ਕੌਰਨਿੰਗ/ਬਿਊਰੋ ਨਿਊਜ਼ :
‘ਪੰਜਾਬੀ ਅਮੈਰਿਕਨ ਸਿੱਖ ਸੁਸਾਇਟੀ’ ਨੇ ਇੱਥੇ ਵਿਸਾਖੀ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ। ਸਭ ਤੋਂ ਪਹਿਲਾਂ ਭਾਈ ਸਾਹਿਬ ਤੇ ਬੱਚਿਆਂ ਨੇ ਧਾਰਮਿਕ ਸ਼ਬਦ ਗਾਇਨ ਕੀਤਾ। ਇਸ ਮਗਰੋਂ ਇਕ ਹੋਰ ਨੌਜਵਾਨ ਸਿੱਖ ਪਰਜਿੰਦਰ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਗੀਤ ਗਾਇਆ।
ਇਸ ਉਪਰੰਤ ਸਿੱਖ ਰਿਲੀਜੀਅਸ ਤੇ ਕਲਚਰਲ ਅਵੇਅਰਨੈੱਸ ਸਬੰਧਤ ਛੋਟੇ-ਵੱਡੇ ਬੱਚਿਆਂ ਨੇ ਗਿੱਧੇ/ਭੰਗੜੇ ਦੀਆਂ ਆਈਟਮਾਂ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਪਹਿਲਾਂ ਪਹਿਲ ਆਈਟਮ ਲਿਟਲ ਚੈਂਪ ਵੱਲੋਂ (ਛੋਟੀਆਂ ਬੱਚੀਆਂ) ਕਮਲ, ਸੁੱਖੀ, ਜਸਪ੍ਰੀਤ, ਸਹਿਜ, ਸੁਖਮਣ ਅਤੇ ਰੂਪਕ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤੀ। ਦਰਸ਼ਕਾਂ ਨੇ ਖੂਬ ਆਨੰਦ ਮਾਣਿਆ ਤੇ ਬੱਚਿਆਂ ਨੂੰ ਸ਼ਾਬਾਸ਼ ਦੀਆਂ ਅਸੀਸਾਂ ਦਿੱਤੀਆਂ। ਇਨ੍ਹਾਂ ਬੱਚਿਆਂ ਨੂੰ ਤਿਆਰ ਕਰਨ ਲਈ ਮਿਸਿਜ਼ ਹਰਦੀਪ ਸਿੰਘ ਨੇ ਬਹੁਤ ਮਿਹਨਤ ਕੀਤੀ। ਇਸ ਉਪਰੰਤ ਵੱਡੀਆਂ ਲੜਕੀਆਂ ਦਮਨ, ਬਬਲਦੀਪ, ਜਗਦੀਪ, ਬਲਜੋਤ, ਕਿਰਨ ਅਤੇ ਸਿਮਰਨ ਦੀ ਕਮਾਂਡ ‘ਪੰਜਾਬੀ ਅਮੈਰਿਕਨ ਸਿੱਖ ਸੁਸਾਇਟੀ’ ਦੀ ਪ੍ਰਧਾਨ ਦਮਨਪ੍ਰੀਤ ਖੁਦ ਕਰ ਰਹੀ ਸੀ। ਇਸ ਗਰੁੱਪ ਨੇ ਗਿੱਧਾ ਅਤੇ ਭੰਗੜੇ ਦੀਆਂ ਆਈਟਮਾਂ ਪੇਸ਼ ਕਰਕੇ, ਜਿੱਥੇ ਛੋਟੀਆਂ ਬੱਚੇ-ਬੱਚੀਆਂ ਨੂੰ ਉਤਸ਼ਾਹਿਤ ਕੀਤਾ, ਉਥੇ ਉਨ੍ਹਾਂ ਸਭ ਦਰਸ਼ਕਾਂ ਦਾ ਵੀ ਮਨ ਮੋਹਦਿਆਂ ਇਹ ਪ੍ਰਭਾਵ ਦਿੱਤਾ ਕਿ ਦਰਸ਼ਕਾਂ ਨੇ, ਜਿੱਥੇ ਖੂਬ ਤਾੜੀਆਂ ਨਾਲ ਇਨ੍ਹਾਂ ਦਾ ਸਵਾਗਤ ਕੀਤਾ, ਉਥੇ ਅੱਗੇ ਤੋਂ ਵੀ ਛੋਟੀਆਂ-ਵੱਡੀਆਂ ਲੜਕੀਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਰਹੇਗਾ, ਦੀ ਵਚਨਬੱਧਤਾ ਦੁਹਰਾਈ। ਉਪਰੋਕਤ ਦੋਵੇਂ ਗਰੁੱਪਾਂ ਨੂੰ ਪ੍ਰਬੰਧਕ ਕਮੇਟੀ ਨੇ ਐਵਾਰਡਾਂ ਨਾਲ ਸਨਮਾਨਿਤ ਕੀਤਾ।
ਇਸ ਉਪਰੰਤ ਪੰਜਾਬੀ ਗਾਇਕ ਕਲਾਕਾਰਾਂ ਵਿਚ ਸੱਤੀ ਸਤਿੰਦਰ, ਸੁਲਤਾਨ ਅਖ਼ਤਰ, ਹਰਜੀਤ ਜੀਤੀ ਅਤੇ ਦਰਸ਼ਨ ਬਾਜਵਾ ਨੇ ਆਪੋ ਆਪਣੀਆਂ ਵੰਨ-ਸੁਵੰਨੀਆਂ ਗਾਇਕ ਕਲਾਵਾਂ ਦਾ ਪ੍ਰਦਰਸ਼ਨ ਕਰਕੇ ਦਰਸ਼ਕਾਂ ਨੂੰ ਖੂਬ ਮਨੋਰੰਜਨ ਕਰਦਿਆਂ ਇਨ੍ਹਾਂ ਕਲਾਕਾਰਾਂ ਨੇ ਜਿੱਥੇ ਧਾਰਮਿਕ ਗੀਤ ਗਾਏ, ਉਥੇ ਪੰਜਾਬੀ ਸਭਿਆਚਾਰ ਗੀਤਾਂ ਨਾਲ ਪਰਿਵਾਰਕ ਮਾਹੌਲ ਬਣਾ ਦਿੱਤਾ ਕਿ ਦਰਸ਼ਕਾਂ ਨੇ ਵੀ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ। ਸਭ ਕਲਾਕਾਰਾਂ ਦਾ ਮਾਣ ਪੱਤਰ, ਟਰਾਫੀਆਂ ਨਾਲ ਸਨਮਾਨ ਕੀਤਾ ਗਿਆ। ਕੁੱਲ ਮਿਲਾ ਕੇ ਇਸ ਸੰਸਥਾ ਵੱਲੋਂ ਮਨਾਇਆ ਵਿਸਾਖੀ ਮੇਲਾ ਬਹੁਤ ਹੀ ਸ਼ਾਨਦਾਰ ਤੇ ਸਫਲਤਾ ਪੂਰਵਕ ਸਮਾਪਤ ਹੋਇਆ। ਮੇਲੇ ਦੌਰਾਨ ਚਾਹ-ਪਾਣੀ ਦੇ ਲੰਗਰ ਦਾ ਦੌਰ ਲਗਾਤਾਰ ਚਲਦਾ ਰਿਹਾ।
ਸੰਸਥਾ ਨੇ ਆਪਣੇ ਬੱਚੇ-ਬੱਚੀਆਂ ਨੂੰ ਸਭਾ ਵਿਚ ਲਿਆਂਦਾ ਹੀ ਨਹੀਂ ਬਲਕਿ ਲੜਕੀ ਦਮਨਪ੍ਰੀਤ ਨੂੰ ਪ੍ਰਧਾਨ ਅਤੇ ਲੜਕੇ ਹਰਜੋਤ ਗਰੇਵਾਲ ਨੂੰ ਜਨਰਲ ਸਕੱਤਰ ਬਣਾਇਆ। ਦਮਨਪ੍ਰੀਤ ਨੇ ਸੁਸਾਇਟੀ ਬਾਰੇ ਚਾਨਣਾ ਪਾਇਆ ਅਤੇ ਵਿਸਾਖੀ/ਪੰਥ ਖਾਲਸਾ ਦੀਆਂ ਵਧਾਈਆਂ ਦਿੱਤੀਆਂ। ਨੌਜਵਾਨ ਸਿੱਖ ਆਗੂ ਅਜੀਤ ਸਿੰਘ ਗਰੇਵਾਲ ਦੇ ਹੋਣਹਾਰ ਪੁੱਤਰ ਹਰਜੋਤ ਸਿੰਘ ਗਰੇਵਾਲ ਨੇ ਸਟੇਜ ਦੀ ਸੇਵਾ ਬਹੁਤ ਚੰਗੇ ਢੰਗ ਨਾਲ ਨਿਭਾਈ। ਇਸ ਦੇ ਨਾਲ ਹੀ ਗਾਇਕ/ਕਲਾਕਾਰਾਂ ਦੇ ਸਟੇਜ ‘ਤੇ ਆਉਣ ਉਤੇ ਸਟੇਜ ਦੀ ਸੇਵਾ ਵਾਰੋ-ਵਾਰੀ ਨੌਜਵਾਨ ਸਿੱਖ ਆਗੂ ਤੇ ਪਹਿਲਵਾਨ ਹਰਦੀਪ ਸਿੰਘ ਅਤੇ ਅਜੀਤ ਸਿੰਘ ਗਰੇਵਾਲ ਨੇ ਬਾਖੂਬੀ ਨਾਲ ਨਿਭਾਈ। ਪ੍ਰੋਗਰਾਮ ਦੌਰਾਨ ਫਰੀ ਫੂਡ, ਫਰੀ ਪਾਰਕਿੰਗ ਤੇ ਰੈਫਲ ਇਨਾਮ ਵੀ ਕੱਢੇ ਗਏ। ਸਾਰੇ ਇਨਾਮ ਕਮੇਟੀ ਮੈਂਬਰਾਂ ਅਤੇ ਸਪਾਂਸਰਾਂ ਨੇ ਤਕਸੀਮ ਕੀਤੇ। ਵਰਣਨਯੋਗ ਹੈ ਕਿ ਰੈਫਲ ਇਨਾਮਾਂ ‘ਚੋਂ ‘ਦੇਸ਼ ਦੁਆਬਾ’ ਵੀ ਇਕ ਸੀ।
ਮੀਡੀਏ ਵਜੋਂ ‘ਦੇਸ਼ ਦੁਆਬਾ’ ਵੱਲੋਂ ਪ੍ਰੇਮ ਕੁਮਾਰ ਚੁੰਬਰ ਅਤੇ ‘ਖੁਸ਼ਬੂ ਪੰਜਾਬ ਦੀ’ ਵੱਲੋਂ ਇੰਦਰਜੀਤ ਸਿੰਘ ਰੰਧਾਵਾ ਨੇ ਪ੍ਰੋਗਰਾਮ ਦੀ ਕਵਰੇਜ ਕੀਤੀ।
ਇਸ ਕਮੇਟੀ ਦੇ ਮੈਂਬਰ ਦਮਨਪ੍ਰੀਤ ਸਿੰਘ (ਪ੍ਰਧਾਨ), ਹਰਜੋਤ ਗਰੇਵਾਲ (ਜਨਰਲ ਸਕੱਤਰ), ਹਰਦੀਪ ਸਿੰਘ, ਤੀਰਥ ਸਿੰਘ ਸੋਹਲ, ਅਜੀਤ ਸਿੰਘ ਗਰੇਵਾਲ, ਜਤਿੰਦਰ ਸਿੰਘ ਥਿਆੜਾ ਅਤੇ ਦਵਿੰਦਰ ਸਿੰਘ ਬੜਵਾਲ ਨੇ ਸਭ ਦਾ ਧੰਨਵਾਦ ਕੀਤਾ।
The post ਪੰਜਾਬੀ ਅਮੈਰਿਕਨ ਸਿੱਖ ਸੁਸਾਇਟੀ ਨੇ ਮਨਾਇਆ ਕੌਰਨਿੰਗ ‘ਚ ਵਿਸਾਖੀ ਮੇਲਾ appeared first on Quomantry Amritsar Times.