ਕਾਂਗਰਸਮੈਨ ਜਿਮ ਕੋਸਟਾ, ਹੈਨਰੀ ਪਨੇਰਾ ਅਤੇ ਕਲਿੰਟ ਆਲੀਵਰ ਸਿਟੀ ਕੌਂਸਲਰ ਨੇ ਕੀਤੀ ਵਿਸ਼ੇਸ਼ ਸ਼ਿਰਕਤ
ਫਰਿਜ਼ਨੋ /ਬਿਊਰੋ ਨਿਊਜ਼ :
ਪੰਜਾਬ ਐਂਡ ਕੈਲੀਫੋਰਨੀਆ ਸਪੋਰਟਸ ਕਲੱਬ ਵਲੋਂ ਵਾਰਨਰ ਥੀਏਟਰ ਫਰਿਜ਼ਨੋ ਵਿਚ ਪੰਜਾਬੀ ਵਿਰਸਾ 2016 ਕਰਵਾਇਆ ਗਿਆ। ਸਰੋਤਿਆਂ ਨਾਲ ਨੱਕੋ ਨੱਕ ਭਰੇ ਥੀਏਟਰ ਵਿਚ ਲੋਕ ਗਾਇਕ ਮਨਮੋਹਣ ਵਾਰਿਸ, ਕਮਲ ਹੀਰ ਅਤੇ ਸੰਗਤਾਰ ਨੇ ਆਪਣੀ ਗਾਇਕੀ ਨਾਲ ਪੰਜਾਬੀ ਵਿਰਸੇ ਦੀਆਂ ਬਾਤਾਂ ਪਾ ਕੇ ਇਤਿਹਾਸ ਸਿਰਜਿਆ। ਗਾਇਕ ਮਨਮੋਹਣ ਵਾਰਿਸ ਨੇ ਸ਼ੁਰੂਆਤ ਧਾਰਮਿਕ ਗੀਤ ‘ਰਹੀ ਬਖ਼ਸ਼ਦਾ ਤੂੰ ਮੇਰੇ ਕੀਤੇ ਕਸੂਰ ਦਾਤਿਆ’ ਨਾਲ ਕੀਤੀ। ਬਾਅਦ ਵਿਚ ‘ਜਿਗਰੇ ਨਾ ਮਿਲਦੇ, ਪਿੰਡ ਛੱਡਕੇ, ਬਨੇਰਾ ਚੇਤੇ ਆ ਗਿਆ, ਕਿਤੇ ‘ਕੱਲੀ ਬਹਿ ਕੇ ਸੋਚੀ ਨੀ ਵਰਗੇ ਆਪਣੇ ਹਿੱਟ ਤੋਂ ਹਿੱਟ ਗੀਤਾਂ ਨਾਲ ਸਰੋਤਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਉਸ ਤੋਂ ਬਾਅਦ ਗਾਇਕ ਕਮਲ ਹੀਰ ਨੇ ਆਪਣੇ ਹਿੱਟ ਗੀਤ ‘ਕੈਂਠੇ ਵਾਲਾ, ਫੋਟੋ ਦੇਖੀ ਫੇਸਬੁੱਕ ‘ਤੇ ਮੈਂ, ਜਿੰਦੇ ਨੀ ਜਿੰਦੇ, ਕਿਹਨੂੰ ਯਾਦ ਕਰ ਕਰ ਹੱਸਦੀ’ ਗੀਤਾਂ ਨਾਲ ਸਰੋਤਿਆਂ ਤੋਂ ਵਾਹ ਵਾਹ ਖੱਟੀ। ਗਾਇਕ ਸੰਗਤਾਰ ਨੇ ਵੀ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਹਾਜ਼ਰੀ ਲਗਵਾ ਕੇ ਸਰੋਤਿਆਂ ਵਿਚ ਚੰਗੀ ਛਾਪ ਛੱਡੀ। ਕਾਂਗਰਸਮੈਨ ਜਿਮ ਕੋਸਟਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋਂਕਿ ਹੈਨਰੀ ਪਨੇਰਾ, ਕਲਿੰਟ ਆਲੀਵਰ ਸਿਟੀ ਕੌਂਸਲ ਫਰਿਜ਼ਨੋ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ। ਇਸ ਮੌਕੇ ਜਿਮ ਕੋਸਟਾ ਨੇ ਜਿਥੇ ਇਸ ਸ਼ੋਅ ਲਈ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੱਤੀ, ਉਥੇ ਕਿਹਾ ਕਿ ਇਹੋ ਜਿਹੇ ਸ਼ੋਅ ਸਾਨੂੰ ਆਪਣੇ ਵਿਰਸੇ ਨਾਲ ਜੋੜੀ ਰੱਖਦੇ ਹਨ। ਉਨ੍ਹਾਂ ਕਿਹਾ ਕਿ ਜਿਹੜੀਆਂ ਕੌਮਾਂ ਆਪਣਾ ਵਿਰਸਾ ਤੇ ਸਭਿਆਚਾਰ ਭੁੱਲ ਜਾਂਦੀਆਂ ਹਨ, ਉਹ ਖ਼ਤਮ ਹੋ ਜਾਂਦੀਆਂ ਹਨ। ਇਸ ਮੌਕੇ ਪੁੱਜੀਆਂ ਵਿਸ਼ੇਸ਼ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਅੰਤ ਵਿਚ ਕਲੱਬ ਦੇ ਪ੍ਰਬੰਧਕਾਂ ਨੇ ਇਸ ਸਫ਼ਲ ਸ਼ੋਅ ਲਈ ਜਿਥੇ ਦਰਸ਼ਕਾਂ ਦਾ ਧੰਨਵਾਦ ਕੀਤਾ, ਉਥੇ ਪੁੱਜੀਆਂ ਸ਼ਖਸ਼ੀਅਤਾਂ, ਕਲੱਬ ਮੈਂਬਰਾਂ ਅਤੇ ਸਪੋਟਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਵਿਨੇ ਵੋਹਰਾ, ਸੀਨੀਅਰ ਮੀਤ ਪ੍ਰਧਾਨ ਗੈਰੀ ਚਾਹਲ, ਵਿਕਰਮ ਵੋਹਰਾ, ਵੰਸ਼ਦੀਪ ਸਿਧੂ, ਗੁਰਪ੍ਰੀਤ ਸਰਾਏ, ਚਰਨਜੀਤ ਮਾਂਗਟ, ਪੁਨੀਤ ਅਰੋੜਾ, ਮਲਕੀਤ ਮੀਤ, ਰਾਜ ਵਿਰਕ, ਪਵਨ ਸਰਾਏ, ਹਰਪ੍ਰੀਤ ਦਿਉਲ, ਕਨਵਰਦੀਪ ਬਰਾੜ, ਸੁਪਨਦੀਪ ਭੁੱਲਰ, ਅਮਨ ਕੰਗ, ਸੰਨੀ ਕੰਗ, ਮਨਦੀਪ ਮੁਸ਼ਿਆਨਾ ਅਤੇ ਜੈ ਸਿੰਘ ਵੀ ਹਾਜ਼ਰ ਸਨ।
The post ਪੰਜਾਬ ਐਂਡ ਕੈਲੀਫੋਰਨੀਆ ਸਪੋਰਟਸ ਕਲੱਬ ਵਲੋਂ ਕਰਵਾਏ ‘ਪੰਜਾਬੀ ਵਿਰਸਾ 2016’ ਨੇ ਲਾਈਆਂ ਰੌਣਕਾਂ appeared first on Quomantry Amritsar Times.