ਨਵਾਂ ਸ਼ਹਿਰ/ਬਿਊਰੋ ਨਿਊਜ਼ :
ਪੰਜਾਬੀ ਸਾਹਿਤ ਸਭਾ, ਨਵਾਂਸ਼ਹਿਰ ਵੱਲੋਂ ਪੰਜਾਬੀ ਭਾਸ਼ਾ ਵਿਭਾਗ ਦੇ ਸਹਿਯੋਗ ਨਾਲ ਪਿੰਡ ਮੀਰਪੁਰ ਜੱਟਾਂ ਵਿਖੇ ਵਿਦੇਸ਼ੀ ਸਾਹਿਤਕਾਰਾਂ ਦੇ ਸਨਮਾਨ ਵਿਚ ਸਾਹਿਤਕ ਸੰਮੇਲਨ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿਚ ਭਾਸ਼ਾ ਵਿਭਾਗ ਦੇ ਸੇਵਾਮੁਕਤ ਡਾਇਰੈਕਟਰ ਚੇਤਨ ਸਿੰਘ, ਲਸ਼ਮਣ ਸਿੰਘ ਰਾਠੌਰ, ਸੁਰਿੰਦਰ ਸਿੰਘ ਸੋਢੀ ਡੀ.ਆਈ.ਜੀ. ਪੰਜਾਬ ਪੁਲੀਸ ਅਤੇ ਕਹਾਣੀਕਾਰ ਚਰਨਜੀਤ ਸਿੰਘ ਪੰਨੂ ਸਸ਼ੋਭਿਤ ਹੋਏ। ਪਾਕਿਸਤਾਨੀ ਪਾਠਕਾਂ ਦੀ ਮੰਗ ‘ਤੇ ਕੈਲੀਫੋਰਨੀਆ ਦੇ ਮਰਸਡ ਰਹਿੰਦੇ ਉੱਘੇ ਕਿੱਸਾਕਾਰ ਲਸ਼ਮਣ ਸਿੰਘ ਰਾਠੌਰ ਦੇ ‘ਕਿੱਸਾ ਪੂਰਨ ਭਗਤ’ ਦੀ ਉਰਦੂ ਵਿਚ ਛਪਵਾਈ ਐਡੀਸ਼ਨ ਲੋਕ ਅਰਪਨ ਕੀਤੀ ਗਈ। ਲਸ਼ਮਣ ਸਿੰਘ ਰਾਠੌਰ ਨੇ ਦੱਸਿਆ ਕਿ ਉਨ੍ਹਾਂ ਨੇ 1974 ਵਿਚ ਪਹਿਲਾ ਨਾਟਕ ‘ਓੜਕ ਸੱਚ ਰਹੀ’ ਲਿਖ ਕੇ ਸਾਹਿਤਕ ਪਿੜ ਵਿਚ ਪੈਰ ਪਾਇਆ ਤੇ ਉਸ ਤੋਂ ਬਾਅਦ ਇਕਾਂਗੀ ਸੰਗ੍ਿਰਹ, ਤਿੰਨ ਕਾਵਿ ਸੰਗ੍ਿਰਹ, ਦੋ ਕਹਾਣੀ ਸੰਗ੍ਿਰਹ ਅਤੇ ਰੂਬਾਈ ਸੰਗ੍ਿਰਹ ਛਪਵਾਇਆ। ‘ਵਾਰ ਕਰਤਾਰ ਸਿੰਘ ਸਰਾਭਾ’ ਤੇ ‘ਪੀਰ ਬੁੱਢਣ ਸ਼ਾਹ’ ਦੋ ਕਿਤਾਬਾਂ ਛਪਾਈ ਅਧੀਨ ਹਨ।
ਚਰਚਿਤ ਕਹਾਣੀਕਾਰ ਚਰਨਜੀਤ ਪੰਨੂ ਨੇ ਆਪਣੀਆਂ ਸਾਹਿਤਕ ਕਿਰਤਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ 1969 ਵਿਚ ਪਹਿਲਾ ਕਾਵਿ ਸੰਗ੍ਿਰਹ ‘ਨਾਨਕ ਰਿਸ਼ਮਾਂ’ ਛਪਵਾ ਕੇ ਉਹ ਸਾਹਿਤਕ ਖੇਤਰ ਵਿਚ ਦਾਖ਼ਲ ਹੋਏ ਤੇ ਹੁਣ ਤੱਕ ਉਸ ਦੇ ਛੇ ਕਹਾਣੀ ਸੰਗ੍ਿਰਹ, ਛੇ ਕਾਵ ਸੰਗ੍ਿਰਹ, ‘ਤਿੜਕੇ ਚਿਹਰੇ’ ਨਾਵਲ ਅਤੇ ਤਿੰਨ ਸਫਰਨਾਮੇਂ: ਅਲਾਸਕਾ, ਮੇਰੀ ਵਾਈਟ ਹਾਊਸ ਫੇਰੀ ਤੇ ‘ਹਵਾਈ’ ਛਪ ਚੁੱਕੇ ਹਨ। ਪੰਜਾਬੀ ਮਾਂ ਬੋਲੀ ਪ੍ਰਤੀ ਪਾਏ ਯੋਗਦਾਨ ਨੂੰ ਮੁੱਖ ਰੱਖ ਕੇ ਦੋਹਾਂ ਸਾਹਿਤਕਾਰਾਂ ਨੂੰ ਸਭਾ ਵੱਲੋਂ ਬੁੱਕੇ, ਦੁਸ਼ਾਲੇ, ਸਨਮਾਨ ਪੱਤਰ ਤੇ ਸਨਮਾਨ ਚਿੰਨ੍ਹ ਭੇਟ ਕੀਤੇ ਗਏ।
ਬਾਅਦ ਵਿਚ ਹੋਏ ਕਵੀ ਦਰਬਾਰ ਵਿਚ ਬੀਬੀ ਗੁਰਦੇਵ ਕੌਰ, ਗੁਰਚਰਨ ਬੱਧਣ, ਡਾ. ਦਵਿੰਦਰ ਦਿਲਰੂਪ, ਅਮਰਜੀਤ ਕੌਰ, ਅਮਰੀਕ ਸਿੰਘ, ਦਰਸ਼ਨ ਦਰਦੀ, ਦੇਸ ਰਾਜ ਬਾਲੀ, ਲਸ਼ਮਣ ਸਿੰਘ ਰਾਠੌਰ, ਚਰਨਜੀਤ ਪੰਨੂ ਨੇ ਹਿੱਸਾ ਲਿਆ। ਤਰਸੇਮ ਸਾਕੀ ਤੇ ਪ੍ਰਿੰਸੀਪਲ ਹਜੂਰਾ ਸਿੰਘ ਨੇ ਤਰੰਨਮ ਵਿਚ ਰਚਨਾਵਾਂ ਪੇਸ਼ ਕੀਤੀਆਂ।
ਸਭਾ ਦੇ ਪ੍ਰਧਾਨ ਤਰਸੇਮ ਸਾਕੀ ਅਤੇ ਪਿੰਡ ਦੇ ਸਰਪੰਚ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ।
The post ਪੰਜਾਬੀ ਸਾਹਿਤ ਸਭਾ ਨਵਾਂਸ਼ਹਿਰ ਵੱਲੋਂ ਸਾਹਿਤਕਾਰ ਰਾਠੌਰ ਤੇ ਪੰਨੂ ਦਾ ਸਨਮਾਨ appeared first on Quomantry Amritsar Times.