ਲੰਡਨ/ਬਿਊਰੋ ਨਿਊਜ਼ :
ਪੱਤਰਕਾਰ ਤੇ ਲੇਖਕ ਹੋਣ ਦੇ ਨਾਲ ਨਾਲ ਗਾਇਕੀ ਖੇਤਰ ‘ਚ ਪਹਿਲਾ ਕਦਮ ਰੱਖਦਿਆਂ ਮਨਦੀਪ ਖੁਰਮੀ ਹਿੰਮਤਪੁਰਾ ਨੇ ਆਪਣਾ ਲਿਖਿਆ ਤੇ ਗਾਇਆ ਗੀਤ ‘‘ਓ ਪੰਜਾਬ ਸਿਆਂ” ਬਿਨਾਂ ਕਿਸੇ ਵਿਸ਼ੇਸ਼ ਸਮਾਗਮ ਕੀਤਿਆਂ ਆਪਣੀ ਮਾਤਾ ਹਰਜਿੰਦਰ ਕੌਰ ਦੇ ਹੱਥੋਂ ਹੀ ਲੋਕ ਅਰਪਣ ਕਰਵਾਇਆ। ਇੰਗਲੈਂਡ ਵਸਦਾ ਮਨਦੀਪ ਖੁਰਮੀ ਪਹਿਲਾਂ ਵੀ ਗਾਇਕੀ ਤੇ ਗੀਤਕਾਰੀ ਦੇ ਮਿਆਰ ਨੂੰ ਲਗਦੇ ਜਾ ਰਹੇ ਖੋਰੇ ਅਤੇ ਗੀਤਾਂ ਰਾਹੀਂ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਰੋਲਣ ਵਾਲਿਆਂ ਖਿਲਾਫ ਲਿਖਦਾ ਆ ਰਿਹਾ ਹੈ। ਇਸ ਮੌਕੇ ਉਨ੍ਹਾਂ ਕਿਹਾ, ‘ਸਰਕਾਰਾਂ ਵੱਲੋਂ ਸੈਂਸਰ ਬੋਰਡ ਸਥਾਪਤ ਕਰਨੇ ਜਾਂ ਨਾ ਕਰਨੇ ਭਵਿੱਖ ਦੇ ਗਰਭ ‘ਚ ਹਨ ਪਰ ਮੇਰਾ ਸੈਂਸਰ ਬੋਰਡ ਮੇਰੀ ਮਾਂ, ਮੇਰਾ ਪਰਿਵਾਰ ਹੈ। ਇਹੀ ਖਾਸ ਵਜ੍ਹਾ ਹੈ ਕਿ ਮੈਂ ਆਪਣਾ ਪਹਿਲਾ ਗੀਤ ਆਪਣੀ ਮਾਂ ਦੇ ਹੱਥੋਂ ਸੁਣਨ ਵਾਲਿਆਂ ਦੀ ਝੋਲੀ ਪੁਆ ਰਿਹਾ ਹਾਂ। ਜੇ ਨੇੜ ਭਵਿੱਖ ‘ਚ ਹੋਰ ਵੀ ਗੀਤ ਗਾਉਣ ਦੀ ਇੱਛਾ ਜਾਗੀ ਤਾਂ ਆਪਣੀ ਭੈਣ ਹੱਥੋਂ ਰਿਲੀਜ਼ ਕਰਵਾਵਾਂਗਾ।’
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਨਦੀਪ ਖੁਰਮੀ ਦੇ ਲਿਖੇ ਗੀਤਾਂ ਨੂੰ ਸਰੂਪ ਸਿੰਘ ਕਡਿਆਣਾ ਦਾ ਢਾਡੀ ਜੱਥਾ, ਲੋਕ ਗਾਇਕ ਸ਼ਿੰਗਾਰਾ ਚਹਿਲ, ਹੈਪੀ ਅਰਮਾਨ, ਪਰਮ ਡੀ, ਉਸਤਾਦ ਯਮਲਾ ਜੱਟ ਜੀ ਦੇ ਪੋਤਰੇ ਵਿਜੇ ਯਮਲਾ, ਗਾਇਕ ਗੁਰਸ਼ੇਰ ਸਿੰਘ, ਗਾਇਕ ਪ੍ਰਵਿੰਦਰ ਮੂਧਲ, ਗਾਇਕ ਬੱਲੀ ਬਲਜੀਤ ਦੀਆਂ ਆਵਾਜ਼ਾਂ ਮਿਲ ਚੁੱਕੀਆਂ ਹਨ।
The post ਮਨਦੀਪ ਖੁਰਮੀ ਨੇ ਗੀਤ ‘ਓ ਪੰਜਾਬ ਸਿਆਂ’ ਕਰਵਾਇਆ ਮਾਂ ਤੋਂ ਲੋਕ ਅਰਪਣ appeared first on Quomantry Amritsar Times.