ਫਗਵਾੜਾ/ਬਿਊਰੋ ਨਿਊਜ਼ :
ਚੰਗੀ ਗਾਇਕੀ ਨੂੰ ਪ੍ਰਫੁੱਲਤ ਕਰਨ ਵਾਲੇ ਉੱਘੇ ਪੰਜਾਬੀ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ, ਜਿਨ੍ਹਾਂ ਦੀ ਪਿਛਲੇ ਸਾਲ ਆਈ ਫ਼ਿਲਮ ‘ਅੰਗਰੇਜ਼’ ਨੇ ਰਿਕਾਰਡਤੋੜ ਸਫ਼ਲਤਾ ਹਾਸਲ ਕੀਤੀ ਸੀ, ਬਾਲੀਵੁੱਡ ਵਿਚ ਵੀ ਇਸਦੀ ਸ਼ਲਾਘਾ ਹੋਈ ਹੈ। ਫ਼ਿਲਮ ‘ਅੰਗਰੇਜ਼’ ਲਈ ਉੱਘੇ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਨੂੰ ਮੁੰਬਈ ਵਿਚ ਦਾਦਾ ਸਾਹਿਬ ਫਾਲਕੇ ਅਕੈਡਮੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਹਰੇਕ ਸਾਲ ਮੁੰਬਈ ਵਿਚ ਇਹ ਐਵਾਰਡ ਦਾਦਾ ਸਾਹਿਬ ਫਾਲਕੇ ਦੇ ਨਾਂਅ ‘ਤੇ ਬਣਾਈ ਗਈ ਸੰਸਥਾ ਵੱਲੋਂ ਦਿੱਤੇ ਜਾਂਦੇ ਹਨ। ਦੱਸਣਯੋਗ ਹੈ ਕਿ ਇਹ ਐਵਾਰਡ ਉਮਰ ਭਰ ਦੀਆਂ ਪ੍ਰਾਪਤੀਆਂ ਲਈ ਦਿੱਤੇ ਜਾਣ ਵਾਲੇ ਦਾਦਾ ਸਾਹਿਬ ਫਾਲਕੇ ਐਵਾਰਡ ਤੋਂ ਵੱਖਰਾ ਹੈ। ਅਮਰਿੰਦਰ ਗਿੱਲ ਨੂੰ 2015 ਵਿਚ ਉਨ੍ਹਾਂ ਦੀ ਫਿਲਮ ‘ਅੰਗਰੇਜ਼’ ਲਈ ਰੀਜਨਲ ਫਿਲਮ ਕੈਟੇਗਰੀ (ਖੇਤਰੀ ਫਿਲਮ ਸ਼੍ਰੇਣੀ) ਵਿਚ ਸਰਬੋਤਮ ਅਦਾਕਾਰ ਦੇ ਐਵਾਰਡ ਨਾਲ ਨਿਵਾਜ਼ਿਆ ਗਿਆ। ਅੱਧੀ ਦਰਜਨ ਤੋਂ ਵੱਧ ਫ਼ਿਲਮਾਂ ਕਰ ਚੁੱਕੇ ਅਮਰਿੰਦਰ ਗਿੱਲ ਤਿੰਨ ਸੁਪਰਹਿੱਟ ਫ਼ਿਲਮਾਂ ਵੀ ਦੇ ਚੁੱਕੇ ਹਨ। ਜਿਨ੍ਹਾਂ ਵਿਚ ‘ਗੋਰਿਆਂ ਨੂੰ ਦਫਾ ਕਰੋ’, ‘ਅੰਗਰੇਜ਼’ ਤੇ ‘ਲਵ ਪੰਜਾਬ’ ਸ਼ਾਮਲ ਹੈ। ਅਮਰਿੰਦਰ ਗਿੱਲ ਨੂੰ ਹਾਲ ਹੀ ਵਿਚ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਵੀ ਆਪਣੀ ਫ਼ਿਲਮ ਲਈ ਸਾਈਨ ਕੀਤਾ ਹੈ। ਇਸ ਮੌਕੇ ਅਮਰਿੰਦਰ ਗਿੱਲ ਨੇ ਕਿਹਾ ਕਿ ਇਹ ਸਨਮਾਨ ਪੰਜਾਬੀ ਦਿਲਾਂ ‘ਤੇ ਰਾਜ ਕਰਨ ਵਾਲਿਆਂ ਸਰੋਤਿਆਂ ਲਈ ਸਮਰਪਿਤ ਹੈ। ‘ਅੰਗਰੇਜ਼’ ਫਿਲਮ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ। ਇਸ ਫਿਲਮ ਵਿਚ 1940 ਦਹਾਕੇ ਦੌਰਾਨ ਪੰਜਾਬ ਦੀ ਪੇਂਡੂ ਸਥਿਤੀ ਨੂੰ ਬਾਖੂਬੀ ਪੇਸ਼ ਕੀਤਾ ਗਿਆ ਸੀ, ਜਿਸ ਵਿਚ ਅਮਰਿੰਦਰ ਗਿੱਲ ਦੀ ਅਦਾਕਾਰੀ ਦੀ ਖੂਬ ਪ੍ਰਸੰਸਾ ਕੀਤੀ ਗਈ ਸੀ। ਫਿਲਮ ਵਿਚ ਅਮਰਿੰਦਰ ਗਿੱਲ ਤੋਂ ਇਲਾਵਾ ਗਾਇਕ ਤੇ ਅਦਾਕਾਰ ਐਮੀ ਵਿਰਕ, ਬੀਨੂ ਢਿੱਲੋਂ, ਅਦਾਕਾਰਾ ਸਰਗੁਣ ਮਹਿਤਾ ਅਤੇ ਅਦਿਤੀ ਸ਼ਰਮਾ ਨੇ ਵੀ ਅਹਿਮ ਭੂਮਿਕਾ ਨਿਭਾਈਆਂ ਸਨ।
The post ‘ਅੰਗਰੇਜ਼’ ਫ਼ਿਲਮ ਲਈ ਅਮਰਿੰਦਰ ਗਿੱਲ ਦਾਦਾ ਸਾਹਿਬ ਫਾਲਕੇ ਅਕੈਡਮੀ ਵੱਲੋਂ ਸਨਮਾਨਤ appeared first on Quomantry Amritsar Times.