ਡੈਲਸ, ਟੈਕਸਸ/ਹਰਜੀਤ ਸਿੰਘ ਢੇਸੀ:
ਪ੍ਰੋਗਰੈਸਿਵ ਕਲਚਰ ਐਸੋਸੀਏਸ਼ਨ ਅਤੇ ਜੋਬਨ ਇੰਨਟਰ ਟੇਨਮਿੰਟ ਵੱਲੋਂ ਸਥਾਨਕ ‘ਰਿਜਰਵ ਹਾਲ’ ਵਿਚ ਕਰਵਾਏ ਗਏ ਤੀਆਂ ਦੇ ਮੇਲੇ ਵਿਚ ਭਾਰੀ ਗਿਣਤੀ ਵਿਚ ਪਹੁੰਚ ਕੇ ਮੁਟਿਆਰਾਂ ਤੇ ਬੀਬੀਆਂ ਨੇ ਖੂਬ ਰੌਣਕਾਂ ਲਾਈਆਂ। ਪੰਜਾਬੀ ਰਵਾਇਤੀ ਪਹਿਰਾਵੇ ਵਿਚ ਸਜੀਆਂ ਮੁਟਿਆਰਾਂ ਮੇਲੇ ਦੀ ਰੌਣਕ ਤਾਂ ਸਨ ਹੀ ਖੁਦ ਵੀ ਖੂਬ ਆਨੰਦ ਮਾਣ ਰਹੀਆਂ ਸਨ। ਇਸ ਤੀਆਂ ਦੇ ਮੇਲੇ ਦਾ ਖਿੱਚ ਦਾ ਕੇਂਦਰ ਬੀਬੀਆਂ ਦਾ ਗਿੱਧਾ ਸੀ। ਢੋਲ ਦੀ ਤਾਲ ‘ਤੇ ਥਿਰਕਦੀਆਂ ਅਤੇ ਬੋਲੀਆਂ ਪਾਉਂਦੀਆਂ, ਹੱਸਦੀਆਂ ਮੁਟਿਆਰਾਂ ਗਿੱਧੇ ‘ਚ ਧਮੱਚੜ ਪਾ ਰਹੀਆਂ ਸਨ। ਇਕ ਚੰਚਲ ਮੁਟਿਆਰ ਨੇ ਬੋਲੀ ਪਾਈ ‘ਸੱਸੇ ਨੀ ਬਾਰਾਂ ਤਾਲੀਏ, ਮੈਂ ਤੇਰਾਂ ਤਾਲੀ ਆਈ’ ਤਾਂ ਦੂਜੀ ਨੇ ਨਾਲ ਹੀ ਬੋਲੀ ਚੁੱਕੀ ਲਈ ‘ਲੈ ਤੁਰਿਆ ਜੱਟ ਮਚਲਾ, ਰਹਿ ਗਈ ਪੀਂਘ ਪਿੱਪਲ ਤੇ ਪਾਈ’। ਬਸ ਫਿਰ ਦੇਖੋ ਦੇਖੀ ਹੋਰਨਾਂ ਮੁਟਿਆਰਾਂ ਬੀਬੀਆਂ ਨੇ ਬੋਲੀਆਂ ਪਾ ਕੇ ਮਨ ਖੁਸ਼ ਕੀਤਾ।
ਇਸ ਮੌਕੇ ਹਿਊਸਟਨ ਤੋਂ ਪੁੰਜੀ ਗਾਇਕਾ ਪਿੰਕੀ ਪਾਰਸ ਨੇ ਆਪਣੇ ਗੀਤਾਂ ਤੇ ਬੋਲੀਆਂ ਰਾਹੀਂ ਮੇਲੇ ਨੂੰ ਸਿਖਰ ‘ਤੇ ਲੈ ਆਂਦਾ ਇਸ ਤੀਆਂ ਦੇ ਮੇਲੇ ਵਿਚ ਚਿਰਾ ਤੋਂ ਭੁੱਲੀਆਂ ਵਿਸਰੀਆਂ ਬੋਲੀਆਂ ਨੂੰ ਇਕ ਵਾਰ ਦੁਬਾਰਾ ਸੁਣ ਕੇ ਅਤੀਤ ਦੇ ਪ੍ਰਛਾਵੇਂ ਯਾਦ ਆਏ। ਨੱਚਦੀਆਂ, ਟੱਪਦੀਆਂ, ਹੱਸਦੀਆਂ, ਖੇਡਦੀਆਂ ਸਖੀਆਂ ਸਹੇਲੀਆਂ ਨੇ ਵਕਤ ਨੂੰ ਰੋਕ ਕੇ ਰੱਖ ਦਿੱਤਾ. ਹਰ ਪਾਸੇ ਖੁਸ਼ੀਆਂ ਖੇੜਿਆਂ ਦਾ ਮਾਹੌਲ ਵੇਖਣ ਨੂੰ ਮਿਲਿਆ ਅਤੇ ਇਕ ਵਾਰ ਤਾਂ ਪੰਜਾਬ ਦੇ ਮੇਲਿਆਂ ਦੀ ਯਾਦ ਤਾਜ਼ਾ ਹੋ ਗਈ।
ਮੇਲੇ ਦੇ ਪ੍ਰਬੰਧਕੀ ਬੋਰਡ ਮਿਸਜ਼ ਚੱਨਾ, ਪੰਮੀ ਚੀਮਾ, ਅਮੀਤਾ ਸਿੰਘ, ਮਿਸਜ਼ ਰਾਏ ਅਤੇ ਮਿਸਜ਼ ਸ਼ਰਮਾ ਨੇ ਮੇਲੇ ਦੇ ਸਪਾਂਸਰ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਮੇਲੇ ਨੂੰ ਅਗਲੇ ਸਾਲ ਵੀ ਪੂਰੀ ਸ਼ਾਨੋ ਸ਼ੌਕਤ ਨਾਲ ਕਰਵਾਉਣਗੇ। ਇਸ ਮੇਲੇ ਦੇ ਮੀਡੀਆ ਸਪਾਂਸਰ ਅਮਰੀਕਨ ਪਰੈਸ ਕਲੱਬ, ਜਸ ਪੰਜਾਬੀ, ਟੀ ਵੀ ਗਲੋਬਲ ਪੰਜਾਬ, ਟੀ ਵੀ 4 ਕੇ ਵੀਡੀਓ ਪ੍ਰੋਡਕਸ਼ਨ ਅਤੇ ਯੂ ਆਰ ਪ੍ਰੋਡਕਸ਼ਨ ਸਨ।
The post ਪ੍ਰੋਗਰੈਸਿਵ ਕਲਚਰ ਐਸੋਸੀਏਸ਼ਨ ਦੇ ਤੀਆਂ ਦੇ ਮੇਲੇ ‘ਚ ਗਿੱਧੇ ਦੀਆਂ ਧੁੰਮਾਂ appeared first on Quomantry Amritsar Times.