ਚੰਡੀਗੜ੍ਹ/ਬਿਊਰੋ ਨਿਊਜ਼ :
ਪਿਛਲੇ ਸਾਲ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਸਿਆਸੀ ਪਾਰਟੀਆਂ ‘ਤੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਕਰਨ ‘ਤੇ ਪੰਜਾਬੀ ਗਾਇਕਾਂ ਨੂੰ ਆਪਣੇ ਪ੍ਰਸ਼ੰਸਕਾਂ ਦੇ ਵੱਡੇ ਰੋਸ ਦਾ ਸਾਹਮਣਾ ਕਰਨਾ ਪਿਆ ਸੀ। ਇਸ ਕਾਰਨ ਪੰਜਾਬੀ ਗਾਇਕਾਂ ਨੇ ਪਹਿਲਾਂ ਵਾਲੀ ਗ਼ਲਤੀ ਨਾ ਕਰਦਿਆਂ ਇਸ ਵਾਰ ਸਿਆਸੀ ਪ੍ਰਚਾਰ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ। ਮਸ਼ਹੂਰ ਪੰਜਾਬੀ ਗਾਇਕਾਂ ਤੇ ਕਾਮੇਡੀਅਨਾਂ ਨੇ ਇਸ ਵਾਰ ਸਿਆਸੀ ਰੈਲੀਆਂ ਤੋਂ ਦੂਰੀ ਬਣਾ ਕੇ ਰੱਖਣ ਦੀ ਨੀਤੀ ਅਪਣਾਈ ਹੈ। ਇਸ ਵਾਰ ਸਿਆਸੀ ਪਾਰਟੀਆਂ ਨੂੰ ਵੀ ਚੋਣ ਪ੍ਰਚਾਰ ਬਿਨਾਂ ਗਾਇਕਾਂ ਤੋਂ ਕਰਨਾ ਪੈਣਾ ਦਿਖਾਈ ਦੇ ਰਿਹਾ ਹੈ, ਕਿਉਂਕਿ ਬਹੁਤੇ ਪੰਜਾਬੀ ਗਾਇਕ ਕਿਸੇ ਵੀ ਪਾਰਟੀ ਦੇ ਸਿਆਸੀ ਪ੍ਰਚਾਰ ਜਾਂ ਚੋਣ ਰੈਲੀ ਵਿੱਚ ਭਾਗ ਨਹੀਂ ਲੈਣਗੇ।
ਇਸ ਸਾਲ ਫਿਲਮ ‘ਅੰਗਰੇਜ਼’ ਰਾਹੀਂ ਚੰਗਾ ਨਾਮਣਾ ਖੱਟਣ ਵਾਲੇ ਪੰਜਾਬੀ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਦਾ ਕਹਿਣਾ ਹੈ, ‘ਮੈਂ ਸਿਆਸਤਦਾਨਾਂ ਨੂੰ ਸਿਰਫ਼ ਨਾਂਹ ਵਿੱਚ ਹੀ ਜਵਾਬ ਦੇਵਾਂਗਾ। ਉਨ੍ਹਾਂ ਨੂੰ ਕਹਿ ਦਿੱਤਾ ਹੈ ਕਿ ਮੈਂ ਕਿਸੇ ਵੀ ਸਿਆਸੀ ਪਾਰਟੀ ਨੂੰ ਹਮਾਇਤ ਨਹੀਂ ਕਰਦਾ ਤੇ ਨਾ ਹੀ ਭਵਿੱਖ ਵਿੱਚ ਕਰਾਂਗਾ।’ ਅਮਰਿੰਦਰ ਗਿੱਲ ਵੱਲੋਂ ਇਹ ਬਿਆਨ ਉਸ ਸਮੇਂ ਦਿੱਤਾ ਗਿਆ ਹੈ ਜਦੋਂ ਪੰਜਾਬ ਵਿਧਾਨ ਸਭਾ ਚੋਣਾਂ 2017 ਲਈ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਹਨ। ਅਮਰਿੰਦਰ ਗਿੱਲ ਨੇ ਕਿਹਾ ਕਿ ਕਈ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਲਈ ਉਸ ਨਾਲ ਸੰਪਰਕ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰ ਸਿਆਸੀ ਪਾਰਟੀ ਨੂੰ ਮਨ੍ਹਾਂ ਕਰਨਾ ਮੁਸ਼ਕਲ ਹੈ, ਪਰ ਉਹ ਹਮੇਸ਼ਾ ਸਿਆਸਤ ਤੋਂ ਦੂਰ ਰਿਹਾ ਹੈ ਤੇ 2017 ਦੀਆਂ ਚੋਣਾਂ ਦੌਰਾਨ ਵੀ ਇਸ ਤੋਂ ਦੂਰੀ ਬਣਾ ਕੇ ਰੱਖੇਗਾ।
ਅਮਰਿੰਦਰ ਗਿੱਲ ਹੀ ਇਕੱਲਾ ਪੰਜਾਬੀ ਗਾਇਕ ਨਹੀਂ ਹੈ ਜਿਸ ਨੇ ਚੋਣ ਪ੍ਰਚਾਰ ਤੋਂ ਇਨਕਾਰ ਕੀਤਾ ਹੈ ਬਲਕਿ ਪੰਜਾਬ ਦੇ ਬਹੁਤੇ ਗਾਇਕਾਂ ਤੇ ਕਾਮੇਡੀਅਨਾਂ ਦਾ ਵੀ ਇਹੀ ਫੈਸਲਾ ਹੈ। ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਨੇ ਪਿਛਲੇ ਸਾਲ ਲੋਕ ਸਭਾ ਚੋਣਾਂ ਦੌਰਾਨ ਇੱਕ ਪ੍ਰੋਗਰਾਮ ਵਿੱਚ ਪੇਸ਼ਕਾਰੀ ਦੇਣ ਦੀ ਘਟਨਾ ਦੱਸੀ ਜੋ ਕਾਂਗਰਸ ਪਾਰਟੀ ਵੱਲੋਂ ਕਰਾਇਆ ਗਿਆ ਸੀ। ਉਸ ਨੇ ਦੱਸਿਆ ਕਿ ਇਸ ਦੌਰਾਨ ਉਸ ਨੇ ਕੁਝ ਨਹੀਂ ਕੀਤਾ ਸੀ। ਉਹ ਸਿਰਫ਼ ਪ੍ਰੋਗਰਾਮ ਪੇਸ਼ ਕਰਕੇ ਚਲਾ ਗਿਆ ਸੀ। ਇੱਕ ਹੋਰ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਕਿਹਾ ਕਿ ਉਹ ਆਪਣੇ ਪ੍ਰਸ਼ੰਸਕਾਂ ਨੂੰ ਮੂਰਖ਼ ਨਹੀਂ ਬਣਾ ਸਕਦਾ। ਮੇਰੇ ਉੱਪਰ ਇੱਕ ਜ਼ਿੰਮੇਵਾਰੀ ਹੈ ਤੇ ਮੈਂ ਉਹ ਪੂਰੀ ਕਰਨੀ ਹੈ। ਉਨ੍ਹਾਂ ਦੱਸਿਆ ਕਿ ਗਾਇਕੀ ਤੋਂ ਸਿਆਸਤ ਵਿੱਚ ਆਏ ਬਲਕਾਰ ਸਿੱਧੂ ਅਤੇ ਭਗਵੰਤ ਮਾਨ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਉਸ ਵੱਲੋਂ ਮਨ੍ਹਾਂ ਕਰਨ ‘ਤੇ ਉਹ ਨਾਰਾਜ਼ ਤਾਂ ਹੋਏ, ਪਰ ਉਹ ਉਨ੍ਹਾਂ ਦੀ ਗੱਲ ਮੰਨ ਕੇ ਆਪਣੇ ਪ੍ਰਸ਼ੰਸਕਾਂ ਨੂੰ ਗ਼ਲਤ ਸੁਨੇਹਾ ਨਹੀਂ ਦੇਣਾ ਚਾਹੁੰਦਾ।
ਇਸੇ ਦੌਰਾਨ ਗਾਇਕ-ਅਦਾਕਾਰ ਨਿਸ਼ਵਾਨ ਭੁੱਲਰ ਨੇ ਵੀ ਕਿਸੇ ਕਿਸਮ ਦੇ ਸਿਆਸੀ ਪ੍ਰਚਾਰ ਦੂਰ ਰਹਿਣ ਦੀ ਗੱਲ ਕਹੀ ਹੈ। ਪੰਜਾਬ ਤੋਂ ਬਿਨਾਂ ਕੈਨੇਡਾ, ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਵੀ ਪੰਜਾਬੀ ਗਾਇਕਾਂ ਦੇ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਹਨ। ਇਸ ਕਰਕੇ ਪੰਜਾਬੀ ਗਾਇਕ ਕਿਸੇ ਵੀ ਸਿਆਸੀ ਪਾਰਟੀ ਨੂੰ ਹਮਾਇਤ ਦੇ ਪ੍ਰਸ਼ੰਸਕਾਂ ਦੀ ਨਾਰਾਜ਼ਗੀ ਸਹੇੜਣਾ ਨਹੀਂ ਚਾਹੁੰਦੇ। ਪੰਜਾਬੀ ਗਾਇਕ ਗਿੱਪੀ ਗਰੇਵਾਲ ਤੇ ਦਿਲਜੀਤ ਦੁਸਾਂਝ ਵੀ ਸਿਆਸੀ ਰੈਲੀਆਂ ਤੋਂ ਦੂਰੀ ਬਣਾ ਕੇ ਰੱਖਣਗੇ। ਪੰਜਾਬੀ ਗਾਇਕ ਏਕੇ ਨੇ ਕਿਹਾ ਕਿ ਉਸ ਨੂੰ ਕਈ ਸਿਆਸੀ ਪਾਰਟੀਆਂ ਵੱਲੋਂ ਪ੍ਰਚਾਰ ਲਈ ਕਿਹਾ ਗਿਆ ਪਰ ਉਸ ਦਾ ਜਵਾਬ ਹੈ, ‘ਆਰਟਿਸਟ ਨੂੰ ਮਾਫ ਕਰੋ ਜੀ।’
ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਕਿਹਾ, ‘ਮੈਂ ਕਿਸੇ ਵੀ ਸਿਆਸੀ ਪਾਰਟੀ ਨੂੰ ਹਮਾਇਤ ਨਹੀਂ ਦੇਵਾਂਗਾ ਤੇ ਨਾ ਹੀ ਮੈਂ ਕੋਈ ਚੋਣ ਜਾਂ ਸਿਆਸੀ ਰੈਲੀ ਵਿੱਚ ਸ਼ਾਮਲ ਹੋਵਾਂਗਾ। ਮੈਂ ਇੱਕ ਕਲਾਕਾਰ ਹਾਂ। ਜੇਕਰ ਮੇਰੇ ਪ੍ਰਸ਼ੰਸਕ ਚਾਹੁਣਗੇ ਕਿ ਮੈਂ ਗਾਵਾਂ, ਨੱਚਾਂ ਜਾਂ ਐਕਟਿੰਗ ਕਰਾਂ, ਤਾਂ ਮੈਂ ਅਜਿਹਾ ਜ਼ਰੂਰ ਕਰਾਂਗਾ ਪਰ ਕਿਸੇ ਸਿਆਸੀ ਪ੍ਰਚਾਰ ਲਈ ਨਹੀਂ।’
The post ਪੰਜਾਬੀ ਗਾਇਕ ਸਿਆਸੀ ਪਾਰਟੀਆਂ ਦੇ ਨਹੀਂ ਬਣਨਗੇ ‘ਭੰਡ’ appeared first on Quomantry Amritsar Times.