ਫਰੀਮੌਂਟ/ਬਿਊਰੋ ਨਿਊਜ਼:
ਉਘੇ ਕਲਾਕਾਰ ਅਸ਼ੋਕ ਟਾਂਗਰੀ ਦੁਆਰਾ ਨਿਰਦੇਸ਼ਤ ਨਾਟਕ ‘ਕਿਸਾਨ ਖੁਦਕਸ਼ੀ ਦੇ ਮੋੜ ‘ਤੇ’ ਕਲਾ ਦੀ ਸਿਖਰ ਹੋ ਨਿਬੜਿਆ। ਬੀਤੇ ਸ਼ਨੀਵਾਰ 2 ਜੁਲਾਈ ਨੂੰ ਜੇਮਜ਼ ਲੋਗਨ ਹਾਈ ਸਕੂਲ ਯੂਨੀਅਨ ਸਿਟੀ ਦੇ ਥੀਏਟਰ ਵਿੱਚ ਅਭਿਰਾਜ ਪ੍ਰੋਡਕਸ਼ਨ ਦੁਆਰਾ ਕਰਵਾਏ ਗਏ ਇਸ ਨਾਟਕ ਨੂੰ ਦਰਸ਼ਕਾਂ ਨੇ ਖੂਬ ਮਾਣਿਆਂ ਤੇ ਰੱਜ ਕੇ ਸਲਾਹਿਆ। ਲੌਂਗ ਵੀਕਐਂਡ ਹੋਣ ਦੇ ਬਾਵਜੂਦ ਦਰਸ਼ਕ ਹੁੰਮ ਹੁਮਾ ਕੇ ਪੁੱਜੇ। ਅੰਨ ਦਾਤਾ ਕਹੇ ਜਾਣ ਵਾਲਾ ਕਿਸਾਨ ਅੱਜ ਖੁਦਕਸ਼ੀ ਕਰਨ ਲਈ ਮਜਬੂਰ ਕਿਓਂ ਹੈ? ਇਨ੍ਹਾਂ ਸਵਾਲਾਂ ਦੀਆਂ ਪਰਤਾਂ ਖੋਲ੍ਹਦਾ ਹੈ ਕਿਸਾਨਾਂ ਦੇ ਦਰਦ ਦੀ ਬਾਤ ਪਾਉਂਦਾ ਇਹ ਨਾਟਕ। ਸਾਰੇ ਹੀ ਕਲਾਕਾਰ ਆਪਣੇ ਪਾਤਰਾਂ ਨਾਲ ਇਨਸਾਫ ਕਰਨ ਵਿੱਚ ਸਫਲ ਰਹੇ.ਨਾਟਕ ਦੇ ਮੁੱਖ ਪਾਤਰ ਬਚਿੱਤਰ ਸਿੰਘ ਦੇ ਰੋਲ ਵਿੱਚ ਜਸਵੰਤ ਸਿੰਘ ਸ਼ਾਦ ਇੱਕ ਵੱਖਰੇ ਹੀ ਰੂਪ ਵਿੱਚ ਸਾਰੇ ਨਾਟਕ ‘ਤੇ ਛਾਇਆ ਰਿਹਾ। ਬਚਿੱਤਰ ਸਿੰਘ ਦੀ ਪਤਨੀ ਨਿਹਾਲ ਕੌਰ ਦੇ ਰੂਪ ਵਿੱਚ ਉੱਘੀ ਕਲਾਕਾਰਾਂ ਡਿੰਪਲ ਬੈਂਸ ਨੇ ਇੱਕ ਅੱਧਖੜ ਪੇਂਡੂ ਔਰਤ ਦੇ ਕਿਰਦਾਰ ਨੂੰ ਬਾਖੂਬੀ ਨਿਭਾਇਆ। ਬਚਿੱਤਰ ਸਿੰਘ ਦੇ ਹਮਦਰਦ ਭਾਨੇ ਅਮਲੀ ਦੇ ਰੂਪ ਵਿੱਚ ਆਏ ਅਸ਼ੋਕ ਟਾਂਗਰੀ ਨੇ ਲੋਟੂ ਨਿਜ਼ਾਮ ਉੱਤੇ ਕਰਾਰੀਆਂ ਚੋਟਾਂ ਕਰਦਿਆਂ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਨੂੰ ਖੂਬ ਹਸਾਇਆ। ਧੀ ਗੀਤੀ ਦੇ ਰੂਪ ਵਿੱਚ ਅਮਰੀਕਾ ਦੀ ਜੰਮਪਲ ਜਾਨਵੀ ਬੈਂਸ ਨੇ ਕਮਾਲ ਈ ਕਰ ਦਿੱਤੀ। ਬਚਿੱਤਰ ਦੇ ਅੱਲੜ ਉਮਰ ਦੇ ਮੁੰਡੇ ਦੇ ਰੋਲ ਵਿੱਚ ਜੱਸੀ ਢਿੱਲੋਂ ਵੱਖਰੀ ਛਾਪ ਛੱਡ ਗਿਆ। ਭਈਏ ਦੇ ਰੂਪ ਵਿੱਚ ਆਏ ਸੋਨੂੰ ਬੈਂਸ ਨੂੰ ਦਰਸ਼ਕਾਂ ਨੇ ਖੂਬ ਸਰਾਹਿਆ। ਸੁਖਚੈਨ ਸਿੰਘ ਦੇ ਰੂਪ ਵਿੱਚ ਤਾਰਾ ਸਿੰਘ ਸਾਗਰ ਤੇ ਸੀਤੇ ਦੇ ਕਿਰਦਾਰ ਵਿੱਚ ਸਿਕੰਦਰ ਟਾਂਗਰੀ ਵੀ ਭਰਪੂਰ ਹਾਜ਼ਰੀ ਲਵਾ ਗਏ। ਨਾਟਕ ਦੇ ਕੁਝ ਸੀਨ ਇੰਨੇ ਦਿਲ ਵਿੰਨਵੇਂ ਹਨ ਕਿ ਦਰਸ਼ਕ ਦੀ ਅੱਖ ਸਿੱਲ੍ਹੀ ਹੋਏ ਬਿਨਾ ਨਹੀਂ ਰਹਿ ਸਕਦੀ। ਯਾਦ ਰਹੇ ਕਿ ਇਸੇ ਟੀਮ ਨੇ ਪਿਛਲੇ ਸਾਲ ਕੈਲੇਫੋਰਨੀਆਂ ਵਿੱਚ ਨਾਟਕ ‘ਧੀਆਂ ਮਰਜਾਣੀਆਂ’ ਦੇ ਪੰਜ ਸਫਲ ਸ਼ੋਅ ਕਰਕੇ ਹਜ਼ਾਰਾਂ ਦਰਸ਼ਕਾਂ ਦੇ ਮਨ ਮੋਹ ਲਏ ਸਨ। ਕੁਝ ਦਰਸ਼ਕਾਂ ਦਾ ਵਿਚਾਰ ਹੈ ਕਿ ਇਹ ਨਾਟਕ ਉਸਤੋਂ ਵੀ ਵੱਧ ਧੂਹ ਪਾਉਣ ਵਾਲਾ ਹੈ। ਕੁਲਦੀਪ ਸਿੰਘ ਦੀਪ ਇਸ ਨਾਟਕ ਦੇ ਲੇਖਕ ਹਨ ਅਤੇ ਪ੍ਰੋਡਿਊਸਰ ਤਾਰਾ ਸਿੰਘ ਸਾਗਰ। ਮਿਊਜ਼ਿਕ ਕੰਟਰੋਲ ਕੀਤਾ ਅਭਿਰਾਜ ਟਾਂਗਰੀ ਨੇ। ਸੈੱਟ ਡਿਜ਼ਾਈਨ ਅਤੇ ਸਟੇਜ ਕੰਟਰੋਲ ਕੀਤਾ ਜਸਪ੍ਰੀਤ ਟਾਂਗਰੀ ਨੇ। ਲਾਜਵਾਬ ਸਾਊਂਡ ਸੀ ਵਿਜੇ ਦੀ। ਖੂਬਸੂਰਤ ਤੇ ਢੁਕਵੇਂ ਸ਼ਬਦਾਂ ਨਾਲ ਸਟੇਜ ਸੰਚਾਲਨ ਕੀਤਾ ਹਰਦਿਲ ਅਜ਼ੀਜ਼ ਹਰਜੀਤ ਕੌਰ ਉੱਪਲ ਨੇ। ਨਾਟਕ ਦੇ ਸਪੌਂਸਰਾਂ ਨੂੰ ਸਟੇਜ ਉੱਤੋਂ ਸਨਮਾਨਤ ਕੀਤਾ ਗਿਆ ਅਤੇ ਸਹਾਇਤਾ ਸੰਸਥਾ ਵਲੋਂ ਆਏ ਦਲਜੀਤ ਸਿੰਘ ਖਹਿਰਾ ਨੇ ਵੀ ਸੰਸਥਾ ਵਲੋਂ ਕਿਸਾਨਾਂ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਚਾਨਣਾ ਪਾਇਆ।
The post ਕਿਸਾਨਾਂ ਦੇ ਦਰਦ ਦੀ ਬਾਤ ਪਾਉਂਦੇ ਨਾਟਕ ‘ਕਿਸਾਨ ਖੁਦਕਸ਼ੀ ਦੇ ਮੋੜ ‘ਤੇ’ ਦੀ ਖੂਬਸੂਰਤ ਪੇਸ਼ਕਾਰੀ appeared first on Quomantry Amritsar Times.