ਜਲੰਧਰ/ਬਿਊਰੋ ਨਿਊਜ਼ :
ਸਿੱਖ ਮਾਮਲਿਆਂ ਬਾਰੇ ਹਰਦੀਪ ਸਿੰਘ ਡਿਬਡਿਬਾ ਦੀ ਲਿਖੀ ਪੁਸਤਕ ‘ਡੇਰਾ ਬਨਾਮ ਸਿੱਖ : ਹੁਕਮਨਾਮੇ ਤੋਂ ਮੁਆਫੀਨਾਮੇ ਤੱਕ’ ਇੱਥੇ ਪ੍ਰੈਸ ਕਲੱਬ ਵਿੱਚ ਰਿਲੀਜ਼ ਕੀਤੀ ਗਈ। ਇਸ ਦੀ ਪਹਿਲੀ ਕਾਪੀ ਬਜ਼ੁਰਗ ਪੱਤਰਕਾਰ ਦਲਬੀਰ ਸਿੰਘ ਨੂੰ ਭੇਟ ਕੀਤੀ ਗਈ।
ਦੱਸਣਯੋਗ ਹੈ ਕਿ ਇਸ ਪੁਸਤਕ ਨੂੰ ਪਹਿਲਾਂ ਚੰਡੀਗੜ੍ਹ ਵਿਚ ਰਿਲੀਜ਼ ਕੀਤਾ ਜਾਣਾ ਸੀ ਪਰ ਉਥੇ ਪੰਜਾਬ ਪੁਲੀਸ ਦੀ ਕਥਿਤ ਧੱਕੇਸ਼ਾਹੀ ਕਾਰਨ ਇਹ ਰਿਲੀਜ਼ ਨਹੀਂ ਹੋ ਸਕੀ ਸੀ। ਹਰਦੀਪ ਸਿੰਘ ਡਿਬਡਿਬਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਲੰਘੀ 27 ਜੁਲਾਈ ਨੂੰ ਚੰਡੀਗੜ੍ਹ ਦੇ ਹੋਟਲ ਵਿੱਚ ਇਹ ਕਿਤਾਬ ਰਿਲੀਜ਼ ਕਰਨ ਲਈ ਸਮਾਗਮ ਰੱਖਿਆ ਸੀ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੋਕ ਦਿੱਤਾ ਸੀ। ਇੱਥੇ ਹੀ ਬੱਸ ਨਹੀਂ, ਪੁਲੀਸ ਉਨ੍ਹਾਂ ਦਾ ਪਿੱਛਾ ਕਰਦੀ ਹੋਟਲ ਤੋਂ ਗੁਰਦੁਆਰੇ ਤੱਕ ਵੀ ਗਈ, ਜਿਥੇ ਉਨ੍ਹਾਂ ਨੇ ਕਿਤਾਬ ਨੂੰ ਰਿਲੀਜ਼ ਕਰਨ ਦਾ ਪ੍ਰੋਗਰਾਮ ਬਣਾਇਆ ਸੀ ਪਰ ਪੁਲੀਸ ਨੇ ਗੁਰਦੁਆਰੇ ਵਿੱਚ ਵੀ ਇਸ ਨੂੰ ਰਿਲੀਜ਼ ਨਹੀਂ ਕਰਨ ਦਿੱਤਾ ਸੀ।
ਸ੍ਰੀ ਡਿਬਡਿਬਾ ਨੇ ਦੱਸਿਆ ਕਿ ਇਸ ਪੁਸਤਕ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਕਿਵੇਂ ਆਰ.ਐਸ.ਐਸ. ਸਿੱਖ ਸੰਸਥਾਵਾਂ ਨੂੰ ਆਪਣੇ ਕੰਟਰੋਲ ਵਿੱਚ ਕਰਦੀ ਜਾ ਰਹੀ ਹੈ ਅਤੇ ਅਕਾਲੀ ਆਗੂਆਂ ਨੂੰ ਪ੍ਰਭਾਵਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਰ.ਐਸ.ਐਸ. ਦਾ ਇਹ ਰੁਝਾਨ ਸਿੱਖੀ ਤੇ ਪੰਜਾਬ ਲਈ ਖ਼ਤਰਨਾਕ ਹੈ। ਇਸ ਕਿਤਾਬ ਵਿੱਚ ਸਰਬੱਤ ਖ਼ਾਲਸਾ, ਨਾਨਕਸ਼ਾਹੀ ਕੈਲੰਡਰ ਤੇ ਸਿੱਖ ਲੀਡਰਸ਼ਿੱਪ ਬਾਰੇ ਅਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰਾਂ ਵੱਲੋਂ ਵੱਖ-ਵੱਖ ਸਮੇਂ ਨਿਭਾਈਆਂ ਗਈਆਂ ਭੂਮਿਕਾਵਾਂ ਅਤੇ ਪੰਜਾਬ ਵਿਚ ਵਧ ਰਹੇ ਡੇਰਾਵਾਦ ਦਾ ਜ਼ਿਕਰ ਕੀਤਾ ਗਿਆ ਹੈ। ਇਸ ਮੌਕੇ ਗੁਰਬਚਨ ਸਿੰਘ, ਹਰਮਨਦੀਪ ਸਿੰਘ, ਜਗਦੀਪ ਸਿੰਘ ਰੰਧਾਵਾ, ਪ੍ਰਵੀਨ ਕੁਮਾਰ, ਸਤਵਿੰਦਰਪਾਲ ਸਿੰਘ ਸਮੇਤ ਹੋਰ ਸਿੱਖ ਚਿੰਤਕ ਹਾਜ਼ਰ ਸਨ।
The post ਚੰਡੀਗੜ੍ਹ ‘ਚ ਰੋਕ ਮਗਰੋਂ ਡਿਬਡਿਬਾ ਨੇ ਜਲੰਧਰ ‘ਚ ਰਿਲੀਜ਼ ਕੀਤੀ ‘ਡੇਰਾ ਬਨਾਮ ਸਿੱਖ: ਹੁਕਮਨਾਮੇ ਤੋਂ ਮੁਆਫ਼ੀਨਾਮੇ ਤੱਕ’ appeared first on Quomantry Amritsar Times.