ਚੰਡੀਗੜ੍ਹ/ਬਿਊਰੋ ਨਿਊਜ:
ਉਘੇ ਗੁਰਮਤਿ ਸੰਗੀਤਕਾਰ ਪ੍ਰੋ. ਸੁਰਿੰਦਰ ਸਿੰਘ ਇਨ੍ਹੀ ਦਿਨੀਂ ਆਪਣੇ ਸੰਗੀਤ ਦੇ ਵਿਦਿਆਰਥੀਆਂ ਅਤੇ ਹੋਰ ਸੰਗੀਤਕਾਰ ਸਾਥੀਆਂ ਸਮੇਤ ਪੰਜਾਬ ਦੇ ਦੌਰੇ ‘ਤੇ ਹਨ।
ਪ੍ਰੋ. ਸੁਰਿੰਦਰ ਸਿੰਘ ਦਾ ਗੁਰਮਤਿ ਸੰਗੀਤ ਦੀ ਸੰਭਾਲ ਅਤੇ ਇਸ ਨੂੰ ਸੁਰਜੀਤ ਕਰਨ ਵਿਚ ਬਹੁਤ ਵੱਡਾ ਯੋਗਦਾਨ ਹੈ, ਖਾਸ ਕਰਕੇ ਤੰਤੀ ਸਾਜ਼ਾਂ ਦੀ ਪੁਨਰ ਸੁਰਜੀਤੀ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਹੈ। ਉਹ ਪੂਰੀ ਦੁਨੀਆਂ ਵਿਚ ਗੁਰਮਤਿ ਸੰਗੀਤ ਦਾ ਪ੍ਰਚਾਰ ਅਤੇ ਇਸ ਦੀ ਸਿਖਿਆ ਦੇ ਰਹੇ ਹਨ।
ਉਨ੍ਹਾਂ ਦਾ ਇਕੋ ਇਕ ਮਕਸਦ ਗਰਮਤਿ ਸੰਗੀਤ ਦੀਆਂ ਪਰੰਪਰਾਵਾਂ ਨੂੰ ਸੰਭਾਲਣਾ ਅਤੇ ਪ੍ਰਮਾਣਕ ਧੁਨੀਆਂ ਨੂੰ ਸੁਰਜੀਤ ਕਰਨਾ ਹੈ। ਉਹ ਤੰਤੀ ਸਾਜ਼ਾਂ ਰਬਾਬ, ਸਾਰੰਦਾ, ਸਾਰੰਗੀ, ਤਾਊਸ, ਦਿਲਰੁਬਾ ਅਤੇ ਜੋੜੀ ਉਪਰ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਨਿਰਧਾਰਤ ਰਾਗਾਂ ਉਪਰ ਹੀ ਗੁਰਬਾਣੀ ਦਾ ਗਾਇਨ ਕਰਦੇ ਹਨ ਅਤੇ ਇਸ ਨੂੰ ਉਤਸ਼ਾਹਿਤ ਕਰਦੇ ਹਨ। ਉਹ ਸਿੱਖ ਧਰਮ ਅਤੇ ਗੁਰਮਤਿ ਸੰਗੀਤ ਦੇ ਸਫ਼ੀਰ ਵਜੋਂ ਪੂਰੀ ਦੁਨੀਆਂ ਵਿਚ ਪ੍ਰੋਗਰਾਮ ਕਰ ਰਹੇ ਹਨ।
ਪ੍ਰੋ. ਸੁਰਿੰਦਰ ਸਿੰਘ ਆਪਣੇ ਵਿਦੇਸ਼ੀ ਵਿਦਿਆਰਥੀਆਂ ਸਮੇਤ ਪੰਜਾਬ ਦੇ ਦੌਰੇ ਉਪਰ ਹਨ। ਉਹ ਖੁਦ ਸਾਰੰਦਾ ਵਜਾਉਂਦੇ ਹਨ ਅਤੇ ਉਨ੍ਹਾਂ ਨਾਲ ਰਬਾਬ ਉਪਰ ਲੰਡਨ ਤੋਂ ਜਸਵੀਰ ਕੌਰ, ਸਾਰੰਗੀ ਉਪਰ ਸਪੇਨ ਤੋਂ ਸੰਪੂਰਨ ਕੌਰ, ਸਾਰੰਗੀ ਉਪਰ ਜਲੰਧਰ ਤੋਂ ਸਤਵਿੰਦਰਪਾਲ ਸਿੰਘ, ਤਬਲੇ ਉਪਰ ਲੁਧਿਆਣੇ ਤੋਂ ਸਾਹਿਬ ਸਿੰਘ ਸੰਗਤ ਕਰ ਰਹੇ ਹਨ।
ਇਨ੍ਹਾਂ ਤੋਂ ਇਲਾਵਾ ਸਪੇਨ ਤੋਂ ਆਤਮਾਨੰਦ ਕੌਰ (ਸਾਰੰਗੀ), ਪਰੀਤ ਕੌਰ (ਦਿਲਰੁਬਾ) ਸ੍ਰੀ ਚੰਦਰ ਕੌਰ (ਦਿਲਰੁਬਾ), ਜਰਮਨੀ ਤੋਂ ਬੰਦਗੀ ਕੌਰ (ਦਿਲਰੁਬਾ), ਜੀਵਨਜੋਤ ਕੌਰ ਦਿਲਰੁਬਾ ਅਤੇ ਨਾਮ ਸਿਮਰਨ ਕੌਰ (ਦਿਲਰੁਬਾ), ਰਾਜ ਕੌਰ (ਸਾਰੰਦਾ), ਸਪੇਨ ਤੋਂ ਮੋਹਨ ਸਿੰਘ (ਤਾਊਸ), ਮੌਰੀਸੀਓ (ਰਬਾਬ), ਜਰਮਨੀ ਤੋਂ ਨਾਨਕੀ ਕੌਰ (ਸਾਰੰਗੀ) ਅਤੇ ਪ੍ਰੇਮ ਸ੍ਰੀ ਕੌਰ (ਦਿਲਰੁਬਾ) ਉਨ੍ਹਾਂ ਦਾ ਸਾਥ ਦੇ ਰਹੇ ਹਨ।
The post ਗੁਰਮਤਿ ਸੰਗੀਤਕਾਰ ਪ੍ਰੋ. ਸੁਰਿੰਦਰ ਸਿੰਘ ਪੰਜਾਬ ਦੇ ਦੌਰੇ ‘ਤੇ appeared first on Quomantry Amritsar Times.