ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਗੁਰਦੁਆਰਾ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਵੱਲੋਂ ਹਿੰਦੀ ਫਿਲਮ ਸੰਤਾ-ਬੰਤਾ ਪ੍ਰਾਈਵੇਟ ਲਿਮਟਿਡ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਗਏ। ਸਿੱਖਾਂ ਦੇ ਰੋਸ ਨੂੰ ਧਿਆਨ ਵਿਚ ਰੱਖਦਿਆ ਦਿੱਲੀ ਦੇ ਸਿਨੇਮਾ ਘਰਾਂ ਤੋਂ ਫ਼ਿਲਮ ਨੂੰ ਮੌਜੂਦਾ ਸਮੇਂ ਹਟਾ ਲਿਆ ਗਿਆ ਹੈ ਪਰ ਇਹ ਪਾਬੰਦੀ ਕਿੰਨੇ ਸਮੇਂ ਲਈ ਜਾਰੀ ਰਹੇਗੀ ਇਸ ਬਾਰੇ ਸਿਨੇਮਾ ਅਧਿਕਾਰੀਆਂ ਵੱਲੋਂ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ। ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਵਿਚ ਨਹਿਰੂ ਪਲੇਸ ਵਿਖੇ ਸੱਤਿਅਮ ਸਿਨੇਮਾ ਵਿਖੇ ਰੋਸ ਮੁਜ਼ਾਹਰਾ ਕੀਤਾ ਗਿਆ, ਉਥੇ ਅਵਤਾਰ ਸਿੰਘ ਹਿੱਤ, ਮਹਿੰਦਰਪਾਲ ਸਿੰਘ ਚੱਢਾ, ਹਰਦੇਵ ਸਿੰਘ ਧਨੋਆ, ਜਤਿੰਦਰ ਸਿੰਘ ਸ਼ੰਟੀ ਸਮੇਤ ਹੋਰਨਾ ਆਗੂਆਂ ਦੀ ਅਗਵਾਈ ਵਿਚ ਸੁਭਾਸ਼ ਨਗਰ, ਸੁਭਾਸ਼ ਪਲੇਸ, ਕਰੋਸ ਰੀਵਰ ਮਾਲ ਤੇ ਬਸੰਤ ਕੁੰਜ ਦੇ ਪ੍ਰੋਮੇਂਡ ਮਾਲ ਵਿਖੇ ਰੋਸ ਪ੍ਰਦਰਸ਼ਨ ਕੀਤੇ ਗਏ। ਦਿੱਲੀ ਕਮੇਟੀ ਮੁਤਾਬਕ ਪ੍ਰਦਰਸ਼ਨ ਦਾ ਐਲਾਨ ਕੀਤੇ ਜਾਣ ਕਰਕੇ ਜ਼ਿਆਦਾਤਰ ਸਿਨੇਮਾਘਰਾਂ ਨੇ ਫ਼ਿਲਮ ਨਾ ਚਲਾਉਣ ਦਾ ਫੈਸਲਾ ਕਰਦੇ ਹੋਏ ਪਹਿਲਾਂ ਤੋਂ ਬੁੱਕ ਕੀਤੇ ਸ਼ੋਅ ਵੀ ਰੱਦ ਕਰ ਦਿੱਤੇ। ਜੀ.ਕੇ. ਨੇ ਕਿਹਾ ਕਿ ਸਿੱਖਾਂ ਨੂੰ ਬੇਸਮਝ ਤੇ ਘੱਟ ਅਕਲ ਵਾਲੇ ਦਿਖਾਉਣ ਵਾਲੀ ਕਿਸੇ ਵੀ ਫ਼ਿਲਮ ਦਾ ਦਿੱਲੀ ਵਿਚ ਪ੍ਰਦਰਸ਼ਨ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 25 ਸਿਨੇਮਾ ਘਰਾਂ ਨੇ ਲਿਖਤੀ ਰੂਪ ਵਿਚ ਫ਼ਿਲਮ ਨਾ ਚਲਾਉਣ ਦਾ ਭਰੋਸਾ ਦਿੱਤਾ ਹੈ। ਇਨ੍ਹਾਂ ਰੋਸ ਪ੍ਰਦਰਸ਼ਨਾਂ ਦੌਰਾਨ ਦਿੱਲੀ ਕਮੇਟੀ ਦੇ ਬਹੁਤ ਸਾਰੇ ਆਗੂਆਂ ਤੇ ਅਕਾਲੀ ਦਲ ਦੇ ਵਰਕਰਾਂ ਨੇ ਵੀ ਵੱਡੀ ਗਿਣਤੀ ਵਿਚ ਹਿੱਸਾ ਲਿਆ।
The post ਦਿੱਲੀ ਕਮੇਟੀ ਵੱਲੋਂ ਫ਼ਿਲਮ ‘ਸੰਤਾ-ਬੰਤਾ’ ਖ਼ਿਲਾਫ ਰੋਸ ਵਿਖਾਵੇ appeared first on Quomantry Amritsar Times.