ਅੰਮ੍ਰਿਤਸਰ/ਬਿਊਰੋ ਨਿਊਜ਼ :
ਪੰਜਾਬੀ ਲੋਕ ਨਾਇਕ ਦੁੱਲਾ ਭੱਟੀ ਦੀ ਸ਼ਹਾਦਤ ਦੇ 427 ਵਰ੍ਹਿਆਂ ਬਾਅਦ ਲਾਹੌਰ ਦੇ ਗੁਲਸ਼ਨ-ਏ-ਰਾਵੀ ਰੋਡ ਦੇ ਏ-ਬਲਾਕ ਚੌਕ ਦਾ ਨਾਂ ਸ਼ਹੀਦ ਦੁੱਲਾ ਭੱਟੀ ਚੌਕ ਰੱਖਿਆ ਗਿਆ ਹੈ। ਲਾਹੌਰ ਹਾਈ ਕੋਰਟ ਦੇ ਆਦੇਸ਼ ‘ਤੇ ਲਾਹੌਰ ਡਿਵੈਲਪਮੈਂਟ ਅਥਾਰਿਟੀ ਵੱਲੋਂ ਚੌਕ ਵਿਚ ਦੁੱਲਾ ਭੱਟੀ ਦੀ ਪੱਗ ਵਾਲਾ ਬੁੱਤ ਵੀ ਲਾਇਆ ਗਿਆ ਹੈ। ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਦੁੱਲੇ ਦੀ ਜਨਮ ਭੂਮੀ ਜ਼ਿਲ੍ਹਾ ਹਾਫ਼ਿਜ਼ਾਬਾਦ ਦੇ ਕਸਬਾ ਪਿੰਡੀ ਭੱਟੀਆਂ ਦੇ ਦੁੱਲੇਕੀ ਬਾਈਪਾਸ ‘ਤੇ ਟੂਰਿਜ਼ਮ ਮਿਊਂਸਿਪਲ ਪ੍ਰਸ਼ਾਸਨ ਹਾਫ਼ਿਜ਼ਾਬਾਦ ਵੱਲੋਂ ਦੁੱਲੇ ਦਾ ਜੋ ਆਦਮ ਕੱਦ ਬੁੱਤ ਲਗਾਇਆ ਗਿਆ ਸੀ ਉਸ ‘ਤੇ ਦੁੱਲੇ ਨੂੰ ਪੰਜਾਬੀ ਲਿਬਾਸ ਭਾਵ ਕੁੜਤਾ ਧੋਤੀ ਨਾ ਪਹਿਨਾ ਕੇ ਪਾਕਿਸਤਾਨ ਦਾ ਮੌਜੂਦਾ ਕੌਮੀ ਲਿਬਾਸ ਸਲਵਾਰ ਤੇ ਕੁੜਤਾ ਪਹਿਨਾਉਣ ‘ਤੇ ਭਾਰੀ ਵਿਰੋਧ ਹੋਇਆ ਸੀ।
ਦੱਸਣਯੋਗ ਹੈ ਕਿ ਦੁੱਲਾ ਭੱਟੀ ਦਾ ਜਨਮ 1547 ਵਿੱਚ ਹਾਫ਼ਿਜ਼ਾਬਾਦ ਦੇ ਬੱਦਰ ਇਲਾਕੇ ਵਿਚ ਰਾਜਪੂਤ ਫ਼ਰੀਦ ਖ਼ਾਂ ਭੱਟੀ ਦੇ ਘਰ ਬੀਬੀ ਲੱਧੀ ਦੀ ਕੁੱਖੋਂ ਹੋਇਆ ਅਤੇ ਜਲਦੀ ਬਾਅਦ ਇਹ ਪਰਿਵਾਰ ਪਿੰਡੀ ਭੱਟੀਆਂ ਵਿਖੇ ਆ ਕੇ ਵੱਸ ਗਿਆ। ਦੁੱਲੇ ਭੱਟੀ ਦੇ ਪਿਤਾ ਤੇ ਦਾਦਾ ਬਿਜਲੀ ਖ਼ਾਂ ਉਰਫ਼ ਸਾਂਦਲ ਭੱਟੀ ਵੱਲੋਂ ਮੁਗ਼ਲ ਹਕੂਮਤ ਨੂੰ ਲਗਾਨ ਨਾ ਦੇਣ ‘ਤੇ ਬਾਦਸ਼ਾਹ ਹਮਾਯੂੰ ਨੇ ਉਨ੍ਹਾਂ ਦੇ ਸਿਰ ਧੜਾਂ ਤੋਂ ਅਲੱਗ ਕਰਵਾ ਕੇ ਲਾਸ਼ਾਂ ਸ਼ਾਹੀ ਕਿਲ੍ਹੇ ਦੇ ਪਿਛਲੇ ਦਰਵਾਜੇ ਅੱਗੇ ਲਟਕਾ ਦਿੱਤੀਆਂ ਸਨ। ਜਵਾਨ ਹੋਣ ‘ਤੇ ਜਦੋਂ ਦੁੱਲੇ ਨੂੰ ਇਹ ਪਤਾ ਲੱਗਾ ਤਾਂ ਉਸ ਨੇ ਆਪਣੀ ਬਾਰ ਦੇ ਲੜਾਕਿਆਂ ਦੀ ਫੌਜ ਤਿਆਰ ਕੀਤੀ ਅਤੇ ਮੁਗ਼ਲ ਬਾਦਸ਼ਾਹ ਅਕਬਰ ਵਿਰੁੱਧ ਬਗ਼ਾਵਤ ਦਾ ਐਲਾਨ ਕਰ ਦਿੱਤਾ। ਉਸ ਸਮੇਂ ਦੁੱਲਾ ਭੱਟੀ ਇਕ ਪਰਉਪਕਾਰੀ, ਨਿਰਪੱਖ ਤੇ ਨਿਆਂਪਸੰਦ ਸ਼ਾਸਕ ਬਣ ਕੇ ਉਭਰਿਆ। ਅਕਬਰ ਦੀ ਫੌਜ ਵੱਲੋਂ ਦੁੱਲੇ ਨੂੰ ਧੋਖੇ ਨਾਲ ਗ੍ਰਿਫ਼ਤਾਰ ਕਰਨ ‘ਤੇ 26 ਮਾਰਚ 1589 ਨੂੰ ਲਾਹੌਰ ਵਿਖੇ ਮੁਹੱਲਾ ਨਖਾਸ ਵਿਚ ਉਸ ਨੂੰ ਫਾਂਸੀ ‘ਤੇ ਲਟਕਾਇਆ ਗਿਆ ਸੀ।
The post ਲੋਕ ਨਾਇਕ ਦੁੱਲਾ ਭੱਟੀ ਦੀ ਯਾਦਗਾਰ ਲਾਹੌਰ ‘ਚ ਉਸਾਰੀ appeared first on Quomantry Amritsar Times.