ਭੰਗੜਾ ਮੁਕਾਬਲਿਆਂ ‘ਚ ਡੇਵਿਸ ਯੂਨੀਵਰਸਿਟੀ ਜੇਤੂ ਰਹੀ
ਸੈਕਰਾਮੈਂਟੋ/ਹੁਸਨ ਲੜੋਆ ਬੰਗਾ:
ਜਦੋਂ ਪੰਜਾਬੀ ਗਾਇਕੀ ‘ਚ ਰੱਬ ਦੀ ਇਬਾਦਤ, ਸੁਰ ਪ੍ਰਧਾਨ ਤੇ ਨਾਲ ਨਾਲ ਕੌਮ ਦੇ ਦਿਸਹੱਦਿਆਂ ਗੱਲ ਤੁਰੇ ਤਾਂ ਸਹੀ ਮਾਇਨਿਆਂ ‘ਚ ਗਾਇਕੀ ਦਾ ਸਿਰਾ ਹੋ ਨਿਬੱੜਦੀ ਹੈ। ਸੈਕਰਾਮੈਂਟੋ ਦੇ ਨਾਲ ਲਗਦੇ ਸ਼ਹਿਰ ਐਲਕ ਗਰੋਵ ਦੀ ਖੁੱਲ੍ਹੀ ਵੱਡੀ ਪਾਰਕ ਵਿਚ ਡਾਇਮੰਡ ਕਲੱਬ ਆਫ ਕੈਲੀਫੋਰਨੀਆ ਵੱਲੋਂ ਕਰਵਾਏ ਗਏ ”ਛਣਕਾਟਾ 2016” ਮੇਲੇ ਵਿਚ ਭਾਰੀ ਭੀੜ ਤਾਂ ਦੇਖਣ ਨੂੰ ਮਿਲੀ ਹੀ ਸਗੋਂ ਇਸ ਸਾਲਾਨਾ ਮੇਲੇ ਦੇ ਵਧੀਆ ਅਨੁਸ਼ਾਸਨ ਨੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੂੰ ਦੁਪਹਿਰ ਤੋਂ ਲੈ ਕੇ ਸ਼ਾਮ ਢੱਲੀ ਤੱਕ ਬੈਠਣ ਲਈ ਮਜ਼ਬੂਰ ਕਰ ਦਿੱਤਾ।
ਇਸ ਸਭਿਆਚਾਰਕ ਤੇ ਖੇਡ ਮੇਲੇ ‘ਚ ਖਿੱਚ ਦਾ ਕਾਰਨ ਬਣੇ ‘ਵਿਰਸੇ’ ਦੇ ਵਾਰਿਸ ਭਰਾ ਮਨਮੋਹਣ ਵਾਰਿਸ, ਕਮਲ ਹੀਰ ਤੇ ਸੰਗਤਾਰ ਨੂੰ ਸੁਣਨ ਲਈ ਲੋਕੀਂ ਦੂਰ ਦੂਰਾਡਿਓਂ ਆਏ। ਤਿਕੜੀ ਨੇ ਪਹਿਲਾਂ ਇਕੱਠਿਆ ਤੇ ਫਿਰ ਵਾਰੋ ਵਾਰੀ ਆਪਣੀ ਸੰਗੀਤਕ ਲੈਅ ਤੇ ਸੁਰ ਨੂੰ ਦਰਸ਼ਕਾਂ ਨੂੰ ਸਮਰਪਿਤ ਕੀਤਾ। ਸ਼ਹੀਦ ਊਧਮ ਸਿੰਘ ਦੀ ਵਾਰ ਤੋਂ ਬਾਅਦ ਜਦੋਂ ਉਨ੍ਹਾਂ ਗਾਇਆ ”ਤੁਸੀਂ ਵਸਦੇ ਰਹੋ ਪ੍ਰਦੇਸੀਓ” ਤਾਂ ਕਈ ਦਰਸ਼ਕ ਭਾਵੁਕ ਹੋਣ ਤੋਂ ਬਗੈਰ ਨਹੀਂ ਰਹਿ ਸਕੇ। ਗੁੱਲੀ ਡੰਡੇ ਤੋਂ ਲੈ ਕੇ ਪ੍ਰਦੇਸ਼ ਤੱਕ ਦਾ ਸਫ਼ਰ ਇਨ੍ਹਾਂ ਭਰਾਵਾਂ ਨੇ ਆਪਣੀ ਗਾਇਕੀ ਵਿਚ ਕੀਤਾ। ਸੰਗਤਾਰ ਨੇ ਜਿਥੇ ਲੋਕ ਸਾਜ ਤੂੰਬੀ ਤੇ ਹੱਥ ਅਜਮਾਈ ਕੀਤੀ ਉਥੇ ਉਸਨੇ ‘ਹੁੰਦਾ ਜੇਕਰ ਪਿਆਰ ਤਾਂ ਛਡਕੇ ਜਾਂਦੀ ਕਿਓਂ’ ਗਾ ਕੇ ਬਾਕੀ ਗਾਇਕਾਂ ਦੇ ਬਰਾਬਰ ਖੜਾ ਹੋਇਆ। ਕਮਲਹੀਰ ਦੀ ਗਾਇਕੀ ਪਹਿਲਾਂ ਨਾਲੋਂ ਕਿਤੇ ਸੁਰ ‘ਚ ਭਿਜੀ ਨਜ਼ਰ ਆਉਂਦੀ ਹੈ। ਉਸਦੇ ਗੀਤ ”ਇਕ ਬੁਲਾ ਆਇਆ ਏ ਸਮੁੰਦਰਾਂ ਤੋਂ ਪਾਰ ਦਾ” ਨੇ ਵੱਖਰਾ ਪ੍ਰਭਾਵ ਦਿੱਤਾ। ਅੱਜ ਦੇ ਗਾਇਕਾਂ ਨੂੰ ਆਪਣੀ ਸਭਿਅਕ ਤੇ ਪਰੋੜ ਗਾਇਕੀ ਨਾਲ ਬਾਕੀ ਅਸ਼ਲੀਲ ਗਾਉਣ ਵਾਲੇ ਗਾਇਕਾਂ ਨੂੰ ਸਬਕ ਸਿਖਾਉਣ ਵਾਲੇ ਮਨਮੋਹਣ ਵਾਰਿਸ ਨੇ ”ਪੰਜਾਬ ਚੇਤੇ ਆ ਗਿਆ” ”ਪਰਨਾ” ਤੋਂ ਇਲਾਵਾ ਪੁਰਾਣੇ ਗੀਤਾਂ ਨਾਲ ਦਰਸ਼ਕਾਂ ਨੂੰ ਸਟੇਜ ਨਾਲ ਜੋੜੀ ਰੱਖਿਆ।
ਸਟੇਜਾਂ ਉਤੇ ਆਪਣੇ ਨਿਵੇਕਲੇ ਅੰਦਾਜ਼ ਨਾਲ ਕਾਵਿਕ ਪ੍ਰਭਾਵ ਦੇਣ ਵਾਲੀ ਉਘੀ ਐਂਕਰ ਮੈਡਮ ਆਸ਼ਾ ਸ਼ਰਮਾ ਨੇ ਵੱਖ ਵੱਖ ਕਲਾਕਾਰਾਂ ਨੂੰ ਸਟੇਜ ਤੋਂ ਪੇਸ਼ ਕੀਤਾ। ਇਸ ਮੌਕੇ ਭੰਗੜੇ ਵਿਚੋਂ ਡੇਵਿਸ ਯੂਨੀਵਰਸਿਟੀ ਦੀ ਟੀਮ ਪਹਿਲੇ ਸਥਾਨ ਤੇ ਰਹੀ। ਇਸ ਸਭਿਆਚਾਰਕ ਤੇ ਖੇਡ ਮੇਲੇ ਵਾਲੀਬਾਲ ਦੇ ਮੁਕਾਬਲੇ ਵੀ ਕਰਵਾਏ ਗਏ ਜਿਸ ਦੌਰਾਨ ਪਹਿਲੇ ਸਥਾਨ ਤੇ ਚੜ੍ਹਦੀ ਕਲਾ ਕਲੱਬ ਫਰਿਜ਼ਨੋਂ ਰਿਹਾ।
ਇਸ ਮੌਕੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਬੰਧਕਾਂ ਨਰਿੰਦਰ ਔਜਲਾ, ਟੋਨੀ ਕਲੋਟੀਆ ਅਤੇ ਅਮਰਜੀਤ ਸਿੰਘ ਨੇ ਐਲਾਨ ਕੀਤਾ ਕਿ ਅਗਲੇ ਵਰ੍ਹੇ ਵੀ ਇਸੇ ਥਾਂ ਤੇ ਹੋਰ ਵੀ ਸੁਚੱਜੇ ਢੰਗ ਨਾਲ ਵਿਸ਼ਾਲ ਮੇਲਾ ਕਰਵਾਇਆ ਜਾਵੇਗਾ।
ਪੰਜਾਬੀ ਸਭਿਆਚਾਰ ਨੂੰ ਸਮਰਪਿਤ ਡਾਇਮੰਡ ਕਲੱਬ ਦੇ ਲੱਗਭਗ 50 ਮੈਂਬਰਾਂ ਨੇ ਆਪਣੀ ਆਪਣੀ ਡਿਊਟੀ ਬਾਖੂਬੀ ਨਿਭਾਈ।
The post ਸੈਕਰਾਮੈਂਟੋ ‘ਚ ਹੋਏ ”ਛਣਕਾਟਾ 2016” ਪੰਜਾਬੀ ਮੇਲੇ ‘ਚ ਵਾਰਿਸ ਭਰਾਵਾਂ ਨੇ ਅਪਣੀ ਗਾਇਕੀ ਨਾਲ ਰੂਹ ਭਰ ਦਿੱਤੀ appeared first on Quomantry Amritsar Times.