਾਈਟਲ ਗਾਣਾ ‘ਢੋਲ’ ਦੀ ਵੀਡੀਓ, ਜੋ ਕਿ ਲੋਹੜੀ ਦੇ ਤਿਉਹਾਰ ਮੌਕੇ ਰੀਲੀਜ਼ ਕੀਤੀ ਗਈ, ਸੰਗੀਤ ਪ੍ਰੇਮੀਆਂ ਨੂੰ ਕਾਫੀ ਪੰਸਦ ਆ ਰਹੀ ਹੈ। ਜਿਵੇਂ ਕਿ ਨਾਂ ਤੋਂ ਹੀ ਜ਼ਾਹਿਰ ਹੈ ਇਹ ਗਾਣਾ ਢੋਲ ਦੀ ਥਾਪ ‘ਤੇ ਇੱਕ ਭੰਗੜਾ ਸੌਂਗ ਹੈ। ਅਤੇ ਇਸ ਗਾਣੇ ਦੀ ਵੀਡੀਓ ਵੀ ਬਿਲਕੁੱਲ ਵਖੱਰੇ ਅੰਦਾਜ਼ ਵਿੱਚ ਬਣਾਈ ਗਈ ਹੈ। ਇਸ ਵਿੱਚ ਜੱਸੀ ਦੇ ਕਈ ਸਟੇਜ ਸ਼ੋਆਂ ਦੀ ਪੇਸ਼ਕਾਰੀ ਦੀ ਝਲਕ ਹੈ। ਫਿਲਹਾਲ ਇਹ ਗਾਣਾ ਕਈ ਟੀਵੀ ਚੈਨਲਾਂ ਦਾ ਸ਼ਿੰਗਾਰ ਬਣਿਆ ਹੋਇਆ। ਅਤੇ ਆਨਲਾਈਨ ਸਾਈਟ ਯੂ ਟਿਊਬ ‘ਤੇ ਲੱਖਾਂ ਲੋਕ ਇਸ ਵੀਡੀਓ ਨੂੰ ਵੇਖ ਚੁਕੇ ਅਤੇ ਆਪਣੀ ਪ੍ਰਵਾਨਗੀ ਦੇ ਕੇ ਨੰਬਰ ਇੱਕ ਗਾਣਾ ਬਣਾ ਚੁਕੇ ਹਨ।
ਟਾਈਟਲ ਟਰੈਕ ਤੋਂ ਇਲਾਵਾ ਇਸ ਐਲਬਮ ਵਿੱਚ 4 ਹੋਰ ਗਾਣੇ ਹਨ ‘ਆਰੀ ਆਰੀ’, ‘ਨਖਰਾ’, ‘ਪਤਲੀ ਪਤੰਗ’ ਅਤੇ ‘ਗਿੱਧੇ ਵਿੱਚ’। ਸਾਰੇ ਹੀ ਗਾਣੇ ਜੱਸੀ ਨੇ ਆਪਣੀ ਸੂਰੀਲੀ ਆਵਾਜ਼ ਨਾਲ ਬਾਖੂਬੀ ਸ਼ਿੰਗਾਰੇ ਨੇ। ਪੂਰੀ ਐਲਬਮ ਵਿੱਚ ਲੋਕ ਸਾਜ਼ਾਂ ਅਤੇ ਲੋਕ ਧੁਨਾਂ ਦਾ ਇਸਤੇਮਾਲ ਕਰਕੇ ਡਾਂਸ ਸੌਂਗਜ ਬਣਾਏ ਗਏ ਨੇ। ਅਜੋਕੇ ਸਮੇਂ ਵਿੱਚ ਜਿੱਥੇ ਹਰ ਕੋਈ ਪੱਛਮੀ ਧੁਨਾਂ, ਸਾਜ਼ਾਂ ਅਤੇ ਰੈਪ ਦਾ ਇਸਤੇਮਾਲ ਕਰ ਰਿਹਾ ਉੱਥੇ ਜੱਸੀ ਨੇ ਆਪਣੇ ਗਾਣਿਆਂ ਨੂੰ ਫੌਕ ਦਾ ਫਲੇਵਰ ਦਿਤਾ। ਜੱਸੀ ਮੰਨਦੇ ਨੇ ਕਿ ਲੋਕ ਸਾਜ਼ ਅਤੇ ਲੋਕ ਧੁਨਾਂ ਪੱਛਮੀ ਸਾਜ਼ਾਂ ਅਤੇ ਧੁਨਾਂ ਨਾਲੋਂ ਕਿਤੇ ਬਿਹਤਰ ਨੇ ਅਤੇ ਉਹਨਾਂ ਦੀ ਇਹ ਐਲਬਮ ਇਸੇ ਗੱਲ ਨੂੰ ਪ੍ਰਮਾਣਿਤ ਕਰਦੀ ਹੈ। ਉਹਨਾਂ ਮੁਤਾਬਿਕ ਕੋਈ ਵੀ ਪੱਛਮੀ ਸਾਜ਼ ‘ਢੋਲ’ ਦਾ ਮੁਕਾਬਲਾ ਨਹੀਂ ਕਰ ਸਕਦਾ।
ਸੋ ਜਸਬੀਰ ਜੱਸੀ ਦੀ ਇਹ ਨਵੀਂ ਕੋਸ਼ਿਸ਼ ‘ ਢੋਲ’ ਲੋਕਾਂ ਨੂੰ ਕਿੰਨੀ ਆਕਰਸ਼ਿਤ ਕਰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਫਿਲਹਾਲ ਲੋਕ ‘ਢੋਲ’ ਗਾਣੇ ਦੀ ਵੀਡੀਓ ਨੂੰ ਕਾਫੀ ਪੰਸਦ ਕਰ ਰਹੇ ਨੇ।
ਨਿਰਮਲਪ੍ਰੀਤ ਕੌਰ , nirmalpmaan0gmail.com