ਲਾਸ ਏਂਜਲਸ/ਬਿਊਰੋ ਨਿਊਜ਼ :
ਬਾਲੀਵੁੱਡ ਅਦਾਕਾਰ ਪ੍ਰਿਅੰਕਾ ਚੋਪੜਾ ਨੂੰ ਅਮਰੀਕੀ ਲੜੀਵਾਰ ‘ਕੁਆਂਟਿਕੋ’ ਵਿੱਚ ਐਫਬੀਆਈ ਏਜੰਟ ਦੀ ਨਿਭਾਈ ਭੂਮਿਕਾ ਲਈ ‘ਪੀਪਲਜ਼ ਚੁਆਇਸ ਐਵਾਰਡ’ ਮਿਲਿਆ ਹੈ। ਇਹ ਐਵਾਰਡ ਹਾਸਲ ਕਰਨ ਵਾਲੀ ਉਹ ਪਹਿਲੀ ਭਾਰਤੀ ਨਾਇਕਾ ਬਣ ਗਈ ਹੈ। ਪ੍ਰਿਅੰਕਾ ਨੂੰ ਇਹ ਐਵਾਰਡ ਨਵੀਂ ਟੈਲੀਵਿਜ਼ਨ ਲੜੀ ਸ਼੍ਰੇਣੀ ਵਿੱਚ ਦਿੱਤਾ ਗਿਆ ਹੈ ਅਤੇ ਐਵਾਰਡ ਦਾ ਫੈਸਲਾ ਪ੍ਰਸੰਸਕਾਂ ਦੀਆਂ ਵੋਟਾਂ ਦੇ ਆਧਾਰ ‘ਤੇ ਕੀਤਾ ਗਿਆ। ਇਸ ਐਵਾਰਡ ਦੇ ਹੋਰਨਾਂ ਦਾਅਵੇਦਾਰਾਂ ਵਿੱਚ ਐਮਾ ਰੋਬਰਟਜ਼, ਜੈਮੀ ਲੀਅ ਕਰਟਿਸ, ਲੀ ਮਿਖਾਇਲ ਤੇ ਮਾਰਸੀਆ ਗੇਅ ਹਾਰਡਨ ਵਰਗੇ ਹਾਲੀਵੁੱਡ ਤੇ ਟੀਵੀ ਅਦਾਕਾਰ ਸ਼ਾਮਲ ਸਨ।
ਚਾਂਦੀ ਤੇ ਸੋਨੇ ਰੰਗੀ ਪੁਸ਼ਾਕ ਵਿੱਚ ਸਜੀ 33 ਸਾਲਾ ਇਸ ਅਦਾਕਾਰਾ ਨੇ ਐਵਾਰਡ ਹਾਸਲ ਕਰਨ ਮਗਰੋਂ ਜਿੱਥੇ ਆਪਣੇ ਪ੍ਰਸੰਸਕਾਂ ਦਾ ਵੋਟਾਂ ਪਾਉਣ ਲਈ ਸ਼ੁਕਰੀਆ ਅਦਾ ਕੀਤਾ, ਉਥੇ ਉਸ ਨੇ ਕਿਹਾ ਕਿ ਉਹ ਅਮਰੀਕੀ ਦਰਸ਼ਕਾਂ ਵੱਲੋਂ ਉਸ ਨੂੰ ਸਵੀਕਾਰ ਕੀਤੇ ਜਾਣ ਕਰਕੇ ਕਾਫੀ ਮਾਣ ਮਹਿਸੂਸ ਕਰ ਰਹੀ ਹੈ। ਉਸ ਨੇ ‘ਕੁਆਂਟਿਕੋ’ ਲਈ ਵੋਟ ਕਰਨ ਵਾਲੇ ਹਰ ਸ਼ਖ਼ਸ ਦਾ ਧੰਨਵਾਦ ਕੀਤਾ। ਪ੍ਰਿਅੰਕਾ ਨੇ ਕਿਹਾ, ‘ਮੈਨੂੰ ਸਵੀਕਾਰ ਕਰਨ ਲਈ ਤੁਹਾਡਾ ਸਾਰਿਆਂ ਦਾ ਸ਼ੁਕਰੀਆ।’ ਪ੍ਰਿਅੰਕਾ ਨੇ ਟਵਿਟਰ ਜ਼ਰੀਏ ਵੀ ਆਪਣੇ ਪ੍ਰਸੰਸਕਾਂ ਦਾ ਧੰਨਵਾਦ ਕੀਤਾ ਤੇ ਟਰਾਫੀ ਹਾਸਲ ਕਰਦਿਆਂ ਦੀ ਫੋਟੋ ਸਾਂਝੀ ਕੀਤੀ।
ਉਪਰੰਤ ਇਕ ਬਿਆਨ ਵਿੱਚ ਪ੍ਰਿਅੰਕਾ ਨੇ ਕਿਹਾ, ‘ਇਹ ਸਾਲ ਦੀ ਚੰਗੀ ਸ਼ੁਰੂਆਤ ਹੈ। ਅਮਰੀਕੀ ਟੈਲੀਵਿਜ਼ਨ ‘ਤੇ ਇਹ ਮੇਰਾ ਡੈਬਿਊ ਸਾਲ ਹੈ ਤੇ ਆਪਣੇ ਕੰਮ ਲਈ ਇਸ ਵੱਡੇ ਐਵਾਰਡ ਦੇ ਰੂਪ ਵਿੱਚ ਪਛਾਣ ਮਿਲਣੀ ਕਾਫੀ ਵਧੀਆ ਹੈ। ਮੈਂ ‘ਕੁਆਂਟਿਕੋ’ ਟੀਮ ਦੀ ਰਿਣੀ ਹਾਂ ਜਿਨ੍ਹਾਂ ਦੀ ਮਦਦ ਤੋਂ ਬਿਨਾਂ ਇਹ ਸੰਭਵ ਨਹੀਂ ਸੀ। ਐਵਾਰਡ ਮੇਰੇ ਲਈ ਵੱਡੀ ਪ੍ਰੇਰਣਾ ਹੈ ਅਤੇ ਮੈਂ 2016 ਵਿੱਚ ਵਧ ਤੋਂ ਵਧ ਮਿਹਨਤ ਕਰਾਂਗੀ।’
The post ਪ੍ਰਿਅੰਕਾ ਅਮਰੀਕਾ ਦੇ ‘ਪੀਪਲਜ਼ ਚੁਆਇਸ ਐਵਾਰਡ’ ਨਾਲ ਸਨਮਾਨਤ appeared first on Quomantry Amritsar Times.