ਲੁਧਿਆਣਾ/ਬਿਊਰੋ ਨਿਊਜ਼ :
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਚੋਣ ਵਿਚ ਡਾ. ਸੁਖਦੇਵ ਸਿੰਘ ਸਿਰਸਾ ਸਿੱਧੇ ਮੁਕਾਬਲੇ ਵਿਚ ਕਸ਼ਮੀਰੀ ਲਾਲ ਚਾਵਲਾ ਨੂੰ ਹਰਾ ਕੇ ਮੁੜ ਪ੍ਰਧਾਨ ਚੁਣੇ ਗਏ ਹਨ। ਅਕਾਡਮੀ ਦੇ ਲਗਭਗ 1700 ਮੈਂਬਰਾਂ ਵਿਚੋਂ ਕੁੱਲ 669 ਵੋਟਰਾਂ ਨੇ ਇਸ ਚੋਣ ਵਿਚ ਆਪਣੀ ਵੋਟ ਦਾ ਇਸਤੇਮਾਲ ਕੀਤਾ, ਜਿਨ੍ਹਾਂ ਵਿਚੋਂ ਡਾ. ਸਿਰਸਾ ਨੂੰ 559 ਵੋਟਾਂ ਜਦਕਿ ਸ੍ਰੀ ਚਾਵਲਾ ਨੂੰ ਸਿਰਫ਼ 104 ਵੋਟਾਂ ਮਿਲੀਆਂ ਅਤੇ 6 ਵੋਟਾਂ ਰੱਦ ਹੋ ਗਈਆਂ। ਡਾ. ਸਿਰਸਾ ਲਗਾਤਾਰ ਦੂਜੀ ਵਾਰ ਅਕਾਡਮੀ ਦੇ ਪ੍ਰਧਾਨ ਚੁਣੇ ਗਏ ਜਦਕਿ ਜਨਰਲ ਸਕੱਤਰ ਦੇ ਅਹੁਦੇ ਲਈ ਡਾ. ਸੁਰਜੀਤ ਪਹਿਲਾਂ ਹੀ ਬਿਨਾਂ ਮੁਕਾਬਲਾ ਜੇਤੂ ਬਣ ਚੁੱਕੇ ਹਨ।
ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਡਾ. ਅਨੂਪ ਸਿੰਘ ਬਟਾਲਾ ਨੇ ਆਪਣੇ ਵਿਰੋਧੀ ਕੁਲਦੀਪ ਸਿੰਘ ਬੇਦੀ ਨੂੰ ਫਸਵੇਂ ਮੁਕਾਬਲੇ ਦੌਰਾਨ ਸਿਰਫ਼ 6 ਵੋਟਾਂ ਦੇ ਫ਼ਰਕ ਨਾਲ ਹਰਾਇਆ। ਦਿਲਚਸਪ ਤੱਥ ਇਹ ਹੈ ਕਿ ਡਾ. ਅਨੂਪ ਸਿੰਘ ਨੇ ਚੋਣ ਮੈਦਾਨ ਵਿਚੋਂ ਹਟ ਜਾਣ ਬਾਰੇ ਚੋਣ ਅਧਿਕਾਰੀ ਨੂੰ ਪੱਤਰ ਵੀ ਭੇਜ ਦਿੱਤਾ ਸੀ ਪਰ ਚੋਣ ਅਧਿਕਾਰੀ ਨੇ ਉਨ੍ਹਾਂ ਦੀ ਨਾਮਜ਼ਦਗੀ ਵਾਪਸ ਕਰਨ ਤੋਂ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖ਼ਰੀ ਤਰੀਕ 3 ਅਪ੍ਰੈਲ ਸੀ ਪਰ ਉਨ੍ਹਾਂ ਦਾ ਪੱਤਰ ਚੋਣ ਅਧਿਕਾਰੀ ਨੂੰ ਬਾਅਦ ਵਿਚ ਮਿਲਿਆ। ਇਸ ਦੇ ਬਾਵਜੂਦ ਵੋਟਰਾਂ ਨੇ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਡਾ. ਅਨੂਪ ਸਿੰਘ ਨੂੰ ਜਿਤਾ ਦਿੱਤਾ। ਡਾ. ਅਨੂਪ ਸਿੰਘ ਨੂੰ 316 ਵੋਟਾਂ ਅਤੇ ਕੁਲਦੀਪ ਸਿੰਘ ਬੇਦੀ ਨੂੰ 310 ਵੋਟਾਂ ਪਈਆਂ ਜਦਕਿ 41 ਵੋਟਾਂ ਰੱਦ ਹੋ ਗਈਆਂ। ਇਸ ਤੋਂ ਪਹਿਲਾਂ ਵੀ ਡਾ. ਅਨੂਪ ਸਿੰਘ ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਅਹੁਦੇ ‘ਤੇ ਰਹਿ ਚੁੱਕੇ ਹਨ।
ਪੰਜਾਬ ਅਤੇ ਚੰਡੀਗੜ੍ਹ ਵਿਚੋਂ ਚਾਰ ਮੀਤ ਪ੍ਰਧਾਨ ਚੁਣੇ ਗਏ ਹਨ ਜਿਨ੍ਹਾਂ ਵਿਚ ਖੁਸ਼ਵੰਤ ਬਰਗਾੜੀ, ਤਰੈਲੋਚਨ ਲੋਚੀ, ਡਾ. ਗੁਰਚਰਨ ਕੌਰ ਕੋਚਰ, ਸੁਰਿੰਦਰ ਸਿੰਘ ਕੈਲੇ ਸ਼ਾਮਲ ਹਨ। ਪੰਜਾਬ ਤੇ ਚੰਡੀਗੜ੍ਹ ਤੋਂ ਬਾਹਰ ਦੇ ਮੀਤ ਪ੍ਰਧਾਨਾਂ ਵਿਚ ਡਾ. ਸੁਦਰਸ਼ਨ ਗਾਸੋ ਜੇਤੂ ਰਹੇ। ਪ੍ਰਬੰਧਕੀ ਬੋਰਡ ਦੇ ਮੈਂਬਰਾਂ ਵਿਚ ਸਹਿਜਪ੍ਰੀਤ ਸਿੰਘ ਮਾਂਗਟ, ਸ੍ਰੀ ਰਾਮ ਅਰਸ਼, ਭੁਪਿੰਦਰ ਸਿੰਘ ਸੰਧੂ ਅੰਮ੍ਰਿਤਸਰ, ਅਜੀਤ ਪਿਆਸਾ, ਸਰੂਪ ਸਿੰਘ ਅਲੱਗ, ਸੁਖਦਰਸ਼ਨ ਗਰਗ, ਹਰਪ੍ਰੀਤ ਹੁੰਦਲ, ਗੁਲਜ਼ਾਰ ਸਿੰਘ ਸ਼ੌਂਕੀ, ਭਗਵੰਤ ਸਿੰਘ ਸੰਗਰੂਰ, ਮਨਜਿੰਦਰ ਸਿੰਘ ਧਨੋਆ, ਭਗਵੰਤ ਸਿੰਘ ਰਸੂਲਪੁਰੀ ਚੁਣੇ ਗਏ ਹਨ। ਇਸ ਤੋਂ ਪਹਿਲਾਂ ਡਾ. ਸ਼ਰਨਜੀਤ ਕੌਰ, ਦਵਿੰਦਰ ਦਿਲਰੂਪ, ਹਰਵਿੰਦਰ ਸਿਰਸਾ ਅਤੇ ਹਰਦੇਵ ਸਿੰਘ ਗਰੇਵਾਲ ਵੀ ਪ੍ਰਬੰਧਕੀ ਬੋਰਡ ਦੇ ਮੈਂਬਰ ਵਜੋਂ ਪਹਿਲਾਂ ਹੀ ਬਿਨਾਂ ਮੁਕਾਬਲਾ ਜਿੱਤ ਚੁੱਕੇ ਹਨ।
The post ਡਾ. ਸੁਖਦੇਵ ਸਿੰਘ ਸਿਰਸਾ ਪੰਜਾਬੀ ਸਾਹਿਤ ਅਕਾਡਮੀ ਦੇ ਮੁੜ ਪ੍ਰਧਾਨ ਬਣੇ appeared first on Quomantry Amritsar Times.