ਸ਼ਿਕਾਗੋ/ਬਿਊਰੋ ਨਿਊਜ਼
ਏਸ਼ੀਆਈ ਅਮਰੀਕਨ ਕੁਲੀਸ਼ਨ ਸ਼ਿਕਾਗੋ ਵੱਲੋਂ ਇਲੀਨੁਆਇ ਸੂਬੇ ਦੀ ਚੀਨੀ ਅਮਰੀਕਨ ਕਮਿਊਨਿਟੀ ਦੇ ਸਹਿਯੋਗ ਨਾਲ ਡਾਲੇ ਸੈਂਟਰ ਪਲਾਜ਼ਾ ਸ਼ਿਕਾਗੋ ਵਿਖੇ 15ਵਾਂ ਸਾਲਾਨਾ ਏਸ਼ੀਅਨ ਅਮਰੀਕਨ ਉਤਸਵ ਕਰਵਾਇਆ ਗਿਆ। ਇਹ ਮੇਲਾ 16 ਤੋਂ 20 ਮਈ ਤੱਕ ਚੱਲਿਆ।
ਪੰਜਾਬੀ ਕਲਚਰਲ ਸੋਸਾਇਟੀ ਸ਼ਿਕਾਗੋ ਜੋ ਏਸ਼ੀਅਨ ਅਮਰੀਕਨ ਕੁਲੀਸ਼ਨ ਸ਼ਿਕਾਗੋ ਦੀ ਲੰਬੇ ਸਮੇਂ ਤੋਂ ਭਾਈਵਾਲ ਹੈ, ਨੇ ਇਸ ਪ੍ਰੋਗਰਾਮ ਵਿਚ ਕੁਲੀਸ਼ਨ ਦੀ ਹਰ ਤਰ੍ਹਾਂ ਦੀ ਸਹਾਇਤਾ ਕੀਤੀ। ਪੀ ਸੀ ਐਸ ਨੇ ਵੱਖ ਵੱਖ ਇਲਾਕਿਆਂ ਦੇ ਲੋਕਾਂ ਦੇ ਪਹਿਰਾਵੇ ਸਬੰਧੀ ਫੈਸ਼ਨ ਸ਼ੋਅ ਵਿਚ ਹਿੱਸਾ ਲਿਆ ਅਤੇ ਇਸ ਮੌਕੇ ਦਸਤਾਰ ਸਜਾਉਣ ਦੀ ਪੇਸ਼ਕਾਰੀ ਦਿੱਤੀ ਗਈ।
ਏਸ਼ੀਅਨ ਅਮਰੀਕਨ ਹਸਤੀਆਂ, ਟੀ.ਵੀ. ਕਲਾਕਾਰ ਲਿੰਡਾ ਯੂ.ਜੂਡੀ ਸੂ ਅਤੇ ਐਰਿਕ ਹੌਰੰਗ, ਜੌਨੀ ਲੰਮ, ਕੈਟੀ ਕਿਮ ਅਤੇ ਨੈਨਸੀ ਲੂ ਨੇ ਇਸ ਪ੍ਰੋਗਰਾਮ ਦਾ ਸੰਚਾਲਨ ਕੀਤਾ। ਪੀ ਸੀ ਐਸ ਦੇ ਰਾਜਿੰਦਰ ਸਿੰਘ ਮਾਗੋ ਜੋ ਏ ਏ ਸੀ ਸੀ ਦੇ ਬੋਰਡ ਮੈਂਬਰ ਵੀ ਹਨ, ਨੇ ਕਿਹਾ ਕਿ ਇਸ ਕਿਸਮ ਦੇ ਮੁੱਖ ਧਾਰਾ ਦੇ ਸਮਾਗਮ ਵਿਚ ਹਿੱਸਾ ਲੈਣਾ ਇਹ ਪਹਿਲਾ ਕਦਮ ਸੀ, ਜਿਸ ਨਾਲ ਸਿੱਖ ਭਾਈਚਾਰੇ ਨੂੰ ਦੂਜੇ ਏਸ਼ਿਆਈ ਭਾਈਚਾਰੇ ਨਾਲ ਆਪਣੀ ਪਛਾਣ ਬਣਾਉਣ ਵਿਚ ਮਦਦ ਮਿਲੀ।
ਇਸ ਸਮਾਗਮ ਵਿਚ ਸਭਿਆਚਾਰਕ ਪ੍ਰੋਗਰਾਮ ਤੋਂ ਇਲਾਵਾ ਦੁਪਹਿਰ ਦੇ ਭੋਜ ਵਿਚ ਚੀਨੀ, ਕੋਰਿਆਈ, ਫਿਲਪੀਨ, ਲੋਟਅਨ, ਵੀਅਤਨਾਮੀ, ਇੰਡੋਨੇਸ਼ਿਆਈ, ਥਾਈਲੈਂਡ ਦੇ ਪਕਵਾਨ ਪਰੋਸੇ ਗਏ। ਇਸ ਮੌਕੇ ਲੋਕ ਨਾਚਾਂ, ਸੰਗੀਤ ਅਤੇ ਮਾਰਸ਼ਲ ਆਰਟ ਦੀਆਂ ਪੇਸ਼ਕਾਰੀਆਂ ਵੀ ਹੋਈਆਂ।
ਸ੍ਰੀ ਮਾਗੋ ਨੇ ਦਸਿਆ ਕਿ 12 ਜੂਨ ਨੂੰ ਵਾਈਸ ਰਾਏ ਆਫ ਇੰਡੀਅਨ ਬੈਂਕੁਏਟ ਲੋਂਬਾਰਡ ਵਿਖੇ ਪੰਜਾਬੀ ਯੂਥ ਗਰੈਜੂਏਸ਼ਨ ਐਂਡ ਸਕਾਲਰਸ਼ਿਪ ਐਵਾਰਡ ਸਮਾਗਮ ਹੋਵੇਗਾ। ਇਸ ਦੇ ਨਾਲ ਬਾਸਕਟਬਾਲ ਦਾ ਟੂਰਨਾਮੈਂਟ ਵੀ ਹੋਵੇਗਾ।
The post ਪੀ ਸੀ ਐਸ ਨੇ ਏਸ਼ੀਅਨ ਅਮਰੀਕਨ ਉਤਸਵ ਵਿਚ ਸ਼ਿਰਕਤ ਕੀਤੀ appeared first on Quomantry Amritsar Times.