22 ਅਪ੍ਰੈਲ ਨੂੰ ਹੋਵੇਗੀ ਰਿਲੀਜ਼
ਯੂਨੀਅਨ ਸਿਟੀ/ਬਿਊਰੋ ਨਿਊਜ਼ :
ਇੱਥੇ ਰਾਜਾ ਸਵੀਟਸ ਵਿਖੇ ‘ਵਿਸਾਖੀ ਲਿਸਟ’ਫ਼ਿਲਮ ਦੀ ਪ੍ਰਮੋਸ਼ਨ ਲਈ ਪਹੁੰਚੇ ਬਾਲੀਵੁੱਡ ਅਦਾਕਾਰ ਜਿੰਮੀ ਸ਼ੇਰ ਗਿੱਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ‘ਵਿਸਾਖੀ ਲਿਸਟ’ਫ਼ਿਲਮ ਪਰਿਵਾਰਕ ਤੇ ਮਨੋਰੰਜਨ ਭਰਪੂਰ ਹੀ ਨਹੀਂ ਸਗੋਂ ਵਿਸਾਖੀ ਮੌਕੇ ਸਰਕਾਰ ਵਲੋਂ ਚੰਗੇ ਕੈਦੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਕੁਝ ਸਹੂਲਤਾਂ ਦੀ ਵੀ ਕਹਾਣੀ ਹੈ। ਇਸ ਵੱਖਰੇ ਹੀ ਵਿਸ਼ੇ ‘ਤੇ ਪਹਿਲੀ ਵਾਰ ਕੋਈ ਪੰਜਾਬੀ ਫ਼ਿਲਮ ਬਣੀ ਹੈ, ਜਿਸ ਵਿਚ ਅਦਾਕਾਰੀ ਦੇ ਖੇਤਰ ‘ਚੋਂ ਤਕਰੀਬਨ ਸਾਰੇ ਹੀ ਨਾਮੀ ਕਲਾਕਾਰਾਂ ਨੂੰ ਸ਼ਾਮਲ ਹੋਣ ਦਾ ਮੌਕਾ ਦਿੱਤਾ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਗਾਖਲ ਭਰਾਵਾਂ ਨੇ ਜੀ.ਬੀ.ਐਂਟਰਟੇਨਮੈਂਟ ਦੇ ਨਾਂ ਹੇਠ ਬਣਾਈ ਇਸ ਫ਼ਿਲਮ ਨੂੰ ਮਹਿਜ਼ ਵਪਾਰਕ ਹੀ ਨਹੀਂ ਰੱਖਿਆ ਸਗੋਂ ਜਿਸ ਉਦੇਸ਼ ਨਾਲ ਉਨ੍ਹਾਂ ਨੇ ਫ਼ਿਲਮ ਜਗਤ ਵਿਚ ਪ੍ਰਵੇਸ਼ ਕੀਤਾ ਹੈ, ਉਹ ਵੀ ਇਤਿਹਾਸਕ ਪੈੜ ਬਣ ਜਾਵੇਗਾ। ਮੈਨੂੰ ਮਾਣ ਹੈ ਕਿ ਮੈਂ ਗਾਖਲ ਭਰਾਵਾਂ ਦੀ ਫ਼ਿਲਮ ਤੇ ਸਮੀਪ ਕੰਗ ਦੀ ਨਿਰਦੇਸ਼ਨਾਂ ਵਾਲੀ ਫ਼ਿਲਮ ਵਿਚ ਵਧੀਆ ਕੰਮ ਕਰ ਸਕਿਆ ਹਾਂ।
ਜਿੰਮੀ ਨੇ ਕਿਹਾ ਕਿ ਹਾਲ ਹੀ ਵਿਚ ਉਸਦੀ ‘ਸ਼ਰੀਕ’ ਫ਼ਿਲਮ ਨੂੰ ਵੀ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਸੀ ਤੇ ਇਸ ਫ਼ਿਲਮ ਨਾਲ ਉਹ ਹੋਰ ਵੀ ਸਫਲਤਾ ਦੀ ਲੀਹ ਬਣਾਉਣ ਵਿਚ ਆਪਣੀ ਦਾਅਵੇਦਾਰੀ ਪੇਸ਼ ਕਰਦਾ ਹੈ ਕਿਉਂਕਿ ਫ਼ਿਲਮ ਨਾ ਸਿਰਫ਼ ਹਾਸਰਸ ਹੈ, ਸਗੋਂ ਜੇਲ੍ਹ ‘ਚੋਂ ਭੱਜੇ ਕੈਦੀਆਂ ਦੀ ਮੁੜ ਜੇਲ੍ਹ ‘ਚ ਦਾਖ਼ਲ ਹੋਣ ਦੀ ਕਹਾਣੀ ਬਹੁਤ ਹੀ ਦਿਲਸਚਪ ਹੈ। ਤਣਾਅ ਗ੍ਰਸਤ ਜੇਲ੍ਹਾਂ ਦੇ ਮਾਹੌਲ ਨੂੰ ਹਾਸਰਸ ਬਣਾਉਣ ਦਾ ਯਤਨ ਜਸਵਿੰਦਰ ਭੱਲਾ ਨੇ ਜੇਲ੍ਹਰ ਦੇ ਰੂਪ ਵਿਚ ਵਧੀਆ ਅਦਾਕਾਰੀ ਕਰਕੇ ਬਣਾਇਆ ਹੈ। ਬੀ.ਐਨ.ਸ਼ਰਮਾ, ਬੀਨੂੰ ਢਿੱਲੋਂ, ਰਾਣਾ ਰਣਬੀਰ ਅਤੇ ਬਾਲ ਮੁਕੰਦ ਸ਼ਰਮਾ ਅਤੇ ਅਭਿਨੇਤਰੀ ਸ਼ਰੂਤੀ ਸਿੰਘ ਦੀ ਅਦਾਕਾਰੀ ਵੀ ਆਪਣੇ ਆਪ ਵਿਚ ਬਾਕਮਾਲ ਰਹੇਗੀ।
ਜਿੰਮੀ ਸ਼ੇਰਗਿੱਲ ਨੇ ਕਿਹਾ ਕਿ ਕਮੇਡੀ ਨਾਈਟ ਰਾਹੀਂ ਚਰਚਿਤ ਹੋਣ ਵਾਲੇ ਪੰਜਾਬੀ ਅਦਾਕਾਰ ਸੁਨੀਲ ਗਰੋਵਰ ਨੇ ਗੁੱਥੀ ਦੇ ਕਿਰਦਾਰ ਵਿਚ ਜਿਹੜੀ ਪ੍ਰਸਿੱਧੀ ਖੱਟੀ ਸੀ, ਉਸ ਤੋਂ ਵੀ ਵਧ ਕੇ ‘ਵਿਸਾਖੀ ਲਿਸਟ’ ਫ਼ਿਲਮ ਵਿਚ ਇਕ ਕੈਦੀ ਦਾ ਰੋਲ ਨਿਭਾਅ ਕੇ ਪੰਜਾਬੀ ਫ਼ਿਲਮ ਜਗਤ ਨੂੰ ਚੜ੍ਹਦਾ ਨਵਾਂ ਸੂਰਜ ਦਿਖਾਇਆ ਹੈ। ਗਾਖਲ ਭਰਾਵਾਂ ਅਤੇ ਸਮੀਪ ਕੰਗ ਦਾ ਹੀ ਇਹ ਯਤਨ ਸੀ ਕਿ ਉਨ੍ਹਾਂ ਨੇ ਸੁਨੀਲ ਗਰੋਵਰ ਵਰਗਾ ਵਧੀਆ ਅਦਾਕਾਰ ਪੰਜਾਬੀ ਸੰਗੀਤ ਜਗਤ ਦੀ ਝੋਲੀ ਪਾ ਦਿੱਤਾ ਹੈ।
ਫ਼ਿਲਮ ਦੇ ਨਿਰਮਾਤਾ ਇਕਬਾਲ ਸਿੰਘ ਗਾਖਲ ਨੇ ਕਿਹਾ ਕਿ ਉਨ੍ਹਾਂ ਦੇ ਵੱਡੇ ਭਰਾ ਅਮੋਲਕ ਸਿੰਘ ਗਾਖਲ ਦਾ ਸ਼ੌਕ ਅਤੇ ਲਗਨ ਸੀ ਕਿ ਫ਼ਿਲਮੀ ਖੇਤਰ ਵਿਚ ਵੀ ਪ੍ਰਵੇਸ਼ ਕੀਤਾ ਜਾਵੇ ਅਤੇ ਇਸ ਨੂੰ ਕਾਰੋਬਾਰ ਵਜੋਂ ਸਥਾਪਤ ਕਰ ਸਕੀਏ। ਸਾਡੇ ਗਾਖਲ ਭਰਾਵਾਂ ਦੇ ਪਿਆਰ ਦਾ ਇਤਫ਼ਾਕ ਅਤੇ ਵੱਡੇ ਵੀਰ ਅਮੋਲਕ ਸਿੰਘ ਗਾਖਲ ਦੀ ਨੱਸ ਭੱਜ ਹੀ ਉਨ੍ਹਾਂ ਨੂੰ ਫ਼ਿਲਮੀ ਖੇਤਰ ਵਿਚ ਚੰਗਾ ਮਾਹੌਲ ਪੈਦਾ ਕਰਕੇ ਦੇਣ ਵਿਚ ਸਹਾਈ ਹੋਈ ਹੈ। ਇਕਬਾਲ ਸਿੰਘ ਗਾਖਲ ਨੇ ਕਿਹਾ ਕਿ ਉਹ ਭਵਿੱਖ ਵਿਚ ਚੰਗੀਆਂ ਫ਼ਿਲਮਾਂ ਦੇਣ ਲਈ ਵੀ ਵਚਨਬੱਧ ਹਨ।
ਜਿੰਮੀ ਸ਼ੇਰਗਿੱਲ ਨੇ ਦੱਸਿਆ ਕਿ ਜਿੱਥੇ ਜੈਦੇਵਦਾ ਸੰਗੀਤ ਇਸ ਫ਼ਿਲਮ ਨੂੰ ਨਵੀਂ ਰੂਹ ਦੇਵੇਗਾ, ਉਥੇ ਧਨੀ ਰਾਮ ਚਾਤ੍ਰਿਕ ਦਾ ਅਮਰ ਗੀਤ ‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ’, ਜਿਸ ਨੂੰ ਨੌਜਵਾਨਾਂ ਦੇ ਚਹੇਤੇ ਗਾਇਕ ਰਣਜੀਤ ਬਾਵਾ ਨੇ ਗਾਇਆ ਹੈ, ਫ਼ਿਲਮ ਦੀ ਜਿੰਦ ਜਾਨ ਹੈ ਅਤੇ ਰਾਹਤ ਫ਼ਤਿਹ ਅਲੀ ਖਾਨ ਦੇ ਗੀਤ ਨੂੰ ਵੀ ਬਰਾਬਰ ਦਾ ਪਿਆਰ ਮਿਲਿਆ ਹੈ। ਕਿਉਂਕਿ ਗਾਖਲ ਭਰਾ ਵਾਟਸਨ ਵਿੱਲ ਵਿਚ ਵਸਦੇ ਹਨ ਤੇ ਇਥੇ ਉਨ੍ਹਾਂ ਦਾ ਪਿਆਰ ਤੇ ਸਤਿਕਾਰ ਵੀ ਰੱਜਵਾਂ ਹੈ। ਰਾਜਾ ਸਵੀਟ ਵਿਖੇ ਪ੍ਰੈੱਸ ਮਿਲਣੀ ਦੌਰਾਨ ਵੱਡੀ ਗਿਣਤੀ ਵਿਚ ਕੈਲੀਫੋਰਨੀਆ ਦੀਆਂ ਨਾਮੀ ਹਸਤੀਆਂ ਅਤੇ ਕਾਰੋਬਾਰੀ ਲੋਕ ਪਰਿਵਾਰਾਂ ਸਮੇਤ ਸ਼ਾਮਲ ਹੋਏ।
ਫ਼ਿਲਮ ਦੇ ਮੀਡੀਆ ਸਲਾਹਾਕਾਰ ਐੱਸ ਅਸ਼ੋਕ ਭੌਰਾ ਨੇ ਕਿਹਾ ਕਿ ਦੁਨੀਆ ਭਰ ਦੇ ਪੰਜਾਬੀ ਪ੍ਰਿੰਟ ਤੇ ਇਲੈਕਟ੍ਰੌਨਿਕ ਮੀਡੀਏ ਨੇ ਇਸ ਫ਼ਿਲਮ ਦਾ ਜ਼ਿਕਰ ਘਰ ਘਰ ਤੀਕਰ ਪਹੁੰਚਾਉਣ ਵਿਚ ਸ਼ਲਾਘਾਯੋਗ ਭੂਮਿਕਾ ਨਿਭਾਈ ਹੈ। ਵਿਸ਼ਵ ਭਰ ਵਿਚ 22 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ‘ਵਿਸਾਖੀ ਲਿਸਟ’ ਫ਼ਿਲਮ ਪੰਜਾਬੀਆਂ ਲਈ ਵਧੀਆ ਅਤੇ ਉਦੇਸ਼ ਭਰਪੂਰ ਉਪਰਾਲਾ ਸਾਬਤ ਹੋਵੇਗੀ। ਕਿਸੇ ਪ੍ਰੈੱਸ ਕਾਨਫਰੰਸ ਦੌਰਾਨ ਸ਼ਾਇਦ ਪਹਿਲੀ ਵਾਰ ਹੋਇਆ ਹੋਵੇਗਾ ਕਿ ਫ਼ਿਲਮ ਦੇ ਗੀਤ ਨਾਲ ਕੋਰੀਓਗ੍ਰਾਫ਼ੀ ਵੀ ਪੇਸ਼ ਕੀਤੀ ਗਈ ਹੋਵੇ। ਰਣਜੀਤ ਬਾਵਾ ਦੇ ਗੀਤ ‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ’ ਤੇ ਕ੍ਰਿਸ਼ਮਾ ਡਾਂਸ ਅਕੈਡਮੀ ਦੀ ਜਯਾ ਸ਼ਰਮਾ ਦੀ ਅਗਵਾਈ ਅਤੇ ‘ਵਿਰਸੇ ਦੇ ਸ਼ੌਕੀਨ’ ਭੰਗੜਾ ਗਰੁੱਪ ਨੇ ਸਿੰਘ ਪ੍ਰੀਤ ਦੀ ਅਗਵਾਈ ਹੇਠ ਕੋਰੀਓਗ੍ਰਾਫੀ ਪੇਸ਼ ਕਰਕੇ ਮਾਹੌਲ ਨੂੰ ਮੁਕੰਮਲ ਸੰਗੀਤਕ ਬਣਾ ਦਿੱਤਾ। ਇਸ ਮੌਕੇ ਰਾਜਾ ਸਵੀਟ ਦੇ ਮੱਖਣ ਬੈਂਸ ਵਲੋਂ ਸੈਂਕੜਿਆਂ ਦੀ ਗਿਣਤੀ ਵਿਚ ਆਏ ਪਰਿਵਾਰਾਂ ਲਈ ਖਾਣੇ ਅਤੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਜਿੰਮੀ ਸ਼ੇਰਗਿੱਲ ਦੇ ਪ੍ਰਸ਼ੰਸ਼ਕਾਂ ਨੇ ਨਾ ਸਿਰਫ਼ ਫੋਟੋਆਂ ਹੀ ਖਿਚਵਾਈਆਂ ਸਗੋਂ ‘ਮਾਰਦਾ ਦਮਾਮੇ’ ਗੀਤ ‘ਤੇ ਜਿੰਮੀ ਨਾਲ ਨੱਚਣ ਦਾ ਚਾਅ ਵੀ ਪੂਰਾ ਕੀਤਾ।
The post ‘ਵਿਸਾਖੀ ਲਿਸਟ’ ਮੇਰੇ ਫ਼ਿਲਮੀ ਸਫ਼ਰ ਦੀ ਬਿਹਤਰੀਨ ਫ਼ਿਲਮ ਸਾਬਤ ਹੋਵੇਗੀ : ਜਿੰਮੀ ਸ਼ੇਰ ਗਿੱਲ appeared first on Quomantry Amritsar Times.