ਪੰਜਾਬੀ ਫ਼ਿਲਮਾਂ ਦੇ ਖੁਸ਼ਗਵਾਰ ਮਹੌਲ ਵਿਚ 22 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਜੀ.ਬੀ. ਐਂਟਰਟੇਨਮੈਂਟ ਅਤੇ ਗਾਖਲ ਭਰਾਵਾਂ ਦੀ ਪਹਿਲੀ ਪੰਜਾਬੀ ਫ਼ਿਲਮ ‘ਵਿਸਾਖੀ ਲਿਸਟ’ ਉਸ ਨਿਰਦੇਸ਼ਕ ਦੀ ਨਿਰਦੇਸ਼ਨਾ ਹੇਠ ਤਿਆਰ ਹੋਈ ਫ਼ਿਲਮ ਹੈ, ਜਿਸ ਨੂੰ ਹਾਸਰਸ ਅਤੇ ਸਿਹਤਮੰਦ ਮਨੋਰੰਜਕ ਫ਼ਿਲਮਾਂ ਬਣਾਉਣ ਵਜੋਂ ਜਾਣਿਆ ਜਾਂਦਾ ਹੈ । ‘ਕੈਰੀ ਆਨ ਜੱਟਾ’ ਵਰਗੀਆਂ ਅਨੇਕਾਂ ਹਿੱਟ ਫ਼ਿਲਮਾਂ ਦੇਣ ਵਾਲਾ ਸਮੀਪ ਕੰਗ ‘ਵਿਸਾਖੀ ਲਿਸਟ’ ਦਾ ਵੀ ਨਿਰਦੇਸ਼ਕ ਹੈ। ਨਿਰਮਾਤਾ ਅਮੋਲਕ ਸਿੰਘ ਗਾਖਲ ਦੀ ਇਸ ਫ਼ਿਲਮ ਸੰਬੰਧੀ ਸਮੀਪ ਕੰਗ ਨਾਲ ਮੁਲਾਕਾਤ ਦੇ ਕੁਝ ਅੰਸ਼ :
ਮੈਨੂੰ ਇਸ ਗੱਲ ‘ਤੇ ਮਾਣ ਹੈ ਕਿ ਪੰਜਾਬੀ ਫ਼ਿਲਮ ਜਗਤ ਨੂੰ ਉਸ ਵੇਲੇ ਨਵਾਂ ਮੋੜ ਦੇਣ ਦੇ ਸਮਰੱਥ ਹੋ ਸਕਿਆ ਹਾਂ ਜਦੋਂ ਪੰਜਾਬੀ ਫ਼ਿਲਮਾਂ ਇਕ ਤਰ੍ਹਾਂ ਨਾਲ ਡਾਵਾਂਡੋਲ ਵਾਲੀ ਸਥਿਤੀ ਵਿਚ ਜਾਪ ਰਹੀਆਂ ਹਨ ਤੇ ਇਸ ਗੱਲ ਨੂੰ ਸਵੀਕਾਰ ਕਰਨਾ ਕਿ ਮੈਂ ਹਾਸਰਸ ਭਰਪੂਰ ਫ਼ਿਲਮਾਂ ਬਣਾਉਣ ਵਿਚ ਚੰਗੀ ਮੁਹਾਰਤ ਰੱਖਦਾਂ ਹਾਂ, ਨਾਲ ਮੈਨੂੰ ਖੁਸ਼ੀ ਵੀ ਹੁੰਦੀ ਹੈ। ਕੈਲੀਫੋਰਨੀਆ ਵਸਦੇ ਗਾਖਲ ਭਰਾਵਾਂ ਦੀ ਪਹਿਲੀ ਹਿੰਦੀ ਫ਼ਿਲਮ ‘ਸੈਕੰਡ ਹੈਂਡ ਹਸਬੈਂਡ’ ਧਰਮਿੰਦਰ, ਗਿੱਪੀ ਗਰੇਵਾਲ ਅਤੇ ਤੇ ਟੀਨਾ ਅਹੂਜਾ ਨੂੰ ਲੈ ਕੇ ਬਣਾਉਣਾ ਵੀ ਮੇਰੇ ਲਈ ਹਿੰਦੀ ਖੇਤਰ ਵਿਚ ਪਹਿਲਾ ਹੀ ਤਜ਼ਰਬਾ ਸੀ। ਜਿਸ ਤਰ੍ਹਾਂ ਦੀਆਂ ਆਸਾਂ ਇਸ ਫ਼ਿਲਮ ਤੋਂ ਰੱਖੀਆਂ ਗਈਆਂ ਸਨ, ਉਨ੍ਹਾਂ ਨੂੰ ਬੂਰ ਨਹੀਂ ਪਿਆ, ਭਾਵੇਂ ਕਿ ਗਾਖਲ ਭਰਾਵਾਂ ਨੇ ਇਸ ਨੂੰ ਗੰਭੀਰਤਾ ਨਾਲ ਨਾ ਵੀ ਲਿਆ ਹੋਵੇ ਪਰ ਮੈਂ ਉਨ੍ਹਾਂ ਦੇ ਪਿਆਰ ਅਤੇ ਮੁਹੱਬਤ ਦਾ ਮੁੱਲ ਤਾਰਨਾ ਹੀ ਚਾਹੁੰਦਾ ਸਾਂ। ‘ਵਿਸਾਖੀ ਲਿਸਟ’ ਦੀ ਕਹਾਣੀ ਮੇਰੇ ਲਈ ਨਵਾਂ ਆਈਡੀਆ ਸੀ ਤੇ ਇਹ ਫ਼ਿਲਮ ਨਾ ਸਿਰਫ਼ ਚਲਾਉਣ ਲਈ ਮੈਂ ਮਿਹਨਤ ਕੀਤੀ ਹੈ, ਸਗੋਂ ਇਸ ਫ਼ਿਲਮ ਨੂੰ ਹਰ ਉਹ ਰੰਗ ਇਸ ਕਰਕੇ ਵੀ ਦੇਣ ਦਾ ਯਤਨ ਕੀਤਾ ਹੈ ਤਾਂ ਕਿ ਗਾਖਲ ਭਰਾ ਇਸ ਖੇਤਰ ‘ਚ ਜਿਹੜੇ ਅਰਮਾਨ ਤੇ ਸੁਪਨੇ ਲੈ ਕੇ ਆਏ ਹਨ, ਉਹ ਸੱਚੀਂ-ਮੁੱਚੀਂ ਹੀ ਪੂਰੇ ਹੋ ਸਕਣ। ਇਸੇ ਲਈ ਮੈਂ ਇਸ ਦੀ ਨਿਰਦੇਸ਼ਨਾਂ ਲਈ ਦਿਨ-ਰਾਤ ਕੰਮ ਕੀਤਾ ਹੈ ਸਗੋਂ ਪੰਜਾਬੀ ਫ਼ਿਲਮਾਂ ਨਾਲ ਜੁੜੇ ਸਾਰੇ ਹਾਸਰਸ ਕਲਾਕਾਰਾਂ ਨੂੰ ਵੀ ਇਕੋ ਫ਼ਿਲਮ ਵਿਚ ਇਕੱਠਿਆਂ ਕਰਨ ਦਾ ਸਫਲ ਯਤਨ ਕਰ ਸਕਿਆ ਹਾਂ। ਫ਼ਿਲਮ ਵਿਚ ਕਈ ਥਾਂ ਪੰਚ ਐਸੇ ਨੇ ਜੋ ਕਲਾਕਾਰ ਨਹੀਂ, ਲੋਕਾਂ ਦੇ ਮੂੰਹੋਂ ਅਖਵਾਏ ਗਏ ਹਨ। ਚੰਗੀ ਫ਼ਿਲਮ ਤੇ ਸਿਹਤਮੰਦ ਮਨੋਰੰਜਨ ਦੇਣ ਦੇ ਨਾਲ ਨਾਲ ਪੰਜਾਬੀ ਫ਼ਿਲਮ ਜਗਤ ਵਿਚ ਗਾਖਲ ਭਰਾਵਾਂ ਦੀ ਲੰਬੀ ਤੇ ਸਫਲ ਉਡਾਰੀ ਲਈ ਮੈਂ ਕੋਈ ਕਸਰ ਬਾਕੀ ਨਹੀਂ ਛੱਡੀ। ਇਸੇ ਕਰਕੇ ਮੇਰਾ ਦਾਅਵਾ ਹੈ ਕਿ ‘ਵਿਸਾਖੀ ਲਿਸਟ’ ਫ਼ਿਲਮ ਆਪਣੀ ਕਿਸਮ ਦੀ ਨਿਵੇਕਲੀ ਫ਼ਿਲਮ ਹੋਵੇਗੀ।
ਜੇਲ੍ਹ ਦਾ ਨਾਮ ਆਪਣੇ ਆਪ ਵਿਚ ਹੀ ਸਾਹ ਸੁਕਾਉਣ ਵਾਲਾ ਹੈ। ਕੋਈ ਜੇਲ੍ਹ ਦੇ ਅੰਦਰ ਜਾਣਾ ਨਹੀਂ ਚਾਹੁੰਦਾ ਤੇ ਜੇਲ੍ਹ ਅੰਦਰ ਕਿਸ ਤਰ੍ਹਾਂ ਦਾ ਮਹੌਲ ਹੁੰਦਾ ਹੈ, ਇਹ ਵੀ ਹਰ ਇਕ ਨੂੰ ਪਤਾ ਹੈ। ਪਰ ਮੈਂ ਜੇਲ੍ਹ ਅੰਦਰ ਖੁਸ਼ਗਵਾਰ ਮਹੌਲ ਅਤੇ ਕੈਦੀਆਂ ਦੀ ਜ਼ਿੰਦਗੀ ਨੂੰ ਨਿਵੇਕਲੇ ਢੰਗ ਵਿਚ ਪੇਸ਼ ਕਰਕੇ ਨਵਾਂ ਹੀ ਤਜ਼ਰਬਾ ਕੀਤਾ ਹੈ। ਮੇਰਾ ਵਿਸ਼ਵਾਸ ਹੈ ਕਿ ਪੰਜਾਬੀ ਦਰਸ਼ਕਾਂ ਵਲੋਂ ਇਸ ਨੂੰ ਪ੍ਰਵਾਨ ਕਰ ਹੀ ਲਿਆ ਜਾਵੇਗਾ।
ਜੇਲ੍ਹ ਵਿਚੋਂ ਕੈਦੀ ਭੱਜਦੇ ਤਾਂ ਬਹੁਤਿਆਂ ਨੇ ਵੇਖੇ ਹਨ ਤੇ ਇਸ ਗੱਲ ਨੂੰ ਮੁੱਖ ਰੱਖਦਿਆਂ ਕਈ ਫ਼ਿਲਮਾਂ ਬਣੀਆਂ ਵੀ ਹੋਣਗੀਆਂ ਪਰ ਕੈਦੀਆਂ ਨੂੰ ਜੇਲ੍ਹ ਵਿਚ ਮੁੜ ਦਾਖ਼ਲ ਹੋਣ ਲਈ ਜੋ ਸੰਘਰਸ਼ ਕਰਨਾ ਪਿਆ ਹੈ, ਉਸ ਨੂੰ ਵੀ ਹਾਸਰਸ ਅਤੇ ਨਿਵੇਕਲੇ ਢੰਗ ਨਾਲ ਪੇਸ਼ ਕਰਨ ਦਾ ਯਤਨ ਕੀਤਾ ਹੈ। ਦਰਸ਼ਕਾਂ ਨੂੰ ਲੱਗੇਗਾ ਕਿ ਫ਼ਿਲਮਾਂ ਇਸ ਤਰ੍ਹਾਂ ਵੀ ਬਣ ਸਕਦੀਆਂ ਹਨ। ਇਹ ਮੈਂ ਇਸ ਕਰਕੇ ਵੀ ਵੱਖਰਾ ਕੀਤਾ ਹੈ ਕਿਉਂਕਿ ਪੰਜਾਬੀ ਫ਼ਿਲਮਾਂ ਦੇ ਦਰਸ਼ਕ ਇਸ ਗੱਲ ਨੂੰ ਜਾਣਦੇ ਹਨ ਕਿ ਜੋ ਕੁਝ ਸਮੀਪ ਕੰਗ ਦਿੰਦਾ ਹੈ, ਉਹ ਬਾਕੀਆਂ ਨਾਲ ਮੇਲ ਹੀ ਨਹੀਂ ਖਾਂਦਾ। ਇਸੇ ਲਈ ਲਗਭਗ ਮੇਰੀਆਂ ਸਾਰੀਆਂ ਪੰਜਾਬੀ ਫ਼ਿਲਮਾਂ ਸਫਲਤਾ ਦੇ ਗਰਾਫ਼ ਨੂੰ ਟੱਪਦੀਆਂ ਹੀ ਰਹੀਆਂ ਹਨ।
ਹਾਲ ਹੀ ਵਿਚ ‘ਸ਼ਰੀਕ’ ਨਾਲ ਚਰਚਾ ‘ਚ ਆਉਣ ਵਾਲਾ ਖੂਬਸੂਰਤ ਅਦਾਕਾਰ ਜਿੰਮੀ ਸ਼ੇਰਗਿੱਲ, ਜਿਸ ਨੇ ਪਹਿਲਾਂ ਵੀ ਅਨੇਕਾਂ ਹਿੱਟ ਫ਼ਿਲਮਾਂ ਦਿੱਤੀਆਂ ਹਨ, ਇਸ ਫ਼ਿਲਮ ‘ਚ ਮੁੱਖ ਕਿਰਦਾਰ ਨਿਭਾਅ ਰਿਹਾ ਹੈ। ਇਸ ਫ਼ਿਲਮ ਦਾ ‘ਕੁਝ’ ਹੀ ਨਹੀਂ ‘ਬਹੁਤਾ’ ਭਾਰ ਜਿੰਮੀ ਸ਼ੇਰਗਿੱਲ ਆਪਣੇ ਮੋਢਿਆਂ ‘ਤੇ ਚੁੱਕ ਹੀ ਲਵੇਗਾ।
ਭਾਵੇਂ ‘ਮਹੌਲ ਠੀਕ ਨਹੀਂ ਹੈ’ ਜਸਪਾਲ ਭੱਟੀ ਦੀ ਫ਼ਿਲਮ ਵਿਚ ਸੁਨੀਲ ਗਰੋਵਰ (ਗੁੱਥੀ) ਨੇ ਛੋਟਾ ਮੋਟਾ ਰੋਲ ਕੀਤਾ ਸੀ ਪਰ ਥੀਏਟਰ ਨਾਲ ਜੁੜਿਆ ਇਹ ਪੰਜਾਬੀ ਮੁੰਡਾ ਮੁੰਬਈ ਤੋਂ ਕਪਿਲ ਸ਼ਰਮਾ ਦੀ ਕਾਮੇਡੀ ਨਾਈਟ ਰਸਤੇ ‘ਗੁੱਥੀ’ ਦੇ ਕਿਰਦਾਰ ਨਾਲ ਜਾਣੇ ਜਾਣ ਤੋਂ ਬਾਅਦ ਪਹਿਲੀ ਵਾਰ ਕਿਸੇ ਪੰਜਾਬੀ ਫ਼ਿਲਮ ਵਿਚ ਕੈਦੀ ਦੀ ਖ਼ਾਸ ਭੂਮਿਕਾ ਨਿਭਾਅ ਰਿਹਾ ਹੈ। ਸੁਨੀਲ ਗਰੋਵਰ ਦੀ ਅਦਾਕਾਰੀ ਨੂੰ ਵੀ ਸਾਰੇ ਪੰਜਾਬੀ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਪ੍ਰਵਾਨ ਕਰਦੇ ਰਹੇ ਹਨ। ਇਸੇ ਕਰਕੇ ਮੇਰੀ ਆਸ ਬੱਝੀ ਹੋਈ ਹੈ ਕਿ ‘ਵਿਸਾਖੀ ਲਿਸਟ’ ਰਾਹੀਂ ਸੁਨੀਲ ਗਰੋਵਰ ਉਰਫ਼ ‘ਗੁੱਥੀ’ ਪੰਜਾਬੀ ਫ਼ਿਲਮਾਂ ਲਈ ਸ਼ੁੱਭ ਸ਼ਗਨ ਅਤੇ ਚੰਗੇ ਭਵਿੱਖ ਵਾਲਾ ਕਲਾਕਾਰ ਹੋ ਨਿੱਬੜੇਗਾ, ਇਹ ਮੈਂ ਦਾਅਵਾ ਕਰ ਸਕਦਾ ਹਾਂ।
ਰਣਜੀਤ ਬਾਵਾ ਦਾ ਪੰਜਾਬੀ ਗਾਇਕੀ ਦੇ ਖੇਤਰ ਵਿਚ ਨਾਂ ਹੀ ਨਹੀਂ ਸਗੋਂ ਉਹ ਯੁਵਾ ਵਰਗ ਵਿਚ ਬਹੁਤ ਹੀ ਹਰਮਨਪਿਆਰਾ ਗਾਇਕ ਹੈ। ਵਿਸਾਖੀ ਮੌਕੇ ਸਰਕਾਰਾਂ ਆਪਣੇ ਕੈਦੀਆਂ ਨੂੰ ਖ਼ਾਸ ਰਿਆਇਤਾਂ ਦੇ ਕੇ ਰਿਹਾਅ ਕਰਦੀਆਂ ਰਹੀਆਂ ਹਨ, ਸਜ਼ਾਵਾਂ ਘੱਟ ਕਰਦੀਆਂ ਰਹੀਆਂ ਹਨ। ‘ਵਿਸਾਖੀ ਲਿਸਟ’ ਹੀ ਅਜਿਹਾ ਹੀ ਫ਼ਿਲਮੀ ਸਿਧਾਂਤ ਹੈ ਅਤੇ ਵਿਸਾਖੀ ਬਾਰੇ ਵੀ ਧਨੀ ਰਾਮ ਚਾਤ੍ਰਿਕ ਦੀ ਅਮਰ ਰਚਨਾ ‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ’ ਰਣਜੀਤ ਬਾਵਾ ਤੋਂ ਗਵਾਉਣ ਦਾ ਵੀ ਮੇਰਾ ਆਪਣਾ ਹੀ ਨਜ਼ਰੀਆ ਸੀ। ਬਾਵੇ ਦੀ ਆਵਾਜ਼ ਤੇ ਧਨੀ ਰਾਮ ਚਾਤ੍ਰਿਕ ਦੀ ਰਚਨਾ ਨੂੰ ਮੁੜ ਕੇ ਜਿੰਨਾ ਪਿਆਰ ਮਿਲਿਆ ਹੈ, ਉਹ ਵੀ ਇਸ ਫ਼ਿਲਮ ਦੇ ਸਫਲ ਹੋਣ ਲਈ ਮਹੱਤਵਪੂਰਨ ਹਿੱਸਾ ਬਣੇਗੀ।
ਦੇਖੋ ਤਾਂ ਸਹੀ ਇਸੇ ਫ਼ਿਲਮ ਵਿਚ ਜਸਵਿੰਦਰ ਭੱਲਾ ਨੇ ਜੇਲ੍ਹਰ ਦੀ ਭੂਮਿਕਾ ਨਿਭਾਈ ਹੈ। ਉਹਦੇ ਨਾਲ ਬਾਲ ਮੁਕੰਦ ਸ਼ਰਮਾ ਵੀ ਹੈ, ਬੀ.ਐਨ. ਸ਼ਰਮਾ ਵੀ। ਯੁਵਾ ਵਰਗ ਦਾ ਚਰਚਿਤ ਹਾਸਰਸ ਕਲਾਕਾਰ ਮਧਰੇ ਕੱਦ ਦਾ ਰਾਣਾ ਰਣਬੀਰ ਵੀ ਹੈ, ਬੀਨੂੰ ਢਿੱਲੋਂ ਵੀ। ਦਰਸ਼ਕ ਇਨ੍ਹਾਂ ਸਾਰਿਆਂ ਨੂੰ ਰੱਜ ਕੇ ਤੇਹ ਕਰਦੇ ਹਨ। ਜਦੋਂ ਇੱਕੋ ਪਰਦੇ ‘ਤੇ ਸਾਰੇ ਇਕੱਠੇ ਆਪਣੀ ਕਲਾਕਾਰੀ ਪੇਸ਼ ਕਰਨਗੇ ਤੇ ਉਹ ਵੀ ਸਿਹਤਮੰਦ ਮਨੋਰੰਜਨ ਪੱਖੋਂ, ਤਾਂ ਮੇਰਾ ਵਿਸ਼ਵਾਸ ਹੀ ਨਹੀਂ ਸਗੋਂ ਯਕੀਨ ਹੈ ਕਿ ਫ਼ਿਲਮ ਚੰਗੀ ਹੀ ਨਹੀਂ ਸਗੋਂ ਉੱਤਮ ਵੀ ਹੋਵੇਗੀ।
ਰਾਹਤ ਫ਼ਤਿਹ ਅਲੀ ਖਾਨ ਨੇ ਵੀ ਇਸ ਫ਼ਿਲਮ ਲਈ ਗਾਇਆ ਹੈ। ਰਾਹਤ ਨੂੰ ਪੰਜਾਬੀ ਫ਼ਿਲਮਾਂ ‘ਚ ਮਹਿੰਗੇ ਭਾਅ ਗੁਆਉਣਾ ਗਾਖਲ ਭਰਾਵਾਂ ਦੇ ਹੀ ਵੱਸ ਦਾ ਰੋਗ ਸੀ। ਰਣਜੀਤ ਬਾਵਾ ਦਾ ਆਪਣਾ ਰੰਗ ਹੈ ਅਤੇ ਰਾਹਤ ਫ਼ਤਿਹ ਅਲੀ ਖਾਨ ਜੋ ਹੈ, ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ। ਇਸੇ ਕਰਕੇ ਫ਼ਿਲਮ ਦਾ ਗੀਤ ਸੰਗੀਤ ਵਾਲਾ ਪੱਖ ਸੰਗੀਤ ਨਿਰਦੇਸ਼ਕ ਜੈਦੇਵ ਕੁਮਾਰ ਨੇ ਪੂਰੀ ਤਰ੍ਹਾਂ ਸੰਤੁਲਤ ਰੱਖਿਆ ਹੈ।
ਇਸ ਕਰਕੇ ਮੈਂ ਕਹਿ ਹੀ ਸਕਦਾ ਹਾਂ ਕਿ ਚੰਗੇ ਮੌਸਮ ਵਿਚ ਚੰਗਾ ਪਹਿਰਾਵਾ ਸੋਹਣੇ ਰੂਪ ਵਾਲਿਆਂ ਨੂੰ ਜਚਦਾ ਹੀ ਐ। ਗਾਖਲ ਭਰਾਵਾਂ ਦੀ ‘ਵਿਸਾਖੀ ਲਿਸਟ’ ਮੇਰੀ ਨਿਰਦੇਸ਼ਨਾਂ ਨਾਲ ਹੀ ਨਹੀਂ, ਉਨ੍ਹਾਂ ਦੇ ਇਸ ਖੇਤਰ ਵਿਚ ਪ੍ਰਵੇਸ਼ ਦੀ ਦ੍ਰਿੜ ਧਾਰਨਾ ਨੂੰ ਹੋਰ ਬਲ ਦੇਵੇਗੀ। ਸੋ ਮੈਂ ਤੁਹਾਨੂੰ ‘ਵਿਸਾਖੀ ਲਿਸਟ’ ਦੇਖਣ ਦੀ ਗੁਜ਼ਾਰਿਸ਼ ਵੀ ਜ਼ਰੂਰ ਕਰਾਂਗਾ।
(ਪੇਸ਼ਕਸ਼: ਐੱਸ ਅਸ਼ੋਕ ਭੌਰਾ)
The post ‘ਵਿਸਾਖੀ ਲਿਸਟ’ ਆਪਣੀ ਕਿਸਮ ਦੀ ਨਿਵੇਕਲੀ ਫ਼ਿਲਮ: ਸਮੀਪ ਕੰਗ appeared first on Quomantry Amritsar Times.