ਟੋਰਾਂਟੋ/ਬਿਊਰੋ ਨਿਊਜ਼ :
ਹਰਜੀ ਮੂਵੀਜ਼ ਦੇ ਬੈਨਰ ਹੇਠ ਬਣੀ ਪੰਜਾਬੀ ਫ਼ਿਲਮ ‘ਖੂਨੀ ਗਲੀਆਂ’ (ਦਿ ਬਲੱਡ ਸਟਰੀਟ) ਦੀ ਡੀ.ਵੀ.ਡੀ. ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਵਿਖੇ ਸੰਗਤਾਂ ਦੀ ਹਾਜ਼ਰੀ ਵਿੱਚ ਗੁਰੂਘਰ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਸੇਖੋਂ ਅਤੇ ਜਾਗੋਵਾਲੇ ਜਥੇ ਨੇ ਰਿਲੀਜ਼ ਕਰ ਦਿੱਤੀ ਹੈ। ਫ਼ਿਲਮ ਦੇ ਨਿਰਮਾਤਾ ਜਸਬੀਰ ਸਿੰਘ ਬੋਪਾਰਾਏ ਨੇ ਫ਼ਿਲਮ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ‘ਦਿ ਬਲੱਡ ਸਟਰੀਟ’ ਸਮਾਜਿਕ ਅਤੇ ਪਰਿਵਾਰਕ ਫ਼ਿਲਮ ਹੈ, ਜੋ ਸਮੇਂ ਦੇ ਸੱਚ ਨਾਲ ਜੁੜੀ ਹੋਈ ਹੈ। ਇਹ ਪੰਜਾਬ ਦੇ ਕਾਲੇ ਦੌਰ ਵਿਚ ਜ਼ੁਲਮ ਦਾ ਸ਼ਿਕਾਰ ਹੋਏ ਲੋਕਾਂ ਦੀ ਕਹਾਣੀ ਹੈ। ਇਹ ਫ਼ਿਲਮ ਉਸ ਹਰੇਕ ਮਾਂ ਦੀ ਕਹਾਣੀ ਹੈ, ਜਿਸ ਦਾ ਜਵਾਨ ਪੁੱਤ ਉਸ ਕਾਲੀ-ਬੋਲ੍ਹੀ ਹਨੇਰੀ ਵਿੱਚ ਘਰੋਂ ਕੰਮ ‘ਤੇ ਗਿਆ ਪਰ ਵਾਪਸ ਨਹੀਂ ਆਇਆ। ਇਹ ਫ਼ਿਲਮ ਪੰਜਾਬ ਦੇ ਸਾਧਾਰਨ ਲੋਕਾਂ ਦੀ ਜ਼ਿੰਦਗੀ ਪੇਸ਼ ਕਰਦੀ ਹੈ। ਸਿੱਖ ਧਰਮ ਦੇ ਉੱਘੇ ਪ੍ਰਚਾਰਕ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਵਲੋਂ ਇਸ ਫ਼ਿਲਮ ਵਿਚ ਯਾਦਗਰੀ ਭੂਮਿਕਾ ਨਿਭਾਈ ਗਈ ਹੈ।
ਜਸਬੀਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਫ਼ਿਲਮ ਬਣਾਉਣ ਵੇਲੇ ਪ੍ਰਸ਼ਾਸਨ ਅਤੇ ਬਾਅਦ ਵਿੱਚ ਭਾਰਤੀ ਸੈਂਸਰ ਬੋਰਡ ਵੱਲੋਂ ਬਹੁਤ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਅਤੇ ਵਾਰ ਵਾਰ ਤਰੀਕ ਬਦਲਣ ਕਰਕੇ ਉਨ੍ਹਾਂ ਨੂੰ ਮਾਇਕ ਤੌਰ ‘ਤੇ ਬਹੁਤ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ, ਪਰ ਉਨ੍ਹਾਂ ਨੇ ਫ਼ਿਲਮ ਸ਼ਹੀਦਾਂ ਦਾ ਸੁਪਨਾ ਸਾਕਾਰ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਬਣਾਈ ਸੀ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਸਿੱਖ ਸੰਗਤਾਂ ਡੀ.ਵੀ.ਡੀ ਨੂੰ ਭਰਪੂਰ ਪਿਆਰ ਅਤੇ ਸਹਿਯੋਗ ਦੇਣਗੀਆਂ।
ਸ. ਬੋਪਾਰਾਏ ਨੇ ਸੰਸਾਰ ਭਰ ਵਿੱਚ ਵੱਸਦੀਆਂ ਸਿੱਖ ਸੰਗਤਾਂ, ਬਿਜ਼ਨਸਮੈਨ, ਵੀਰਾਂ-ਭੈਣਾਂ ਅਤੇ ਦਾਨੀ ਸੱਜਣਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਵੱਧ ਤੋਂ ਵੱਧ ‘ਖੂਨੀ ਗਲੀਆਂ’ (ਦਿ ਬਲੱਡ ਸਟਰੀਟ) ਦੀ ਡੀ.ਵੀ.ਡੀ. ਖਰੀਦਣ ਅਤੇ ਮਾਇਕ ਸਹਾਇਤਾ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਫ਼ਿਲਮ ਦੀ ਡੁਪਲੀਕੇਟ ਕਾਪੀ ਕਿਸੇ ਸਟੋਰ ‘ਤੇ ਵੇਖਦੇ ਹੈ ਤਾਂ ਉਨ੍ਹਾਂ ਨਾਲ ਜਾਂ ਪੁਲੀਸ ਨਾਲ ਸੰਪਰਕ ਕੀਤਾ ਜਾਵੇ, ਸਾਡੀ ਲੀਗਲ ਟੀਮ ਪਾਇਰੇਸੀ ਰੋਕਣ ਲਈ ਪੂਰੀ ਤਰ੍ਹਾਂ ਸਰਗਰਮ ਹੈ। ਡੀ.ਵੀ.ਡੀ. ਲੈਣ ਜਾਂ ਫ਼ਿਲਮ ਬਾਰੇ ਜਾਣਕਾਰੀ ਲੈਣ ਲਈ ਫ਼ਿਲਮ ਨਿਰਮਾਤਾ ਜਸਬੀਰ ਸਿੰਘ ਬੋਪਾਰਾਏ ਨਾਲ 1-647-231-1600 ਜਾਂ herjeemovies@gmail.com ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
The post ਪੰਜਾਬੀ ਫ਼ਿਲਮ ‘ਖੂਨੀ ਗਲੀਆਂ’ (ਦਿ ਬਲੱਡ ਸਟਰੀਟ) ਦੀ ਡੀ.ਵੀ.ਡੀ. ਰਿਲੀਜ਼ appeared first on Quomantry Amritsar Times.