‘ਅੰਗਰੇਜ਼’ ਅਤੇ ‘ਲਵ ਪੰਜਾਬ’ ਵਾਲਾ ਅੰਬਰਦੀਪ ਹੋਵੇਗਾ ਨਿਰਦੇਸ਼ਕ
ਸਾਨ ਫਰਾਂਸਿਸਕੋ/ਬਿਊਰੋ ਨਿਊਜ਼ :
ਜੀ.ਬੀ. ਐਂਟਰਟੇਨਮੈਂਟ ਅਤੇ ਗਾਖਲ ਭਰਾਵਾਂ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਅਤੇ ਇਕਬਾਲ ਸਿੰਘ ਗਾਖਲ ਵਲੋਂ ਆਪਣੀ ਤੀਜੀ ਪੰਜਾਬੀ ਫਿਲਮ ਦਾ ਨਿਰਮਾਣ ਗਾਇਕ ਅਤੇ ਨਾਇਕ ਅਮਰਿੰਦਰ ਗਿੱਲ ਨਾਲ ਕਰਨ ਦਾ ਐਲਾਨ ਕੀਤਾ ਹੈ। ਇਸ ਫਿਲਮ ਦੇ ਨਿਰਦੇਸ਼ਕ ਹੋਣਗੇ ‘ਗੋਰਿਆਂ ਨੂੰ ਦਫਾ ਕਰੋ’, ‘ਅੰਗਰੇਜ਼’ ਅਤੇ ‘ਲਵ ਪੰਜਾਬ’ ਵਰਗੀਆਂ ਸੁਪਰ ਹਿੱਟ ਫਿਲਮਾਂ ਦੇਣ ਵਾਲੇ ਅੰਬਰਦੀਪ। ਨਿਰਮਾਤਾ ਅਮੋਲਕ ਸਿੰਘ ਗਾਖਲ ਨੇ ਇੱਥੇ ਦੱਸਿਆ ਕਿ ਉਹ ਲਗਨ ਅਤੇ ਸਿਰੜ ਨਾਲ ਫਿਲਮੀ ਖੇਤਰ ਵਿਚ ਆਏ ਹਨ ਅਤੇ ਪੰਜਾਬੀ ਫਿਲਮ ਜਗਤ ਨੂੰ ਚੰਗੀਆਂ ਫਿਲਮਾਂ ਦੇਣ ਦਾ ਦ੍ਰਿੜ ਸੰਕਲਪ ਉਨ੍ਹਾਂ ਦਾ ਮਿਸ਼ਨ ਹੈ ਅਤੇ ਇਸੇ ਲੜੀ ਵਿਚ ਉਨ੍ਹਾਂ ਨੇ ‘ਸੈਕਿੰਡ ਹੈਂਡ ਹਸਬੈਂਡ’ ਅਤੇ ‘ਵਿਸਾਖੀ ਲਿਸਟ’ ਤੋਂ ਬਾਅਦ ਇਹ ਨਵੀਂ ਪੰਜਾਬੀ ਫਿਲਮ ਬਣਾਉਣ ਦਾ ਫੈਸਲਾ ਲਿਆ ਹੈ। ਹਾਲ ਹੀ ਵਿਚ ਵਾਟਸਨਵਿੱਲ ਆਏ ਫਿਲਮ ਦੇ ਨਾਇਕ ਅਮਰਿੰਦਰ ਗਿੱਲ ਨੇ ਗਾਖਲ ਭਰਾਵਾਂ ਨਾਲ ਫਿਲਮ ਸਾਈਨ ਕਰਦਿਆਂ ਕਿਹਾ ਕਿ ਉਹ ਗਾਖਲ ਭਰਾਵਾਂ ਨਾਲ ਕੰਮ ਕਰਨ ਦੀ ਖੁਸ਼ੀ ਲੈ ਰਿਹਾ ਹੈ। ਉਹ ਪੂਰੀ ਤਨਦੇਹੀ ਅਤੇ ਜੀਅ ਜਾਨ ਨਾਲ ਕੰਮ ਕਰੇਗਾ ਤਾਂ ਜੋ ਇਹ ਫ਼ਿਲਮ ਵੀ ਪਹਿਲੀਆਂ ਫ਼ਿਲਮਾਂ ਨਾਲੋਂ ਵੀ ਜ਼ਿਆਦਾ ਮਕਬੂਲੀਅਤ ਹਾਸਲ ਕਰੇ। ਜਲਦੀ ਹੀ ਉਹ ਆਪਣੀਆਂ ਵਿਹਲੀਆਂ ਤਾਰੀਕਾਂ ਦੇਖ ਕੇ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ। ਆਪਣੀ ਰਿਹਾਇਸ਼ ‘ਤੇ ਗਾਖਲ ਭਰਾਵਾਂ ਨੇ ਕਿਹਾ ਕਿ ਸਕਰੀਨਪਲੇ, ਡਾਇਲਾਗ ਵੀ ਅੰਬਰ ਨੇ ਲਿਖੇ ਹਨ ਅਤੇ ਉਹ ਪਿਛਲੇ ਦੋ ਵਰ੍ਹਿਆਂ ਤੋਂ ਇਸ ਫਿਲਮ ਦੀ ਰੂਪਰੇਖਾ ਅਤੇ ਨਿਰਮਾਣ ਲਈ ਲਗਾਤਾਰ ਸੁਹਿਰਦਤਾ ਨਾਲ ਕੰਮ ਕਰ ਰਹੇ ਹਨ। ਫਿਲਮ ਦੀ ਬਾਕੀ ਸਟਾਰਕਾਸਟ ਦਾ ਵੀ ਜਲਦੀ ਹੀ ਐਲਾਨ ਕੀਤਾ ਜਾ ਰਿਹਾ ਹੈ ਅਤੇ ਸੰਗੀਤਕ ਪੱਖ ਅਤੇ ਬਾਕੀ ਗੱਲਾਂ ਨੂੰ ਵੀ ਜਲਦੀ ਹੀ ਪੰਜਾਬੀ ਦਰਸ਼ਕਾਂ ਦੇ ਸਨਮੁੱਖ ਕਰ ਦਿੱਤਾ ਜਾਵੇਗਾ।
ਅਮੋਲਕ ਸਿੰਘ ਗਾਖਲ ਨੇ ਕਿਹਾ ਕਿ ਕਿਉਂਕਿ ਇਹ ਫਿਲਮ ਪੰਜਾਬੀ ਗਾਇਕੀ ਅਤੇ ਸੰਗੀਤ ਜਗਤ ਦੇ ਵੀ ਬਹੁਤ ਕਰੀਬ ਹੋਵੇਗੀ, ਇਸ ਲਈ ਪੰਜਾਬੀ ਲੇਖਕ ਅਤੇ ਅਸ਼ੋਕ ਭੌਰਾ ਦਾ ਸਹਿਯੋਗ ਵੀ ਲਿਆ ਜਾਵੇਗਾ।
The post ਗਾਖਲ ਭਰਾਵਾਂ ਵਲੋਂ ਅਮਰਿੰਦਰ ਗਿੱਲ ਨਾਲ ਫਿਲਮ ਬਣਾਉਣ ਦਾ ਐਲਾਨ appeared first on Quomantry Amritsar Times.