Quantcast
Channel: ਸਾਹਿਤ/ਮਨੋਰੰਜਨ – Quomantry Amritsar Times
Viewing all articles
Browse latest Browse all 342

ਪੰਜਾਬੀ ਸਾਹਿਤ ਸਭਾ ਨਿਊ ਯਾਰਕ ਦੀ ਮੀਟਿੰਗ ‘ਚ ਤਿੰਨ ਕਿਤਾਬਾਂ ਲੋਕ ਅਰਪਣ

$
0
0

Punjabi Sahit Sabha New York's
ਨਿਊ ਯਾਰਕ/ਬਿਊਰੋ ਨਿਊਜ਼:
ਪੰਜਾਬੀ ਸਾਹਿਤ ਸਭਾ ਨਿਊ ਯਾਰਕ ਦੀ ਜੂਨ 2016 ਦੀ ਮੀਟਿੰਗ ਨਿਊ ਯਾਰਕ ਵਿੱਚ ਹੋਈ ਮੀਟਿੰਗ ‘ਚ ਤਿੰਨ ਕਿਤਾਬਾਂ  ਲੋਕ ਅਰਪਣ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਡਾ. ਬਲਦੇਵ ਸਿੰਘ ਧਾਲੀਵਾਲ ਵੱਲੋਂ ਸੰਪਾਦਿਤ ਸਾਲ 2015 ਦੀਆਂ ਬੇਹਤਰੀਨ ਪੰਜਾਬੀ ਕਹਾਣੀਆਂ ਦੀ ਕਿਤਾਬ ”ਆਹਟ,” ਅਤੇ ਡਾ. ਉੱਪਲ ਦੀ ਦੋਹਰਿਆਂ ਦੀ ਕਿਤਾਬ ”ਨਕਸ਼ ਫਰਯਾਦੀ ਹੈ” ਅਤੇ ਹਿੰਦੀ ਕਵਿਤਾਵਾਂ ਦੀ ਕਿਤਾਬ ”ਭੀੜ ਕੇ ਸਵਰ” ਸ਼ਾਮਲ ਸਨ।
ਸਪਾਈਸ ਇੰਡੀਆ ਰੈਸਟੋਰੈਂਟ ਵਿੱਚ 12 ਜੂਨ ਐਤਵਾਰ ਨੂੰ ਬਾਅਦ ਦੁਪਹਿਰ 1:00 ਵਜੇ ਤੋਂ ਸ਼ਾਮ ਦੇ 7:30 ਵਜੇ ਤੱਕ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਮੈਂਬਰਾਂ ਨੇ ਦੁਪਹਿਰ ਦੇ ਖਾਣੇ ਦਾ ਅਨੰਦ ਮਾਣਿਆਂ ਅਤੇ ਬਹੁਤ ਸਾਰੇ ਵਿਸ਼ਿਆਂ ਤੇ ਆਪਸ ਵਿੱਚ ਗੱਲਾਂ ਕੀਤੀਆਂ। ਇਸ ਮੀਟਿੰਗ ਵਿੱਚ ਪੰਜਾਬੀ ਦੇ  ਲੇਖਕ ਡਾ. ਬਲਦੇਵ ਸਿੰਘ ਧਾਲੀਵਾਲ, ਕਵੀ-ਚਿੱਤਰਕਾਰ ਸਵਰਨਜੀਤ ਸਵੀ ਅਤੇ ਡਾ. ਸ਼ਸ਼ੀ ਕਾਂਤ ਉੱਪਲ ਮੁੱਖ ਮਹਿਮਾਨ ਸਨ।
ਮੀਟਿੰਗ ਦੇ ਸ਼ੁਰੂ ਵਿੱਚ ਪ੍ਰੇਮ ਮਾਨ ਨੇ ਮੁੱਖ ਮਹਿਮਾਨਾਂ ਡਾ. ਬਲਦੇਵ ਸਿੰਘ ਧਾਲੀਵਾਲ, ਸਵਰਨਜੀਤ ਸਵੀ,ਅਤੇ ਡਾ. ਸ਼ਸ਼ੀ ਕਾਂਤ ਉੱਪਲ ਨੂੰ ਜੀ ਆਇਆਂ ਆਖਿਆ ਅਤੇ ਉਨ੍ਹਾਂ ਬਾਰੇ ਸਭਾ ਦੇ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਅਤੇ ਫਿਰ ਸਭਾ ਦੇ ਮੈਂਬਰਾਂ ਦੀ ਜਾਣ ਪਛਾਣ ਮੁੱਖ ਮਹਿਮਾਨਾਂ ਨਾਲ ਕਰਾਈ। ਇਸ ਤੋਂ ਬਾਅਦ ਡਾ. ਬਲਦੇਵ ਸਿੰਘ ਧਾਲੀਵਾਲ ਨੇ ਆਪਣੀਆਂ ਸਾਹਿੱਕਿ ਰਚਨਾਵਾਂ ਬਾਰੇ ਗੱਲਾਂ ਕੀਤੀਆਂ। ਉਨ੍ਹਾਂ ਨੇ ਖ਼ਾਸ ਕਰ ਕੇ ਆਪਣੀਆਂ ਕਈ ਖ਼ੂਬਸੂਰਤ ਕਹਾਣੀਆਂ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਦੀਆਂ ਕਹਾਣੀਆਂ ਵਿੱਚ ਕਿਵੇਂ ਨਾ ਕਿਵੇਂ ਉਨ੍ਹਾਂ ਦੇ ਬਾਪੂ ਜੀ ਆ ਵੜਦੇ ਹਨ। ਉਨ੍ਹਾਂ ਨੇ ਪੰਜਾਬੀ ਕਹਾਣੀਆਂ ਦੀ ਗੱਲ ਕਰਦਿਆਂ ਤਿੰਨ ਪੰਜਾਬਾਂ– ਹਿੰਦੁਸਤਾਨੀ ਪੰਜਾਬ, ਪਾਕਿਸਤਾਨੀ ਪੰਜਾਬ, ਅਤੇ ਪ੍ਰਵਾਸੀ ਪੰਜਾਬ – ਅਤੇ ਇਨ੍ਹਾਂ ਤਿੰਨਾਂ ਪੰਜਾਬਾਂ ਵਿੱਚ ਲਿਖੀ ਜਾਂਦੀ ਪੰਜਾਬੀ ਕਹਾਣੀ ਦਾ ਜ਼ਿਕਰ ਕੀਤਾ।  ਡਾ. ਧਾਲੀਵਾਲ ਪੰਜਾਬੀ ਦੇ ਨਿਪੁੰਨ ਅਤੇ ਸਤਿਕਾਰੇ ਜਾਂਦੇ ਕਹਾਣੀਕਾਰ ਅਤੇ ਅਲੋਚਕ ਹਨ। ਇਿਸ ਤੋਂ ਬਾਅਦ ਪੰਜਾਬੀ ਦੇ ਮਸ਼ਹੂਰ ਕਵੀ ਅਤੇ ਆਰਟਿਸਟ ਸਵਰਨਜੀਤ ਸਵੀ ਨੇ ਆਪਣੀਆਂ ਕਵਿਤਾਵਾਂ ਅਤੇ ਪੇਂਟਿੰਗਜ਼ ਬਾਰੇ ਗੱਲਾਂ ਕੀਤੀਆਂ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਹ ਇਕ ਗ਼ਰੀਬ ਘਰ ਚੋਂ ਆ ਕੇ ਸਫਲਤਾ ਵੱਲ ਵਧੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਉਨ੍ਹਾਂ ਦੇ ਬਾਪੂ (ਬਾਬਾ ਜੀ) ਅਤੇ ਬਾਬਾ ਗ਼ਨੀ ਖਾਂ (ਜਿਨ੍ਹਾਂ ਨੂੰ ਉਹ ਕਲਮਾਂ ਵਾਲਾ ਬਾਬਾ ਕਹਿੰਦੇ ਸਨ) ਦੀ ਬਹੁਤ ਦੇਣ ਹੈ। ਉਨ੍ਹਾਂ ਨੂੰ ਕਵਿਤਾ ਲਿਖਣ ਲਈ ਬਾਬਾ ਗ਼ਨੀ ਖਾਂ ਤੋਂ ਹੀ ਪ੍ਰੇਰਨਾ ਮਿਲੀ ਜਿਹੜੇ ਉਨ੍ਹਾਂ ਨੂੰ ਕਲਮਾਂ ਘੜ ਘੜ ਕੇ ਫੱਟੀ ਉੱਤੇ ਲਿਖਣ ਲਈ ਦਿੰਦੇ ਸਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਸਭ ਤੋਂ ਔਖਾ ਪਲ ਉਹ ਸੀ ਜਦੋਂ ਉਨ੍ਹਾਂ ਦੀ ਮਾਂ ਦੀ ਅਚਾਨਕ ਮੌਤ ਵੇਲੇ ਉਨ੍ਹਾਂ ਨੂੰ ਮਾਂ ਦੀ ਚਿਤਾ ਤੇ ਮਾਂ ਦੀਆਂ ਉਨ੍ਹਾਂ ਛਾਤੀਆਂ ਤੇ ਹੀ ਬਹੁਤ ਵੱਡਾ ਲੱਕੜ ਰੱਖਣਾ ਪਿਆ ਜਿਨ੍ਹਾਂ ਵਿੱਚੋਂ ਉਨ੍ਹਾਂ ਨੇ ਕਦੇ ਦੁੱਧ ਪੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਵਿਤਾ ਦੀ ਕਿਤਾਬ ”ਮਾਂ” ਲਿਖੀ ਸੀ।
ਇਸ ਤੋਂ ਬਾਅਦ ਪੰਜਾਬੀ ਅਤੇ ਹਿੰਦੀ ਦੇ ਜਾਣੇ ਪਛਾਣੇ ਕਵੀ ਅਤੇ ਗ਼ਜ਼ਲਗੋ ਡਾ. ਸ਼ਸ਼ੀ ਕਾਂਤ ਉੱਪਲ ਨੇ ਆਪਣੀਆਂ ਕੁਝ ਗ਼ਜ਼ਲਾਂ ਅਤੇ ਦੋਹੇ ਪੜ੍ਹੇ ਅਤੇ ਉਨ੍ਹਾਂ ਨੇ ਆਪਣੀਆਂ ਕਵਿਤਾ ਅਤੇ ਗ਼ਜ਼ਲਾਂ ਦੀਆਂ ਛਪੀਆਂ ਕਿਤਾਬਾਂ ਬਾਰੇ ਜ਼ਿਕਰ ਕੀਤਾ। ਸੁਰਿੰਦਰ ਸੋਹਲ ਨੇ ਡਾ. ਉੱਪਲ ਦੀ ਹੁਣੇ ਹੁਣੇ ਛਪੀ ਦੋਹਿਆਂ ਦੀ ਕਿਤਾਬ ”ਨਕਸ਼ ਫ਼ਰਯਾਦੀ ਹੈ” ਬਾਰੇ ਲਿਖਿਆ ਲੇਖ ਪੜ੍ਹਿਆ। ਨਿਪੁੰਨ ਗਾਇਕ ਦਿਲਜੀਤ ਕੈਸ ਨੇ ਪਹਿਲਾਂ ਡਾ. ਉੱਪਲ ਦੀ ਗ਼ਜ਼ਲ ਅਤੇ ਕੁਝ ਦੋਹਰੇ ਗਾਏ, ਫਿਰ ਆਪਣੀ ਲਿਖੀ ਇਕ ਗ਼ਜ਼ਲ ਅਤੇ ਪ੍ਰੇਮ ਮਾਨ ਦਾ ਲਿਖਿਆ ਇਕ ਗੀਤ ਗਾਇਆ। ਰਾਣੀ ਨਗਿੰਦਰ, ਡਾ. ਜੀਤ ਸਿੰਘ ਚੰਦਨ, ਭਗਵਾਨ ਸਿੰਘ ਘਨੌੜ ਅਤੇ ਚੇਤਨ ਸੋਢੀ ਨੇ ਆਪਣੀਆਂ ਕਵਿਤਾਵਾਂ ਪੜ੍ਹੀਆਂ। ਅਖੀਰ ਵਿੱਚ ਡਾ. ਗੁਰਿੰਦਰ ਮਾਨ ਨੇ ਬਹੁਤ ਖ਼ੂਬਸੂਰਤ ਸ਼ਬਦਾਂ ਵਿੱਚ ਇਸ ਮੀਟਿੰਗ ਵਿੱਚ ਪੜ੍ਹੀਆਂ ਗਈਆਂ ਰਚਨਾਵਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਮੁੱਖ ਮਹਿਮਾਨਾਂ ਵੱਲੋਂ ਕੀਤੀਆਂ ਗੱਲਾਂ ਦੀ ਸ਼ਲਾਘਾ ਕੀਤੀ।
ਮੀਟਿੰਗ ਵਿੱਚ ਦਲਜੀਤ ਮੋਖਾ, ਬਲਦੇਵ ਗਰੇਵਾਲ, ਮੁਮਤਾਜ਼ ਹੁਸੈਨ, ਡਾ. ਰਾਮ ਜੀ ਦਾਸ ਸੇਠੀ, ਅਜਾਇਬ ਸਿੰਘ, ਰੀਤਾ ਕੋਹਲੀ, ਲਖਬੀਰ ਮਾਂਗਟ, ਰੂਬੀ ਪੁਰੀ, ਰਾਜਵੰਤ ਮੋਖਾ, ਤਰਲੋਚਨ ਸੱਚਰ, ਰਾਜਿੰਦਰ ਕੌਰ, ਸਰਬਜੀਤ ਮਾਨ, ਗੁਰਇਕਬਾਲ ਸਿੰਘ ਗਰੇਵਾਲ, ਰੁਪਿੰਦਰਜੀਤ ਕੌਰ ਗਰੇਵਾਲ, ਹਰਬੰਸ ਕੌਰ, ਹਨੀ ਸਿੰਘ, ਵੇਦ ਪ੍ਰਕਾਸ਼, ਮਿਸਿਜ਼ ਵੇਦ ਪ੍ਰਕਾਸ਼, ਬਲਰਾਜ ਗਰੇਵਾਲ, ਜਸਕੀਰਤ, ਰੋਹਨ ਸਿੰਘ ਅਤੇ ਐਂਜਲਾ ਸਿੰਘ ਨੇ ਵੀ ਹਾਜ਼ਰੀ ਭਰੀ।

The post ਪੰਜਾਬੀ ਸਾਹਿਤ ਸਭਾ ਨਿਊ ਯਾਰਕ ਦੀ ਮੀਟਿੰਗ ‘ਚ ਤਿੰਨ ਕਿਤਾਬਾਂ ਲੋਕ ਅਰਪਣ appeared first on Quomantry Amritsar Times.


Viewing all articles
Browse latest Browse all 342


<script src="https://jsc.adskeeper.com/r/s/rssing.com.1596347.js" async> </script>