ਆਪਣੇ ਸਟਾਈਲ ਨਾਲ ਲੋਕ ਮਨਾਂ ‘ਚ ਰਾਜ ਕਰਨ ਵਾਲੀ ਅਦਾਕਾਰ ਸਾਧਨਾ ਦਾ ਦੇਹਾਂਤ
ਮੁੰਬਈ/ਬਿਊਰੋ ਨਿਊਜ਼ :
ਆਪਣੇ ਸਮੇਂ ਦੀ ਪ੍ਰਸਿੱਧ ਅਦਾਕਾਰਾ ਸਾਧਨਾ ਸ਼ਿਵਦਸਾਨੀ ਇਸ ਦੁਨੀਆ ਵਿਚ ਨਹੀਂ ਰਹੀ। ਸੰਖੇਪ ਬਿਮਾਰੀ ਉਪਰੰਤ ਉਹ ਇਸ ਦੁਨੀਆਂ ਤੋਂ ਸਦਾ ਲਈ ਰੁਖਸਤ ਹੋ ਗਈ। ਉਨ੍ਹਾਂ ਦੀ ਉਮਰ 74 ਸਾਲ ਸੀ। ਜਾਣਕਾਰੀ ਅਨੁਸਾਰ ਪਿਛਲੇ ਸਾਲ ਸਾਧਨਾ ਦੀ ਸਰਜਰੀ ਹੋਈ ਸੀ। ਅਜਿਹਾ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਮੂੰਹ ਦੇ ਕੈਂਸਰ ਤੋਂ ਪੀੜਤ ਸੀ। ਵਾਲਾਂ ਨੂੰ ਸੰਵਾਰਨ ਦਾ ਉਨ੍ਹਾਂ ਦਾ ਸਾਧਨਾ ਕੱਟ ਸਟਾਈਲ ਇਕ ਜ਼ਮਾਨੇ ਵਿਚ ਬਹੁਤ ਪ੍ਰਸਿੱਧ ਰਿਹਾ ਸੀ। ‘ਮੇਰਾ ਸਾਇਆ’, ‘ਵੋ ਕੌਨ ਥੀ’, ‘ਆਰਜੂ’, ‘ਵਕਤ’, ‘ਹਮ ਦੋਨੋ’, ‘ਲਵ ਇਨ ਸ਼ਿਮਲਾ’, ‘ਏਕ ਮੁਸਾਫਿਰ ਏਕ ਹਸੀਨਾ’, ‘ਅਸਲੀ ਨਕਲੀ’, ‘ਏਕ ਫੂਲ ਦੋ ਮਾਲੀ’, ‘ਆਪ ਆਏ ਬਹਾਰ ਆਈ’ ਤੇ ‘ਮੇਰੇ ਮਹਿਬੂਬ’ ਸਮੇਤ ਕੋਈ 35 ਦੇ ਕਰੀਬ ਫਿਲਮਾਂ ਵਿਚ ਉਨ੍ਹਾਂ ਨੇ ਯਾਦਗਾਰੀ ਭੂਮਿਕਾਵਾਂ ਨਿਭਾਈਆਂ। 1960 ਤੇ 1970 ਵਿਆਂ ਦੌਰਾਨ ਸਾਧਨਾ ਨੇ ਦੇਵ ਅਨੰਦ, ਸੁਨੀਲ ਦੱਤ ਤੇ ਰਜਿੰਦਰ ਕੁਮਾਰ ਨਾਲ ਕਈ ਹਿੱਟ ਫਿਲਮਾਂ ਦਿੱਤੀਆਂ। ਸਾਧਨਾ ਦਾ ਜਨਮ 1941 ਵਿਚ ਕਰਾਚੀ ਵਿਚ ਇਕ ਸਿੰਧੀ ਪਰਿਵਾਰ ‘ਚ ਹੋਇਆ। ਦੇਸ਼ ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਮੁੰਬਈ ਆ ਗਿਆ। ਪਹਿਲੀ ਵਾਰ ਉਸ ਨੂੰ 1955 ਵਿਚ ਆਈ ਰਾਜ ਕਪੂਰ ਦੀ ਫਿਲਮ ਸ਼੍ਰੀ 420 ਦੇ ਹਿੱਟ ਗੀਤ ‘ਮੁੜ ਮੁੜ ਕੇ ਨਾ ਦੇਖ ਮੁੜ ਕੇ’ ਵਿਚ ਲੜਕੀਆਂ ਦੇ ਇਕ ਝੁੰਡ ‘ਚ ਸ਼ਾਮਿਲ ਵੇਖਿਆ ਗਿਆ ਸੀ। ਜਦੋਂ ਸਾਧਨਾ 15 ਸਾਲਾਂ ਦੀ ਹੋਈ ਤਾਂ ਕੁਝ ਨਿਰਮਾਤਾਵਾਂ ਨੇ ਉਨ੍ਹਾਂ ਤੱਕ ਪਹੁੰਚ ਕੀਤੀ। ਇਹ ਉਹ ਨਿਰਮਾਤਾ ਸਨ, ਜਿਨ੍ਹਾਂ ਨੇ ਸਾਧਨਾ ਦੀ ਅਦਾਕਾਰੀ ਨੂੰ ਕਾਲਜ ਦੇ ਇਕ ਨਾਟਕ ਵਿਚ ਵੇਖਿਆ ਸੀ। 1958 ਵਿਚ ਸਾਧਨਾ ਨੂੰ ਪਹਿਲੀ ਸਿੰਧੀ ਫਿਲਮ ‘ਅਬਾਨਾ’ ਵਿਚ ਲਿਆ ਗਿਆ। 1960 ਵਿਆਂ ਦੇ ਸ਼ੁਰੂ ਵਿਚ ਭਾਰਤੀ ਫਿਲਮ ਜਗਤ ਵਿਚ ਵਾਲਾਂ ਦਾ ਨਵਾਂ ਸਟਾਈਲ, ਚੂੜੀਦਾਰ ਪਜਾਮੀ ਤੇ ਕੰਨਾਂ ਵਿਚ ਝੁੰਮਕੇ ਪਾਉਣ ਦਾ ਨਵਾਂ ਰਿਵਾਜ਼ ਸ਼ੁਰੂ ਕਰਨ ਦਾ ਸੇਹਰਾ ਵੀ ਸਾਧਨਾ ਨੂੰ ਜਾਂਦਾ ਹੈ। ਨੌਜਵਾਨ ਕੁੜੀਆਂ ਤੇ ਔਰਤਾਂ ਵਿਚ ਇਹ ਫੈਸ਼ਨ ਬਹੁਤ ਮਕਬੂਲ ਹੋਇਆ ਸੀ।
ਲਤਾ ਮੰਗੇਸ਼ਕਰ, ਕਰਨ ਜੌਹਰ, ਰਿਸ਼ੀ ਕਪੂਰ ਤੇ ਅਨੂਸ਼ਕਾ ਸ਼ਰਮਾ ਸਮੇਤ ਹੋਰ ਅਨੇਕਾਂ ਫਿਲਮੀ ਹਸਤੀਆਂ ਨੇ ਅਦਾਕਾਰਾ ਸਾਧਨਾ ਦੀ ਮੌਤ ਉਪਰ ਅਫਸੋਸ ਪ੍ਰਗਟ ਕੀਤਾ ਹੈ। ਲਤਾ ਮੰਗੇਸ਼ਕਰ ਨੇ ਟਵੀਟ ਕੀਤਾ ਹੈ ਕਿ ‘‘ਮੈਨੂੰ ਹੁਣੇ ਹੀ ਮੇਰੀ ਪਸੰਦੀਦੀ ਅਦਾਕਾਰਾ ਸਾਧਨਾ ਦੇ ਸਵਰਗ ਸਿਧਾਰ ਜਾਣ ਬਾਰੇ ਪਤਾ ਲੱਗਾ ਹੈ। ਮੈਨੂੰ ਇਸ ਖਬਰ ਨਾਲ ਬਹੁਤ ਸੱਦਮਾ ਪੁੱਜਾ ਹੈ। ਉਹ ਮਹਾਨ ਕਲਾਕਾਰ ਸੀ। ਭਗਵਾਨ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ”। ਇਥੇ ਵਰਣਨਯੋਗ ਹੈ ਕਿ ਲਤਾ ਮੰਗੇਸ਼ਕਰ ਦੇ ‘‘ਮੇਰਾ ਸਾਇਆ ਸਾਥ ਹੋਗਾ ਤੇ ਲੱਗ ਜਾ ਗਲੇ ਕਿ ਫਿਰ ਯੇ ਹਸੀਨ ਰਾਤ ਹੋ ਨਾ ਹੋ” ਵਰਗੇ ਮਕਬੂਲ ਗਾਣਿਆਂ ‘ਤੇ ਸਾਧਨਾ ਨੇ ਅਦਾਕਾਰੀ ਕੀਤੀ ਸੀ।
The post ਅਭੀ ਨਾ ਜਾਓ ਛੋੜ ਕੇ ਕਿ ਦਿਲ ਅਭੀ ਭਰਾ ਨਹੀਂ… appeared first on Quomantry Amritsar Times.