ਨਿਊਯਾਰਕ/ਬਿਊਰੋ ਨਿਊਜ਼ :
ਪੰਜਾਬੀ ਦੇ ਪ੍ਰਸਿੱਧ ਗਲਪਕਾਰ ਅਤੇ ਆਲੋਚਕ ਡਾ. ਜਸਵਿੰਦਰ ਸਿੰਘ ਨੇ ਇੱਥੇ ‘ਪਰਵਾਸੀ ਪੰਜਾਬੀ ਕਹਾਣੀਆਂ’ ਦੀ ਪੁਸਤਕ ‘ਦਿਸਹੱਦਿਆਂ ਦੇ ਆਰ-ਪਾਰ’ ਦੇ ਰਿਲੀਜ਼ ਸਮਾਰੋਹ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪਿਛਲੇ ਦੋ ਤਿੰਨ ਦਹਾਕਿਆਂ ਦੌਰਾਨ ਪਰਵਾਸੀ ਪੰਜਾਬੀ ਸਾਹਿਤ ਖਾਸ ਕਰਕੇ ਗਲਪ ਵਿਚ ਜਿਸ ਨਵੇਂਪਣ, ਸ਼ਿੱਦਤ ਅਤੇ ਵਿਚਾਰਧਾਰਕ ਨਿੱਗਰਤਾ ਨਾਲ ਪਰਵਾਸੀ ਪੰਜਾਬੀਆਂ ਇਨ੍ਹਾਂ ਮੇਜ਼ਬਾਨ ਮੁਲਕਾਂ ਵਿਚ ਆਪਣੀ ਸਭਿਆਚਾਰਕ ਸਿਆਸਤ ਦੀ ਨਿੱਗਰ ਭੂਮਿਕਾ ਭੂਮੀ ਨੂੰ ਤਲਾਸ਼ਣ-ਤਰਾਸ਼ਣ ਦੀ ਵੰਗਾਰਵੀਂ ਸੋਝੀ ਨੂੰ ਚਿਤਰਿਆ ਹੈ, ਇਹ ਪੰਜਾਬੀ ਸਾਹਿਤ ਲਈ ਅਰਥ-ਵਾਨ ਤਾਂ ਹੈ ਹੀ, ਇਹ ਪੰਜਾਬੀ ਭਾਈਚਾਰੇ ਨੂੰ ਲਈ ਵੱਡੀਆਂ ਭਵਿੱਖੀ ਸੰਭਾਵਨਾਵਾਂ ਦੇ ਦਰ ਖੋਲ੍ਹਣ-ਖੁੱਲ੍ਹਣ ਦਾ ਸੂਚਕ ਵੀ ਹੈ। ਪੰਜਾਬੀ ਲਿਟਰੇਰੀ ਐਂਡ ਕਲਚਰਲ ਸੁਸਾਇਟੀ ਵਲੋਂ ਕਰਵਾਏ ਗਏ ਇਸ ਵਿਸ਼ੇਸ਼ ਸਮਾਗਮ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਇਹ ਕਹਾਣੀ ਪੰਜਾਬੀ ਗਲੋਬਲ-ਸੰਵੇਦਨਾ, ਚੁਣੌਤੀਆਂ, ਸੰਭਾਵੀ ਸਾਂਝਾਂ ਤੇ ਵਿਰੋਧਾਂ ਨੂੰ ਬਹੁਤ ਸ਼ਿੱਦਤ ਨਾਲ ਉਭਾਰ ਰਹੀ ਹੈ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਡਾ. ਧਨਵੰਤ ਕੌਰ ਨੇ ਪੁਸਤਕ ਬਾਰੇ ਲੰਬੀ ਚਰਚਾ ਕਰਦਿਆਂ ਕਿਹਾ ਕਿ ਇਸ ਸੰਗ੍ਰਹਿ ਨੂੰ ਨਿਰੋਲ ਕਹਾਣੀਆਂ ਵਾਂਗ ਪੜ੍ਹਦਿਆਂ ਤੇ ਇਨ੍ਹਾਂ ਕਹਾਣੀਆਂ ਨੂੰ ਪਰਵਾਸੀ ਪੰਜਾਬੀ ਕਹਾਣੀ ਦੇ ਵੱਡੇ ਪੈਰਾਡਾਈਮ ਵਿਚ ਪੜ੍ਹਦਿਆਂ ਇਹ ਪਰਵਾਸੀ ਪੰਜਾਬੀ ਬਿਰਤਾਂਤ ਵਲੋਂ ਤੈਅ ਕੀਤੇ ਮਾਣ-ਮੱਤੇ ਪੈਂਡਿਆਂ ਦਾ ਨਵਾਂ ਮੀਲ-ਪੱਥਰ ਹੀ ਨਹੀਂ ਜਾਪਿਆ, ਸਗੋਂ ਆਪਣੀ ਲੋਕੇਸ਼ਨਾਂ ਦਾ ਲਾਹਾ ਲੈਣ ਲਈ ਜਾਣੀਆਂ ਜਾਂਦੀਆਂ ਡਾਇਸਪੋਰਕ ਲਿਖਤਾਂ ਦੀ ਸਹੀ ਰੂਪ ਵਿਚ ਪ੍ਰਤੀਨਿਧਤਾ ਕਰਦਾ ਵੀ ਨਜ਼ਰ ਆਇਆ ਹੈ।
ਇਸ ਸਮਾਗਮ ਦੀ ਪ੍ਰਧਾਨਗੀ ਡਾ. ਜਸਵਿੰਦਰ ਸਿੰਘ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਡਾ. ਧਨਵੰਤ ਕੌਰ ਹਾਜ਼ਰ ਸਨ। ਸਭ ਤੋਂ ਪਹਿਲਾਂ ਪ੍ਰੋ. ਹਰਭਜਨ ਸਿੰਘ, ਸੁਰਿੰਦਰ ਸੋਹਲ ਅਤੇ ਹਰਜਿੰਦਰ ਪੰਧੇਰ ਵਲੋਂ ਸਾਂਝੇ ਯਤਨਾਂ ਨਾਲ ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਵਿਚ ਰਚੀ ਜਾ ਰਹੀ ਪੰਜਾਬੀ ਕਹਾਣੀ ਦੇ ਤਾਜ਼ਾ ਛਪੇ ਸੰਗ੍ਰਹਿ ‘ਦਿਸਹੱਦਿਆਂ ਦੇ ਆਰ-ਪਾਰ’ ਨੂੰ ਰਿਲੀਜ਼ ਕੀਤਾ ਗਿਆ।
ਡਾ. ਸ਼ਸ਼ੀ ਕਾਂਤ ਉਪਲ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਪਰਵਾਸੀ ਪੰਜਾਬੀ ਕਹਾਣੀ ਕਹਿਣ ਦੇ ਅੰਦਾਜ਼ ਵਿਚੋਂ ਚੇਤਨਾ-ਪਰਵਾਹ ਦੀ ਜੁਗਤ ਗਾਇਬ ਲੱਗਦੀ ਹੈ, ਜਿਸ ਦੇ ਜਵਾਬ ਵਿਚ ਡਾ. ਜਸਵਿੰਦਰ ਸਿੰਘ ਨੇ ਕੁਝ ਕਹਾਣੀ ਦਾ ਜ਼ਿਕਰ ਕੀਤਾ। ਖੁੱਲ੍ਹੀ ਗੱਲਬਾਤ ਦਾ ਵਿਸ਼ਾ ਪੰਜਾਬੀ ਭਾਸ਼ਾ ਸੀ। ਤਰਲੋਕਬੀਰ ਨੇ ਯੂਨੈਸਕੋ ਵਲੋਂ ਪੰਜਾਬੀ ਦੇ ਖ਼ਤਮ ਹੋਣ ਦੀ ਚਰਚਾ ਛੇੜੀ। ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਉਸ ਰਿਪੋਰਟ ਵਿਚ ਸਿੱਧਾ ਪੰਜਾਬੀ ਭਾਸ਼ਾ ਦਾ ਨਾਮ ਦਰਜ ਨਹੀਂ ਹੈ। ਭਾਸ਼ਾ-ਵਿਗਿਆਨੀਆਂ ਵਲੋਂ 7 ਨੁਕਤੇ ਪੇਸ਼ ਕੀਤੇ ਗਏ ਹਨ। ਉਹ ਨੁਕਤੇ ਜਿਸ ਵੀ ਭਾਸ਼ਾ ‘ਤੇ ਲਾਗੂ ਹੋਣਗੇ ਉਸ ਦੇ ਮਰ ਜਾਣ ਦੀ ਸੰਭਾਵਨਾ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਬਦਕਿਸਮਤੀ ਦੀ ਗੱਲ ਇਹ ਹੈ ਕਿ ਉਹ 7 ਨੁਕਤੇ ਪੰਜਾਬੀ ਭਾਸ਼ਾ ‘ਤੇ ਵੀ ਲਾਗੂ ਹੁੰਦੇ ਹਨ।
ਅਗਲਾ ਦੌਰ ਸਾਹਿਤਕ ਰਚਨਾਵਾਂ ਦਾ ਸੀ, ਜਿਸ ਵਿਚ ਮੁਮਤਾਜ਼ ਹੁਸੈਨ ਨੇ ‘ਧੁੰਨੜ’ ਉਰਦੂ ਕਹਾਣੀ ਪੜ੍ਹੀ। ਦਲਜੀਤ ਕੌਸ ਨੇ ਆਪਣੀ ਉਰਦੂ ਗ਼ਜ਼ਲ ਤਰੰਨਮ ਵਿਚ ਪੜ੍ਹ ਕੇ ਸਮਾਂ ਬੰਨ੍ਹ ਦਿੱਤਾ। ਡਾ. ਸ਼ਸ਼ੀ ਕਾਂਤ ਉਪਲ ਨੇ ਉਰਦੂ, ਪੰਜਾਬੀ ਗ਼ਜ਼ਲਾਂ ਤੋਂ ਇਲਾਵਾ ਕੁਝ ਦੋਹੇ ਵੀ ਸਾਂਝੇ ਕੀਤੇ। ਤਰਲੋਕਬੀਰ, ਸੁਰਿੰਦਰ ਸੋਹਲ, ਦਲਜੀਤ ਮੋਖਾ, ਰਾਣੀ ਨਗਿੰਦਰ ਨੇ ਆਪਣਾ ਆਪਣਾ ਕਲਾਮ ਪੇਸ਼ ਕੀਤਾ।
The post ਪਰਵਾਸੀ ਗਲਪਕਾਰਾਂ ਨੇ ਵੱਡੀਆਂ ਭਵਿੱਖੀ ਸੰਭਾਵਨਾਵਾਂ ਦੇ ਦਰ ਖੋਲ੍ਹੇ : ਡਾ. ਜਸਵਿੰਦਰ appeared first on Quomantry Amritsar Times.