ਸੈਕਰਾਮੈਂਟੋ/ਹੁਸਨ ਲੜੋਆ ਬੰਗਾ:
ਅਕਸਰ ਵੱਖ-ਵੱਖ ਕਲਾਕਾਰਾਂ ਦੇ ਸ਼ੋਅ ਅਮਰੀਕਾ ਦੀਆਂ ਵੱਖ-ਵੱਖ ਥਾਵਾਂ ‘ਤੇ ਹੁੰਦੇ ਰਹਿੰਦੇ ਹਨ ਪਰ ਪੰਜਾਬੀ ਸਪੁੱਤਰ ਗੁਰਦਾਸ ਮਾਨ ਦੇ ਸ਼ੋਅ ਦੀ ਖਿੱਚ ਅਤੇ ਗੁਰਦਾਸ ਮਾਨ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਤਾਹੀਓਂ ਉਸ ਦੇ ਸ਼ੋਆਂ ਵਿਚ ਭਾਰੀ ਭੀੜ ਲਈ ਖਿੱਚ ਹੁੰਦੀ ਹੈ। ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਤੋਂ ਬਾਅਦ ਸੈਕਰਾਮੈਂਟੋ ਵਿਚ ਵੀ ਇੰਜ ਹੀ ਹੋਇਆ ਜਿਥੇ ਗੁਰਦਾਸ ਮਾਨ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਦੀ ਛਹਿਬਰ ਲਾਈ। ਇਸ ਵਾਰ ਦੋ ਆਈਟਮਾਂ ਉਸ ਨੇ ਆਪਣੀ ਪੰਜਾਬੀ ਗਾਇਕੀ ਤੇ ਸਟੇਜ ਤੋਂ ਸ਼ਾਮਿਲ ਕੀਤੀਆਂ ਜਿਨ੍ਹਾਂ ‘ਚ ਐਲ.ਈ.ਡੀ. ਤੋਂ ਗੀਤ ਦੀ ਖੂਬਸੂਰਤ ਵੀਡੀਓ ਗ੍ਰਾਫੀ ਅਤੇ ਫਿਰ ਵੀਡੀਓ ਗ੍ਰਾਫੀ ਦੇ ਅੰਤਲੇ ਪੜਾਅ ਭਾਵ ਸੀਨ ਨੂੰ ਸਟੇਜ ਨਾਲ ਜੋੜ ਕੇ ਪੇਸ ਕਰਨਾ ਅਤੇ ਦੂਸਰਾ ਪਿਆਨੋ ਉਤੇ ਉਦਾਸ ਗੀਤ ਦਾ ਉਲੇਖ ਕਰਨਾ ਪ੍ਰਭਾਵਸ਼ਾਲੀ ਹੋ ਨਿਬੜਿਆ।
ਬਰਾਈਟ ਬਰੇਨ ਵਲੋਂ ਕਰਵਾਏ ਤੇ ਜੈ ਸਿੰਘ ਦੀ ਪੇਸ਼ਕਸ਼ ਦੁਆਰਾ ਪੇਸ਼ ਕੀਤੇ ਇਸ ਪ੍ਰੋਗਰਾਮ ਨੂੰ ਦਰਸ਼ਕਾਂ ਨੇ ਟਿਕਟਿਕੀ ਲਗਾ ਕੇ ਸੁਣਿਆ। ਭਰੇ ਹਾਲ ਵਿਚ ਐਤਕਾਂ ਅਵਾਰਾ ਅਵਾਜ਼ਾਂ ਘੱਟ ਸੁਣਨ ਨੂੰ ਮਿਲੀਆਂ। ਦਰਸ਼ਕਾਂ ਨੇ ਸੰਗੀਤ ਦਾ ਪੂਰਾ ਅਨੰਦ ਮਾਣਿਆ। ਗੁਰਦਾਸ ਮਾਨ ਦੇ ਕੁਝ ਚੋਣਵੇਂ ਗੀਤ, ‘ਸੱਜਣਾ ਵੇ ਸੱਜਣਾ’, ‘ਲੰਬੀ ਸੀਟੀ ਮਾਰ ਮਿੱਤਰਾ’, ‘ਦਿਲ ਦਾ ਮਾਮਲਾ ਹੈ’, ‘ਹੀਰ’, ‘ਯੋਗੀ ਯੋਗੀ ਹੁੰਦੇ ਨੇ’ ਤੇ ਛੱਲੇ’ ਰਾਹੀਂ ਦਰਸ਼ਕਾਂ ਨੂੰ ਜਜਬਾਤੀ ਕਰਕੇ ਸਟੇਜ ਨਾਲ ਬੰਨ੍ਹੀ ਰੱਖਿਆ।
ਇਸ ਮੌਕੇ ਐਨ.ਬੀ.ਏ. ਬਾਸਕਟਬਾਲ ਖਿਡਾਰੀ ਸਤਨਾਮ ਸਿੰਘ ਨੂੰ ਵੀ ਸਟੇਜ ‘ਤੇ ਸਨਮਾਨ ਵਜੋਂ ਲਿਆਂਦਾ ਗਿਆ।
The post ਸੈਕਰਾਮੈਂਟੋ ‘ਚ ਗੁਰਦਾਸ ਮਾਨ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲਿਆ appeared first on Quomantry Amritsar Times.