ਗੀਤ ਸੰਗੀਤ ਦੀ ਮਹਿਫਲ ਦਾ ਗਲੋਬਲ ਪੰਜਾਬ ਟੀ ਵੀ ਤੋਂ ਪ੍ਰਸਾਰਣ 24 ਜਨਵਰੀ ਸ਼ਾਮੀਂ
ਫਰੀਮਾਂਟ/ਬਿਊਰੋ ਨਿਊਜ਼:
ਇਸ ਵਾਰ ਦੇ ਇੱਕੀ ਇੰਟਰਨੈਸ਼ਨਲ ਐਂਟਰਟੇਨਮੈਂਟ ਅਤੇ ਐੱਸ ਅਸ਼ੋਕ ਭੌਰਾ ਵਲੋਂ ਇਸ ਵਾਰ ਕਰਵਾਏ ਗਏ ‘ਛਣਕਾਟਾ ਵੰਗਾਂ ਦਾ 2016’ ਦਾ ਗਲੋਬਲ ਪੰਜਾਬ ਟੀ ਵੀ ‘ਤੇ ਪ੍ਰਸਾਰਣ 24 ਜਨਵਰੀ ਐਤਵਾਰ ਨੂੰ ਹੋਵੇਗਾ । ਗਲੋਬਲ ਪੰਜਾਬ ਟੀ ਵੀ ਵਲੋਂ 24 ਜਨਵਰੀ ਸ਼ਾਮੀਂ 5:30 ਵਜੇ ਤੋਂ 7:30 ਵਜੇ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਇਸ ਪ੍ਰੋਗਰਾਮ ਦੀ ਪੇਸ਼ਕਾਰੀ ਲੰਘੇ ਐਤਵਾਰ ਨੂੰ ਰਾਜਾ ਸਵੀਟਸ ਦੇ ਮੱਖਣ ਸਿੰਘ ਬੈਂਸ ਅਤੇ ਗਿਆਨੀ ਰਵਿੰਦਰ ਸਿੰਘ ਦੇ ਸਹਿਯੋਗ ਨਾਲ ਸਥਾਨਕ ਪੈਰਾਡਾਈਜ਼ ਬਾਲਰੂਮ ਵਿਚ ਕਰੀਬ ਪੰਜ ਘੰਟੇ ਤਾੜੀਆਂ ਦੀ ਗੜਗੜਾਹਟ ਵਿਚ ਲਗਾਤਾਰ ਹੋਈ। ਇਸ ਪ੍ਰੋਗਰਾਮ ਵਿਚ ਆਏ ਅੱਠ ਸੌ ਤੋਂ ਵੱਧ ਆਏ ਦਰਸ਼ਕਾਂ ਨੇ ਹਰ ਪਲ ਦਾ ਭਰਪੂਰ ਅਨੰਦ ਮਾਣਿਆ।
ਦਵਿੰਦਰ ਹੋਠੀ ਨੇ ਕਾਵਿ ਰੰਗ ਵਿਚ ‘ਪੈਂਦਾ ਏ ਛਣਕਾਟਾ ਵੰਗਾਂ ਦਾ’ ਨਾਲ ਸ਼ੁਰੂਆਤ ਕੀਤੀ ਅਤੇ ਫਿਰ ਖੂਬਸੂਰਤ ਅਦਾਕਾਰਾ ਹਰਜੀਤ ਉੱਪਲ ਨੇ ਇਸ ਪ੍ਰੋਗਰਾਮ ਦੀ ਸੰਚਾਲਨਾ ਕਰਦਿਆਂ ਗਾਇਕ ਜੀਤਾ ਗਿੱਲ ਨੂੰ ਪੇਸ਼ ਕੀਤਾ। ਆਪਣਾ ਸੰਗੀਤ ਦੇ ਤਰਲੋਕ ਸਿੰਘ ਦਾ ਗਾਇਆ ਯਮਲੇ ਜੱਟ ਦਾ ਅਮਰ ਗੀਤ ‘ਜੋ ਅੱਲੜ੍ਹਪੁਣੇ ਵਿਚ ਲਾਈਆਂ ਤੋੜ ਨਿਭਾਵੀਂ ਵੇ’ ਵਿਰਾਸਤੀ ਪੰਜਾਬੀ ਗਾਇਕੀ ਦੇ ਇਕ ਯੁੱਗ ਦੀ ਦਾਸਤਾਨ ਬਣ ਗਿਆ। ਜੋਤ ਰਣਜੀਤ ਨੇ ‘ਜਿਸ ਦਿਲ ਵਿਚ ਸੱਜਣਾਂ ਵਸਦਾਂ ਏ ਉਸ ਦਿਲ ‘ਤੇ ਜ਼ੁਲਮ ਕਮਾਈਦਾ ਨਹੀਂ’ ਨਾਲ ਛਣਕਾਟਾ ਮਹਿਫ਼ਲ ਵੱਖਰੇ ਹੀ ਰੰਗ ਸਿਰਜੇ। ਮੰਗਜੀਤ ਮੰਗਾ ਅਤੇ ਤਰਸੇਮ ਅਟਵਾਲ ਦਾ ਨਾਚ ਭਰਪੂਰ ਚਿੱਤਰਹਾਰ, ਗਾਇਕਾ ਰਣਜੀਤ ਕੌਰ ਦਾ ‘ਮੇਲੇ ਵਿਚ ਬੰਤੋ ਦਾ ਡਿੱਗ ਪਿਆ ਲੌਂਗ ਬੁਰਜੀਆਂ ਵਾਲਾ’ ਅਤੇ ਆਪਣਾ ਸੰਗੀਤ ਦੇ ਹੀ ਅਨੂਪ ਚੀਮਾ ਦਾ ਪੰਜਾਬ ਦੀ ਸੱਭਿਆਚਾਰਕ ਰੰਗਤ ਵਾਲਾ ਗੀਤ ‘ਪੰਜਾਬ’ ਆਪਣੇ ਆਪ ਵਿਚ ਕਮਾਲ ਦੀਆਂ ਅਦਾਵਾਂ ਅਤੇ ਸੰਗੀਤਕ ਕਿਰਨਾਂ ਦਾ ਚੜ੍ਹਦਾ ਨਿਵੇਕਲਾ ਸੂਰਜ ਸੀ। ਜੇ ਐੱਸ ਜੱਗਾ ਸਥਾਨਕ ਪੰਜਾਬੀ ਗੱਭਰੂ ਨੇ ਵੀ ਖੂਬ ਰੰਗ ਬੰਨ੍ਹਿਆ।
ਕੈਲੇਫੋਰਨੀਆਂ ਦੇ ਨਾਮਵਰ ਕਾਮੇਡੀ ਆਰਟਿਸਟ ਵਿਜੇ ਸਿੰਘ ਨੇ ਅੱਧੋਂ ਵੱਧ ਇਸ ਪ੍ਰੋਗਰਾਮ ਦੀ ਆਪਣੇ ਹੀ ਰੰਗ ਵਿਚ ਖੂਬਸੂਰਤ ਸੰਚਾਲਨਾ ਹੀ ਨਹੀਂ ਕੀਤੀ ਸਗੋਂ ਆਪਣੇ ਸਾਥੀਆਂ ਬਲਜੀਵਨ ਧਾਲੀਵਾਲ, ਪੌਪੀ ਸਿੰਘ ਅਤੇ ਦਰਸ਼ਨ ਕਹਿਲ ਨਾਲ ਹਾਸਰਸ ਸਕਿੱਟਾਂ ਦੀ ਉਹ ਸਿਖਰ ਵਿਖਾਉਂਦਿਆਂ ਭੰਡਾਂ ਵਲੋਂ ਪੰਜਾਬ ਦੀਆਂ ਸੱਥਾਂ ‘ਚ ਲਾਏ ਜਾਂਦੇ ਮਜਮਿਆਂ ਦਾ ਚੇਤਾ ਕਰਾਇਆ
ਕ੍ਰਿਸ਼ਨਾ ਡਾਂਸ ਅਕੈਡਮੀ ਦੀਆਂ ਕੁੜੀਆਂ ਦੀ ਕੋਰੀਓਗ੍ਰਾਫੀ ਨੇ ਦਰਸ਼ਕਾਂ ਦੇ ਦਿਲ ਜਿੱਤੇ। ਭਾਰਤ ਦੇ ਦੱਖਣੀ ਖਿੱਤੇ ਨਾਲ ਸਬੰਧਿਤ ਇਹਨਾਂ ਕੁੜੀਆਂ ਨੇ ਜਦੋਂ ‘ਕੁੜੀ ਰੱਜ ਕੇ ਸੁਨੱਖੀ ਰੰਗ ਮਿੱਤਰਾਂ ਦਾ ਪੱਕਾ’ ਨਾਲ ਪੰਜਾਬੀਆਂ ਨੂੰ ਇਹ ਦਰਸਾ ਦਿੱਤਾ ਕਿ ਭੰਗੜੇ ‘ਤੇ ਪੰਜਾਬ ਦੇ ਲੋਕ ਨਾਚਾਂ ਨਾਲ ਅਸੀਂ ਵੀ ਕ੍ਰਿਸ਼ਮਾਂ ਕਰ ਸਕਦੇ ਹਾਂ।
ਛਣਕਾਟਾ ਵੰਗਾਂ ਦਾ ਪ੍ਰੋਗਰਾਮ ਵਿਚ ਇੰਗਲੈਂਡ ਤੋਂ ਉਚੇਚੇ ਤੌਰ ‘ਤੇ ਪੇਸ਼ਕਾਰੀ ਦੇਣ ਆਏ ਸ਼ਿੰਦਾ ਸੁਰੀਲਾ ਨੇ ‘ਪਿੰਡ’ ਗੀਤ ਪੇਸ਼ ਕਰਕੇ ਜਿੱਥੇ ਸਾਰਿਆਂ ਦੇ ਚਿਹਰਿਆਂ ‘ਤੇ ਪਰਵਾਸ ਦਾ ਦਰਦ ਉਜਾਗਰ ਕਰ ਦਿੱਤਾ ਉਥੇ ‘ਪੈਂਦੀ ਤਾਂ ਡੰਡ ਪੈਣ ਦਿਓ’ ਨਾਲ ਨੱਚਣ ਟੱਪਣ ਦਾ ਮਹੌਲ ਵੀ ਖੂਬ ਸਿਰਜਿਆ। ਸਫਰੀ ਬੁਆਇਜ਼ ਦੇ ਬਲਵਿੰਦਰ ਸਫਰੀ ਵਲੋਂ ‘ਪਾਓ ਭੰਗੜੇ ਕਰੋ ਦਿਲ ਰਾਜ਼ੀ ਸੜਦਿਆਂ ਨੂੰ ਸੜਨ ਦਿਓ’ ਅਤੇ ‘ਨੀ ਤੂੰ ਅੰਬਰਾਂ ਤੋਂ ਆਈ ਕੋਈ ਹੂਰ ਸੋਹਣੀਏ’ ਨਾਲ ਸੋਨੀਆ ਚੇੜਾ ਦੀਆਂ ਸਾਥਣਾਂ ਨਾਲ ਨਾਚ ਅਦਾਵਾਂ ਪੇਸ਼ ਕਰਕੇ ਇਕ ਤਰ੍ਹਾਂ ਨਾਲ ਛਣਕਾਟੇ ਨੂੰ ਸਿਖਰ ਵੱਲ ਲੈ ਆਂਦਾ।
ਇਸ ਮੌਕੇ ‘ਤੇ ਨਾਮਵਰ ਗੀਤਕਾਰ ਜਸਵੀਰ ਗੁਣਾਚੌਰੀਆ ਦਾ ਉਚੇਚੇ ਤੌਰ ‘ਤੇ ਸਨਮਾਨ ਕੀਤਾ ਗਿਆ ਜੋ ਸਰੀ (ਕੈਨੇਡਾ) ਤੋਂ ਪਹੁੰਚੇ ਹੋਏ ਸਨ। ‘ਸਾਡਿਆਂ ਪਰ੍ਹਾਂ ਤੋਂ ਸਿੱਖੀ ਉੱਡਣਾ’ ਅਤੇ ‘ਕਿਤੇ ਕੱਲ੍ਹੀ ਬਹਿ ਕੇ ਸੋਚੀਂ ਨੀ’ ਵਰਗੇ ਹਿੱਟ ਗੀਤਾਂ ਦੇ ਰਚੇਤਾ ਜਸਵੀਰ ਗੁਣਾਚੌਰੀਏ ਨੇ ਆਪਣੀਆਂ ਕੁਝ ਕਾਵਿ ਵੰਨ੍ਹਗੀਆਂ ਵੀ ਪੇਸ਼ ਕੀਤੀਆਂ ਅਤੇ ਪ੍ਰੋਗਰਾਮ ਦੇ ਮੁੱਖ ਸੰਚਾਲਕ ਐੱਸ ਅਸ਼ੋਕ ਭੌਰਾ ਨਾਲ ਦਹਾਕਿਆਂ ਪੁਰਾਣੀ ਸਾਂਝ ਅਤੇ ਮੁਹੱਬਤ ਦਾ ਜ਼ਿਕਰ ਵੀ ਕੀਤਾ। ਇੰਗਲੈਂਡ ਤੋਂ ਆਏ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਨੂੰ ਵੀ ਛਣਕਾਟਾ ਵੰਗਾਂ ਦੀ ਟੀਮ ਵਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ।
ਪੰਜਾਬ ਦੇ ਸੱਭਿਆਚਾਰਕ ਰਾਜਦੂਤ ਵਜੋਂ ਜਾਣੇ ਜਾਂਦੇ ਜਗਦੇਵ ਸਿੰਘ ਜੱਸੋਵਾਲ ਨੂੰ ਸਮਰਪਿਤ ਇਸ ਪ੍ਰੋਗਰਾਮ ਵਿੱਚ ਮਰਹੂਮ ਜੱਸੋਵਾਲ ਦੀ ਭਤੀਜੀ ਮਨਜੀਤ ਕੌਰ ਅਤੇ ਦਾਮਾਦ ਸੋਹਣ ਸਿੰਘ ਨਾਗਰਾ ਉਚੇਚੇ ਤੌਰ ਤੇ ਸ਼ਾਮਿਲ ਹੋਏ ਅਤੇ ਮਾਣ ਸਨਮਾਨ ਦੀਆਂ ਰਸਮਾਂ ਉਹਨਾਂ ਹੱਥੋਂ ਹੀ ਕਰਵਾਈਆਂ ਗਈਆਂ।
ਰਾਜਾ ਸਵੀਟਸ ਦੇ ਮੱਖਣ ਸਿੰਘ ਬੈਂਸ ਤੇ ਗਿਆਨੀ ਰਵਿੰਦਰ ਸਿੰਘ ਦਾ ਪੰਜਾਬੀ ਭਾਈਚਾਰੇ ਨੂੰ ਉਨ੍ਹਾਂ ਦੇਣ ਅਤੇ ਸਾਂਝ ਬਦਲੇ ਗਲੋਬਲ ਪੰਜਾਬ ਟੀ ਵੀ ਅਤੇ ‘ਛਣਕਾਟਾ ਵੰਗਾਂ ਦਾ’ ਦੇ ਪ੍ਰਬੰਧਕਾਂ ਵਲੋਂ ਸਨਮਾਨ ਕੀਤਾ ਗਿਆ। ਅਦਾਕਾਰਾ ਹਰਜੀਤ ਉੱਪਲ ਦਾ ਸੰਚਾਲਨ, ਵਿਜੇ ਸਿੰਘ ਦੀ ਕਮੇਡੀ ਅਤੇ ਪ੍ਰਬੰਧਕੀ ਜ਼ਿੰਮੇਵਾਰੀ ਨਿਭਾਉਣ ਵਾਲੇ ਅਵਤਾਰ ਲਾਖਾ ਦੀ ਨਿਵੇਕਲੀ ਰੂਪ ਰੇਖਾ ਯਾਦ ਰੱਖਣ ਵਾਲੀ ਸੀ। ਮਨਜੀਤ ਚੇੜਾ, ਰਾਹੁਲ, ਮਨਵੀਰ ਭੌਰਾ, ਅਨਮੋਲ ਭੌਰਾ ਅਤੇ ਸ਼ਕਤੀ ਮਾਣਕ ਇਸ ਪ੍ਰੋਗਰਾਮ ਦੇ ਮੁੱਖ ਸੂਤਰਧਾਰ ਰਹੇ।
ਯੂਨਾਈਟਿਡ ਸਪੋਰਟਸ ਕਲੱਬ ਕੈਲੇਫੋਰਨੀਆਂ ਦੇ ਜਨਰਲ ਸਕੱਤਰ ਗੁਰਦਾਵਰ ਸਿੰਘ ਮਹੇੜੂ ਨੇ ਭਾਵੁਕ ਸ਼ਬਦਾਂ ਵਿਚ ਸਿੱਖ ਕੌਮ ਨੂੰ ਸੰਦੇਸ਼ ਦੇ ਰੂਪ ਵਿਚ ਆਪਣੀ ਪਛਾਣ ਅਮਰੀਕੀ ਭਾਈਚਾਰੇ ਵਿਚ ਬਣਾਉਣ ਲਈ ਉਚੇਚੇ ਤੇ ਪ੍ਰਭਾਵਸ਼ਾਲੀ ਯਤਨ ਕਰਨ ਲਈ ਕਿਹਾ।
‘ਛਣਕਾਟਾ ਵੰਗਾਂ ਦਾ 2016’ ਦੀ ਆਖਰੀ ਵੰਨ੍ਹਗੀ ‘ਚ ਸਾਰੇ ਕਲਾਕਾਰਾਂ ਵਲੋਂ ਰਲ ਕੇ ਪਾਈਆਂ ਬੋਲੀਆਂ ਇਕ ਤਰ੍ਹਾਂ ਨਾਲ ਸਿਖਰ ‘ਤੇ ਸ਼ਿੰਗਾਰ ਬਣ ਗਈਆਂ।
‘ਛਣਕਾਟਾ ਵੰਗਾਂ ਦਾ 2016’ ਦੇ ਮੁੱਖ ਪ੍ਰਬੰਧਕ ਐੱਸ ਅਸ਼ੋਕ ਭੌਰਾ ਨੇ ਕਿਹਾ ਕਿ ਤੀਜੇ ਵਰ੍ਹੇ ਵਿਚ ਪ੍ਰਵੇਸ਼ ਕਰਕੇ ਇਕ ਖਾਸ ਮੁਕਾਮ ਹਾਸਲ ਕਰਨ ਵਾਲਾ ਇਹ ਪ੍ਰੋਗਰਾਮ ਆਉਂਦੇ ਵਰ੍ਹਿਆਂ ਵਿਚ ਹੋਰ ਵੀ ਖਾਸ ਬਣਾਉਣ ਦਾ ਯਤਨ ਹੋਵੇਗਾ।
ਫਿਲਮ ਨਿਰਮਾਤਾ ਅਮੋਲਕ ਸਿੰਘ ਗਾਖਲ, ਧੀਆਂ ਮਰ ਜਾਣੀਆਂ ਦੇ ਨਿਰਮਾਤਾ ‘ਤੇ ਇੰਡੋ ਮੋਸ਼ਨ ਪਿਕਚਰ ਦੇ ਰੇਅ ਵਾਲੀਆ ‘ਤੇ ਕੇ ਵਾਲੀਆ, ਕੁਲਵੰਤ ਸਿੰਘ ਨਿੱਝਰ, ਡਾ. ਹਰਮੇਸ਼ ਕੁਮਾਰ, ਲਾਲੀ ਧਨੋਆ, ਰੇਡੀਓ ਚੜ੍ਹਦੀ ਕਲਾ ਦੇ ਲਖਵੀਰ ਸਿੰਘ ਪਟਵਾਰੀ ‘ਤੇ ਗੁਰਚਰਨ ਸਿੰਘ ਮਾਨ, ਇੰਡੋ ਅਮੈਰਿਕਨ ਗਦਰ ਮੈਮੋਰੀਅਲ ਦੇ ਸੁਰਿੰਦਰ ਬਿੰਦਰਾ, ਪ੍ਰਦੁੱਮਣ ਸਿੰਘ ਬਿੱਲਾ ਸੰਘੇੜਾ, ਡਾ. ਚਰਨਜੀਤ ਉੱਪਲ, ਹਰਬੰਸ ਤੱਖਰ, ਗੁਰੀ ਕੰਗ, ਕਸ਼ਮੀਰ ਸਿੰਘ ਧੁੱਗਾ, ਇੰਦਰਜੀਤ ਥਿੰਦ, ਅਜਮੇਰ ਸਿੰਘ ਬਿੱਟੂ ਨਿੱਝਰ, ਰਾਣਾ ਕਾਹਲੋਂ ਸਮੇਤ ਹੋਰ ਹਸਤੀਆਂ ਇਸ ਪ੍ਰੋਗਰਾਮ ਵਿਚ ਸਾਰਾ ਸਮਾਂ ਹਾਜ਼ਰ ਸਨ।
ਤਸਵੀਰਾਂ: ਰਾਜ ਬਡਵਾਲ
The post ਪੰਜਾਬੀ ਸਭਿਆਚਾਰ ਦੀ ਖੂਬਸੂਰਤ ਪੇਸ਼ਕਾਰੀ: ‘ਛਣਕਾਟਾ ਵੰਗਾਂ ਦਾ-2016’ appeared first on Quomantry Amritsar Times.