Quantcast
Channel: ਸਾਹਿਤ/ਮਨੋਰੰਜਨ – Quomantry Amritsar Times
Viewing all articles
Browse latest Browse all 342

ਪੰਜਾਬ ਦੇ ਅਖਾੜਿਆਂ ਦੀ ਰਾਣੀ ਮਨਪ੍ਰੀਤ ਅਖ਼ਤਰ ਦਾ ਦੇਹਾਂਤ

$
0
0

manpreet akhtar
ਪਟਿਆਲਾ/ਬਿਊਰੋ ਨਿਊਜ਼ :
ਪ੍ਰਸਿੱਧ ਪੰਜਾਬੀ ਗਾਇਕਾ ਮਨਪ੍ਰੀਤ ਅਖ਼ਤਰ (56 ਸਾਲ) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਨਪ੍ਰੀਤ ਅਖ਼ਤਰ ਦੇ ਵੱਡੇ ਪੁੱਤਰ ਨਾਵੇਦ ਅਖ਼ਤਰ ਦਾ ਪਹਿਲਾ ਗੀਤ ਯੂ-ਟਿਊਬ ‘ਤੇ ਰਿਲੀਜ਼ ਹੋਇਆ ਸੀ। ਮਨਪ੍ਰੀਤ ਅਖ਼ਤਰ ਨੂੰ ਪੂਰਾ ਦਿਨ ਵਧਾਈਆਂ ਦੇਣ ਲਈ ਫੋਨ ਆਉਂਦੇ ਰਹੇ। ਉਹ ਵਧਾਈਆਂ ਕਬੂਲਦੀ ਅੱਧੀ ਰਾਤ ਬਾਅਦ ਸੰਸਾਰ ਨੂੰ ਅਲਵਿਦਾ ਕਹਿ ਗਈ। ਉਨ੍ਹਾਂ ਦੀ ਮ੍ਰਿਤਕ ਦੇਹ ਖ਼ਾਲਸਾ ਕਾਲਜ ਕੋਲ ਸਥਿਤ ਕਬਰਿਸਤਾਨ ਵਿੱਚ ਸਪੁਰਦ-ਏ-ਖ਼ਾਕ ਕੀਤੀ ਗਈ। ਅੰਤਿਮ ਵਿਦਾਇਗੀ ਵੇਲੇ ਪੰਜਾਬ ਦੇ ਪ੍ਰਸਿੱਧ ਗਾਇਕਾਂ ਤੇ ਗੀਤਕਾਰਾਂ ਤੋਂ ਇਲਾਵਾ ਰਾਜਸੀ ਤੇ ਸਮਾਜਿਕ ਹਸਤੀਆਂ ਪੁੱਜੀਆਂ।
ਦੱਸਣਯੋਗ ਹੈ ਕਿ ਮਨਪ੍ਰੀਤ ਅਖ਼ਤਰ ਮਰਹੂਮ ਗਾਇਕ ਦਿਲਸ਼ਾਦ ਅਖ਼ਤਰ ਦੀ ਭੈਣ ਸੀ ਤੇ ਦਿਲਸ਼ਾਦ ਵਾਂਗ ਬੀਬੀ ਮਨਪ੍ਰੀਤ ਦੀ ਗਾਇਕੀ ਵੀ ਪੰਜਾਬੀ ਸਭਿਆਚਾਰ ਨੂੰ ਸਮਰਪਿਤ ਸੀ। ਸਾਫ਼-ਸੁਥਰੀ ਗਾਇਕੀ ਨਾਲ ਉਨ੍ਹਾਂ  ਨੇ ਉੱਚ ਮੁਕਾਮ ਹਾਸਲ ਕੀਤਾ। ਸ਼ਾਹਰੁਖ਼ ਖਾਨ ਦੀ ਮੁੱਖ ਭੂਮਿਕਾ ਵਾਲੀ ਹਿੰਦੀ ਫਿਲਮ ‘ਕੁਛ ਕੁਛ ਹੋਤਾ ਹੈ’ ਵਿੱਚ ਗਾਏ ਗੀਤ ‘ਤੁਝੇ ਯਾਦ ਨਾ ਮੇਰੀ ਆਈ, ਕਿਸੀ ਕੋ ਅਬ ਕਿਆ ਕਹਿਨਾ’ ਨਾਲ ਮਨਪ੍ਰੀਤ ਨੂੰ ਬਹੁਤ ਮਕਬੂਲੀਅਤ ਮਿਲੀ। ਇਹ ਗਾਇਕਾ ਪੰਜਾਬ ਦੇ ਅਖਾੜਿਆਂ ਦੀ ਰਾਣੀ ਰਹੀ। ਪੰਜਾਬੀ ਫਿਲਮਾਂ ਵਿੱਚ ਵੀ ਪਿੱਠਵਰਤੀ ਗਾਇਕਾ ਵਜੋਂ ਮਨਪ੍ਰੀਤ ਦੇ ਕਈ ਗੀਤ ਲੋਕਾਂ ਦੀ ਜ਼ੁਬਾਨ ‘ਤੇ ਚੜ੍ਹ ਗਏ। ਹਰਭਜਨ ਮਾਨ ਦੀਆਂ ਕਈ ਫਿਲਮਾਂ ਵਿੱਚ ਇਸ ਗਾਇਕਾ ਦੇ ਬੋਲ ਗੂੰਜੇ। ਗੀਤਕਾਰ ਧਰਮ ਕੰਮੇਆਣਾ ਨੇ ਪਹਿਲੀ ਵਾਰ ਮਨਪ੍ਰੀਤ ਅਖ਼ਤਰ ਦੇ ਬੋਲਾਂ ਨੂੰ ਕੈਸੇਟ ਦੇ ਰੂਪ ਵਿੱਚ ਲੋਕਾਂ ਸਾਹਮਣੇ ਲਿਆਂਦਾ ਸੀ। ਇਸ ਮਗਰੋਂ ਉਸ ਨੇ ਹਰ ਮੰਚ ‘ਤੇ ਵਾਹ-ਵਾਹ ਖੱਟੀ। ਲਤਾ ਮੰਗੇਸ਼ਕਰ ਵੀ ਇਸ ਗਾਇਕਾ ਦੀ ਤਾਰੀਫ਼ ਕਰਨੋਂ ਨਹੀਂ ਖੁੰਝੇ ਸਨ। ਬੀਬੀ ਅਖ਼ਤਰ ਦਾ ਪਿਛੋਕੜ ਮੁਕਤਸਰ ਨੇੜਲੇ ਪਿੰਡ ਤਖ਼ਤ ਮਲਾਣਾ ਨਾਲ ਸੀ। ਪਟਿਆਲਾ ਵਿਆਹੀ ਜਾਣ ਤੋਂ ਪਹਿਲਾਂ ਕੁਝ ਵਰ੍ਹੇ ਉਹ ਪੇਕਾ ਪਰਿਵਾਰ ਨਾਲ ਕੋਟਕਪੂਰੇ ਵੀ ਰਹੇ।
ਜਾਣਕਾਰੀ ਅਨੁਸਾਰ ਅੱਧੀ ਰਾਤ ਮਗਰੋਂ ਮਨਪ੍ਰੀਤ ਅਖ਼ਤਰ ਨੂੰ ਦਿਲ ਦੀ ਤਕਲੀਫ਼ ਹੋਣ ‘ਤੇ ਇੱਥੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹਸਪਤਾਲ ਵਿੱਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਉਹ ਆਪਣੇ ਪਿੱਛੇ ਪਤੀ ਤੇ ਦੋ ਬੇਟੇ ਛੱਡ ਗਏ ਹਨ। ਇੱਥੇ ਉਨ੍ਹਾਂ ਦੀ ਅੰਤਿਮ ਵਿਦਾਇਗੀ ਵੇਲੇ ਗਾਇਕ ਹਰਭਜਨ ਮਾਨ, ਬੀਬਾ ਰਣਜੀਤ ਕੌਰ, ਪਰਮਜੀਤ ਸਿੰਘ ਪੰਮੀ ਬਾਈ, ਰਾਜ ਤਿਵਾੜੀ, ਬਾਬੂ ਸਿੰਘ ਮਾਨ ਮਰਾੜਾ ਵਾਲਾ, ਹਰਜੀਤ ਹਰਮਨ, ਬਚਨ ਬੇਦਿਲ, ਸੁੱਖੀ ਬਰਾੜ, ਸ਼ੌਕਤ ਅਲੀ, ਡਾ. ਅਸਲਮ ਪ੍ਰਵੇਜ਼, ਵਿਧਾਇਕ ਗੋਬਿੰਦ ਸਿੰਘ ਲੌਂਗੋਵਾਲ, ਡਾ ਦਰਸ਼ਨ ਸਿੰਘ ਆਸ਼ਟ ਤੇ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਉਜਾਗਰ ਸਿੰਘ ਸਮੇਤ ਕਈ ਹਸਤੀਆਂ ਤੇ ਰਿਸ਼ਤੇਦਾਰ ਸ਼ਾਮਲ ਸਨ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਭਿਆਚਾਰ ਮੰਤਰੀ ਸੋਹਣ ਸਿੰਘ ਠੰਡਲ ਤੇ ਵਿਧਾਇਕ ਮੁਹੰਮਦ ਸਦੀਕ ਵੱਲੋਂ ਬੀਬੀ ਅਖ਼ਤਰ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਗਿਆ ਹੈ।

The post ਪੰਜਾਬ ਦੇ ਅਖਾੜਿਆਂ ਦੀ ਰਾਣੀ ਮਨਪ੍ਰੀਤ ਅਖ਼ਤਰ ਦਾ ਦੇਹਾਂਤ appeared first on Quomantry Amritsar Times.


Viewing all articles
Browse latest Browse all 342


<script src="https://jsc.adskeeper.com/r/s/rssing.com.1596347.js" async> </script>